ਸੁਆਲ-ਸੰਵਾਦ: ਮੁਜ਼ੱਫ਼ਰਨਗਰ ਬਾਕੀ ਹੈ ਜਾਂ ਜਾਰੀ ਹੈ?

ਦਲਜੀਤ ਅਮੀ
ਨਕੁਲ ਸਿੰਘ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ ‘ਮੁਜ਼ੱਫ਼ਰਨਗਰ ਬਾਕੀ ਹੈ …’ ਚਰਚਾ ਵਿੱਚ ਹੈ। ਭਾਜਪਾ ਦੀ ਵਿਦਿਆਰਥੀ ਜਥੇਬੰਦੀ ਨੇ ਦਿੱਲੀ ਦੇ ਕਰੋੜੀ ਮੱਲ ਕਾਲਜ ਵਿੱਚ ਇਸ ਫ਼ਿਲਮ ਦੀ ਪਰਦਾਪੇਸ਼ੀ ਨੂੰ ਜਬਰਦਸਤੀ ਰੋਕਿਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਅਤੇ ਸ਼ਾਮਲੀ ਜ਼ਿਲ੍ਹਿਆਂ ਵਿੱਚ ਫ਼ਿਰਕੂ ਫ਼ਸਾਦ ਹੋਏ ਸਨ ਜਿਨ੍ਹਾਂ ਵਿੱਚ ਸੌ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਸਨ। ਕਈ ਪਿੰਡਾਂ ਵਿੱਚ ਸਦੀਆਂ ਤੋਂ ਵਸਦਾ ਮੁਸਲਮਾਨ ਭਾਈਚਾਰਾ ਹਿਜਰਤ ਕਰਨ ਲਈ ਮਜਬੂਰ ਹੋਇਆ ਸੀ। ਕੜਕਦੀ ਠੰਢ ਵਿੱਚ ਰੜੇ-ਮੈਦਾਨ  ਤੰਬੂਆਂ ਹੇਠ ਗੁਜ਼ਾਰਾ ਕਰਨ ਲਈ ਮਜਬੂਰ ਹੋਇਆ ਤਬਕਾ ਖ਼ਬਰਾਂ ਵਿੱਚ ਆਇਆ ਸੀ। ਪ੍ਰਸਾਸ਼ਨ ਅਤੇ ਸਿਆਸਤਦਾਨਾਂ ਨੇ ਆਪੋ-ਆਪਣੇ ਦਾਅਵਿਆਂ ਨੂੰ ਠੀਕ ਸਾਬਤ ਕਰਨ ਲਈ ਇਨ੍ਹਾਂ ਰਾਹਤ-ਕੈਂਪਾਂ ਨੂੰ ਛੋਟੇ-ਵੱਡੇ ਦਰਸਾਉਣ ਦੀ ਕਵਾਇਦ ਕੀਤੀ ਸੀ। ਉੱਤਰ ਪ੍ਰਦੇਸ਼ ਦੀ ਸੂਬਾ ਸਰਕਾਰ ਨੇ ਇਨ੍ਹਾਂ ਕੈਂਪਾਂ ਨੂੰ ਬੰਦ ਕਰਨ ਲਈ ਬੁਲਡੋਜ਼ਰਾਂ ਤੱਕ ਦੀ ਵਰਤੋਂ ਕੀਤੀ ਸੀ। ਨਕੁਲ ਸਿੰਘ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ ਇਨ੍ਹਾਂ ਤੱਥਾਂ ਪਿਛਲੀ ਸੋਚ, ਤਫ਼ਸੀਲ ਅਤੇ ਪੀੜ ਨੂੰ ਸਮਝਣ ਦਾ ਤਰੱਦਦ ਹੈ।
ਨਕੁਲ ਨੇ ਆਪਣੇ ਕੈਮਰੇ ਰਾਹੀਂ ਉਨ੍ਹਾਂ ਸਮਿਆਂ ਵਿੱਚ ਉਸ ਇਲਾਕੇ ਉੱਤੇ ਨਜ਼ਰ ਰੱਖੀ। ਉਸ ਇਲਾਕੇ ਦੀ ਹੋਣੀ ਨੂੰ ਮੁਲਕ ਦੀ ਸਿਆਸਤ ਅਤੇ ਇਤਿਹਾਸ ਨਾਲ ਜੋੜ ਕੇ ਸਮਝਣ ਦਾ ਉਪਰਾਲਾ ਕੀਤਾ। ਨਕੁਲ ਨੇ ਉਨ੍ਹਾਂ ਫ਼ਸਾਦਾਤ ਨਾਲ ਮਜਬੂਤ ਹੋਈ ਫ਼ਿਰਕੂ ਵੰਡੀ ਅਤੇ ਟੁੱਟੀ ਸਮਾਜਿਕ ਅਤੇ ਤਬਕਾਤੀ ਸਾਂਝ ਦੀਆਂ ਗਵਾਹੀਆਂ ਦਰਜ ਕੀਤੀਆਂ। ਇਸ ਫ਼ਿਲਮ ਵਿੱਚ ਗਲੀਆਂ ਵਿੱਚ ਦੰਗੇਬਾਜ਼ਾਂ ਦੀਆਂ ਗਾਲ੍ਹਾਂ ਅਤੇ ਭਾਜਪਾ ਦੇ ਸਿਆਸੀ ਜਲਸੇ ਇੱਕੋ ਲੜੀ ਦੀਆਂ ਕੜੀਆਂ ਵਜੋਂ ਪੇਸ਼ ਹੁੰਦੇ ਹਨ। ਕੁਝ ਸ਼ਬਦਾਂ ਦੇ ਹੇਰ-ਫੇਰ ਨਾਲ ਗਾਲ੍ਹਾਂ, ਨਾਹਰੇ ਅਤੇ ਸਿਆਸਤਦਾਨਾਂ ਦੇ ਜਲਸੇ ਇੱਕ-ਦੂਜੇ ਦਾ ਪਸਾਰਾ ਜਾਪਣ ਲੱਗਦੇ ਹਨ। ਸਿੱਧੀਆਂ ਲਕੀਰਾਂ ਪਾਉਣੀਆਂ ਸਿੱਖ ਰਹੇ ਬੱਚੇ ਆਪਣੇ ਮਾਰੇ ਗਏ ਮਾਪਿਆਂ ਦੇ ਆਖ਼ਰੀ ਪਲਾਂ ਨੂੰ ਕਾਗ਼ਜ਼ ਉੱਤੇ ਬਿਆਨ ਕਰਦੇ ਹਨ। ਬਾਲਗ਼, ਬੱਚਿਆਂ ਨੂੰ ਫ਼ਿਰਕੂ ਸੋਚ ਤੋਂ ਬਚਾਉਣ ਦੇ ਨਾਕਾਮਯਾਬ ਆਹਰ ਵਿੱਚ ਲੱਗੇ ਹਨ। ਨਕੁਲ ਦਾ ਕੈਮਰਾ ਦੰਗਿਆਂ ਦੇ ਤੱਥਾਂ ਤੋਂ ਅੱਗੇ ਨਿਕਲ ਕੇ ਮਨੁੱਖੀ ਪੀੜ ਅਤੇ ਦੁਸ਼ਵਾਰੀਆਂ ਨੂੰ ਫੜਨ ਦਾ ਉਪਰਾਲਾ ਕਰਦਾ ਹੈ। ਇਹ ਬੇਕਿਰਕ  ਸੋਚ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਦਲੀਲ ਨੂੰ ਰੱਦ ਕਰਕੇ ਨਫ਼ਰਤ ਨਾਲ ਚੱਲਣ ਵਾਲੀ ਸਿਆਸਤ ਦੀਆਂ ਤੰਦਾਂ ਨੂੰ ਗਲੀਆਂ ਵਿੱਚ ਡੁੱਲ੍ਹੇ ਮਨੁੱਖੀ ਖ਼ੂਨ ਤੋਂ ਥਾਣਿਆਂ, ਜਲਸਿਆਂ ਰਾਹੀਂ ਅਖ਼ਬਾਰਾਂ-ਟੈਲੀਵਿਜ਼ਨਾਂ ਵਿੱਚੋਂ ਹੁੰਦਾ ਹੋਇਆ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਸਫ਼ਰ ਨਾਲ ਜੋੜਦਾ ਹੈ।
‘ਮੁਜ਼ੱਫ਼ਰਨਗਰ ਬਾਕੀ ਹੈ …’ਇੱਕ ਪਾਸੇ ਕਤਲੇਆਮ ਦੀਆਂ ਤਫ਼ਸੀਲਾਂ ਦਰਜ ਕਰਦੀ ਹੈ ਅਤੇ ਦੂਜੇ ਪਾਸੇ ਫ਼ਿਰਕੂ ਸੋਚ ਦੀ ਪੈੜ ਨੱਪਦੀ ਹੋਈ ਸਿਆਸਤਦਾਨਾਂ ਦੇ ਬੋਲਿਆਂ ਵਿੱਚੋਂ ਸਿਧਾਂਤਕ ਪੈਂਤੜਾ ਉਜਾਗਰ ਕਰਦੀ ਹੈ। ਜਦੋਂ ਸਮਕਾਲੀਆਂ ਦੇ ਕਤਲੇਆਮ ਉੱਤੇ ਦਸਤਾਵੇਜ਼ੀ ਫ਼ਿਲਮ ਬਣ ਰਹੀ ਹੋਵੇ ਤਾਂ ਕਤਲ ਨੂੰ ਅੰਜ਼ਾਮ ਦੇਣ ਵਾਲੇ ਤੋਂ ਲੈ ਕੇ ਸ਼ਹਿ ਦੇਣ ਵਾਲੇ ਅਤੇ ਕਾਤਲਾਨਾ ਸੋਚ ਦਾ ਮੁੱਢ ਬੰਨ੍ਹਣ ਵਾਲਿਆਂ ਤੱਕ ਦਾ ਜ਼ਿਕਰ ਹੁੰਦਾ ਹੈ। ਨਕੁਲ ਦੀ ਫ਼ਿਲਮ ਇਹ ਕੜੀਆਂ ਜੋੜਦੀ ਹੋਈ ਮੁਕਾਮੀ ਬੁਰਛਾਗਰਦਾਂ ਤੋਂ ਭਾਜਪਾ ਦੇ ਆਗੂ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਦਾ ਰਿਸ਼ਤਾ ਸਾਫ਼ ਕਰਦੀ ਹੈ। ਇਸ ਤੋਂ ਅੱਗੇ ਜਾ ਕੇ ਕਤਲੇਆਮ ਦੇ ਮੁਲਜ਼ਮਾਂ ਦੇ ਸਿਆਸੀ ਉਭਾਰ ਅਤੇ ਉਨ੍ਹਾਂ ਦੇ ਸਮਾਜਿਕ-ਸਿਆਸੀ-ਕਾਨੂੰਨੀ ‘ਚੋਰ-ਮੋਰੀਆਂ’ ਵਿੱਚੋਂ ‘ਬਾਇੱਜ਼ਤ’ ਬਚ ਨਿਕਲਣ ਦਾ ਗੌਣ ਢਾਂਚਾ ਬੇਪਰਦ ਕਰਦਾ ਹੈ।
ਫ਼ਿਰਕੂ ਫ਼ਸਾਦ ਅਤੇ ਗੰਨਾ ਮਿੱਲਾਂ ਦੇ ਬਾਹਰ ਰੁਲਦੇ ਗੰਨੇ ਦੀ ਕਹਾਣੀ ਬਿਆਨ ਕਰਦਾ ਹੋਇਆ ਨਕੁਲ ਸਮਝਾਉਂਦਾ ਹੈ ਕਿ ਗਲੀਆਂ ਵਿੱਚ ਡੁੱਲ੍ਹਿਆ ਖ਼ੂਨ ਟੁੱਟੀ ਸਾਂਝ ਰਾਹੀਂ ਮੁਨਾਫ਼ਾਖ਼ੋਰ ਦੀ ਜੇਬ ਭਰਦਾ ਹੈ। ਇੱਕੋ ਝਟਕੇ ਨਾਲ ਕਿਸਾਨ ਦੇ ਧੜੱਲੇਦਾਰ ਆਗੂ ਬੇਅਸਰ ਹੋ ਜਾਂਦੇ ਹਨ। ਮੋਢੇ ਨਾਲ ਮੋਢੇ ਜੋੜ ਕੇ ਮਿਹਨਤ ਦਾ ਮੁੱਲ ਮੰਗਣ ਵਾਲੇ ਇੱਕ-ਦੂਜੇ ਦੀ ਪਛਾਣ ਮਜ਼ਹਬਾਂ ਦੇ ਹਵਾਲੇ ਨਾਲ ਕਰਦੇ ਹਨ। ਗਲੀਆਂ ਵਿੱਚ ਡੁੱਲ੍ਹਦਾ ਖ਼ੂਨ  ਅਤੇ ਖੇਤਾਂ ਵਿੱਚ ਡੁੱਲ੍ਹਿਆ ਮੁੜਕਾ ਮਿੱਲਾਂ ਦੇ ਬਾਹਰ ਬੇਕਦਰ ਹੁੰਦਾ ਹੈ। ਅਣਵਿਕਿਆ ਗੰਨਾ ਕਿਸਾਨੀ ਦਾ ਸੁਆਦ ਕੁਸੈਲਾ ਕਰਦਾ ਹੈ। ਜਦੋਂ ਇਹ ਪੱਖ ਉਜਾਗਰ ਹੁੰਦਾ ਹੈ ਤਾਂ ਨਕੁਲ ਉਨ੍ਹਾਂ ਤਾਕਤਾਂ ਦੀ ਨਿਸ਼ਾਹਦੇਹੀ ਕਰਨ ਦਾ ਤਰੱਦਦ ਕਰਦਾ ਹੈ ਜੋ ਕਤਲੇਆਮ ਦੇ ਖ਼ਦਸ਼ਿਆਂ ਅਤੇ ਦਲੀਲ ਤੇ ਦਰਦਮੰਦੀ ਦੀ ਸਿਆਸਤ ਦੀ ਬਾਤ ਪਾਉਂਦਾ ਹੈ। ਉਹ ਨਿਮਾਣੇ ਅਤੇ ਨਿਗੂਣੇ ਮਨੁੱਖੀ ਉਪਰਾਲਿਆਂ ਦੀ ਗਵਾਹੀ ਭਰਦਾ ਹੈ ਅਤੇ ਸਾਫ਼ ਕਰਦਾ ਹੈ ਕਿ ਦਰਦਮੰਦੀ ਅਤੇ ਸਮਾਜਿਕ ਇਨਸਾਫ਼ ਦੀ ਲੜਾਈ ਦਿਨੋਂ-ਦਿਨ ਔਖੀ ਹੁੰਦੀ ਜਾ ਰਹੀ ਹੈ। ਸਮਝ ਇਹੋ ਉਭਰਦੀ ਹੈ ਕਿ ਫ਼ਿਰਕੂ ਸਿਆਸਤ ਦਾ ਟੀਚਾ ਮਨੁੱਖ ਨੂੰ ਦਲੀਲ ਦੇ ਘੇਰੇ ਵਿੱਚ ਕੱਢ ਕੇ ਸ਼ਰਧਾ ਨਾਲ ਜੋੜਨਾ ਅਤੇ ਸੀਲ ਸ਼ਹਿਰੀ ਬਣਾਉਣਾ ਹੈ।
ਨਕੁਲ ਦੀ ਫ਼ਿਲਮ ਉੱਤੇ ਭਾਜਪਾਈ ਜਥੇਬੰਦੀਆਂ ਦੀ ਔਖ ਸਮਝ ਆਉਂਦੀ ਹੈ। ਇਸ ਔਖ ਦੀ ਗੱਲ ਕਰਨ ਤੋਂ ਪਹਿਲਾਂ ਇਹ ਸੁਆਲ ਜਾਇਜ਼ ਬਣਦਾ ਹੈ ਕਿ ਫ਼ਿਲਮ ਤੋਂ ਕਿਸੇ ਨੂੰ ਖ਼ਤਰਾ ਕੀ ਹੈ? ਜਦੋਂ ਭਾਜਪਾਈ ਸੋਚ ਨੂੰ ਸਿਆਸੀ ਪਿੜ ਵਿੱਚ ਕੋਈ ਵੱਡੀ ਚਨੌਤੀ ਨਹੀਂ ਹੈ  ਤਾਂ ਇਸ ਦੀ ਜਥੇਬੰਦੀਆਂ ਦਸਤਾਵੇਜ਼ੀ ਫ਼ਿਲਮ ਖ਼ਿਲਾਫ਼ ਹਮਲਾਵਰ ਰੁਖ਼ ਕਿਉਂ ਅਖ਼ਤਿਆਰ ਕਰਦੀਆਂ ਹਨ? ਦਰਅਸਲ ਇਹੋ ਸੁਆਲ ਮੌਜੂਦਾ ਮਾਹੌਲ ਨੂੰ ਸਮਝਣ ਦੀ ਕੂੰਜੀ ਬਣਦੇ ਹਨ। ਭਾਜਪਾਈ ਜਾਂ ਬੁਨਿਆਦਪ੍ਰਸਤ  ਸੋਚ ਦਾ ਪਸਾਰਾ ਲਗਾਤਾਰ ਹੋਇਆ ਹੈ ਪਰ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਬਣਨ ਨਾਲ ਇਨ੍ਹਾਂ ਦਾ ਰੁਖ਼ ਹੋਰ ਹਮਲਾਵਰ ਹੋਇਆ ਹੈ। ਅੰਧਵਿਸ਼ਵਾਸ਼ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨਰਿੰਦਰ ਦਾਭੋਲਕਰ ਦਾ ਕਤਲ, ਕਬੀਰ ਕਲਾ ਮੰਚ ਖ਼ਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ, ਮਹਾਰਾਸ਼ਟਰ ਵਿੱਚ ਕਾਮਰੇਡ ਗੋਬਿੰਦ ਪਨਸਾਰੇ ਦਾ ਕਤਲ, ਤੀਸਤਾ ਸੇਤਲਵਾਡ ਅਤੇ ਸੰਜੀਵ ਭੱਟ ਦੀ ਘੇਰਾਬੰਦੀ, ਆਨੰਦ ਪਟਵਰਧਨ ਦੀ ਦਸਤਾਵੇਜ਼ੀ ਫ਼ਿਲਮ ‘ਰਾਮ ਕੇ ਨਾਮ’ ਦੀ ਪਰਦਾਪੇਸ਼ੀ ਖ਼ਿਲਾਫ਼ ਮੁਹਿੰਮ, ਆਈ.ਆਈ.ਟੀ. ਮਦਰਾਸ ਵਿੱਚ ਅੰਬੇਦਕਰ ਪੇਰੀਆਰ ਸਟੱਡੀ ਸੈਂਟਰ ਉੱਤੇ ਪਾਬੰਦੀ, ਜੀ. ਐੱਨ. ਸਾਈਬਾਬਾ ਦੀ ਗ੍ਰਿਫ਼ਤਾਰੀ, ਬੈਂਡੀ ਡੋਨੀਗਰ ਦੀ ਕਿਤਾਬ ਉੱਤੇ ਪਾਬੰਦੀ ਅਤੇ ਤਾਮਿਲ ਲੇਖਕ ਮੂਰੂਗਨ ਦਾ ਆਪਣੀ ਮੌਤ ਦਾ ਐਲਾਨ ਇੱਕੋ ਲੜੀ ਦੀਆਂ ਕੜੀਆਂ ਹਨ। ਇਸੇ ਦੌਰਾਨ ਭਾਜਪਾ ਨੇ ਅਜਿਹੇ ਬੰਦਿਆਂ ਨੂੰ ਅਹਿਮ ਅਦਾਰਿਆਂ ਵਿੱਚ ਅਹੁਦੇ ਦਿੱਤੇ ਹਨ ਜੋ ਆਪਣੀ ਮੂਲਵਾਦੀ ਸੋਚ ਲਈ ਜਾਣੇ ਜਾਂਦੇ ਹਨ।
ਮੌਜੂਦਾ ਹਾਲਾਤ ਵਿੱਚ ਭਾਜਪਾਈ ਸੋਚ ਵਾਲੀਆਂ ਜਥੇਬੰਦੀਆਂ ਹਰ ਮੌਕਾ ਤਾੜ ਰਹੀਆਂ ਹਨ। ਉਹ ਸਿਆਸੀ ਗ਼ਲਬੇ ਨੂੰ ਸਾਹਿਤਕ-ਸੱਭਿਆਚਾਰਕ ਖੇਤਰ ਵਿੱਚ ਫੈਲਾਉਣਾ ਚਾਹੁੰਦੀਆਂ ਹਨ। ਇਸ ਮਾਮਲੇ ਵਿੱਚ ਉਨ੍ਹਾਂ ਦਾ ਕੰਮ ਆਵਾਮ ਨੂੰ ਸੀਲ ਕਰਕੇ ਇਹ ਸਮਝਾਉਣਾ ਹੈ ਕਿ ਉਨ੍ਹਾਂ ਦੀ ਸੋਚ ਹੀ ਮੁਲਕ ਅਤੇ ਸਮਾਜ ਦੀ ਸੁਰੱਖਿਆ, ਵਿਕਾਸ ਅਤੇ ਭਵਿੱਖ ਦੀ ਜ਼ਾਮਨੀ ਭਰਦੀ ਹੈ। ਇਸ ਸੋਚ ਉੱਤੇ ਸੁਆਲ ਕਰਨ ਵਾਲੇ ਹਰ ਸ਼ਬਦ ਨੂੰ ਉਹ ਸ਼ਬਦਕੋਸ਼ ਵਿੱਚੋਂ ਕੱਢ ਦੇਣਾ ਚਾਹੁੰਦੇ ਹਨ। ਉਹ ਭਾਜਪਾਈ ਸੋਚ ਉੱਤੇ ਹਰ ਸੁਆਲ ਨੂੰ ਦੇਸ਼-ਧਰੋਹ ਜਾਂ ਸਮਾਜ-ਘਾਤ ਜਾਂ ਭਾਰਤੀ ਵਿਰਾਸਤ ਦੇ ਖ਼ਿਲਾਫ਼ ਸਾਜ਼ਿਸ਼ ਕਰਾਰ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅੱਠ ਸੌ ਸਾਲਾਂ ਬਾਅਦ ਇਸ ਮੁਲਕ ਵਿੱਚ ਹਿੰਦੂ ਰਾਜ ਆਇਆ ਹੈ ਤਾਂ ‘ਗ਼ੁਲਾਮੀ’ ਦੀ ਹਰ ਨਿਸ਼ਾਨੀ ਮਿਟਾਈ ਜਾਣੀ ਚਾਹੀਦੀ ਹੈ।
ਨਕੁਲ ਦੀ ਫ਼ਿਲਮ ਇਸੇ ਪੱਖੋਂ ਅਹਿਮ ਹੈ। ਉਹ ਭਾਜਪਾਈ ਸੋਚ ਉੱਤੇ ਹਰ ਪੱਖੋਂ ਸੁਆਲ ਕਰਨ ਲਈ ਵਿੱਥ ਸਿਰਜਦੀ ਹੈ ਅਤੇ ਇਸ ਸੋਚ ਦੇ ਘੇਰੇ ਤੋਂ ਬਾਹਰ ਬਿਹਤਰ ਸਮਾਜ ਦੇ ਸੁਫ਼ਨੇ ਦੀ ਦੱਸ ਪਾਉਂਦੀ ਹੈ। ਦਸਤਾਵੇਜ਼ੀ ਫ਼ਿਲਮ ਦੀ ਭਾਵੇਂ ਮੁਲਕ ਵਿੱਚ ਪਹੁੰਚ ਬਹੁਤ ਘੱਟ ਹੈ ਪਰ ਭਾਜਪਾਈ ਉਸੇ ਤਬਕੇ ਨੂੰ ਮੁਖ਼ਾਤਬ ਹੋਣਾ ਚਾਹੁੰਦੀ ਹੈ। ਇਹ ਤਬਕਾ ਦਲੀਲ ਨਾਲ ਸੋਚਦਾ ਹੈ ਅਤੇ ਆਵਾਮ ਦੀ ਹਰ ਵੰਡੀ ਤੋਂ ਪਾਰ ਜਾਕੇ ਮਨੁੱਖ ਨਾਲ ਮਨੁੱਖ ਦੀ ਸਾਂਝ ਦੀ ਹਾਮੀ ਭਰਦਾ ਹੈ। ਕੁਲ ਮਿਲਾ ਕੇ ਇਹ ਤਬਕਾ ਭਾਵੇਂ ਮੁਲਕ ਦੇ ਅਹਿਮ ਫ਼ੈਸਲਿਆਂ ਉੱਤੇ ਅਸਰਅੰਦਾਜ਼ ਨਾ ਹੋਵੇ ਪਰ ਇਹ ਸੁਆਲਾਂ ਦਾ ਛੱਟਾ ਜ਼ਰੂਰ ਦਿੰਦਾ ਹੈ। ਨਿਜ਼ਾਮ ਨੂੰ ਕਿਤੇ ਨਾ ਕਿਤੇ ਇਨ੍ਹਾਂ ਸੁਆਲਾਂ ਨਾਲ ਦੋਚਾਰ ਹੋਣਾ ਪੈਂਦਾ ਹੈ। ਇਸ ਤਬਕੇ ਵਿੱਚੋਂ ਦਲੀਲਮੰਦੀ ਅਤੇ ਦਰਦਮੰਦੀ ਵਾਲੀ ਸਿਆਸਤ ਦੀ ਗੱਲ ਤੁਰਦੀ ਹੈ। ਭਾਜਪਾਈ ਸੋਚ ਵਾਲੀਆਂ ਜਥੇਬੰਦੀਆਂ ਨੂੰ ਆਪਣੀ ਸਮਝ ਅਤੇ ਕਾਰਗੁਜ਼ਾਰੀ ਉੱਤੇ ਹਰ ਸੁਆਲ ਨਾਖ਼ੁਸ਼ਗਵਾਰ ਜਾਪਦਾ ਹੈ। ਇਸੇ ਕਰਕੇ ਸੁਆਲ ਕਰਨ ਵਾਲਿਆਂ ਨੂੰ ਦੇਸ਼-ਧਰੋਹੀ ਤੋਂ ਹਿੰਦੂ-ਵਿਰੋਧੀ ਅਤੇ ਨਕਸਲੀ ਜਾਂ ਅਤਿਵਾਦੀ ਹੋਣ ਤੱਕ ਦੇ ਵਿਸ਼ੇਸ਼ਣ ਦਿੱਤੇ ਜਾ ਰਹੇ ਹਨ।
ਦਸਤਾਵੇਜ਼ੀ ਫ਼ਿਲਮਾਂ ਤੋਂ ਭਾਜਪਾਈਆਂ ਦੀ ਔਖ ਦਾ ਲੰਮਾ ਇਤਿਹਾਸ ਹੈ। ਆਨੰਦ ਪਟਵਰਧਨ ਤੋਂ ਰਾਕੇਸ਼ ਕੁਮਾਰ ਅਤੇ ਗੋਪਾਲ ਮੈਨਨ ਤੋਂ ਸੰਜੇ ਕਾਕ ਦੀਆਂ ਫ਼ਿਲਮਾਂ ਦਾ ਲੰਮਾ ਇਤਿਹਾਸ ਹੈ।’ਮੁਜ਼ੱਫ਼ਰਨਗਰ ਬਾਕੀ ਹੈ …’ ਇਸੇ ਰੁਝਾਨ ਵਿੱਚ ਨਵੀਂ ਕੜੀ ਹੈ। ਇਸ ਫ਼ਿਲਮ ਵਿੱਚ ਇਸ ਨੂੰ ਬਣਾਉਣ ਦੀਆਂ ਔਕੜਾਂ ਵੀ ਦਰਜ ਹਨ। ਪਰਦਾਪੇਸ਼ੀ ਦੌਰਾਨ ਆਉਣ ਵਾਲੀਆਂ ਔਕੜਾਂ ਨੇ ਹੁਣ ਬਣਾਉਣ ਵੇਲੇ ਤੱਕ ਪਸਾਰਾ ਕਰ ਲਿਆ ਹੈ। ਇਨ੍ਹਾਂ ਹਾਲਾਤ ਵਿੱਚ ਦੱਸ ਇਹ ਪੈਂਦੀ ਹੈ ਕਿ ਅਜਿਹੀਆਂ ਫ਼ਿਲਮਾਂ ਨੂੰ ਬਣਾਉਣਾ ਹੁਣ ਸੁਖਾਲਾ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਔਖਾ ਹੋ ਸਕਦਾ ਹੈ। ਇਸ ਫ਼ਿਲਮ ਵਿੱਚ ਦਰਜ ਹੈ ਕਿ ਪਿਛਲੀਆਂ ਫ਼ਿਲਮਾਂ ਵਿੱਚ ਫ਼ਿਰਕੂ ਜਨੂੰਨ ਉੱਤੇ ਸੁਆਲ ਕਰਨ ਵਾਲਿਆਂ ਦੀ ਅਸਰਦਾਰ ਆਵਾਜ਼ ਹੁਣ ਕਮਜ਼ੋਰ ਹੋ ਰਹੀ ਹੈ। ਜੋ ਸੁਆਲ ਪਹਿਲੀਆਂ ਫ਼ਿਲਮਾਂ ਵਿੱਚ ਠੋਸ ਨਜ਼ਰ ਆਉਂਦੇ ਸਨ ਉਹ ‘ਮੁਜ਼ੱਫ਼ਰਨਗਰ ਬਾਕੀ ਹੈ …’ ਤੱਕ ਕੁਰੇਦ ਕੇ ਲੱਭਣੇ ਪੈਂਦੇ ਹਨ। ਮਾਮਲਾ ਸਾਫ਼ ਹੈ ਕਿ ਗ਼ਾਲਬ ਧਿਰ ਦਾ ਦਬਦਬਾ ਮੁਲਕ ਵਿੱਚ ਵਧ ਰਿਹਾ ਹੈ ਤਾਂ ਸਿਆਸੀ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਲਈ ਵਧੇਰੇ ਹੁਨਰ ਅਤੇ ਦ੍ਰਿੜ੍ਹਤਾ ਦੀ ਲੋੜ ਪੈਣ ਵਾਲੀ ਹੈ। ਜੇ ਫ਼ਿਲਮ ਬਣਾਉਣ ਨਾਲ ਖ਼ਦਸ਼ੇ ਜੁੜੇ ਹੋਏ ਹਨ ਤਾਂ ਪਰਦਾਪੇਸ਼ੀ ਹੋਰ ਜ਼ਿਆਦਾ ਮੁਸ਼ਕਲ ਹੋਣ ਵਾਲੀ ਹੈ। ਸੁਆਲਾਂ ਵਾਲੀਆਂ ਫ਼ਿਲਮਾਂ ਨੂੰ ਥਾਂ ਦੇਣ ਵਾਲੇ ਅਦਾਰਿਆਂ ਦਾ ਖ਼ਾਸਾ ਬਦਲ ਰਿਹਾ ਹੈ। ਇਸ ਮਾਹੌਲ ਵਿੱਚ ‘ਮੁਜ਼ੱਫ਼ਰਨਗਰ ਬਾਕੀ ਹੈ …’ ਸਿਰਫ਼ ਫ਼ਿਲਮ ਦਾ ਨਾਮ ਨਹੀਂ ਹੈ ਸਗੋਂ ਇਹ ਦਸਤਾਵੇਜ਼ੀ ਫ਼ਿਲਮਸਾਜ਼ੀ ਦੇ ਮੌਜੂਦਾ ਦੌਰ ਦਾ ਬਿੰਬ ਹੈ। ‘ਮੁਜ਼ੱਫ਼ਰਨਗਰ ਬਾਕੀ ਹੈ …’ ਦਰਅਸਲ ਦਸਤਾਵੇਜ਼ੀ ਫ਼ਿਲਮਾਂ ਖ਼ਿਲਾਫ਼ ਜਾਰੀ ਹੈ। ਜੇ ਇਸ ਦੌਰ ਵਿੱਚ ਹਰ ਮੌਕੇ ਨੂੰ ਸੰਘਰਸ਼ ਵਿੱਚ ਤਬਦੀਲ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਚੁੱਪ ਦੀ ਭਿਆਨਕਤਾ ਠੋਸ ਰੂਪ ਅਖ਼ਤਿਆਰ ਕਰੇਗੀ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s