ਉਜੜਨਾ ਅਤੇ ਹੁਕਮ ਵਾਪਸ ਲੈਣਾ ਚੰਗਾ ਨਹੀਂ ਲੱਗਦਾ…

ਚੰਡੀਗੜ੍ਹ, 7 ਮਈ: (ਦਲਜੀਤ ਅਮੀ) ਚੰਡੀਗੜ੍ਹ ਵਿੱਚ ਹੋਣ ਵਾਲੇ ਧਰਨਿਆਂ-ਮੁਜ਼ਾਹਰਿਆਂ ਨਾਲ ਰੇਹੜੀਆਂ-ਫੜ੍ਹੀਆਂ ਵਾਲਿਆਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਧਰਨੇ-ਮੁਜ਼ਾਹਰੇ ਕਰਨ ਵਾਲਿਆਂ ਦੀ ਭੁੱਖ-ਤਿਹਾਅ ਦੀਆਂ ਫੌਰੀ ਲੋੜਾਂ ਰੇਹੜੀਆਂ-ਫੜ੍ਹੀਆਂ ਵਾਲੇ ਪੂਰੀ ਕਰਦੇ ਹਨ। ਪਿਛਲੇ ਦਿਨੀਂ ਇਹ ਰੇਹੜੀਆਂ-ਫੜ੍ਹੀਆਂ ਵਾਲੇ ਆਮ ਆਦਮੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਅਰਵਿੰਦ ਕੇਜਰੀਵਾਲ ਅਤੇ ਝਾੜੂ ਵਾਲੀਆਂ ਟੋਪੀਆਂ ਪਾ ਕੇ ਰੁਜ਼ਗਾਰ ਕਰਦੇ ਦੇਖੇ ਗਏ ਸਨ। ਸਰਕਾਰ ਦੇ ਖ਼ੁਫ਼ੀਆ ਮਹਿਕਮਿਆਂ ਵਾਲੇ ਆਪਣੀ ਭੁੱਖ-ਤਿਹਾਅ ਦੀ ਗਰਜ਼ ਇਨ੍ਹਾਂ ਕੋਲੋਂ ਪੂਰੀ ਕਰਦੇ ਹਨ। ਇਨ੍ਹਾਂ ਰੇਹੜੀਆਂ-ਫੜ੍ਹੀਆਂ ਉੱਤੇ ਹੁੰਦੀ ਗੱਲਬਾਤ ਵਿੱਚ ਖ਼ੁਫ਼ੀਆ ਮਹਿਕਮਿਆਂ ਅਤੇ ਪੱਤਰਕਾਰ ਬਰਾਦਰੀ ਦੀ ਲਗਾਤਾਰ ਦਿਲਚਸਪੀ ਰਹਿੰਦੀ ਹੈ। ਸੈਕਟਰ ਸਤਾਰਾਂ ਵਿੱਚ ਸ਼ਿਵਾਲਿਕ ਹੋਟਲ ਨਾਲ ਲੱਗਦੇ ਚੌਕ ਵਿੱਚ ਚੱਲਦੇ ਧਰਨੇ ਵਿੱਚ ਕੋਈ ਰੇਹੜੀ-ਫੜ੍ਹੀ ਨਹੀਂ ਲੱਗੀ ਹੋਈ। ਆਖ਼ਰ ਇੱਕ ਫੇਰੀ ਵਾਲਾ ਆ ਗਿਆ। ਖੋਪਾ ਗਿਰੀ ਵੇਚਦਾ ਇਹ ਫੇਰੀ ਵਾਲਾ ਧਰਨੇ ਉੱਤੇ ਕਈ ਘੰਟਿਆਂ ਤੋਂ ਬੈਠੇ ਜੀਆਂ ਦਾ ਧਿਆਨ ਖਿੱਚਦਾ ਹੈ। ਇੱਕ ਜਣੇ ਨਾਲ ਉਸ ਦੀ ਗੱਲਬਾਤ ਕੁਝ ਇੰਝ ਹੁੰਦੀ ਹੈ, “ਹਾਂ ਬਈ! ਗਿਰੀ ਕਿੰਨੇ ਦੀ ਆ?”
“ਦਸ ਰੁਪਏ ਦੀ।”
“ਪਤੈ, ਕਿਨ੍ਹਾਂ ਦੇ ਧਰਨੇ ਵਿੱਚ ਆਇਆ ਏ?”


ਦੂਜੇ ਸਵਾਲ ਦਾ ਲਹਿਜ਼ਾ ਕਈ ਅਰਥਾਂ ਨੂੰ ਬਿਆਨ ਕਰਦਾ ਹੈ। ਗਿਰੀ ਵਾਲਾ ਚਾਰੇ ਪਾਸੇ ਨਿਗ੍ਹਾ ਮਾਰਦਾ ਹੈ। ਉਸ ਦੇ ਰੁਜ਼ਗਾਰ ਲਈ ਅਜ਼ਮਾਏ ਹੋਏ ਢੰਗ-ਤਰੀਕਿਆਂ ਦਾ ਹਰ ਤੱਤ ਥਾਂ ਸਿਰ ਜਾਪਦਾ ਹੈ। ਧਰਨੇ ਵਿੱਚ ਬੱਚੇ ਹਨ। ਬੱਚਿਆਂ ਦੀਆਂ ਲਲਚਾਈਆਂ ਨਜ਼ਰਾਂ ਉਸ ਉੱਤੇ ਟਿਕੀਆਂ ਹਨ। ਕਈ ਘੰਟਿਆਂ ਤੋਂ ਭੁੱਖੇ-ਤਿਹਾਏ ਧਰਨਾਕਾਰੀ ਹਨ। ਇਨ੍ਹਾਂ ਨਾਲ ਲੰਗਰ ਚਲਾਉਣ ਵਾਲੀਆਂ ਟਰਾਲੀਆਂ ਨਹੀਂ ਹਨ। ਇੱਥੇ ਕਿਸੇ ਗੁਰਦੁਆਰੇ-ਮੰਦਿਰ ਦਾ ਲੰਗਰ ਵੀ ਨਹੀਂ ਪਹੁੰਚਿਆ। ਕੁਝ ਪਲ ਆਪਣੇ-ਆਪ ਅਤੇ ਥਾਂ ਦਾ ਅੰਦਾਜ਼ਾ ਲੈਣ ਤੋਂ ਬਾਅਦ ਫੇਰੀ ਲਗਾਉਣ ਵਾਲੇ ਨੂੰ ਗ਼ਲਤੀ ਦਾ ਅਹਿਸਾਸ ਹੋਇਆ। ਉਹ ਚਲਿਆ ਜਾਂਦਾ ਹੈ। ਸਵਾਲ ਪੁੱਛਣ ਵਾਲੇ ਨੂੰ ਵੀ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਹ ਵੀ ਆਪਣੀ ਥਾਏਂ ਬੈਠ ਜਾਂਦਾ ਹੈ। ਧਰਨਾ ਜਾਰੀ ਹੈ। ਪਿੱਛੇ ਸੜਕ ਉੱਤੇ ਕਾਰਾਂ, ਬੱਸਾਂ, ਸਕੂਟਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦਾ ਹਜੂਮ ਬੇਪਰਵਾਹ ਵਗ ਰਿਹਾ ਹੈ। ਚਾਰ ਪਾਸਿਉਂ ਇਹ ਵਾਹਨ ਆ ਰਹੇ ਹਨ ਅਤੇ ਹਰ ਵਾਹਨ ਨੂੰ ਚਾਰ ਪਾਸਿਆਂ ਨੂੰ ਜਾਣ ਲਈ ਸੜਕ ਹੈ। ਚੌਕ ਉੱਤੇ ਪਹੁੰਚ ਰਹੇ ਵਾਹਨ ਆਪਣੀ ਮੰਜ਼ਿਲ ਵੱਲ ਵਧਣ ਲਈ ਚਾਰ ਗੁਣਾਂ ਚਾਰ ਪਾਸਿਆਂ ਨੂੰ ਜਾ ਸਕਦੇ ਹਨ। ਇਸੇ ਚੌਂਕ ਦੀ ਨੁੱਕਰ ਵਿੱਚ ਇਹ ਧਰਨਾ ਆਪਣੀ ਮੰਜ਼ਿਲ ਦੇ ਧੁੰਦਲੇ ਨੈਣ-ਨਕਸ਼ ਪਛਾਨਣ ਵਿੱਚ ਲੱਗਿਆ ਹੋਇਆ ਹੈ।


ਧਰਨਾਕਾਰੀ ਚੰਡੀਗੜ੍ਹ ਦੇ ਦੱਖਣੀ ਸੈਕਟਰਾਂ (ਲਹਿੰਦੇ ਪਾਸੇ) ਤੋਂ ਤੁਰੀਆਂ ਆ ਰਹੀਆਂ ਹਨ। ਸਾੜ੍ਹੀਆਂ ਪਾ ਕੇ ਕਾਹਲ-ਕਦਮੀ ਤੁਰਦੀਆਂ ਬੀਬੀਆਂ ਲਗਾਤਾਰ ਆ ਰਹੀਆਂ ਹਨ। ਧਰਨਾਕਾਰੀਆਂ ਦੇ ਪਿੱਛੇ ਸਾਈਕਲਾਂ ਦੀਆਂ ਕਤਾਰਾਂ ਹਨ। ਡੰਡੇ ਅਤੇ ਕੈਰੀਅਰ ਵਾਲੇ ਕਾਲੇ ਰੰਗ ਦੇ ਰਵਾਇਤੀ ਸਾਈਕਲਾਂ ਵਿੱਚ ਛੋਟੀਆਂ ਰੇਹੜੀਆਂ ਵੀ ਖੜ੍ਹੀਆਂ ਹਨ। ਕੁਝ ਸਾਈਕਲਾਂ ਨੂੰ ਸੰਗਲੀਆਂ ਨਾਲ ਪਾਰਕਰ ਵਾਲੇ ਵੱਡੇ ਜਿੰਦੇ ਲੱਗੇ ਹੋਏ ਹਨ। ਇਹ ਜਿੰਦੇ ਭਾਵੇਂ ਰਾਖੀ ਨਾ ਕਰ ਸਕਣ ਪਰ ਸਾਈਕਲ ਦੀ ਅਹਿਮੀਅਤ ਦੀ ਤਖ਼ਤੀ ਬਣੇ ਹੋਏ ਹਨ। ਇਸ ਤਖ਼ਤੀ ਨੂੰ ਪੜ੍ਹਨ ਲਈ ਕਿਸੇ ਲਿਪੀ ਜਾਂ ਬੋਲੀ ਦਾ ਜਾਣਕਾਰ ਹੋਣਾ ਲਾਜ਼ਮੀ ਨਹੀਂ। ਕੁਝ ਸਾਈਕਲਾਂ ਉੱਤੇ ਰੋਟੀ ਵਾਲੇ ਡੱਬੇ ਲਟਕੇ ਹੋਏ ਹਨ ਜੋ ਮਜ਼ਦੂਰ ਚੌਂਕਾਂ ਦੀਆਂ ਯਾਦਾਂ ਨਾਲ ਚੁੱਕ ਲਿਆਏ ਹਨ। ਪੈਦਲ, ਸਾਈਕਲਾਂ ਜਾਂ ਆਪਣੇ ਰਿਕਸ਼ਿਆਂ ਉੱਤੇ ਆਏ ਇਨ੍ਹਾਂ ਲੋਕਾਂ ਲਈ ਪ੍ਰਸ਼ਾਸਨ ਨੇ ਪਾਣੀ ਦਾ ਬੰਦੋਬਸਤ ਨਹੀਂ ਕੀਤਾ। ਸ਼ਾਇਦ ਪ੍ਰਸ਼ਾਸਨ ਉਸ ਫੇਰੀ ਵਾਲੇ ਜਿੰਨਾ ਅਣਜਾਣ ਨਹੀਂ ਹੈ!


ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਚਾਰ ਕਲੋਨੀਆਂ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਦੀਆਂ ਲੋਕ ਸਭਾ ਚੋਣਾਂ ਤੋਂ ਇੱਕ ਹਫ਼ਤੇ ਬਾਅਦ ਜਾਰੀ ਕੀਤਾ ਗਿਆ ਇਹ ਨੋਟਿਸ ਚੋਣ-ਨਤੀਜਿਆਂ ਤੋਂ ਇੱਕ ਹਫ਼ਤਾ ਪਹਿਲਾਂ ਲਾਗੂ ਹੋਣਾ ਹੈ। ਇਹ ਨੋਟਿਸ ਵੀ ਨੀਤੀਆਂ ਲਾਗੂ ਕਰਨ ਦੀ ਕੜੀ ਦਾ ਹਿੱਸਾ ਹੈ ਪਰ ਚੋਣ ਕਮਿਸ਼ਨ ਇਸ ਖ਼ਿਲਾਫ਼ ਸ਼ਿਕਾਇਤ ਨੂੰ ਨਜ਼ਰ-ਅੰਦਾਜ਼ ਕਰਦਾ ਹੈ। ਚੋਣ ਕਮਿਸ਼ਨ ਆਵਾਮ ਨੂੰ ਮਿਲਣ ਵਾਲੀ ਹਰ ਸਹੂਲਤ ਉੱਤੇ ਇਤਰਾਜ਼ ਕਰ ਰਿਹਾ ਹੈ ਕਿ ਇਹ ਵੋਟਾਂ ਆਪਣੇ ਵੱਲ ਖਿੱਚਣ ਦੀ ਜੁਗਤ ਹੈ। ਕਲੋਨੀਆਂ ਢਾਹੁਣ ਦੀ ਕਾਰਵਾਈ ਲਈ ਜਵਾਬਦੇਹ ਸਰਕਾਰ ਕੋਈ ਨਹੀਂ ਅਤੇ ਚੋਣ ਕਮਿਸ਼ਨ ਲਈ ਇਹ ਸਵਾਲ ਜ਼ਿਕਰਗੋਚਰਾ ਨਹੀਂ ਹੈ। ਬੁਲਾਰੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਇਸ ਸ਼ਹਿਰ ਨੂੰ ਕਿਵੇਂ ਉਸਾਰਿਆ, ਕਿਵੇਂ ਵਸਾਇਆ, ਕਿਵੇਂ ਸਾਫ਼-ਸੁਥਰਾ ਰੱਖਿਆ ਅਤੇ ਉਨ੍ਹਾਂ ਨੇ ਕਿਵੇਂ ਇਸ ਦੀ ਸਾਲਾਂ-ਬੱਧੀ ਝਾੜ-ਪੂੰਝ ਕੀਤੀ ਹੈ। ਹੁਣ ਪ੍ਰਸ਼ਾਸਨ ਨੇ ਬਿਨਾਂ ਕਿਸੇ ਬੰਦੋਬਸਤ ਤੋਂ ਉਨ੍ਹਾਂ ਦੀਆਂ ਕਲੋਨੀਆਂ ਢਾਹੁਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਸਾਲ ਨਵੰਬਰ ਵਿੱਚ ਢਾਹੀ ਗਈ ਪੰਜ ਨੰਬਰ ਕਲੋਨੀ ਦੇ ਵਾਸੀ ਹਾਲੇ ਤੱਕ ਦਰ-ਦਰ ਭਟਕ ਰਹੇ ਹਨ। ਕੁਝ ਗਿਣਤੀ ਦਿਆਂ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਉਦਘਾਟਨ ਕੀਤੀ ਨਵੀਂ ਕਲੋਨੀ ਵਿੱਚ ਥਾਂ ਮਿਲੀ ਹੈ। ਕੁਝ ਹਾਲੇ ਤੱਕ ਟੀਨ-ਸ਼ੈੱਡ ਵਾਲੀ ਆਰਜ਼ੀ ਕਲੋਨੀ ਵਿੱਚ ਬੈਠੇ ਹਨ। ਜ਼ਿਆਦਾਤਰ ਇਧਰ-ਉਧਰ ਖਿੰਡ ਗਏ ਹਨ। ਹੁਣ ਪੰਜ ਹੋਰ ਕਲੋਨੀਆਂ ਦੀ ਵਾਰੀ ਆਈ ਹੈ। ਘਰ ਅਧਿਕਾਰ ਸੰਘਰਸ਼ ਮੋਰਚਾ ਦੇ ਇਸ ਧਰਨੇ ਉੱਤੇ ਕੋਈ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਆਇਆ। ਇਹ ਸੁਨੇਹੇ ਪੁਲਿਸ ਰਾਹੀਂ ਪੁੱਜੇ ਹਨ ਕਿ ਪੰਜ ਬੰਦਿਆਂ ਦਾ ਵਫ਼ਦ ਲਿਜਾ ਕੇ ਮੰਗ ਪੱਤਰ ਅਧਿਕਾਰੀ ਨੂੰ ਦਿਵਾਇਆ ਜਾ ਸਕਦਾ ਹੈ।


ਧਰਨਾ ਕਰਨ ਵਾਲਿਆਂ ਨੂੰ ਆਸ ਹੈ ਕਿ ਸ਼ਾਇਦ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ। ਆਖ਼ਰ ਉਹ ਇੰਨੀ ਗਿਣਤੀ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਣ ਆਏ ਹਨ। ਫੇਰੀ ਵਾਲਾ ਕਦੋਂ ਦਾ ਜਾ ਚੁੱਕਿਆ ਹੈ। ਉਸ ਦਾ ਤਜਰਬਾ ਹੋਵੇਗਾ ਕਿ ਸੜਕ-ਛਾਪ ਮਜ਼ਦੂਰ ਅਤੇ ਸਾਈਕਲ ਸਵਾਰ ਉਸ ਦਾ ਰੁਜ਼ਗਾਰ ਨਹੀਂ ਚਲਾ ਸਕਦੇ। ਸਰਕਾਰਾਂ, ਪ੍ਰਸ਼ਾਸਨ ਅਤੇ ਸਿਆਸਤਦਾਨ ਅੱਜ ਕੱਲ੍ਹ ਨਿਵੇਸ਼, ਵਿਕਾਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਰਾਹੀਂ ਮੁਲਕ ਨੂੰ ਅੱਗੇ ਲਿਜਾਣ ਦੀ ਗੱਲ ਕਰਦੀਆਂ ਹਨ। ਇਹ ਧਰਨਾ ਦੇਣ ਵਾਲੇ ਜੇ ਕਿਸੇ ਫੇਰੀ ਲਗਾਉਣ ਵਾਲੇ ਦੇ ਰੁਜ਼ਗਾਰ ਦਾ ਸਬੱਬ ਨਹੀਂ ਬਣ ਸਕੇ ਤਾਂ ਇਨ੍ਹਾਂ ਦਾ ਨਿਵੇਸ਼, ਵਿਕਾਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਨਾਲ ਕੀ ਰਾਬਤਾ ਬਣਦਾ ਹੈ? ਇਹ ਜ਼ਰੂਰੀ ਤਾਂ ਨਹੀਂ ਕਿ ਫੇਰੀ ਵਾਲਾ ਗ਼ਲਤੀ ਦੇ ਅਹਿਸਾਸ ਨਾਲ ਹੀ ਗਿਆ ਹੋਵੇ? ਉਸ ਦਾ ਧਰਨੇ ਵਿੱਚ ਆਏ ਬੱਚਿਆਂ ਨੂੰ ਦੇਖ ਕੇ ਗੱਚ ਵੀ ਭਰ ਸਕਦਾ ਹੈ। ਇਨ੍ਹਾਂ ਬੱਚਿਆਂ ਨੂੰ ਕਿਤੇ ਹੋਰ ਹੋਣਾ ਚਾਹੀਦਾ ਸੀ। ਇਹ ਸਵਾਲ ਤਾਂ ਉਸ ਦੇ ਮਨ ਵਿੱਚ ਪੱਕਾ ਆਇਆ ਹੋਵੇਗਾ ਕਿ ਖਰੀਦ ਕੇ ਗਿਰੀ ਤਾਂ ਉਹ ਵੀ ਆਪਣੇ ਬੱਚਿਆਂ ਨੂੰ ਨਹੀਂ ਖਵਾ ਸਕਦਾ। ਸ਼ਾਮ ਨੂੰ ਧਰਨਾ ਕਰਨ ਵਾਲੇ ਦੋ ਗੱਲਾਂ ਕਰ ਰਹੇ ਹਨ ਕਿ ਸ਼ਾਇਦ ਏਕਾ ਉਨ੍ਹਾਂ ਦਾ ਮਸਲਾ ਹੱਲ ਕਰ ਸਕਦਾ ਹੈ ਪਰ ਟੁੱਟੀ ਦਿਹਾੜੀ ਦਾ ਝੋਰਾ ਇਸ ਏਕੇ ਨੂੰ ਖੋਰਾ ਲਗਾਉਣ ਲਈ ਘਾਤਕ ਹੋ ਸਕਦਾ ਹੈ। ਹੋ ਤਾਂ ਇਹ ਵੀ ਸਕਦਾ ਹੈ ਕਿ ਇਹ ਉਨ੍ਹਾਂ ਦੀ ਆਪਸ ਵਿੱਚ ਆਖ਼ਰੀ ਮੁਲਾਕਾਤ ਹੋਵੇ। ਜੇ ਕਲੋਨੀਆਂ ਢਾਹ ਦਿੱਤੀਆਂ ਗਈਆਂ ਤਾਂ ਰੁਜ਼ਗਾਰ ਅਤੇ ਰਿਹਾਇਸ਼ ਦੀ ਭਾਲ ਨੇ ਇੱਕ-ਦੂਜੇ ਨੂੰ ਮਿਲਣ ਦਾ ਵਕਤ ਕਦ ਦੇਣਾ ਹੈ। ਪੰਜ ਨੰਬਰ ਕਲੋਨੀ ਵਾਲਿਆਂ ਦਾ ਤਜਰਬਾ ਇਸ ਖ਼ਦਸ਼ੇ ਦੀ ਜ਼ਾਮਨੀ ਭਰਦਾ ਹੈ। ਇਹ ਸਭ ਕਹਿਣ ਨੂੰ ਚੰਗਾ ਨਹੀਂ ਲੱਗਦਾ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਦਾ ਵੀ ਇਹੋ ਕਹਿਣਾ ਹੈ ਕਿ ਨੋਟਿਸ ਜਾਰੀ ਕਰਨ ਤੋਂ ਬਾਅਦ ਵਾਪਸ ਲੈਣਾ ਚੰਗਾ ਨਹੀਂ ਲੱਗਦਾ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s