ਪਤਵੰਤਿਆਂ ਦੀ ਬੇਜਾਨ ਆਵਾਜ਼ ਅਤੇ ਪੱਤਰਕਾਰੀ ਦਾ ਖ਼ਾਸਾ

ਚੰਡੀਗੜ੍ਹ, ਮਈ 15: (ਦਲਜੀਤ ਅਮੀ) ਪੱਤਰਕਾਰੀ ਵਿੱਚ ਪੜ੍ਹਾਇਆ ਤਾਂ ਇਹੋ ਜਾਂਦਾ ਹੈ ਕਿ ਜਿਸ ਮੁੱਦੇ ਵਿੱਚ ਪਾਠਕ/ਸਰੋਤੇ/ਦਰਸ਼ਕ ਦੀ ਦਿਲਚਸਪੀ ਬਣਦੀ ਹੋਵੇ, ਉਸ ਤੱਕ ਪਹੁੰਚ ਕੀਤੀ ਜਾਂਦੀ ਹੈ। ਜਿਸ ਵਿੱਚ ਦਿਲਚਸਪੀ ਦਾ ਕਣ ਹੋਵੇ ਉਸ ਮੁੱਦੇ, ਬਿਆਨ ਜਾਂ ਘਟਨਾ ਨੂੰ ਖ਼ਬਰ ਦਾ ਰੁਤਬਾ ਮਿਲਦਾ ਹੈ। ਪੱਤਕਰਾਰੀ ਅੰਦਰਲੇ ਮੌਜੂਦਾ ਰੁਝਾਨ ਬਾਰੇ ਕਿਹਾ ਜਾਂਦਾ ਹੈ ਕਿ ਪੱਤਰਕਾਰ ਪੱਕੀਆਂ ਸੜਕਾਂ ਤੋਂ ਦਸ ਕਿਲੋਮੀਟਰ ਇਧਰ-ਉਧਰ ਜਾਂਦੇ ਹਨ ਅਤੇ ਦੂਰ-ਦੁਰਾਡੇ ਦੇ ਜ਼ਿਆਦਾਤਰ ਇਲਾਕੇ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਹਨ। ਇਹ ਦੋਵੇਂ ਧਾਰਨਾਵਾਂ ਪੱਤਕਕਾਰੀ ਬਾਰੇ ਹਨ ਪਰ ਇਨ੍ਹਾਂ ਦੋਵਾਂ ਨੂੰ ਜੋੜ ਕੇ ਸਮਝਣ ਦਾ ਸਬੱਬ ਘੱਟ ਹੀ ਬਣਦਾ ਹੈ। ਬੁੱਧੀਜੀਵੀਆਂ ਦੀਆਂ ਬਹਿਸਾਂ ਤੋਂ ਬਿਨਾਂ ਇਨ੍ਹਾਂ ਦੋਵਾਂ ਧਾਰਨਾਵਾਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਕਦੇ-ਕਦਾਈ ਹੀ ਮੌਕਾ ਮੇਲ ਬਣਦਾ ਹੈ। ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਕੋਈ ਨੈਸ਼ਨਲ ਇਨਾਮ ਜੇਤੂ ਫ਼ਿਲਮਸਾਜ਼ ਪ੍ਰੈਸ ਕਾਨਫਰੰਸ ਕਰੇ ਤਾਂ ਪੱਤਰਕਾਰ ਬਰਾਦਰੀ ਦੀ ਦਿਲਚਸਪੀ ਯਕੀਨੀ ਹੁੰਦੀ ਹੈ। ਜੇ ਕੋਈ ਦਹਾਕਿਆਂ ਤੋਂ ਮਨੁੱਖੀ ਹਕੂਕ ਦੇ ਸਵਾਲਾਂ ਉੱਤੇ ਅਦਾਲਤ ਤੋਂ ਲੈਕੇ ਸਮਾਜਕ, ਸਿਆਸੀ ਅਤੇ ਬੁੱਧੀਜੀਵੀ ਮੰਚਾਂ ਉੱਤੇ ਸਰਗਰਮ ਰਿਹਾ ਹੋਵੇ ਤਾਂ ਮੰਨਿਆ ਜਾਂਦਾ ਹੈ ਕਿ ਪੱਤਰਕਾਰ ਤਬਕਾ ਉਸ ਦੇ ਬੋਲਾਂ ਨੂੰ ਸੰਜੀਦਗੀ ਨਾਲ ਸੁਣਦਾ ਹੈ? ਜੇ ਕੋਈ ਸਮਾਜਕ ਕਾਰਕੁਨ ਵੱਡੀ ਕੀਮਤ ਉਤਾਰ ਕੇ ਕਿਸੇ ਸੂਬੇ ਦੇ ਪੁਲਿਸ ਮੁਖੀ ਖ਼ਿਲਾਫ਼ ਦੋ ਦਹਾਕਿਆਂ ਤੋਂ ਲੰਮੀ ਲੜਾਈ ਜਿੱਤਿਆ ਹੋਵੇ ਤਾਂ ਉਸ ਦਾ ਸਤਿਕਾਰ ਤਾਂ ਪੱਤਰਕਾਰ ਤਬਕਾ ਕਰੇਗਾ? ਜੇ ਯੂਨੀਵਰਸਿਟੀ ਦੇ ਅਹਿਮ ਪ੍ਰੋਫ਼ੈਸਰ ਕਿਸੇ ਸਮਾਜਕ-ਸਿਆਸੀ ਮੁੱਦੇ ਉੱਤੇ ਬਿਆਨ ਦੇਣ ਤਾਂ ਪੱਤਰਕਾਰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਨ? ਸ਼ਾਇਦ ਪੱਤਰਕਾਰ ਇਹੋ ਸੋਚ ਕੇ ਪ੍ਰੈਸ ਕਾਨਫਰੰਸ ਵਿੱਚ ਆਏ ਹੋਣਗੇ ਕਿ ਫ਼ਿਲਮਸਾਜ਼, ਸਮਾਜਕ ਕਾਰਕੁਨ, ਮਨੁੱਖੀ ਹਕੂਕ ਦੇ ਵਕੀਲ ਅਤੇ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਇਕੱਠੇ ਬੋਲ ਰਹੇ ਹਨ ਤਾਂ ਖ਼ਬਰ ਬਣਦੀ ਹੈ। ਦੋਵਾਂ ਪੱਤਰਕਾਰਾਂ ਨੂੰ ਪਹੁੰਚਦੀ ਸਾਰ ਹੀ ਅਹਿਸਾਸ ਹੋ ਗਿਆ ਕਿ ਉਨ੍ਹਾਂ ਦਾ ਅੰਦਾਜ਼ਾ ਗ਼ਲਤ ਹੈ। 


ਬੁਲਾਰਿਆਂ ਨੇ ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਢਾਹੀਆਂ ਗਈਆਂ ਬਸਤੀਆਂ ਦੀ ਗੱਲ ਤੋਰੀ ਅਤੇ ਹੋਰ ਬਸਤੀਆਂ ਨੂੰ ਢਾਹੇ ਜਾਣ ਦੀ ਤਜਵੀਜ਼ ਉੱਤੇ ਸਵਾਲ ਕੀਤੇ। ਰਾਜਵਿੰਦਰ ਸਿੰਘ ਬੈਂਸ ਨੇ ਸਾਫ਼ ਕਿਹਾ ਕਿ ਮੁੜਵਸੇਬੇ ਦੇ ਇੰਤਜ਼ਾਮ ਤੋਂ ਪਹਿਲਾਂ ਇਨ੍ਹਾਂ ਬਸਤੀਆਂ ਨੂੰ ਉਜਾੜਨਾ ਗ਼ੈਰ-ਮਨੁੱਖੀ ਅਤੇ ਗ਼ੈਰ-ਜਮਹੂਰੀ ਹੈ। ਰਾਜਵਿੰਦਰ ਬੈਂਸ ਨੇ ਸਵਾਲ ਕੀਤਾ ਕਿ ਜਦੋਂ ਹਾਲੇ ਤੱਕ ਯੋਜਨਾ ਅਤੇ ਇਸ ਨੂੰ ਲਾਗੂ ਕਰਨ ਦਾ ਢੰਗ-ਤਰੀਕਾ ਸਵਾਲਾਂ ਦੇ ਘੇਰੇ ਵਿੱਚ ਹਨ ਤਾਂ ਅਤਿ ਦੀ ਗਰਮੀ ਵਿੱਚ ਲੋਕਾਂ ਨੂੰ ਬੇਘਰ ਕਿਵੇਂ ਕੀਤਾ ਜਾ ਸਕਦਾ ਹੈ? ਏਨੀ ਗਰਮੀ ਵਿੱਚ ਬੱਚਿਆਂ, ਬਜ਼ੁਰਗਾਂ, ਬੀਮਾਰਾਂ ਅਤੇ ਬਾਕੀ ਜੀਆਂ ਦੇ ਸਿਰ ਤੋਂ ਛੱਤ ਖੋਹਣਾ ਪ੍ਰਸ਼ਾਸਨ ਦੀ ਗ਼ੈਰ-ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਪ੍ਰੋ ਅਕਸ਼ੇ ਕੁਮਾਰ ਨੇ ਪ੍ਰਸ਼ਾਸਨ ਨੂੰ ਸਿੱਧਾ ਸਵਾਲ ਕੀਤਾ ਕਿ ਬਿਨਾਂ ਜਵਾਬਦੇਹੀ ਤੋਂ ਕੁਝ ਅਫ਼ਸਰ ਇਸ ਸ਼ਹਿਰ ਵਿੱਚ ਆਪਣੀ ਤਾਨਾਸ਼ਾਹੀ ਚਲਾ ਰਹੇ ਹਨ ਜੋ ਜਮਹੂਰੀਅਤ ਲਈ ਸਿਹਤਮੰਦ ਨਹੀਂ ਹੈ। ਇਸੇ ਮੌਕੇ ਨੈਸ਼ਨਲ ਐਵਾਰਡ ਜੇਤੂ ਫ਼ਿਲਮਸਾਜ਼ ਰਾਜੀਵ ਕੁਮਾਰ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਸਮਾਜਕ ਇਨਸਾਫ਼ ਦੀ ਗੱਲ ਸਭ ਤੋਂ ਅਹਿਮ ਹੈ। ਕੁਝ ਕਾਨੂੰਨਾਂ ਅਤੇ ਤਕਨੀਕੀ ਨੁਕਤਿਆਂ ਦੇ ਹਵਾਲੇ ਨਾਲ ਨਾਇਨਸਾਫ਼ੀ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। 


ਚੰਡੀਗੜ੍ਹ ਪ੍ਰਸ਼ਾਸਨ ਨੇ 10 ਮਈ ਨੂੰ ਚੰਡੀਗੜ੍ਹ ਵਿੱਚ ਚਾਰ ਬਸਤੀਆਂ ਉੱਤੇ ਬੁਲਡੋਜ਼ਰ ਚਲਾ ਦਿੱਤਾ ਸੀ। ਮਜ਼ਦੂਰ ਕਲੋਨੀ, ਕੁਲਦੀਪ ਕਲੋਨੀ, ਨਹਿਰੂ ਕਲੋਨੀ ਅਤੇ ਪੰਡਿਤ ਕਲੋਨੀ ਨੂੰ ਢਾਹੇ ਜਾਣ ਨਾਲ ਤਕਰੀਬਨ ਵੀਹ ਹਜ਼ਾਰ ਲੋਕ ਬੇਘਰ ਹੋਏ ਸਨ। ਇਸ ਤੋਂ ਪਹਿਲਾਂ ਨਵੰਬਰ 2013 ਵਿੱਚ ਕਲੋਨੀ ਨੰਬਰ ਪੰਜ ਨੂੰ ਢਾਹਿਆ ਗਿਆ ਸੀ ਜਿਸ ਨਾਲ ਤਕਰੀਬਨ 70,000 ਲੋਕਾਂ ਨੂੰ ਉਜਾੜਿਆ ਗਿਆ ਸੀ। ਹੁਣ ਪ੍ਰਸ਼ਾਸਨ ਨੇ ਨੌ ਹੋਰ ਬਸਤੀਆਂ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਹੈ। ਲਾਲ ਬਹਾਦਰ ਸਾਸ਼ਤਰੀ ਕਲੋਨੀ ਪਲਸੌਰਾ, ਮਦਰਾਸੀ ਕਲੋਨੀ ਸੈਕਟਰ 26, ਅੰਬੇਦਕਰ ਕਲੋਨੀ ਹੱਲੋਮਾਜਰਾ, ਘੁਮਾਰ ਕਲੋਨੀ, ਗੁਰਸਾਗਰ ਭੱਠਲ ਕਲੋਨੀ (ਨੇੜੇ ਮਲੋਆ), ਕਲਿਆਣ ਕਲੋਨੀ (ਨੇੜੇ ਖੁੱਡਾ ਲਾਹੌਰਾ), ਕਬਾੜੀ ਕਲੋਨੀ, ਸੰਜੇ ਕਲੋਨੀ ਅਤੇ ਜਨਤਾ ਕਲੋਨੀ ਨੂੰ ਜਾਰੀ ਹੋਇਆ ਨੋਟਿਸ ੩ ਜੂਨ ਨੂੰ ਲਾਗੂ ਕੀਤਾ ਜਾਣਾ ਹੈ। ਪ੍ਰੈਸ ਕਾਨਫਰੰਸ ਵਿੱਚ ਬੁਲਾਰਿਆਂ ਨੇ ਨੁਕਤਾਵਾਰ ਸਾਫ਼ ਕੀਤਾ ਕਿ ਬੇਇਨਸਾਫ਼ੀ ਅਤੇ ਗ਼ੈਰ-ਜਮਹੂਰੀ ਰੁਝਾਨ ਦੀ ਨੁਮਾਇੰਦਗੀ ਕਿਵੇਂ ਹੁੰਦੀ ਹੈ। ਚੰਡੀਗੜ੍ਹ ਨੂੰ ਮਾਰਚ 2015 ਤੱਕ ਝੁੱਗੀ-ਝੋਂਪੜੀਆਂ ਤੋਂ ਮੁਕਤ ਕੀਤੇ ਜਾਣ ਦੀ ਯੋਜਨਾ ਤਹਿਤ ਪ੍ਰਸ਼ਾਸਨ ਇਹ ਕਾਰਵਾਈ ਕਰ ਰਿਹਾ ਹੈ। ਜਵਾਹਰ ਲਾਲ ਅਰਬਨ ਰਨਿਉਬਲ ਯੋਜਨਾ ਤਹਿਤ ਪ੍ਰਸ਼ਾਸਨ ਨੇ 25928 ਫਲੈਟ ਬਣਾ ਕੇ ਬਸਤੀਆਂ ਦੇ ਮੁੜ-ਵਸੇਬੇ ਦਾ ਬੰਦੋਬਸਤ ਕਰਨਾ ਸੀ। ਪ੍ਰਸ਼ਾਸਨ ਦੀ ਵੈੱਬਸਾਇਟ ਮੁਤਾਬਕ 23441 ਲੋਕ ਇਸ ਯੋਜਨਾ ਤਹਿਤ ਲਾਭਪਾਤਰੀ ਬਣਦੇ ਸਨ। ਹੁਣ ਤੱਕ ਪ੍ਰਸ਼ਾਸਨ ਨੇ ਤਕਰੀਬਨ 14000 ਫਲੈਟ ਬਣਾਏ ਹਨ ਜਿਨ੍ਹਾਂ ਦਾ ਵੱਡਾ ਹਿੱਸਾ ਹਾਲੇ ਤੱਕ ਲਾਭਪਾਤਰੀਆਂ ਦੇ ਹਵਾਲੇ ਨਹੀਂ ਕੀਤਾ ਗਿਆ। 


ਬੁਲਾਰਿਆਂ ਨੇ ਯੋਜਨਾ ਦੇ ਖ਼ਾਸੇ ਅਤੇ ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਲਾਭਪਾਤਰੀਆਂ ਦੀ ਸ਼ਨਾਖ਼ਤ ਵਿੱਚ ਕੀਤੀਆਂ ਉਣਤਾਈਆਂ ਦਾ ਜ਼ਿਕਰ ਕੀਤਾ। ਪ੍ਰਸ਼ਾਸਨ ਨੇ 2006 ਦੇ ਬਾਇਓ ਮੈਟਰਿਕ ਸਰਵੇਖਣ ਨੂੰ ਲਾਭਪਾਤਰੀਆਂ ਦਾ ਸ਼ਨਾਖ਼ਤ ਲਈ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਝੱਗੀਆਂ-ਝੋਪੜੀਆਂ ਵਿੱਚ ਵਸਦਾ ਜ਼ਿਆਦਾਤਰ ਤਬਕਾ ਇਸ ਸਰਵੇਖਣ ਤੋਂ ਬਾਹਰ ਰਹਿ ਗਿਆ ਹੈ। ਸਰਵੇਖਣ ਵਿੱਚ ਦਰਜ ਹੋਏ ਸਭ ਲੋਕਾਂ ਨੂੰ ਵੀ ਘਰ ਅਲਾਟ ਨਹੀਂ ਕੀਤੇ ਗਏ। ਇਨ੍ਹਾਂ ਗੱਲਾਂ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਦੋਵੇਂ ਪੱਤਰਕਾਰਾਂ ਆਪਣੀ ‘ਗ਼ਲਤੀ’ ਨੂੰ ਦਰੁਸਤ ਕਰਦੇ ਹੋਏ ਚਲੇ ਗਏ ਸਨ। ਸਵਾਲ ਇਹ ਨਹੀਂ ਸੀ ਕਿ ਪ੍ਰੈਸ ਕਾਨਫਰੰਸ ਵਿੱਚ ਬੁਲਾਰੇ ਕੌਣ ਸਨ। ਸਵਾਲ ਇਹ ਸੀ ਕਿ ਬੁਲਾਰੇ ਕਿਸ ਵਿਸ਼ੇ ਉੱਤੇ ਬੋਲ ਰਹੇ ਸਨ। ਜਿਨ੍ਹਾਂ ਬਸਤੀਆਂ ਨੂੰ ਢਾਹੁਣ ਲਈ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਵਧਾਈਆਂ ਮਿਲ ਰਹੀਆਂ ਹੋਣ ਅਤੇ ਬਸਤੀਆਂ ਦੇ ਲਾਗੇ ਇਲਾਕਿਆਂ ਦੇ ਸਰਦੇ-ਪੁੱਜਦੇ ਲੋਕ ਖ਼ੁਸ਼ੀ ਮਨਾ ਰਹੇ ਹੋਣ, ਉਨ੍ਹਾਂ ਦੇ ਵਸ਼ਿੰਦਿਆਂ ਨਾਲ ਹਮਦਰਦੀ ਵਾਲੀ ਆਵਾਜ਼ ਪੱਤਰਕਾਰ ਤਬਕੇ ਦੀ ਦਿਲਚਸਪੀ ਨਹੀਂ ਬਣਦੀ। ਇਹ ਧਾਰਨਾ ਸਮੁੱਚੇ ਪੱਤਰਕਾਰ ਤਬਕੇ ਬਾਰੇ ਪੇਸ਼ ਕੀਤੀ ਜਾ ਸਕਦੀ ਹੈ। ਕੋਈ ਇੱਕ-ਦੁੱਕਾ ਪੱਤਰਕਾਰ ਇਸ ਰੁਝਾਨ ਤੋਂ ਬਾਹਰ ਹੋ ਸਕਦਾ ਹੈ ਪਰ ਉਸ ਨਾਲ ਪੱਤਰਕਾਰ ਤਬਕੇ ਦੇ ਸਮੁੱਚੇ ਖ਼ਾਸੇ ਵਿੱਚ ਤਬਦੀਲੀ ਨਹੀਂ ਆ ਜਾਂਦੀ। ਇਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਸੈਕਟਰ 36 ਦੇ ਕਨਵੈਨਸ਼ਨ ਹਾਲ ਵਿੱਚ ਹੋ ਰਹੀ ਸੀ। ਥਾਂ ਦੇ ਹਵਾਲੇ ਨਾਲ ਦਲੀਲ ਇਹ ਦਿੱਤੀ ਗਈ ਕਿ ਸ਼ਾਇਦ ਇਹ ਥਾਂ ਦੂਰ ਪੈਂਦੀ ਹੈ ਜਿਸ ਕਾਰਨ ਪੱਤਰਕਾਰ ਨਹੀਂ ਆਏ। ਦਰਅਸਲ ਇਹ ਥਾਂ ਤਾਂ ਟ੍ਰਿਬਿਊਨ ਅਤੇ ਦੈਨਿਕ ਭਾਸਕਰ, ਟਾਈਮਜ਼ ਆਫ਼ ਇੰਡੀਆ ਅਤੇ ਹਿੰਦੋਸਤਾਨ ਟਾਈਮਜ਼, ਡੇਅ ਐਂਡ ਨਾਈਟ ਅਤੇ ਜ਼ੀ ਪੰਜਾਬ ਜਾਂ ਪੀ.ਟੀ.ਸੀ. ਚੈਨਲ ਦੇ ਤਕਰੀਬਨ ਵਿਚਕਾਰ ਪੈਂਦੀ ਹੈ। ਬਾਕੀ ਸਾਰੇ ਪੱਤਰਕਾਰਾ ਦਫ਼ਤਰ ਵੀ ਇਸ ਘੇਰੇ ਦੇ ਅੰਦਰ-ਅੰਦਰ ਆ ਜਾਂਦੇ ਹਨ। ਚੋਣਾਂ ਦੌਰਾਨ ਗੁੱਲ ਪਨਾਗ਼ ਦੇ ਪਿੱਛੇ ਤਾਂ ਇਹ ਸਾਰੇ ਇਸੇ ਥਾਂ ਉੱਤੇ ਪਹੁੰਚੇ ਸਨ। 


ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਤੋਂ ਉਮੀਦਵਾਰ ਅਤੇ ਅਦਾਕਾਰ ਗੁੱਲ ਪਨਾਗ਼ ਆਪਣੇ ਚੋਣ ਪ੍ਰਚਾਰ ਵਿੱਚ ਕਹਿੰਦੀ ਸੀ ਕਿ ਚੰਡੀਗੜ੍ਹ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਉੱਤਰੀ ਸੈਕਟਰਾਂ ਵਿੱਚ ਹਰ ਸਹੂਲਤ ਦੀ ਬਹੁਤਾਤ ਹੈ ਪਰ ਦੱਖਣੀ ਸੈਕਟਰਾਂ ਵਿੱਚ ਹਰ ਸਹੂਲਤ ਦੀ ਘਾਟ ਹੈ। ਹੋ ਸਕਦਾ ਹੈ ਕਿ ਗੁੱਲ ਪਨਾਗ਼ ਦੇ ਦੱਖਣੀ ਸੈਕਟਰਾਂ ਵਿੱਚੋਂ ਬਸਤੀਆਂ ਗ਼ੈਰ-ਹਾਜ਼ਰ ਹੋਣ। ਇਨ੍ਹਾਂ ਬਸਤੀਆਂ ਵਿੱਚ ਸਹੂਲਤਾਂ ਨਦਾਰਦ ਹਨ ਅਤੇ ਇਨ੍ਹਾਂ ਦੀ ਸਰਕਾਰੀ ਦਰਬਾਰੇ ਸੁਣਵਾਈ ਨਹੀਂ ਹੁੰਦੀ। ਮੀਡੀਆ ਇਨ੍ਹਾਂ ਸੈਕਟਰਾਂ ਦੀ ਨਬਜ਼ ਟੋਹਣ ਦਾ ਤਰਦੱਦ ਨਹੀਂ ਕਰਦਾ। ਸ਼ਹਿਰ ਦਾ ਕੋਈ ਪੱਤਰਕਾਰ ਦਾਅਵਾ ਨਹੀਂ ਕਰ ਸਕਦਾ ਕਿ ਬਸਤੀਆਂ ਦੀ ਜ਼ਿੰਦਗੀ ਬਾਬਤ ਉਸ ਦੀ ਠੋਸ ਸਮਝ ਹੈ। ਇਸ ਮਾਮਲੇ ਵਿੱਚ ਸ਼ਰਤ ਲਗਾ ਕੇ ਜਿੱਤੀ ਜਾ ਸਕਦੀ ਹੈ। ਇਨ੍ਹਾਂ ਬਸਤੀਆਂ ਬਾਬਤ ਪਤਵੰਤਿਆਂ ਦੀ ਪ੍ਰੈਸ ਕਾਨਫਰੰਸ ਵਿੱਚ ਕੁਝ ਦਿਲਚਸਪ ਗੱਲਾਂ ਹੋਈਆਂ। ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਇਹ ਬਸਤੀਆਂ ਦੇ ਵਾਸ਼ਿੰਦੇ ਸ਼ਹਿਰ ਦੇ ਮੱਧ ਵਰਗ ਅਤੇ ਉੱਚ ਵਰਗ ਦੇ ਘਰਾਂ ਵਿੱਚ ਭਾਂਡੇ ਮਾਂਜਣ ਤੋਂ ਕੱਪੜੇ ਧੋਣ ਅਤੇ ਸਾਫ਼-ਸਫ਼ਾਈ ਕਰਨ ਤੋਂ ਲੈਕੇ ਚੌਂਕੀਦਾਰੇ ਦਾ ਕੰਮ ਕਰਦੇ ਹਨ। ਇਹ ਸ਼ਹਿਰ ਵਿੱਚ ਸਾਫ਼-ਸਫ਼ਾਈ, ਢੋਆ-ਢੁਆਈ ਅਤੇ ਰੇਹੜੀ-ਫੜ੍ਹੀ ਦੇ ਨਾਲ-ਨਾਲ ਟੁੱਟਵੀਂ ਦਿਹਾੜੀ ਦਾ ਕੰਮ ਕਰਦੇ ਹਨ। ਪ੍ਰੋਫੈਸਰ ਮਨਜੀਤ ਸਿੰਘ ਸਮਾਜ ਸ਼ਾਸਤਰੀ ਹਨ ਸੋ ਇਹ ਸਭ ਕੁਝ ਤਾਂ ਉਨ੍ਹਾਂ ਦੇ ਪੇਸ਼ੇਵਰ ਅਧਿਐਨ ਦਾ ਨਿਚੋੜ ਹੋ ਸਕਦਾ ਹੈ। ਇਨ੍ਹਾਂ ਸਮਾਜ ਸ਼ਾਸਤਰੀ ਧਾਰਨਾਵਾਂ ਨਾਲ ਜੋੜ ਕੇ ਪੱਤਰਕਾਰੀ ਬਾਰੇ ਉੱਪਰ ਦਰਜ ਦੋਵੇਂ ਧਾਰਨਾਵਾਂ ਕੁਝ ਨਰਮ ਜਿਹੀਆਂ ਜਾਪਣ ਲੱਗਦੀਆਂ ਹਨ। ਪੱਤਰਕਾਰ ਤਬਕੇ ਨੇ ਦਿਲਚਸਪੀ ਅਤੇ ਪਹੁੰਚ ਬਾਰੇ ਇਹ ਧਾਰਨਾਵਾਂ ਆਪੇ ਸਿਰਜੀਆਂ ਅਤੇ ਪ੍ਰਚਾਰੀਆਂ ਹਨ। ਜਿਸ ਤਬਕੇ ਨੂੰ ਆਪਣੇ ਘਰਾਂ ਦੀਆਂ ਰਸੋਈਆਂ ਅੰਦਰ ਕੰਮ ਕਰਦੀਆਂ ਬੀਬੀਆਂ ਦੀ ਸਾਰ ਨਾ ਹੋਵੇ ਉਸ ਤੋਂ ਪੱਕੀਆਂ ਸੜਕਾਂ ਤੋਂ ਸੈਂਕੜੇ ਮੀਲ ਦੂਰ ਜਾਣ ਦੀ ਤਵੱਕੋ ਕਿਵੇਂ ਕੀਤੀ ਜਾ ਸਕਦੀ ਹੈ? ਜਿਸ ਤਬਕੇ ਦੀ ਆਪਣੇ ਖ਼ੂਬਸੂਰਤ ਸ਼ਹਿਰ ਦੇ ਸਿਰਜਕਾਂ ਦੇ ਮਸਲਿਆਂ ਨੂੰ ਅੰਕੜਿਆਂ ਜਾਂ ਕਾਨੂੰਨੀ ਨੁਕਤਿਆਂ ਤੱਕ ਮਹਿਦੂਦ ਕਰਨ ਦੀ ਆਦਤ, ਪੇਸ਼ੇਵਰ ਮਹਾਰਤ ਹੋ ਗਈ ਹੋਵੇ ਉਸ ਤੋਂ ਜ਼ਿੰਦਗੀ ਦੇ ਬਾਹਰਮੁਖੀ ਸੁਹਜ ਦੀ ਆਸ ਕਿਵੇਂ ਕੀਤੀ ਜਾਵੇ?


ਇਸ ਦੌਰਾਨ ਇਹ ਪ੍ਰੈਸ ਕਾਨਫਰੰਸ ਜਾਰੀ ਸੀ ਪਰ ਨਾਮਨਿਹਾਦ ਨੂੰ ਵੀ ਕੋਈ ਪੱਤਰਕਾਰ ਹਾਜ਼ਰ ਨਹੀਂ ਸੀ। ਤਕਰੀਬਨ ਪੰਜ ਸੌ ਪੱਤਰਕਾਰਾਂ ਨੂੰ ਈਮੇਲ ਰਾਹੀਂ ਸੱਦਾ ਇੱਕ ਦਿਨ ਪਹਿਲਾਂ ਭੇਜਿਆ ਗਿਆ ਸੀ। ਪਤਵੰਤਿਆਂ ਤੋਂ ਬਾਅਦ ਉਜੜੀਆਂ ਬਸਤੀਆਂ ਦੇ ਉਜੜੇ ਜੀਆਂ ਨੇ ਆਪਣੀ ਹੱਡਬੀਤੀ ਸੁਣਾਈ। ਮੁਕੇਸ਼ ਨੇ ਦੱਸਿਆ ਕਿ ਉਸ ਦੇ ਬੱਚੇ ਆਪਣੇ ਪੁਰਾਣੇ ਦੋਸਤਾਂ ਨੂੰ ਯਾਦ ਕਰਕੇ ਰੋਂਦੇ ਹਨ। ਕਿਰਾਏ ਵਧ ਗਏ ਹਨ ਜਿਸ ਕਾਰਨ ਹਾਲੇ ਤੱਕ ਉਹ ਸੜਕ ਕਿਨਾਰੇ ਪੱਲੀ ਵਿੱਚ ਗੁਜ਼ਾਰਾ ਕਰ ਰਹੇ ਹਨ। ਰਾਜਿੰਦਰ ਨੇ ਦੱਸਿਆ ਕਿ ਤਮਾਮ ਦਸਤਾਵੇਜ਼ ਹੋਣ ਦੇ ਬਾਵਜੂਦ ਉਨ੍ਹਾਂ ਦੀ ਦਾਅਵੇਦਾਰੀ ਨੂੰ ਪ੍ਰਸ਼ਾਸਨ ਨੇ ਪ੍ਰਵਾਨ ਨਹੀਂ ਕੀਤਾ। ਹਰਿੰਦਰ ਦੇ ਬਿਆਨ ਨਾਲ ਰਾਜਵਿੰਦਰ ਬੈਂਸ ਦੀਆਂ ਅੱਖਾਂ ਛਲਕ ਆਈਆਂ। ਨਿਸਾਰ ਖ਼ਾਂ ਨੇ ਸਿੱਧਾ ਸਵਾਲ ਕੀਤਾ ਕਿ ਹਾਜ਼ਰ ਪਤਵੰਤੇ ਹੀ ਦੱਸ ਦੇਣ ਕਿ ਉਨ੍ਹਾਂ ਦੀ ਸੁਣਵਾਈ ਕਿਵੇਂ ਹੋ ਸਕਦੀ ਹੈ? ਸਾਰੇ ਪਤਵੰਤਿਆਂ ਕੋਲ ਨਿਸਾਰ ਖ਼ਾਂ ਦੇ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਕਿਉਂਕਿ ਅੱਜ ਤਾਂ ਉਨ੍ਹਾਂ ਦੀ ਵੀ ਮੀਡੀਆ ਵਿੱਚ ਸੁਣਵਾਈ ਨਹੀਂ ਹੋਈ। ਨਿਸਾਰ ਖ਼ਾਂ, ਰਾਜਿੰਦਰ, ਆਜ਼ਾਦ ਅਤੇ ਹਰਿੰਦਰ ਚਾਹ ਪੀਂਦੇ ਹੋਏ ਗੱਲਾਂ ਕਰ ਰਹੇ ਸਨ ਕਿ ਇਨ੍ਹਾਂ ਪਤਵੰਤਿਆਂ ਨੇ ਉਨ੍ਹਾਂ ਦੀ ਗੱਲਾਂ ਧਿਆਨ ਨਾਲ ਸੁਣੀਆਂ ਹਨ। ਇਸ ਸੁਣਵਾਈ ਤੋਂ ਉਨ੍ਹਾਂ ਨੂੰ ਕੁਝ ਆਸ ਬੱਝੀ ਜਾਪਦੀ ਸੀ। ਪਤਵੰਤਿਆਂ ਲਈ ਸਵਾਲ ਹੋ ਗਿਆ ਸੀ ਕਿ ਕੀ ਉਨ੍ਹਾਂ ਦੀ ਆਵਾਜ਼ ਬੇਜਾਨ ਹੈ ਜਾਂ ਮੌਜੂਦਾ ਮੰਡੀ ਅਤੇ ਮੀਡੀਆ ਦੇ ਦੌਰ ਵਿੱਚ ਪੱਤਰਕਾਰੀ ਅੰਦਰ ਦਰਦਮੰਦੀ ਨੂੰ ਖ਼ਬਰ ਦਾ ਰੁਤਬਾ ਨਹੀਂ ਮਿਲਦਾ? ਦਰਦਮੰਦੀ ਮਨੁੱਖੀ ਦਿਲਚਸਪੀ ਕਦੋਂ ਤੋਂ ਨਹੀਂ ਰਹੀ?

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s