ਸਰਕਾਰੀ ਜਬਰ ਦਾ ਮੁਕਾਬਲਾ ਕਰ ਰਹੇ ਲੋਕਾਂ ਦੇ ਹਕੂਮਤ ਦੇ ਨਾਮ ਅਣਖੀ ਬੋਲ

(ਤਰਨਤਾਰਨ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਵੀ ਗ੍ਰਿਫ਼ਤਾਰ ਆਗੂਆਂ ਵਿੱਚ ਸ਼ਾਮਿਲ ਹਨ। ਉਨ੍ਹਾਂ ਦੀ ਜੀਵਨਸਾਥੀ ਰਜਵੰਤ ਕੌਰ ਪੰਨੂੰ ਨੇ ਪੰਜਾਬ ਦੀ ਹਕੂਮਤ ਦੇ ਨਾਂ ਇਹ ਖੁੱਲ੍ਹਾ ਖਤ ਲਿਖਿਆ ਹੈ। ਇਸ ਖਤ ਦੀ ਮੌਜੂਦਾ ਦੌਰ ਵਿੱਚ ਬਹੁਤ ਅਹਿਮੀਅਤ ਹੈ। ਜਦੋਂ ਪੰਥ ਦੀ ਸੇਵਾ ਅਤੇ ਏਕਤਾ ਦੇ ਨਾਂ ਉੱਤੇ ਮੋਰਚਿਆਂ ਦਾ ਇਤਿਹਾਸ ਯਾਦ ਕੀਤਾ ਜਾ ਰਿਹਾ ਹੈ ਤਾਂ ਰਜਵੰਤ ਕੌਰ ਵੀ ਸੂਰਿਆਂ ਦੇ ਹਵਾਲੇ ਨਾਲ ਸਵਾਲ ਕਰ ਰਹੇ ਹਨ। ਕੁਝ ਦਾਅਵੇਦਾਰੀਆਂ ਹਨ। ਮੌਜੂਦਾ ਦੌਰ ਦੀ ਇਸ ਅਹਿਮ ਲਿਖਤ ਨੂੰ ਮੀਡੀਆ ਨੇ ਤਾਂ ਨਜ਼ਰਅੰਦਾਜ਼ ਕੀਤਾ ਹੈ ਪਰ ਆਵਾਮੀ ਇਤਿਹਾਸ ਦੀ ਇਹ ਲਿਖਤ ਸਭ ਤੱਕ ਪਹੁੰਚਣੀ ਚਾਹੀਦੀ ਹੈ। ਮੀਡੀਆ ਦੀ ਤਵੱਜੋ ਵਿੱਚ ਆਏ ਮੁੱਦੇ ਅਤੇ ਨਜ਼ਰਅੰਦਾਜ਼ ਹੋ ਗਏ ਮਸਲੇ ਜੋੜ ਕੇ ਵੇਖੇ ਜਾਣ ਤਾਂ ਮੌਜੂਦਾ ਦੌਰ ਬਾਰੇ ਕੁਝ ਸਮਝ ਪੈਂਦੀ ਹੈ।)

ਮੇਰੀ ਇਹ ਚਿੱਠੀ ਪੰਜਾਬ ਦੇ ਇਸ ਸਮੇਂ ਦੇ ਹਾਕਮ ਦੇ ਨਾਮ ਹੈ। ਜਿੱਥੇ ਸੰਬੋਧਨ ਕਰਨ ਲਈ ਸ਼ਬਦ ਨਹੀਂ ਮਿਲੇ। ਤੇਰੇ ਕੋੜਮੇ ਦੇ ਫੈਲਾਏ ਅੰਧਕਾਰ ਤੋਂ ਪਤਾ ਨਹੀਂ ਲੱਗਦਾ ਕਿ ਹਾਕਮ ਪ੍ਰਕਾਸ਼ ਸਿੰਘ ਬਾਦਲ ਹੈ, ਸੁਖਬੀਰ ਸਿੰਘ ਬਾਦਲ ਹੈ, ਆਦੇਸ਼ਪ੍ਰਤਾਪ ਕੈਰੋਂ ਜਾਂ ਬਿਕਰਮ ਮਜੀਠੀਆ । ਮੇਰਾ ਸਵੈਮਾਣ ਨਾਲ ਜੀਣ ਵਾਲਾ ਪੰਜਾਬ ਜੋ ਕਿ ਗੁਰਾਂ ਦੇ ਨਾਮ ਨਾਲ ਜਿਉਂਦਾ ਸੀ। ਅੱਜ ਜਦੋਂ ਪੁਲਿਸ ਘਰਾਂ ‘ਚ ਛਾਪੇ ਮਾਰਨ ਜਾਂਦੀ ਹੈ ਤਾਂ ਕੋਈ ਪੁਲਸੀ ਟੋਲਾ ਕਹਿੰਦਾ ਸਾਨੂੰ ਬਿਕਰਮ ਮਜੀਠੀਆ ਕਹਿੰਦਾ ਹੈ ਕਿ ਕਿਸਾਨ ਆਗੂਆਂ ਨੂੰ ਸਾਲ ਭਰ ਲਈ ਜੇਲ੍ਹ ਵਿੱਚ ਬੰਦ ਕਰ ਦਿਉ ਵਰਕਰਾਂ ਨੇ ਖਿੰਡ ਪੁੰਡ ਜਾਣਾ ਅਤੇ ਜਥੇਬੰਦੀ ਖ਼ਤਮ। ਦੂਜੇ ਪਿੰਡ ਗਈ ਪੁਲਿਸ ਦੀ ਧਾੜ ਕਹਿੰਦੀ ਹੈ ਕਿ ਸੁਖਬੀਰ ਬਾਦਲ ਦਾ ਹੁਕਮ ਹੈ। ਕੋਈ ਅਫ਼ਸਰ ਧਮਕੀ ਦਿੰਦਾ ਹੈ ਕਿ ਆਦੇਸ਼ਪ੍ਰਤਾਪ ਕੈਰੋਂ ਦਾ ਤਰਲਾ ਮਾਰ ਲਵੋ ਸ਼ਾਇਦ ਬਖ਼ਸ਼ ਦੇਵੇ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਤੇਰੇ ਅੱਗੇ ਲੇਲੜੀਆਂ ਨਹੀਂ ਕੱਢਾਂਗੇ। ਲੜਾਂਗੇ ਤੇਰੇ ਹਰ ਜਬਰ ਨੂੰ ਝੱਲਾਂਗੇ। ਜਿਹੜਾ ਭਰਮ ਤੇਰੇ ਮੰਤਰੀਆਂ ਨੂੰ ਕਿ ਵੋਟਾਂ ਲੰਘ ਗਈਆਂ ਹੁਣ ਮੌਕਾ ਜਥੇਬੰਦੀ ਨੂੰ ਸਬਕ ਸਿਖਾਉਣ ਦਾ। ਤੇਰਾ ਸਬਕ ਸਾਡੇ ਸਿਰ ਮੱਥੇ ਤੂੰ ਲਾ ਲਵੀਂ ਆਪਣਾ ਜ਼ੋਰ ਤੇ ਅਜ਼ਮਾ ਲਈਂ ਸਾਡੇ ਸੰਘਰਸ਼ ਨੂੰ। ਤੇਰੀਆਂ ਮੱਛਰੀਆਂ ਪੁਲਸੀ ਧਾੜਾਂ ਘਰਾਂ ‘ਚ ਜਦੋਂ ਜਾਂਦੀਆਂ ਨੇ ਤਾ ਸਾਡੀਆਂ ਬੰਬੀਆਂ ਦੀਆਂ ਤਾਰਾਂ ਸਾੜਦੀਆਂ ਗਰਿੱਪ ਕੱਢ ਕੇ ਭੰਨ ਦਿੰਦੀਆਂ, ਪਨੀਰੀ ਤਾ ਪੱਠੇ ਸਾੜਨ ਦਾ ਹੁਕਮ ਚਾੜਦੀਆਂ ਨੇ। ਸਾਡੇ ਆਗੂ ਪਰਗਟ ਸਿੰਘ ਪ੍ਰਿੰਗੜੀ ਦੇ ਘਰ ਗਏ ਪੁਲਿਸ ਵਾਲੇ ਕਹਿੰਦੇ ਇਹਨਾਂ ਦੇ ਡੰਗਰਾਂ ਨੂੰ ਪੱਠੇ ਨਹੀਂ ਪਾਉਣੇ, ਕੁੱਤੀ ਨੂੰ ਰੋਟੀ ਨਹੀਂ ਪਾਉਣੀ। ਪੰਜਾਬ ਦੇ ਹਾਕਮਾ ਤੈਨੂੰ ਤਾਂ ਸਾਡੀ ਕੁੱਤੀ ਤੋਂ ਵੀ ਡਰ ਆਉਂਦਾ।

ਸਾਡਾ ਮਸਲਾ ਪੱਟੀ ਦੇ ਆੜਤੀਏ ਤੋਂ ਇੱਕ ਕਿਰਤੀ ਦੇ 3,62,000 ਰੁਪਏ ਲੈਣ ਦਾ ਸੀ। ਆੜਤੀਆ ਪੈਸੇ ਮਾਰਕੇ ਬੈਠਾ ਸੀ। ਐੱਸ.ਐੱਸ.ਪੀ. ਤਰਨਤਾਰਨ ਦੇ ਦਰਖ਼ਾਸਤ ਦਿੱਤੀ। ਉਸ ਨੇ ਡੀ.ਐੱਸ.ਪੀ. ਪੱਟੀ ਦੀ ਡਿਊਟੀ ਲਾਈ। ਆੜਤੀਆ ਪੈਸੇ ਨਾ ਦੇਣ ਲਈ ਬਜਿੱਦ ਸੀ ਕਹਿੰਦਾ ਮੇਰੀ ਪਿੱਠ ਪਿੱਛੇ ਆਦੇਸ਼ਪ੍ਰਤਾਪ ਲਾਲ ਜੀ ਹਨ। ਡੀ.ਐੱਸ.ਪੀ. ਕਹਿਣ ਲੱਗਿਆ ਕਣਕ ਲੈ ਜਾਉ ਜਿੰਨੇ ਤੁਹਾਡੇ ਪੈਸੇ ਬਣਦੇ ਨੇ। ਪੁਲਿਸ ਨੇ ਕੋਲ ਖਲੋਕੇ ਕਣਕ ਚੁਕਵਾਈ। ਦੂਜੇ ਦਿਨ ਪਤਾ ਲੱਗਆਿ ਕਿ ਆੜਤੀਆਂ ਤੇ ਕੈਬਨਿਟ ਮੰਤਰੀ ਦੇ ਇਸ਼ਾਰੇ ਤੇ ਪਰਚੇ ਦਰਜ ਕਰ ਲਏ ਗਏ ਹਨ। ਕਹਿੰਦੇ ਪੁਲਿਸ ਦੀ ਹਾਜ਼ਰੀ ‘ਚ ਡਾਕਾ ਮਾਰਿਆ  382/148/149/395 ਅਧੀਨ ਤਿੰਨ ਬੰਦਿਆਂ ਤੇ ਪਰਚਾ ਦਰਜ ਹੋ ਗਿਆ। ਦੂਜੇ ਦਿਨ ਵਾਧਾ ਕਰਕੇ 120 ਬੀ ਲਾਈ ਗਈ। ਜਿਨ੍ਹਾਂ ਪੁਲਿਸ ਵਾਲਿਆਂ ਦੀ ਹਾਜ਼ਰੀ ‘ਚ ਡਾਕਾ ਵੱਜਾ ਉਹ ਤੇਰੇ ਰਾਜ ਦੀ ਉਮਰ ਕਿੰਨੀ ਲੰਬੀ ਕਰ ਸਕਣਗੇ। ਕਿੰਨੇ ਕੁ ਪੁਲਿਸ ਵਾਲੇ ਭਲਾ ਸਸਪੈਂਡ ਹੋਏ ਜਿਨ੍ਹਾਂ ਦੀ ਹਾਜ਼ਰੀ ‘ਚ ਡਾਕਾ ਵੱਜਾ। ਦੂਜੇ ਦਿਨ ਆਦੇਸ਼ਪ੍ਰਤਾਪ ਕੈਰੋਂ ਦੇ ਹੁਕਮ ਤੇ ਪਿੰਡ ਪ੍ਰਿੰਗੜੀ ਛਾਉਣੀ ‘ਚ ਬਦਲ ਦਿੱਤਾ ਗਿਆ। ਸਾਡੇ ਆਗੂ ਪਰਗਟ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਵਿਹੜੇ ‘ਚ ਪਈ ਉਸਦੀ ਕਣਕ ਨੂੰ ਸਰਕਾਰੀ ਬੋਰੀਆਂ ‘ਚ ਭਰ ਲਿਆ ਗਿਆ।  ਉਸ ਦੇ ਕਣਕ ਦੇ ਡਰੰਮ ਨੂੰ ਵੀ ਖਾਲੀ ਕਰ ਦਿੱਤਾ ਗਿਆ। ਆਟਾ ਪਿਸਾਉਣ ਲਈ ਤੋੜਿਆਂ ‘ਚ ਪਾਈ 2 ਤੋੜੇ ਕਣਕ ਪੁਲਿਸ ਨੇ ਮੋਟਰ ਸਾਇਕਲਾਂ ਤੇ ਲੱਦ ਲਈ। ਘਰ ਦੇ ਜਿੰਦਰੇ ਤੋੜ ਕੇ ਘਰ ਦਾ ਕੀਮਤੀ ਸਮਾਨ ਲੁੱਟ ਲਿਆ ਗਿਆ। ਜਥੇਬੰਦੀ ਦੇ ਸਾਊਂਡ ਸਿਸਟਮ ਹਾਰਨ ਸਪੀਕਰ ਸਭ ਲੱਦ ਲਏ ਗਏ। ਪੁਲਿਸ ਦੇ ਅਫ਼ਸਰ ਜਿਨ੍ਹਾਂ ‘ਚ ਐੱਸ.ਐੱਸ.ਪੀ. ਵੀ  ਸ਼ਾਮਿਲ ਸਨ, ਨੇ ਪੱਤਰਕਾਰਾਂ ਨੂੰ ਨੇੜੇ ਵੀ ਨਾ ਫਟਕਣ ਦਿੱਤਾ। ਦੂਜੇ ਦਿਨ ਦੇ ਅਖ਼ਬਾਰਾਂ ‘ਚ ਖ਼ਬਰ ਲੱਗੀ ਕਿ ਪੁਲਿਸ ਨੇ ਅੱਤਵਾਦ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ। 12 ਵਜੇ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ੪ ਵਜੇ ਪੁਲਿਸ ਘਰ ਨੂੰ ਲੁੱਟ-ਪੁੱਟ ਕੇ ਬੂਹੇ ਖੁੱਲ੍ਹੇ ਛੱਡ ਕੇ ਤੁਰਦੀ ਬਣੀ। ਅਗਲੀ ਰਾਤ ਪੁਲਿਸ ਨੇ ਜਥੇਬੰਦੀ ਦੇ ਆਗੂ ਘਰਾਂ ਤੋਂ ਚੁੱਕ ਲਏ ਗਏ। 18 ਆਗੂ ਅੰਮ੍ਰਿਤਸਰ ਜੇਲ ‘ਚ ਬੰਦ ਕਰ ਦਿੱਤੇ ਗਏ, ਜਿਨ੍ਹਾਂ ‘ਚ 75 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਸਨ। ਆਗੂਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਘਰਾਂ ਚੋਂ ਚੁੱਕ ਕੇ ਵੱਖ-ਵੱਖ ਥਾਣਿਆਂ ‘ਚ ਰੱਖਿਆ ਗਿਆ ਤੇ ਪੁਲਸੀਆਂ ਦੇ ਘਰਾਂ ‘ਚ ਰੱਖਿਆ ਗਿਆ, ਧਮਕੀਆਂ ਦਿੱਤੀਆਂ ਗਈਆਂ। ਕਈਆਂ ਨੂੰ 5-7 ਦਿਨਾਂ ਬਾਦ ਛੱਡ ਦਿੱਤਾ ਗਿਆ। 


15 ਜੂਨ ਨੂੰ ਅਸੀਂ ਬਾਬਾ ਖੜਕ ਸਿੰਘ ਹਾਲ ‘ਚ ਖੁੱਲ੍ਹੀ ਮੀਟਿੰਗ ਰੱਖੀ। ਹਰ ਪਿੰਡ ਤੋਂ 4-5 ਆਗੂ ਜਾ ਰਹੇ ਸਨ। ਸਾਡੇ ਵਾਲੀ ਟਰਾਲੀ ‘ਚ 13 ਬੀਬੀਆਂ ਤੇ ਕੁਝ ਬੰਦੇ ਸੀ। ਹਾੜ੍ਹ ਦੀ ਸੰਗਰਾਦ ਦਾ ਦਿਹਾੜਾ ਸੀ। ਸਾਨੂੰ ਝਬਾਲ ਚੌਂਕ ਚੋਂ ਟਰਾਲੀਆਂ-ਟਰੈਕਟਰਾਂ ਸਮੇਤ ਝਬਾਲ ਥਾਣੇ ਬੰਦ ਕਰ ਦਿੱਤਾ। ਹੰਕਾਰੇ ਐੱਸ.ਐੱਸ.ਪੀ. ਨੇ ਗੱਲਬਾਤ ਤੇ ਰਿਹਾਅ ਕਰਨ ਤੋਂ ਨਾਹ ਕਰ ਦਿੱਤੀ। ਸਾਡੇ ਆਗੂ ਥਾਣੇ ਮਿਲਣ ਆਏ ਤੇ ਕਿਹਾ ਕਿ ਅਸੀਂ ਸੰਗਰਾਂਦ ਵਾਲੇ ਯਾਤਰੀਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਤੇ ਸਾਨੂੰ ਕੋਈ ਐਕਸ਼ਨ ਲੈਣ ਲਈ ਮਜਬੂਰ ਨਾ ਕੀਤਾ ਜਾਵੇ। ਪ੍ਰਸ਼ਾਸਨ ਅੜਿਆ ਰਿਹਾ। ਜਦੋਂ ਥਾਣਾ ਘੇਰ ਕੇ ਰਸਤਾ ਬੰਦ ਕੀਤਾ ਤਾਂ ਜਾ ਕੇ ਸਾਨੂੰ ਰਿਹਾਅ ਕੀਤਾ ਗਿਆ।
ਹਾਜ਼ਰ ਪ੍ਰਸ਼ਾਸਨ ਦਾ ਇੱਕ ਹੀ ਜਵਾਬ ਸੀ ਐੱਸ.ਐੱਸ.ਪੀ. ਨੂੰ ਤੁਹਾਡੇ ਤੇ ਗੁੱਸਾ ਬਹੁਤ ਹੈ। ਜਿਵੇਂ ਇੱਥੇ ਐੱਸ.ਐੱਸ.ਪੀ. ਗੁੱਸਾ ਕੱਢਣ ਲਈ ਲਾਇਆ ਹੋਵੇ। ਉਸ ਤੋਂ ਬਾਅਦ ਅਸੀਂ ਰੋਸ ਵਜੋਂ 27 ਜੂਨ ਨੂੰ ਤਰਨਤਾਰਨ ਰੇਲਵੇ ਲਾਈਨ ਤੇ ਧਰਨਾ ਦਿੱਤਾ। ਕੜਕਦੀ ਧੁੱਪ ‘ਚ ਜਦੋਂ ਸੜਦੇ ਬੀਬੀਆਂ ਬੱਚੇ ਤੇ ਕਿਸਾਨ ਜਦੋਂ ਸਬਰ ਨਾਲ ਲਾਈਨ ਤੇ ਬੈਠੇ ਰਹੇ ਤਾਂ ਪ੍ਰਸ਼ਾਸਨ ਦੇ ਕੰਨ ਤੇ ਜੂੰ ਸਰਕੀ, ਪੁਲਿਸ ਵਾਲੇ ਨਾਲ ਗੱਡੀਆਂ ਭਰਕੇ ਡਾਗਾਂ ਤੇ ਛਿੱਕੂ ਲੈ ਕੇ 
ਆਏ। ਜਦੋਂ ਦਬਾਅ ਦੀ ਰਾਜਨੀਤੀ ਕੰਮ ਨਾ ਆਈ ਤਾਂ ਜਾ ਕੇ ਐੱਸ.ਡੀ.ਐੱਮ. ਤੇ ਐੱਸ.ਪੀ.ਡੀ. ਨੇ ਸਾਨੂੰ ਗੱਲਬਾਤ ਲਈ ਸੱਦਿਆ। ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਮੰਗਲਵਾਰ 1 ਜੁਲਾਈ 12 ਵਜੇ ਤੁਹਾਡੀ ਐੱਸ.ਐੱਸ.ਪੀ., ਡੀ.ਸੀ. ਨਾਲ ਮੀਟਿੰਗ ਹੈ , ਉਦੋਂ ਤੱਕ ਛਾਪੇਮਾਰੀ  ਬੰਦ ਕੀਤੀ ਜਾਵੇਗੀ ਮਾਹੌਲ ਠੀਕ ਕੀਤਾ ਜਾਵੇਗਾ। ਵਾਅਦਾਖ਼ਿਲਾਫ਼ੀ ਕਰਕੇ ਧਰਨੇ ਚੋਂ ਜਾਂਦੇ ਰੇਸ਼ਮ ਸਿੰਘ ਦੁਬਲੀ ਨੂੰ ਚੁੱਕ ਲਿਆ ਗਿਆ। ਅਗਲੇ ਦਿਨ ਜੋਗਿੰਦਰ ਸਿੰਘ ਗੱਟੀ ਨੂੰ ਚੁੱਕ ਲਿਆ ਗਿਆ। 30 ਜੂਨ ਨੂੰ ਰਾਤ ਨੂੰ 8 ਵਜੇ ਜਥੇਬੰਦੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੂੰ ਚੁੱਕ ਲਿਆ ਗਿਆ, ਅਜੇ ਸਾਥੀ ਪੰਨੂੰ ਜਥੇਬੰਦੀ ਦੀ ਮੀਟਿੰਗ ਲਾ ਕੇ ਕਿਸੇ ਦੂਜੇ ਸਾਥੀ ਦੇ ਘਰ ਅੰਮ੍ਰਿਤਸਰ ਨੇੜੇ ਪਿੰਡ ਪਰਤ ਹੀ ਰਹੇ ਸਨ। ਉਹਨਾਂ ਨੂੰ ਵੱਡਾ ਘੇਰਾ ਪਾ ਕੇ ਚੁੱਕ ਲਿਆ ਗਿਆ। ਕਿਸੇ ਪਰਿਵਾਰ ਦੇ ਮੈਂਬਰ ਨੁੰ ਦੱਸਣ ਦੀ ਜ਼ਰੂਰਤ ਨਹੀਂ ਸਮਝੀ। ਅਣਦੱਸੀ ਥਾਂ ਤੇ ਲਿਜਾਇਆ ਗਿਆ, ਰਾਤ ਭਰ ਥਾਣਿਆਂ ਦੀ ਖਾਕ ਛਾਣੀ। ਸਵੇਰੇ ਹਸਪਤਾਲ ਧੱਕੇ ਖਾਧੇ। ਸਾਥੀ ਪੰਨੂੰ ਦਾ ਕੋਈ ਅਤਾ ਪਤਾ ਨਾ ਲੱਗਿਆ। ਇੱਕ ਜੁਲਾਈ ਨੂੰ 2 ਵਜੇ ਪਤਾ ਲੱਗਿਆ ਕਿ ਉਹਨਾਂ ਨੂੰ ਫਰੀਦਕੋਟ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਦੂਜੇ ਦਿਨ ਮੁਲਾਕਾਤ ਪਾਈ ਤਾਂ ਜਾ ਕੇ ਕੰਵਲਪ੍ਰੀਤ ਨੇ ਦੱਸਿਆ ਕਿਵੇਂ ਪੁਲਿਸ ਨੇ ਸੈਂਕੜਿਆਂ ਦੀ ਗਿਣਤੀ ‘ਚ ਰਾਤ ਉਹਨਾਂ ਨੂੰ ਘੇਰਾ ਪਾਈ ਰੱਖਿਆ। ਰਾਤ 2 ਵਜੇ ਪੱਟੀ ਹਸਪਤਾਲ ਲਿਆ ਕੇ ਡਾਕਟਰ ਕੋਲੋਂ ਮਨਮਰਜ਼ੀ ਦਾ ਲਿਖਵਾਕੇ ਬਿਨਾਂ ਮੈਡੀਕਲ ਕੀਤੇ ਥਾਣਾ ਘਰਿੰਡਾ ਲਿਜਾਇਆ ਗਿਆ। ਅਗਲੇ ਦਿਨ ਹਰੀਕੇ ਵਾਲਾ ਪੁੱਲ ਪੈਰਾ ਮਿਲਟਰੀ ਨੂੰ ਦਿੱਤਾ ਗਿਆ। ਬਾਕੀ ਪੁੱਲਾਂ ਚੌਂਕਾਂ ‘ਚ ਭਾਰੀ ਗਿਣਤੀ ‘ਚ ਪੁਲਿਸ ਲਾਈ ਗਈ। ਪੱਟੀ ਏਰੀਏ ਚ ਪੁਲਿਸ ਦੀਆਂ ਚਾਰ ਗੱਡੀਆਂ ਮਾਰਚ ਕਰਦੀਆਂ ਪਿੰਡਾਂ ਚ ਘੁੰਮਦੀਆਂ ਰਹੀਆਂ। 

ਹਾਕਮਾਂ ਤੇਰੇ ਰਾਜ ਵਿੱਚ ਅੰਨਦਾਤੇ ਡਾਕੂ ਹਨ ਤੇ ਤੇਰੇ ਮੰਤਰੀ ਜੋ ਦਿਨ ਦਿਹਾੜੇ ਪੰਜਾਬ ਨੂੰ ਲੁੱਟੀ ਜਾ ਰਹੇ ਹਨ, ਉਹ ਭਲੇਮਾਣਸ ਹਨ। ਜਿਹੜੇ ਨਸ਼ਿਆਂ ਦੇ ਵਪਾਰੀ ਹਨ, ਜਿਨ੍ਹਾਂ ਦੀ ਸਮੈਕ ਪਿੰਡਾਂ ਚ ਵਿਕਦੀ ਹੈ, ਉਹ ਕਦੋਂ ਚਾਹੁਣਗੇ ਇੱਥੇ ਕੋਈ ਸੰਘਰਸ਼ੀ ਯੋਧੇ ਪੈਦਾ ਹੋਣ। ਕੋਈ ਸਾਡੇ ਕਾਰਨਾਮੇ ਨੰਗੇ ਕਰੇ। ਬੜੀ ਚੁੱਭਦੀ ਤੇਰੀ ਅਫ਼ਸਰਸ਼ਾਹੀ ਤੇ ਮੰਤਰੀਆਂ ਨੂੰ ਸਾਡੀ ਨਸ਼ਿਆਂ ਦੇ ਖ਼ਿਲਾਫ਼ “ਕਿਸਾਨੀ ਅਤੇ ਜਵਾਨੀ ਬਚਾਉ ਮੁਹਿੰਮ” । ਸਾਡੀਆਂ ਕਾਨਫਰੰਸਾਂ ਤੇ ਜੇਲ੍ਹ ਭਰੋ ਅੰਦੋਲਨ।
ਤੇਰੇ ਪੁਲਿਸਵਾਲੇ ਸਾਡਾ ਝੋਨਾ ਵਾਹੁਣ ਦੀਆਂ ਧਮਕੀਆਂ ਦੇਂਦੇ ਫਿਰਦੇ ਨੇ, ਤੂੰ ਕਰ ਲੈ ਸਾਡੇ ਬੱਚਿਆਂ ਦੀ ਰੋਟੀ ਤੇ ਰਿਹਾਇਸ਼ ਦਾ ਪ੍ਰਬੰਧ, ਖੋਲ੍ਹ ਦੇ ਜੇਲ੍ਹਾਂ ਦੇ ਬੂਹੇ ਤੇ ਜੇਲ੍ਹਾਂ ਵੱਡੀਆਂ ਬਣਾ ਲੈ। ਸਾਡੀ ਗਿਣਤੀ ਬੜੀ ਵੱਡੀ, ਅਸੀਂ ਹੋਰ ਮਜ਼ਬੂਤੀ ਨਾਲ ਲੜਾਂਗੇ ਤੇਰੇ ਹਥਕੰਡਿਆਂ ਦੇ ਖ਼ਿਲਾਫ਼। ਨਾਲੇ ਹੁਣ ਤੇਰੇ ਕੋਲ ਪੰਨੂੰ ਹੈ ਥਾਂ ਥਾਂ ਸੁੰਘਦੇ ਫਿਰਨ ਦੀ ਲੋੜ ਨਹੀਂ, ਕਰ ਲੈ ਆਪਣੇ ਮਨ ਦੀਆਂ ਰੀਝਾਂ ਪੂਰੀਆਂ। ਫਰੀਦਕੋਟ ਬਹੁਤ ਨੇੜੇ ਹੈ ਤੁੰ ਕਾਲੇਪਾਣੀ ਲੈ ਜਾ। ਤੇਰੇ ਰਾਜ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ ਲੋਕ ਤੇ ਕੀੜੇ ਮਕੌੜੇ ਨੇ। ਜਦੋਂ ਮਰਜ਼ੀ ਕੁਚਲ ਦੇਵੀਂ। ਸਾਡਾ ਝੋਨਾ ਲੱਗਣਾ ਰੁਕਾ ਕੇ ਸਾਡੀਆਂ ਮੰਡੀਆਂ ‘ਚ ਤੂੰ ਆਪਦਾ ਵੇਚ ਜਾਵੀਂ। ਪਰ ਅਸੀਂ ਆਪਣੀਆਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਤੇਰੇ ਨਾਮ ਨਹੀਂ ਕਰਨੀਆਂ। ਇਹ ਮਾਲਕੀ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਖ਼ਸ਼ੇ ਹਨ। ਤੂੰ ਮਾਰ ਕਰ ਸਕਦਾ ਹਾਕਮ ਜੋ ਹੋਇਆ ਪਰ ਸਾਡੀ ਅਣਖ ਨਹੀਂ ਮਾਰ ਸਕਦਾ। ਤੂੰ ਸਾਨੂੰ ਕੀ ਮਾਰੇਂਗਾ। ਅਸੀਂ ਜਿਹੜੇ 1947 ਚ ਮਰੇ 1984 ਚ ਮਰੇ, ਦਹਾਕਿਆਂ ਤੱਕ ਮਰਦੇ ਰਹੇ। ਰੋਜ਼ ਸੜਕੀ ਦੁਰਘਟਨਾਂਵਾਂ ‘ਚ ਮਰਦੇ ਹਾਂ। ਰੋਜ਼ ਨਸ਼ਿਆਂ ਸਮੈਕਾਂ ਨਾਲ ਮਰਦੇ ਪੁੱਤਾਂ ਦੀਆਂ ਲਾਸ਼ਾਂ ਢੋਣ ਵਾਲਿਆਂ ਨੂੰ ਤੂੰ ਕੀ ਮਾਰੇਂਗਾ। ਤੂੰ ਮਹਿੰਗਾਈ ਨਾ ਰੋਕ ਸਕਿਆ, ਨਸ਼ੇ ਨਾ ਰੋਕ ਸਕਿਆ, ਤੂੰ ਹੜ੍ਹ ਨਹੀਂ ਰੋਕ ਸਕਿਆ, ਤੂੰ ਲੋਕਾਂ ਦੀ ਤਕਦੀਰ ਨਾ ਬਦਲ ਸਕਿਆ, ਤੈਨੂੰ ਦਿਸਦੇ ਨਹੀਂ ਫ਼ਸਲਾਂ ਦੇ ਜਾਮ ਹੋਏ ਭਾਅ, ਤੈਨੂੰ ਨਹੀਂ ਦਿਸਦੀ ਟੁੱਟਦੀ ਤੇ ਖੁੱਸਦੀ ਜਵਾਨੀ ਤੇ ਕਿਸਾਨੀ। ਤੈਨੂੰ ਤੇ ਦਿਸਦੇ ਕਿਸਾਨ ਹੁਣ ਡਾਕੂ, ਪਰ ਯਾਦ ਰੱਖੀਂ ਤੈਨੂੰ ਸਾਡੀ ਵੋਟ ਪਰਚੀ ਰਾਹੀਂ ਸਾਹ ਆਉਂਦਾ ਹੈ ਤੇ ਵੋਟਾਂ ਬਾਰਾਂ ਸਾਲ ਬਾਦ ਨਹੀਂ ਆਉਂਦੀਆਂ। ਤੂੰ ਨੰਨੀਆਂ ਛਾਵਾਂ ਦੀਆਂ ਮਾਵਾਂ ਨੂੰ ਕਰਦੇ ਕੈਦ ਤੇ ਕਰਲੇ ਆਪਣੀ ਰੀਝ ਪੂਰੀ। 


“ਕੱਟ ਗਏ, ਝੁਕੇ ਨਹੀਂ ਉਹ ਹਾਂ ਅਸੀਂ, ਉਹ ਹੋਰ ਸੀ ਮਰ ਗਏ ਜੋ ਹੱਥ ਜੋੜਦੇ’ ਅੇਵੇਂ ਭੁਲੇਖਾ ਨਾ ਰੱਖੀਂ ਤੂੰ।” ਤੇਰੇ ਜਬਰ ਤੋਂ ਸਾਡਾ ਸਬਰ ਵੱਡਾ ਇਹ ਅਸੀਂ ਸਾਬਤ ਕਰਾਂਗੇ।
ਤੇਰੇ ਭਰਾ ਅਮਰਿੰਦਰ ਸਿੰਘ ਨੇ ਹਕੂਮਤੀ ਸਮੇ ‘ਚ ਸਾਡੇ ਤੇ ਬਥੇਰਾ ਜਬਰ ਕੀਤਾ। ਤੇਰੇ ਪੁਲਸੀਏ ਸਾਡੇ ਘਰ-ਘਰ ਹਰਲ ਹਰਲ ਕਰਦੇ ਫਿਰਦੇ, ਉਸ ਹਾਕਮ ਵੀ ਸਾਡੇ ਤੇ ਬੜੇ ਪਰਚੇ ਦਰਜ ਕੀਤੇ। ਇੱਥੋਂ ਤੱਕ ਕਿ ਮੇਰੇ ਤੇ ਵੀ 307 ਦਾ ਪਰਚਾ ਦਰਜ ਕੀਤਾ। ਬਥੇਰਾ ਚਿਰ ਸਾਨੂੰ ਘਰੋਂ ਬੇਘਰ ਰੱਖਿਆ ਪਰ ਉਹ ਹਾਕਮ ਹਾਰਿਆ ਸੀ। ਸਾਥੀ ਪੰਨੂੰ ਤੇ 14 ਪਰਚੇ ਪਹਿਲਾਂ ਦਰਜ ਹਨ। ਪੰਦਰਵੇਂ ਲਈ ਤੇਰਾ ਬੜਾ ਧੰਨਵਾਦ। ਪੰਨੂੰ ਬਾਰੇ ਲਿਖਦਿਆਂ ਪਰਚਿਆਂ ਬਾਰੇ ਇੱਕ ਕਿਤਾਬ ਅਲੱਗ ਲਿਖਣੀ ਪਊਗੀ। ਤੇਰਾ ਤੇ ਤੇਰੀ ਭੈਣ ਕਾਂਗਰਸ ਦਾ ਉਚੇਚਾ ਜ਼ਿਕਰ ਹੋਊ, ਤੁਸੀਂ ਔਰੰਗਜ਼ੇਬ ਦੇ ਪੈਰੋਕਾਰ। ਮੈਨੂੰ, ਮੇਰੇ ਸਾਥੀ ਪੰਨੂੰ ਤੇ ਸਾਡੀ 14 ਵਰਿਆਂ ਦੀ ਭਰ ਜਵਾਨ ਹੋਈ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਤੇ ਉਸਦੇ ਸੰਘਰਸ਼ੀ ਯੋਧਿਆਂ ਨੂੰ ਕੀ ਹਰਾ ਲਓਗੇ।


ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਆਪਣੇ ਸਿਰਾਂ ਸਮੇਤ ਪੂਰੇ ਜਜ਼ਬੇ ਤੇ ਅਣਖ ਨਾਲ ਤੇਰੀ ਕਚਿਹਰੀ ਚ ਹਾਜ਼ਰ ਹੈ। ਲੜਾਂਗੇ, ਮਰਾਂਗੇ ਤੇ ਲੋਕਾਂ ਵਿੱਚ ਨਾਇਨਸਾਫ਼ੀ ਖ਼ਿਲਾਫ਼ ਖੜੇ ਹੋਣ ਦੀ ਹਿੰਮਤ ਪੈਦਾ ਕਰਾਂਗੇ। ਜੀਣ ਦੀਆਂ ਸਾਰੀਆਂ ਇੱਛਾਵਾਂ ਨੂੰ ਮਾਰਕੇ ਅਸੀਂ ਤੁਰੇ ਹਾਂ ਸਿਰਾਂ ਤੇ ਕਫ਼ਣ ਬੰਨ੍ਹਕੇ। ਤੈਨੂੰ ਖਤ ਤੇਰੇ ਤੋਂ ਕਿਸੇ ਆਸ ਨਾਲ ਨਹੀਂ ਲਿਖਿਆ। ਸਿਰਫ਼ ਆਪਣੇ ਲੋਕਾਂ ‘ਚ ਆਪਣੀ ਗੱਲ ਪਹੁੰਚਾਉਣ ਦਾ ਜਰੀਆ ਮਾਤਰ ਹੀ ਹੈ। ਸਲਾਮ ਮੇਰੇ ਆਪਣੇ ਪੰਜਾਬ ਦੇ ਲੜਦੇ ਲੋਕਾਂ ਨੂੰ। ਆਪਣੇ ਦੇਸ਼ ਅਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਜੋ ਪੂਰੇ ਮੁਲਕਾਂ ‘ਚ ਨਾਇਨਸਾਫ਼ੀ ਤੇ ਨਾਬਰਾਬਰੀ ਖ਼ਿਲਾਫ਼ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ।
                                                     ਲੜਦੇ ਲੋਕਾਂ ਦੀ ਦਿਲੋਂ ਸ਼ੁੱਭ ਚਿੰਤਕ,
ਜੁਲਾਈ 2014                         ਰਜਵੰਤ ਕੌਰ ਪੰਨੂੰ,
+918872281343                  ਸਮੂਹ ਕਿਸਾਨ ਸੰਘਰਸ਼ ਕਮੇਟੀ ਮੈਂਬਰ।
ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s