ਸੁਆਲ-ਸੰਵਾਦ: ਕੋਈ ਤੁਰ ਗਿਆ ਨਿਤਾਣਾ, ਮਾਣ ਨੂੰ ਆਵਾਜ਼ਾਂ ਮਾਰਦਾ

ਦਲਜੀਤ ਅਮੀ
ਸੰਗਰੂਰ ਜ਼ਿਲ੍ਹੇ ਦੇ ਮੰਡੇਰ ਕਲਾਂ ਪਿੰਡ ਦੇ ਖੇਤ ਮਜ਼ਦੂਰ ਦੀ ਕੀਟਨਾਸ਼ਕ ਦਵਾਈ ਚੜ੍ਹਨ ਨਾਲ ਮੌਤ ਹੋ ਗਈ। ਭੂਰਾ ਸਿੰਘ ਬਾਰੇ ਚਾਰ ਫਿਕਰਿਆਂ ਦੀ ਖ਼ਬਰ ਛਪੀ ਹੈ ਕਿ ਉਸ ਦੀ ਦਵਾਈ ਚੜ੍ਹਨ ਤੋਂ ਬਾਅਦ ਹਸਪਤਾਲ ਜਾਣ ਤੋਂ ਪਹਿਲਾਂ ਮੌਤ ਹੋ ਗਈ। ਆਖ਼ਰੀ ਫਿਕਰੇ ਵਿੱਚ ਲਿਖਿਆ ਹੈ ਕਿ ‘ਪਿੰਡ ਦੇ ਪਤਵੰਤਿਆਂ’ ਨੇ ਗ਼ਰੀਬ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਅਠਾਰਾਂ ਅਗਸਤ ਨੂੰ ਇਹ ਖ਼ਬਰ ‘ਪੰਜਾਬ ਦੀ ਆਵਾਜ਼’ ਵਜੋਂ ਦੁਨੀਆਂ ਵਿੱਚ ਸਭ ਤੋਂ ਵੱਧ ਪੜ੍ਹੇ ਜਾਂਦੇ ਪੰਜਾਬੀ ਅਖ਼ਬਾਰ ਵਿੱਚ ਛਪੀ ਹੈ। ਇਸ ਖ਼ਬਰ ਵਿੱਚੋਂ ਬਹੁਤ ਕੁਝ ਗ਼ੈਰ-ਹਾਜ਼ਰ ਹੈ। ਭੂਰਾ ਸਿੰਘ ਦੀ ਪਛਾਣ ਵਿੱਚੋਂ ਖੇਤ ਮਜ਼ਦੂਰ ਹੋਣ ਤੋਂ ਬਿਨਾਂ ਸਭ ਕੁਝ ਗ਼ੈਰ-ਹਾਜ਼ਰ ਹੈ। ਉਸ ਦੀ ਉਮਰ ਤੋਂ ਲੈ ਕੇ ਪਰਿਵਾਰ ਬਾਰੇ ਕੋਈ ਤਫ਼ਸੀਲ ਨਹੀਂ ਮਿਲਦੀ। ਉਸ ਲਈ ਮੁਆਵਜ਼ੇ ਦੀ ਮੰਗ ਕਰਨ ਵਾਲੇ ਬੇਪਛਾਣ ਪਤਵੰਤੇ ਹਨ। ਜਦੋਂ ਅਖ਼ਬਾਰਾਂ ਬਿਆਨ ਦੇਣ ਵਾਲਿਆਂ ਦੇ ਨਾਮਾਂ ਨੂੰ ਤਰਜੀਹ ਦਿੰਦੀਆਂ ਹਨ ਅਤੇ ਬਿਆਨ ਦੇਣ ਵਾਲੇ ਆਪਣੇ ਨਾਮਾਂ ਲਈ ‘ਸਭ ਕੁਝ ਕਰਦੇ’ ਹਨ ਤਾਂ ਭੂਰਾ ਸਿੰਘ ਦੀ ਵਾਰੀ ਮੁਆਵਜ਼ੇ ਦੀ ਮੰਗ ਬੇਨਾਮ ਕਿਉਂ ਹੈ? ਜਦੋਂ ਅਖ਼ਬਾਰ ਹਰ ਮਰਨ ਵਾਲੇ ਦੇ ਘਰ ਦੇ ਜੀਆਂ ਦੀ ਗਿਣਤੀ ਦਿੰਦੇ ਹਨ ਤਾਂ ਭੂਰਾ ਸਿੰਘ ਦੇ ਮਾਪੇ, ਭੈਣ-ਭਾਈ ਅਤੇ ਪੁੱਤ-ਧੀ ਜਾਂ ਹੋਰ ਸਕੇ-ਸਬੰਧੀ  ਖ਼ਬਰ ਵਿੱਚ ਗ਼ੈਰ-ਹਾਜ਼ਰ ਕਿਉਂ ਹਨ?
ਇਹ ਉਕਾਈ ਵੀ ਹੋ ਸਕਦੀ ਹੈ। ਖ਼ਬਰ ਦੇਰ ਨਾਲ ਆਈ ਹੋਣ ਕਰਕੇ ਸਮੇਂ ਸਿਰ ਭੇਜਣ ਦੀ ਜਲਦੀ ਨਾਲ ਤਫ਼ਸੀਲ ਰਹਿ ਗਈ ਹੋ ਸਕਦੀ ਹੈ। ਅਖ਼ਬਾਰ ਕੋਲ ਥਾਂ ਘੱਟ ਹੋਣ ਕਾਰਨ ਖ਼ਬਰ ਨੂੰ ਛੋਟੀ ਕਰਨ ਦੀ ਮਜਬੂਰੀ ਵੀ ਹੋ ਸਕਦੀ ਹੈ। ਦੂਜਾ ਪੱਖ ਇਹ ਵੀ ਹੈ ਕਿ ਇਹ ਉਕਾਈ ਨਹੀਂ ਹੋ ਸਕਦੀ। ਬਿਆਨ ਬੇਨਾਮਾ ਸਫ਼ਰ ਨਹੀਂ ਕਰਦਾ। ਪਰਿਵਾਰ ਦੇ ਜੀਆਂ ਦੀ ਹਾਲਤ ਕਮਾਉ ਜੀਅ ਦੀ ਮੌਤ ਦੀ ਖ਼ਬਰ ਦੇ ਨਾਲ-ਨਾਲ ਤੁਰਦੀ ਹੈ। ਭੂਰਾ ਸਿੰਘ ਖੇਤ ਮਜ਼ਦੂਰੀ ਕਰਦਾ ਸੀ ਤਾਂ ਉਸ ਦੇ ਘਰ ਦੀ ਹਾਲਤ ਮਾੜੀ ਹੀ ਹੋਵੇਗੀ। ਇਹ ਸਮਝਣ ਲਈ ਤਾਂ ‘ਮਾਹਰ ਹੋਣ’ ਜਾਂ ‘ਭੋਰੋਸੇਯੋਗ ਸੂਤਰਾਂ’ ਦੀ ਲੋੜ ਨਹੀਂ ਖੇਤ ਮਜ਼ਦੂਰੀ ਦਾ ਜ਼ੋਰ ਵਾਲਾ ਕੰਮ ਸਮਾਜ ਦਾ ਸਭ ਤੋਂ ਗ਼ਰੀਬ ਤਬਕਾ ਕਰਦਾ ਹੈ। ਜੇ ਖੇਤ ਮਜ਼ਦੂਰ ਪੰਜਾਬੀ ਪਿਛੋਕੜ ਦਾ ਹੋਵੇ ਤਾਂ ਉਹ ਤਕਰੀਬਨ ਦਲਿਤ ਹੀ ਹੋਵੇਗਾ। ਜੇ ਉਸ ਲਈ ਮੁਆਵਜ਼ੇ ਦੀ ਮੰਗ ਬੇਨਾਮੀ ਛਪੀ ਹੈ ਤਾਂ ਸੰਭਾਵਨਾ ਹੈ ਕਿ ਉਸ ਪਿੰਡ ਵਿੱਚ ਕੋਈ ਮਜ਼ਦੂਰ ਜਥੇਬੰਦੀ ਨਾ ਹੋਵੇ। ਘੱਟੋ-ਘੱਟ ਭੂਰਾ ਸਿੰਘ ਦਾ ਕਿਸੇ ਜਥੇਬੰਦੀ ਨਾਲ ਰਾਬਤਾ ਨਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਇਸ ਲੇਖ ਦਾ ਮਕਸਦ ਇਸ ਖ਼ਬਰ ਦੀ ਪੱਤਰਕਾਰੀ ਪੱਖੋਂ ਪੜਚੋਲ ਕਰਨਾ ਨਹੀਂ ਹੈ ਸਗੋਂ ਇਸ ਪਿਛਲੇ ਸਮਾਜਿਕ-ਸਿਆਸੀ ਰੁਝਾਨ ਦੀ ਸ਼ਨਾਖ਼ਤ ਕਰਨਾ ਹੈ।
ਪੰਜਾਬ ਵਿੱਚ ਖੇਤੀ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਲਗਾਤਾਰ ਵਾਪਰਦੇ ਹਨ। ਹੁਣ ਮਸ਼ੀਨਾਂ ਬਿਹਤਰ ਹੋ ਜਾਣ ਕਾਰਨ ਬਾਹਾਂ ਵੱਢੀਆਂ ਜਾਣ ਦੇ ਹਾਦਸੇ ਘਟ ਗਏ ਹਨ ਪਰ ਸੱਟਾਂ ਲੱਗਦੀਆਂ ਹਨ। ਕੀਟਨਾਸ਼ਕ ਦਵਾਈ ਚੜ੍ਹਨ ਨਾਲ ਬੀਮਾਰ ਹੋਣ ਜਾਂ ਮੌਤ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਦੀ ਕੰਨੀਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਖੇਤੀ ਹਾਦਸਿਆਂ ਦੇ ਮੁਆਵਜ਼ੇ ਲਈ ਮੰਡੀਕਰਨ ਬੋਰਡ ਕੋਲ ਯੋਜਨਾਵਾਂ ਹਨ ਪਰ ਇਹ ਪੈਰਵੀ ਖੁਣੋ ਜਾਂ ਬਾਬੂਸ਼ਾਹੀ ਦੀ ਘੇਸਲ ਕਰਨ ਜ਼ਿਆਦਾਤਰ ਅਣਵਰਤੀਆਂ ਹੀ ਰਹਿ ਜਾਂਦੀਆਂ ਹਨ। ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਵੀ ਘੱਟ ਲੋਕਾਂ ਨੂੰ ਹੈ। ਭੂਰਾ ਸਿੰਘ ਉਸ ਤਬਕੇ ਦਾ ਨੁਮਾਇੰਦਾ ਬਣਦਾ ਹੈ ਜੋ ਜ਼ਿੰਦਗੀ ਦੀਆਂ ਸੁੱਖ-ਸਹੂਲਤਾਂ ਦੇ ਨਾਲ-ਨਾਲ ਹਕੂਕ ਅਤੇ ਮੁਆਵਜ਼ਿਆਂ ਦੀ ਪੈਰਵੀ ਪੱਖੋਂ ਮੁਹਤਾਜ ਹੈ। ਉਸ ਦੇ ਮੁਆਵਜ਼ੇ ਦੀ ਬੇਨਾਮ ਪੈਰਵੀ ਅਤੇ ਅਧੂਰੀ ਖ਼ਬਰ ਇਸੇ ਮੁਹਤਾਜੀ ਦੀ ਨੁਮਾਇੰਦਗੀ ਕਰਦੀ ਹੈ। ਇਹ ਵਿਅਕਤੀਗਤ ਅਤੇ ਸਮਾਜਿਕ ਮੁਹਤਾਜੀ ਹੈ ਜੋ ਪਰਉਪਕਾਰ ਜਾਂ ਤਰਸ ਦੀ ਬੇਨਾਮ ਬੋਲੀ ਰਾਹੀਂ ਪੇਸ਼ ਹੁੰਦੀ ਹੈ।
ਭੂਰਾ ਸਿੰਘ ਦੀ ਜ਼ਿੰਦਗੀ-ਮੌਤ ਦਾ ਅਹਿਮ ਪੱਖ ਮੌਜੂਦਾ ਨਿਜ਼ਾਮ ਨਾਲ ਜੁੜਦਾ ਹੈ। ਸੁਰੱਖਿਆ ਦੀ ਜ਼ਾਮਨੀ ਭਰਨ ਵਾਲਾ ਨਿਜ਼ਾਮ ਕਾਮਿਆਂ ਦੀ ਸੁਰੱਖਿਆ ਬਾਬਤ ਕੀ ਸੋਚਦਾ ਹੈ? ਖੇਤੀ ਵਿੱਚ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਸਨਅਤ ਅਤੇ ਆਵਾਜਾਈ ਨਾਲੋਂ ਜ਼ਿਆਦਾ ਹੈ। ਸਨਅਤ ਵਿੱਚ ਕਾਮਿਆਂ ਦੀ ਜਥੇਬੰਦਕ ਤਾਕਤ ਸੁਰੱਖਿਆ ਨੇਮ ਲਾਗੂ ਕਰਵਾਉਣ ਵਿੱਚ ਕੁਝ ਹੱਦ ਤੱਕ ਕਾਮਯਾਬ ਹੋਈ ਹੈ। ਇਸ ਤੋਂ ਇਲਾਵਾ ਸੜਕ ਆਵਾਜਾਈ ਦੇ ਆਪਹੁਦਰੇਪਣ ਅਤੇ ਨਾਕਸ ਪ੍ਰਬੰਧ ਦੇ ਬਾਵਜੂਦ ਸੁਰੱਖਿਆ ਨੇਮਾਂ ਨੂੰ ਲਾਗੂ ਕਰਨ ਦਾ ਕੁਝ ਬੰਦੋਬਸਤ ਹੈ। ਚੇਤਨਾ ਮੁਹਿੰਮਾਂ ਹਨ ਅਤੇ ਬੰਦਾ ਆਪਣੀ ਜਾਨ ਬਚਾਉਣ ਲਈ ਕੁਝ ਸਚੇਤ ਵੀ ਰਹਿੰਦਾ ਹੈ। ਖੇਤੀ ਖੇਤਰ ਵਿੱਚ ਸੁਰੱਖਿਆ ਨੇਮ ਨਾਮ ਦਾ ਕੁਝ ਨਹੀਂ ਹੈ। ਕਿਰਤ ਮਹਿਕਮਾ ਕਦੇ ਵੀ ਖੇਤੀ ਕਾਮਿਆਂ ਦੀ ਸੁਰੱਖਿਆ ਲਈ ਸਰਗਰਮ ਨਹੀਂ ਹੋਇਆ। ਜੇ ਭੂਰਾ ਸਿੰਘ ਸਮਾਜਿਕ ਮੁਹਤਾਜੀ ਦਾ ਸ਼ਿਕਾਰ ਹੋਇਆ ਹੈ ਤਾਂ ਕਿਰਤ ਮਹਿਕਮੇ ਦੀ ਨਜ਼ਰਅੰਦਾਜ਼ੀ ਦੀ ਮਾਰ ਵਿੱਚ ਵੀ ਆਇਆ ਹੈ। ਜ਼ਹਿਰੀਲੀਆਂ ਦਵਾਈ ਛਿਕੜਣਾ ਕਾਮਿਆਂ ਨੂੰ ਖ਼ਤਰੇ ਦੀ ਜੱਦ ਵਿੱਚ ਲਿਆਉਂਦਾ ਹੈ। ਇਨ੍ਹਾਂ ਖ਼ਤਰਿਆਂ ਤੋਂ ਬਚਾਅ ਲਈ ਲੋੜੀਂਦੇ ਕੱਪੜੇ, ਨਕਾਬ ਅਤੇ ਸਮਾਂ ਲਾਗੂ ਕਰਨ ਬਾਰੇ ਕਿਰਤ ਮਹਿਕਮਾ ਸਦਾ ਚੁੱਪ ਰਿਹਾ ਹੈ। ਵਗਦੀ ਹਵਾ ਅਤੇ ਤੇਜ਼ ਧੁੱਪ ਜਾਂ ਹੁੰਮਸ ਵਾਲੇ ਮੌਸਮ ਤੋਂ ਦਵਾਈ ਦਾ ਛਿੜਕਾਅ ਕਰਨ ਵਾਲੇ ਮਜ਼ਦੂਰ ਨੂੰ ਬਚਾਉਣਾ ਕਿਸ ਦੀ ਜ਼ਿੰਮੇਵਾਰੀ ਹੈ? ਖੇਤੀ ਖੇਤਰ ਨਾਲ ਜੁੜੀ ਕਾਮਿਆਂ ਦੀ ਸੁਰੱਖਿਆ ਦਾ ਮਸਲਾ ਹਮੇਸ਼ਾ ਖੇਤ ਮਾਲਕਾਂ ਉੱਤੇ ਛੱਡ ਦਿੱਤਾ ਜਾਂਦਾ ਹੈ ਅਤੇ ਨਿਗਰਾਨੀ ਦਾ ਕੋਈ ਬੰਦੋਬਸਤ ਕੀਤਾ ਹੀ ਨਹੀਂ ਜਾਂਦਾ। ਸੁਆਲ ਇਹ ਹੈ ਕਿ ਜੇ ਖੇਤੀ ਮਹਿਕਮਾ ਧਾਨ ਦੀ ਪਨੀਰੀ ਲਗਾਉਣ ਅਤੇ ਝੋਨਾ ਲਗਾਉਣ ਦੀਆਂ ਤਰੀਕਾਂ ਤੈਅ ਕਰ ਸਕਦਾ ਹੈ ਅਤੇ ਲਾਗੂ ਕਰਵਾ ਸਕਦਾ ਹੈ ਤਾਂ ਕਾਮਿਆਂ ਵਾਲੇ ਸੁਰੱਖਿਆ ਨੇਮ ਕਿਉਂ ਲਾਗੂ ਨਹੀਂ ਕੀਤੇ ਜਾ ਸਕਦੇ?
ਭੂਰਾ ਸਿੰਘ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਪੂਰਾ ਹੋ ਗਿਆ। ਜੇ ਉਸ ਦੀ ਮੌਤ ਦਾ ਸਮਾਂ-ਸਥਾਨ ਅਤੇ ਮੌਸਮ ਪਤਾ ਲੱਗੇ ਤਾਂ ਪਤਾ ਲੱਗੇਗਾ ਕਿ ਅਗਸਤ ਦੇ ਹੁੰਮਸ ਵਾਲੇ ਮਾਹੌਲ ਵਿੱਚ ਦਵਾਈ ਚੜ੍ਹਨ ਦਾ ਖ਼ਦਸ਼ਾ ਕਿੰਨਾ ਜ਼ਿਆਦਾ ਸੀ। ਹੁੰਮਸ, ਮੋਢਿਆਂ ਉੱਤੇ ਦਵਾਈ ਦਾ ਵਜ਼ਨ ਅਤੇ ਛਿੜਕੀ ਗਈ ਦਵਾਈ ਦੀ ਬੂਦਬੂ ਕਾਮਿਆਂ ਦੇ ਆਲੇ-ਦੁਆਲੇ ਮੌਤ ਵਾਂਗ ਮੰਡਰਾਉਂਦੀ ਹੈ। ਲਗਾਤਾਰ ਕੰਮ ਦੀ ਥਕਾਵਟ ਕਾਮਿਆਂ ਦੁਆਲੇ ਖ਼ਦਸ਼ਿਆਂ ਦਾ ਘੇਰਾ ਤੰਗ ਕਰ ਦਿੰਦੀ ਹੈ। ਇਨ੍ਹਾਂ ਹਾਲਾਤ ਵਿੱਚ ਭੂਰਾ ਸਿੰਘ ਦੀ ਮੌਤ ਹੋਈ ਜਾਪਦੀ ਹੈ। ਜਦੋਂ ਇਨ੍ਹਾਂ ਖ਼ਦਸ਼ਿਆਂ ਦੀ ਨੁਮਾਇੰਦਗੀ ਸਿਆਸੀ-ਸਮਾਜਿਕ ਚਰਚਾ ਵਿੱਚੋਂ ਗ਼ੈਰ-ਹਾਜ਼ਰ ਹੋਵੇ ਤਾਂ ਭੂਰਾ ਸਿੰਘ ਦੀ ਮੁਹਤਾਜੀ ਮਾਰੂ ਹੋ ਨਿਬੜਦੀ ਹੈ। ਜੇ ਭੂਰਾ ਸਿੰਘ ਦੀ ਜ਼ਿੰਦਗੀ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ ਤਾਂ ਉਸ ਦੀ ਮੌਤ ਦੀ ਕਸੂਰਵਾਰੀ ਬਿਨਾਂ ਸ਼ਨਾਖ਼ਤ ਤੋਂ ਰਹਿ ਸਕਦੀ ਹੈ। ਇਹ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਖੇਤੀ ਸੰਕਟ ਹੈ ਅਤੇ ਕਿਸਾਨ ਅਵੇਸਲੇ ਹੋ ਜਾਂਦੇ ਹਨ। ਦਰਅਸਲ ਇਹ ਦਲੀਲਾਂ ਮਹਿਜ ਅਰਥਚਾਰੇ ਦੀ ਸਮਝ ਵਿੱਚੋਂ ਆਉਂਦੀਆਂ ਹਨ ਅਤੇ ਸਮਾਜਿਕ ਗ਼ਲਬੇ ਨੂੰ ਮਜ਼ਬੂਤ ਕਰਨ ਦਾ ਸਬੱਬ ਬਣਦੀਆਂ ਹਨ। ਕਾਮਿਆਂ ਦੀ ਸੁਰੱਖਿਆ ਨੂੰ ਸਮਾਜਿਕ, ਮਨੁੱਖੀ, ਜਮਹੂਰੀ ਅਤੇ ਸ਼ਹਿਰੀ ਹਕੂਕ ਪੱਖੋਂ ਕਿਉਂ ਨਹੀਂ ਵੇਖਿਆ ਜਾਂਦਾ? ਉਨ੍ਹਾਂ ਦੀ ਦਰਦਨਾਕ ਹੋਣੀ ਵਾਲੀ ਦਲੀਲ ਖੇਤੀ ਸੰਕਟ ਦੀ ਹੋਰ ਮਾਰ ਉੱਤੇ ਲਾਗੂ ਕਿਉਂ ਨਹੀਂ ਕੀਤੀ ਜਾਂਦੀ? ਭੂਰਾ ਸਿੰਘ ਦੀ ਮੌਤ ਕਿਸੇ ਸੰਕਟ ਦੀ ਮਾਰ ਵਿੱਚ ਕੀਤੀ ਖ਼ੁਦਕੁਸ਼ੀ ਤੋਂ ਘੱਟ ਕਿਉਂ ਹੈ?
ਇਨ੍ਹਾਂ ਹਾਲਾਤ ਵਿੱਚ ਸੁਆਲ ਪੈਦਾ ਹੁੰਦਾ ਹੈ ਕਿ ਭੂਰਾ ਸਿੰਘ ਦੀ ਮੌਤ ਹਾਦਸਾ ਹੈ ਜਾਂ ਕੁਝ ਹੋਰ? ਮੌਜੂਦਾ ਵਿਦਵਾਨੀ ਚੇਤਨਾ ਅਤੇ ਕਾਨੂੰਨ ਵਿੱਚ ਭੂਰਾ ਸਿੰਘ ਦੀ ਸੁਰੱਖਿਆ ਦੀ ਚਾਰਾਜੋਈ ਦੀਆਂ ਸੰਭਾਵਨਾਵਾਂ ਹਨ। ਉਸ ਦੀ ਜ਼ਿੰਦਗੀ ਨੂੰ ਮਨੁੱਖੀ, ਜਮਹੂਰੀ ਅਤੇ ਸ਼ਹਿਰੀ ਹਕੂਕ ਪੱਖੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਤੋਂ ਬਾਅਦ ‘ਸਰਬਤ ਦੇ ਭਲੇ’ ਦੀ ਅਰਦਾਸ ਵਿੱਚ ਉਸ ਦੀ ਚਿੰਤਾ ਕਦੇ ਸ਼ਾਮਿਲ ਨਹੀਂ ਹੋਈ। ਮਨੁੱਖ ਦੀ ਬੰਦਖ਼ਲਾਸੀ ਵਾਲੀ ਸਿਆਸਤ ਦਾ ਸੁਫ਼ਨਾ ਭੂਰਾ ਸਿੰਘ ਦੀ ਅੱਖਾਂ ਵਿੱਚ ਨਹੀਂ ਲਿਸ਼ਕਿਆ। ਉਸ ਦੀ ਜ਼ਿੰਦਗੀ ਨੂੰ ਦਰਪੇਸ਼ ਖ਼ਦਸ਼ੇ ਕਦੇ ‘ਪੰਥ ਲਈ ਖ਼ਤਰਾ’ ਨਹੀਂ ਬਣੇ ਅਤੇ ਨਾ ਹੀ ਮੁਲਕ ਦੀ ਸੁਰੱਖਿਆ ਦਾ ਸੁਆਲ ਬਣੇ। ਅਖ਼ਤਿਆਰਾਂ ਦੀ ਤਕਨੀਕੀ ਬੋਲੀ ਤੱਕ ਮਹਿਦੂਦ ਹੋਈ ਸਰਕਾਰੀ ਕਾਰਗੁਜ਼ਾਰੀ ਵਿੱਚ ਭੂਰਾ ਸਿੰਘ ਦੀ ਮਿਹਨਤ ਪ੍ਰਾਪਤੀ ਵਜੋਂ ਅਤੇ ਮੌਤ ਨਾਕਾਮਯਾਬੀ ਵਜੋਂ ਦਰਜ ਨਹੀਂ ਹੋਈ।
ਇਨ੍ਹਾਂ ਹਾਲਾਤ ਵਿੱਚ ਭੂਰਾ ਸਿੰਘ ਦੀ ਪੈਰਵੀ ਦਾ ਬੇਨਾਮ ਰਹਿ ਜਾਣਾ ਕੋਈ ‘ਜੱਗੋਂ ਤੇਰਵੀਂ ਗੱਲ’ ਨਹੀਂ ਹੈ। ਮਨੁੱਖਾ ਜੀਵਨ ਅਤੇ ਇਤਿਹਾਸ ‘ਜੱਗੋਂ ਤੇਰਵੀਆਂ’ ਦਾ ਮੁਹਤਾਜ ਕਦੋਂ ਹੋ ਗਿਆ? ਭੂਰਾ ਸਿੰਘ ਦੀ ਮੌਤ ਭਾਵੇਂ ਕਿਸੇ ਥਾਣੇ-ਅਦਾਲਤੀ ਕਾਰਵਾਈ ਦਾ ਵਿਸ਼ਾ ਨਾ ਬਣੇ ਪਰ ਇਹ ਕਤਲ ਤਾਂ ਹੈ। ਭਾਵੇਂ ਭੂਰੇ ਦੇ ਨਾਮ ਉੱਤੇ ਕਿਸੇ ਚੋਣ ਦੇ ਨਤੀਜੇ ਨਾ ਬਦਲਣ ਪਰ ਉਸ ਦਾ ਕਤਲ ਤਾਂ ਸਿਆਸੀ ਕਤਲ ਬਣਦਾ ਹੈ। ਭੂਰਾ ਸਿੰਘ ਉਹ ਨਿਮਾਣਾ-ਨਿਤਾਣਾ ਪੰਜਾਬੀ ਹੈ ਜੋ ਮਾਣ ਨੂੰ ਆਵਾਜ਼ਾਂ ਮਾਰਦਾ ਕਤਲ ਹੋਇਆ ਹੈ। ਉਹ ਕੁਝ ਸੁਆਲ ਹਵਾ ਵਿੱਚ ਛੱਡ ਗਿਆ ਹੈ। ਕੀ ਪੰਜਾਬ ਵਿੱਚ ਮਨੁੱਖੀ-ਮਾਣ ਦੇ ਜਾਗਣ ਜਾਂ ਬਹੁੜਨ ਦੀ ਸੰਭਾਵਨਾ ਕਾਇਮ ਹੈ? ਭੂਰਾ ਸਿੰਘ ਦਾ ਨਾਮ ਭਾਵੇਂ ਭੂਰਾ ਹੈ ਪਰ ਉਸ ਦਾ ਇਤਿਹਾਸ ਸਿਆਹੀ ਨਾਲ ਚਿੱਟੇ ਕਾਗ਼ਜ਼ ਉੱਤੇ ਲਿਖਿਆ ਜਾ ਸਕਦਾ ਹੈ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s