ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੰਗਤ ਸੰਗ ਵਿਚਾਰ

ਦਲਜੀਤ ਅਮੀ

punjab-protest_650x400_61445368368
ਪੰਜਾਬ ਦੇ ਹਾਲਾਤ ਰੱਬ ਨਾਲੋਂ ਗੁੰਝਲਦਾਰ ਬੁਝਾਰਤ ਬਣੇ ਹੋਏ ਹਨ। ਅਕਾਲ ਤਖ਼ਤ ਤੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਪਸ਼ਟੀਕਰਨ ਦੇ ਜੁਆਬ ਵਿੱਚ ਦਿੱਤੀ ਮੁਆਫ਼ੀ ਉੱਤੇ ਸੁਆਲ ਹੋਏ ਤਾਂ ਹਾਲਾਤ ਮੁਤਾਬਕ ਸਿੰਘ ਸਾਹਿਬਾਨ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਤਾਂ ਰੋਹ ਸੜਕਾਂ ਉੱਤੇ ਉਬਾਲੇ ਖਾਣ ਲੱਗਿਆ। ਕੋਟਕਪੁਰਾ ਵਿੱਚ ਦੋ ਮੁਜ਼ਾਹਰਾਕਾਰੀ ਪੁਲਿਸ ਦੀ ਗੋਲੀ ਨਾਲ ਮਾਰੇ ਗਏ। ਇਹਤਿਆਤੀ ਗ੍ਰਿਫ਼ਤਾਰੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਹਰ ਰੋਜ਼ ਸੜਕਾਂ ਅਤੇ ਬਾਜ਼ਾਰਾਂ ਨੂੰ ਬੰਦ ਕਰਵਾਉਣ ਦਾ ਰੁਝਾਨ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦੇ ਬਜ਼ੁਰਗ ਟਕਸਾਲੀ ਆਗੂ ਸੁਖਦੇਵ ਸਿੰਘ ਭੌਰ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਦੇਵ ਸਿੰਘ ਭੌਰ ਸਮੇਤ ਇੱਕ ਦਰਜਨ ਤੋਂ ਜ਼ਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਪੱਧਰ ਦੇ ਆਗੂਆਂ ਦਾ ਪਾਰਟੀ ਤੋਂ ਕਿਨਾਰਾ ਕਰਨਾ ਲਗਾਤਾਰ ਜਾਰੀ ਹੈ। ਮੁਜ਼ਾਹਰਾਕਾਰੀਆਂ ਨੇ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਉੱਤੇ ਹਮਲਾ ਕੀਤਾ ਹੈ। ਕਾਂਗਰਸ ਦੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦਿੱਤਾ ਹੈ। ਸੱਤ ਦਿਨ ਤੋਂ ਚੱਲ ਰਹੇ ਰੋਸ ਮੁਜ਼ਾਹਰਿਆਂ ਤੋਂ ਬਾਅਦ ਲੁਧਿਆਣਾ, ਜਲੰਧਰ ਅਤੇ ਅਮ੍ਰਿਤਸਰ ਵਿੱਚ ਨੀਮ-ਫ਼ੌਜੀ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ। ਤਲਵਾਰਾਂ ਲਹਿਰਾਉਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸੇ ਦੌਰਾਨ ਪੰਜਾਬ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪੰਜ ਮਾਮਲੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਰੋਹ ਜਾਗਣਾ ਸੁਭਾਵਿਕ ਹੈ। ਇਸ ਬੇਅਦਬੀ ਦੀ ਨਿਖੇਧੀ, ਨਿਰਪੱਖ ਜਾਂਚ ਅਤੇ ਢੁਕਵੀਂ ਕਾਰਵਾਈ ਦੇ ਮਾਮਲੇ ਸਾਫ਼ ਹਨ। ਇਨ੍ਹਾਂ ਉੱਤੇ ਮੁਜ਼ਾਹਰਾਕਾਰੀਆਂ ਤੋਂ ਲੈ ਕੇ ਸਰਕਾਰ ਅਤੇ ਨਿਰਪੱਖ ਤਬਕੇ ਤੱਕ ਸਹਿਮਤੀ ਹੈ ਕਿ ਇਹ ਨਿਖੇਧੀ, ਜਾਂਚ ਅਤੇ ਢੁਕਵੀਂ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਹੈ। ਇਸੇ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਸਰਬਤ ਖ਼ਾਲਸਾ ਕਰਨ ਦਾ ਸੱਦਾ ਦਿੱਤਾ ਜਾ ਚੁੱਕਿਆ ਹੈ। ਹੁਣ ਸਰਬਤ ਖ਼ਾਲਸਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਜੁੜ ਗਿਆ ਹੈ। ਇਸ ਵੇਲੇ ਮੁਜ਼ਹਰਾਕਾਰੀਆਂ ਵਿੱਚ ਠੇਸ ਦੀ ਭਾਵਨਾ ਇੰਨੀ ਭਾਰੂ ਹੈ ਕਿ ਕੋਈ ਸੰਵਾਦ ਮੁਸ਼ਕਲ ਜਾਪਦਾ ਹੈ। ਅਫ਼ਵਾਹਾਂ ਦਾ ਬਾਜ਼ਾਰ ਇੰਨਾ ਗਰਮ ਹੈ ਕਿ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਤਿੰਦਰ ਔਲਖ ਨੂੰ ਦੱਸਣਾ ਪਿਆ ਕਿ ਸ਼ਹਿਰ ਵਿੱਚ ਕਰਫ਼ਿਊ ਨਹੀਂ ਹੈ ਅਤੇ ਫ਼ੌਜ ਤਾਇਨਾਤ ਨਹੀਂ ਕੀਤੀ ਗਈ। ਦੂਜੇ ਪਾਸੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ ਪੀਰਮੁਹੰਮਦ ਅਤੇ ਦਮਦਮੀ ਟਕਸਾਲ ਨੂੰ ਸਪਸ਼ਟੀਕਰਨ ਦੇਣਾ ਪਿਆ ਕਿ ਉਨ੍ਹਾਂ ਨੇ ਲੰਘੇ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਨਹੀਂ ਦਿੱਤਾ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਸਿੱਖ ਪ੍ਰਚਾਰਕਾਂ ਨੇ ਹਰ ਜ਼ਿਲ੍ਹੇ ਵਿੱਚ ਰੋਜ਼ਾਨਾ ਤਿੰਨ ਘੰਟੇ ਬੰਦ ਕਰਨ ਦਾ ਸੱਦਾ ਦਿੱਤਾ ਤਾਂ ਸਿਮਰਨਜੀਤ ਸਿੰਘ ਮਾਨ ਨੇ ਇਸ ਸੱਦੇ ਨੂੰ ਰੱਦ ਕਰ ਦਿੱਤਾ। ਕੋਟਕਪੁਰੇ ਵਿੱਚ ਮੁਜ਼ਾਹਰੇ ਦੀ ਅਗਵਾਈ ਕਰਨ ਵਾਲੇ ਧਰਮ ਪ੍ਰਚਾਰਕ ਪ੍ਰਥਪ੍ਰੀਤ ਸਿੰਘ ਨੂੰ ਮੁਜ਼ਾਹਰਾਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੋਟਕਪੁਰੇ ਵਿੱਚ ਕਿਹਾ ਹੈ ਕਿ ਸੰਘਰਸ਼ ਦੀ ਸਾਂਝੀ ਵਿਉਂਤਬੰਦੀ 25 ਅਕਤੂਬਰ ਨੂੰ ਮਾਰੇ ਗਏ ਨੌਜਵਾਨਾਂ ਦੇ ਭੋਗ ਉੱਤੇ ਬਣਾਈ ਜਾਵੇਗੀ ਪਰ ਉਦੋਂ ਤੱਕ ਆਪੋ-ਆਪਣਾ ਸੰਘਰਸ਼ ਜਾਰੀ ਰਹੇਗਾ।

ਇਨ੍ਹਾਂ ਹਾਲਾਤ ਵਿੱਚ ਤਿੰਨ ਪੱਖ ਅਹਿਮ ਹਨ। ਇਸ ਰੋਹ ਦੀ ਮੰਗ ਕੀ ਬਣਦੀ ਹੈ? ਇਸ ਰੋਹ ਵਿੱਚ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਦੋਵੇਂ ਹੁਕਮਨਾਮਿਆਂ (ਮੁਆਫ਼ੀ ਅਤੇ ਮੁਆਫ਼ੀ ਰੱਦ ਕਰਨ ਵਾਲਾ) ਦੀ ਕੀ ਭੂਮਿਕਾ ਹੈ? ਇਸ ਰੋਹ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਇਲਾਵਾ ਹੋਰ ਕਿਹੜੇ ਮਸਲੇ ਪੇਸ਼ ਹੁੰਦੇ ਹਨ?

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਡੇਰਾ ਮੁਖੀ ਨੂੰ ਮੁਆਫ਼ ਕਰਨ ਦਾ ਮਸਲਾ ਭਖ ਗਿਆ ਸੀ। ਸ਼੍ਰੋਮਣੀ ਗੁਰੁਦੁਆਰਾ ਪ੍ਰੰਬਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਾਗ਼ੀ ਸੁਰਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸੁਆਲ ਕਰਨੇ ਸ਼ੁਰੂ ਕਰ ਦਿੱਤੇ ਸਨ। ਕਿਸਾਨ-ਮਜ਼ਦੂਰਾਂ ਦੀ ਰੇਲ ਰੋਕੂ ਕਾਰਨ ਦਬਾਅ ਵਿੱਚ ਆਈ ਪੰਜਾਬ ਸਰਕਾਰ ਨੇ ਗ਼ਲਤ ਸਿਆਸੀ ਚਾਲ ਚੱਲ ਦਿੱਤੀ ਸੀ। ਪੰਥਕ ਜਥੇਬੰਦੀਆਂ ਨੇ ਸਿੰਘ ਸਾਹਿਬਾਨ ਦੇ ਗ਼ਲਤ ਫ਼ੈਸਲੇ ਅਤੇ ਸਿਆਸੀ ਦਖ਼ਲਅੰਦਾਜ਼ੀ ਦੇ ਮਾਮਲਿਆਂ ਨਾਲ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆ ਗਿਆ ਅਤੇ ਉਪਰੋਥਲੀ ਸੱਤ ਥਾਂਵਾਂ ਤੋਂ ਇੱਕੋ ਖ਼ਬਰ ਆ ਗਈ। ਗੁਰੂ ਗ੍ਰੰਥ ਸਿਹਬ ਦੀ ਬੇਅਦਬੀ ਨਾਲ ਲੱਗੀ ਠੇਸ ਨਾਲ ਰੋਹ ਦੀ ਲਹਿਰ ਫੈਲ ਗਈ। ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਲਾਗੂ ਕਰਨ ਦੇ ਮਾਮਲਿਆਂ ਵਿੱਚ ਹਜ਼ਾਰ ਰਾਵਾਂ ਹੋ ਸਕਦੀਆਂ ਹਨ ਪਰ ਬੇਅਦਬੀ ਦਾ ਮਾਮਲਾ ਸਭ ਨੂੰ ਪੋਂਹਦਾ ਹੈ।

ਬੇਅਦਬੀ ਦੀ ਠੇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਉਨ੍ਹਾਂ ਮੈਂਬਰਾਂ ਨੂੰ ਰੋਸ ਜ਼ਾਹਿਰ ਕਰਨ ਦਾ ਢੁਕਵਾਂ ਮੌਕਾ ਮਿਲ ਗਿਆ ਜੋ ਪਰੇਸ਼ਾਨ ਹੋਣ ਦੇ ਬਾਵਜੂਦ ਸਿਆਸੀ ਦਖ਼ਲਅੰਦਾਜ਼ੀ ਖ਼ਿਲਾਫ਼ ਬੋਲਣੋਂ ਕਤਰਾਉਂਦੇ ਸਨ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਆਗੂਆਂ ਨੂੰ ਵੀ ਰੋਹ ਜ਼ਾਹਿਰ ਕਰਨ ਦਾ ਮੌਕਾ ਮਿਲ ਗਿਆ ਜੋ ਪਾਰਟੀ ਉੱਤੇ ਬਾਦਲ ਪਰਿਵਾਰ ਦੇ ਗ਼ਲਬੇ ਦੀ ਮਾਰ ਵਿੱਚ ਆ ਕੇ ਵੀ ਚੁੱਪ ਸਨ। ਇਸ ਨਾਲ ਮੁਕਾਮੀ ਪੱਧਰ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸਿਆਸੀ ਸੁਆਲਾਂ ਨੂੰ ਧਰਮ ਦੇ ਬਾਣੇ ਵਿੱਚ ਸਿਆਸੀ ਆਵਾਜ਼ ਮਿਲ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦੇ ਆਗੂਆਂ ਦੀ ਬੇਅਦਬੀ ਦੇ ਨਾਮ ਉੱਤੇ ਮੁਜ਼ਾਹਰਾਕਾਰੀਆਂ ਨੇ ਜੁਆਬਤਲਬੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਉੱਤੇ ਆਪਣੀ ਪਾਰਟੀ ਖ਼ਿਲਾਫ਼ ਬਗ਼ਾਵਤ ਕਰਨ ਦੀ ਮਜਬੂਰੀ ਆ ਪਈ। ਇਹ ਮਾਮਲਾ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਪ੍ਰੰਬਧਕੀ ਹੁਨਰ ਖ਼ਿਲਾਫ਼ ਅੰਦਰ ਨੱਪੇ ਖਰੂਦ ਨੂੰ ਬਗ਼ਾਵਤ ਵਿੱਚ ਬਦਲਣ ਦਾ ਪਹਿਲਾਂ ਠੋਸ ਮੌਕਾ ਬਣ ਗਿਆ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਰੋਹ ਨਾਲ ਸਿਆਸਤ ਦੇ ਘੇਰੇ ਤੋਂ ਕਿਤੇ ਮੋਕਲੀ ਭਾਵਨਾ ਜੁੜੀ ਹੋਈ ਹੈ। ਇਸੇ ਰੋਹ ਨੂੰ ਸਿਆਸੀ ਮੌਕੇ ਵਜੋਂ ਵੀ ਵੇਖਿਆ ਜਾ ਰਿਹਾ ਹੈ ਜਿਸ ਦੀ ਝਲਕ ਵਿਦੇਸ਼ਾਂ ਵਿੱਚ ਚੱਲਦੇ ਪੰਜਾਬੀ ਚੈਨਲਾਂ ਅਤੇ ਅਖ਼ਬਾਰਾਂ ਤੋਂ ਲੈਕੇ ਇੰਟਰਨੈੱਟ ਮੀਡੀਆ ਉੱਤੇ ਦੇਖੀ ਜਾ ਸਕਦੀ ਹੈ। ਇਸ ਰੋਹ ਵਿੱਚ ਮੁਜ਼ਾਹਰਾਕਾਰੀਆਂ ਨੂੰ ਜੋੜਣ ਵਾਲੀ ਤੰਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚੋਂ ਉਪਜਦੀ ਠੇਸ ਹੈ। ਹੁਣ ਤੱਕ ਦੇ ਮੁਜ਼ਾਹਰਿਆਂ ਤੋਂ ਸਾਫ਼ ਹੈ ਇਸ ਤੰਦ ਦਾ ਕਿਸੇ ਸਿਆਸੀ ਟੀਚੇ ਤੱਕ ਸਾਂਝੀ ਰਹਿਣਾ ਮੁਸ਼ਕਲ ਹੈ। ਬੇਅਦਬੀ ਕਾਰਨ ਉੱਠਿਆ ਆਪਮੁਹਾਰਾ ਰੋਹ ਕਿਸੇ ਦੇ ਕਾਬੂ ਵਿੱਚ ਨਹੀਂ ਹੈ। ਪਹਿਲਾਂ ਤੋਂ ਬੇਭਰੋਸਗੀ ਦਾ ਸ਼ਿਕਾਰ ਪੰਥਕ ਧਿਰਾਂ ਆਪਣੀ ਹੋਂਦ ਜਤਾ ਰਹੀਆਂ ਹਨ ਪਰ ਇਸ ਰੋਹ ਨੂੰ ਕਿਸੇ ਸਿਆਸੀ ਤਣ-ਪੱਤਣ ਤੱਕ ਲਿਜਾਣਾ ਉਨ੍ਹਾਂ ਦੇ ਵਸੋਂ ਬਾਹਰੀ ਗੱਲ ਹੈ। ਬੇਭਰੋਸਗੀ ਦਾ ਆਲਮ ਇਹ ਹੈ ਕਿ ਇਸ ਰੋਹ ਦੇ ਮਾਮਲੇ ਵਿੱਚ ਕਿਸੇ ਦੀ ਦਲੀਲ ਸੁਣੇ ਜਾਣ ਦੀ ਸੰਭਾਵਨਾ ਨਹੀਂ ਹੈ। ਇਸ ਬੇਅਦਬੀ ਪਿੱਛੇ ਹਰ ਤਰ੍ਹਾਂ ਦੀ ਦਲੀਲ ਵੱਖ-ਵੱਖ ਤਬਕਿਆਂ ਰਾਹੀਂ ਪੇਸ਼ ਹੋ ਰਹੀ ਹੈ। ਕਾਂਗਰਸ ਤੋਂ ਲੈ ਕੇ ਕੇਂਦਰ ਸਰਕਾਰ, ਸੂਬਾ ਸਰਕਾਰ ਤੋਂ ਲੈ ਕੇ ਖ਼ੂਫ਼ੀਆ ਏਜੰਸੀਆਂ, ਪੰਜਾਬ ਪੁਲਿਸ ਤੋਂ ਲੈ ਕੇ ਅੰਦਰੂਨੀ ਸ਼ਰਾਰਤੀਆਂ ਅਤੇ ਰਾਸ਼ਟਰੀ ਸਵੈਮ ਸੰਘ ਤੋਂ ਲੈ ਕੇ ਡੇਰੇ ਨਾਲ ਜੋੜ ਕੇ ਸ਼ਾਜਿਸ਼ਾਂ ਦੀਆਂ ਧਾਰਨਾਵਾਂ ਪੇਸ਼ ਹੋ ਰਹੀਆਂ ਹਨ। ਜ਼ਿਆਦਾਤਰ ਧਾਰਨਾਵਾਂ ਪਿੱਛੇ ਪਹਿਲਾਂ ਤੋਂ ਤੈਅ ਸਿਧਾਂਤਕਾਰੀ ਅਤੇ ਇਲਜ਼ਾਮ ਦੇ ਘੇਰੇ ਵਿੱਚ ਆਈਆਂ ਧਿਰਾਂ ਦੀ ਪੁਰਾਣੀ ਕਾਰਗੁਜ਼ਾਰੀ ਦੇ ਹਵਾਲੇ ਦਿੱਤੇ ਜਾ ਸਕਦੇ ਹਨ। ਰੋਹ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ, ਪ੍ਰਚਾਰਕਾਂ ਅਤੇ ਆਪਮੁਹਾਰੇ ਆਏ ਮੁਜ਼ਾਹਰਾਕਾਰੀਆਂ ਨੂੰ ਕੋਈ ਵੀ ਸਬੂਤ ਕਿਸੇ ਇੱਕ ਧਾਰਨਾ ਜਾਂ ਨਿਚੋੜ ਉੱਤੇ ਯਕੀਨ ਨਹੀਂ ਕਰਵਾ ਸਕਦਾ।

ਬੇਭਰੋਸਗੀ ਅਤੇ ਠੇਸ ਦਾ ਜਮ੍ਹਾਂਜੋੜ ਇਸ ਹੱਦ ਤੱਕ ਤਾਰੀ ਹੈ ਕਿ ਪੰਥ ਵਿਰੋਧੀ, ਸਿੱਖ ਵਿਰੋਧੀ, ਗੱਦਾਰ, ਦਲਾਲ ਅਤੇ ਵਿਕ ਜਾਣ ਦੇ ਵਿਸ਼ੇਸ਼ਣ ਹਰ ਕਿਸੇ ਲਈ ਤਿਆਰ ਹਨ। ਇਹ ਵਿਸ਼ੇਸ਼ਣ ਰੋਹ ਦੇ ਢੰਗ-ਤਰੀਕੇ ਅਤੇ ਸਮਾਂ-ਸਥਾਨ ਤੈਅ ਕਰਨ ਦੇ ਸੁਆਲ ਕਰਨ ਵਾਲਿਆਂ ਤੋਂ ਲੈ ਕੇ ਇਸ ਦੀ ਪੜਚੋਲ ਕਰਨ ਵਾਲੇ ਸਾਰਿਆਂਲਈ ਤਿਆਰ ਹਨ। ਇਨ੍ਹਾਂ ਹਾਲਾਤ ਵਿੱਚ ਰੋਹ ਦਾ ਹਿੱਸਾ ਬਣਨ ਵਾਲਾ ਹਰ ਆਗੂ ਕਿਸੇ ਵੀ ਜ਼ਿੰਮੇਵਾਰੀ ਨੂੰ ਓਟਣ ਤੋਂ ਗੁਰੇਜ਼ ਕਰੇਗਾ। ਰੋਹ ਨੂੰ ਕਿਸੇ ਸਿਆਸੀ ਟੀਚੇ ਤੱਕ ਲਿਜਾਣ ਦੀ ਹਰ ਦਾਅਵੇਦਾਰੀ ਸਿਆਸੀ ਮੌਕਾਪ੍ਰਸਤੀ ਕਹਾਵੇਗੀ। ਆਪਣੀ ਸਿਆਸੀ ਅਹਿਮੀਅਤ ਗੁਆ ਚੁੱਕੀਆਂ ਧਿਰਾਂ ਲਈ ਇਹ ਹਾਲਾਤ ਮੌਕਾ ਵੀ ਹਨ ਅਤੇ ਸੰਕਟ ਵੀ। ਇਸੇ ਕਾਰਨ ਇਸ ਰੋਹ ਦੇ ਬੇਕਾਬੂ ਹੋ ਜਾਣ ਦੇ ਖ਼ਦਸ਼ੇ ਹਨ। ਜਲੰਧਰ ਵਿੱਚ ਦੁਕਾਨਦਾਰਾਂ ਅਤੇ ਮੁਜ਼ਾਹਰਾਕਾਰੀਆਂ ਵਿਚਲਾ ਟਕਰਾਅ ਮੌਜੂਦਾ ਰੋਹ ਦੇ ਇਸੇ ਖ਼ਾਸੇ ਦੀ ਸ਼ਨਾਖ਼ਤ ਕਰਦਾ ਹੈ।

ਇਸ ਰੋਹ ਨਾਲ ਵਫ਼ਾਦਾਰੀਆਂ ਚਾਕ ਕਰਕੇ ਆਵਾਜ਼ ਹਾਸਲ ਕਰਨ ਵਾਲੇ ਸਿਆਸੀ ਮੁੱਦਿਆਂ ਦਾ ਕੀ ਬਣੇਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ੇ ਦੇਣ ਵਾਲੇ ਆਗੂਆਂ ਦਾ ਕੀ ਬਣੇਗਾ? ਉਨ੍ਹਾਂ ਦੇ ਮੁੱਦਿਆਂ ਦਾ ਕੀ ਹੋਵੇਗਾ? ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਦੀਆਂ ਗ਼ੈਰ-ਹੁਕਮਰਾਨ ਫਾਂਟਾਂ, ਦਮਦਮੀ ਟਕਸਾਲ, ਸੰਤ ਸਮਾਜ, ਪ੍ਰਚਾਰਕਾਂ ਅਤੇ ਆਪਮੁਹਾਰੇ ਆਏ ਮੁਜ਼ਾਹਰਾਕਾਰੀਆਂ ਦੀ ਤਸੱਲੀ ਕਿਸ ਤਰ੍ਹਾਂ ਹੋ ਸਕਦੀ ਹੈ? ਜਿਹੜੇ ਸਿਆਸਤਦਾਨ ਅਤੇ ਵਿਦਵਾਨ ਠੇਸ ਦੀ ਹੀ ਸਿਆਸਤ ਕਰਦੇ ਹਨ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਿਖੇਧੀ, ਜਾਂਚ ਅਤੇ ਢੁਕਵੀਂ ਕਾਰਵਾਈ ਨਾਲ ਕਿਵੇਂ ਸਤੁੰਸ਼ਟ ਹੋ ਸਕਦੇ ਹਨ? ਜਦੋਂ ਹੁਕਮਰਾਨ ਸਮੇਤ ਸਾਰੀਆਂ ਸਿਆਸੀ ਧਿਰਾਂ ਇਸ ਰੋਹ ਦੇ ਸਿਆਸੀ ਨਫ਼ੇ-ਨੁਕਸਾਨ ਬਾਬਤ ਸੋਚ ਰਹੀਆਂ ਹਨ ਤਾਂ ਬੇਅਦਬੀ ਦੀ ਠੇਸ ਨੂੰ ਮੁਖ਼ਾਤਬ ਕੌਣ ਹੈ? ਜੇ ਬੇਭਰੋਸਗੀ ਦੇ ਹਾਲਾਤ ਨਾਲ ਜੁੜੇ ਖ਼ਦਸ਼ਿਆਂ ਤੋਂ ਪੰਜਾਬ ਬਚ ਗਿਆ ਤਾਂ ਸ਼ਾਇਦ ਸਿਆਸੀ ‘ਬਗ਼ਾਵਤਾਂ’ ਗੁਰਦੁਆਰਾ ਪ੍ਰੰਬਧ ਵਿੱਚ ਕੁਝ ਸੁਧਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਥੋੜੀ-ਬਹੁਤੀ ਜਮਹੂਰੀਅਤ ਬਹਾਲ ਕਰ ਸਕਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤਾਂ ਰੋਜ਼ ਕੀਤੀ ਜਾਂਦੀ ਅਰਦਾਸ ਵਿੱਚ ਹੀ ਨਹਿਤ ਹੈ। ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ ਲਈ ਕੀਤੀ ਜਾਂਦੀ ਅਰਦਾਸ ਵਿੱਚ ਜੁੜੀ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਪਹੁੰਚੀ ਠੇਸ ਨੂੰ ਮਲ੍ਹਮ ਲਗਾਉਣ ਦੇ ਸਮਰੱਥ ਹੈ। ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਤੇ ਮੁੜ ਕੇ ਅਜਿਹਾ ਹੋਣ ਤੋਂ ਰੋਕਣ ਲਈ ਕੀਤੀਆਂ ਪੇਸ਼ਬੰਦੀਆਂ ਦਾ ਕੋਈ ਨਕਸ਼ਾ ਤਾਂ ਤੈਅ ਕਰਨਾ ਹੀ ਪੈਣਾ ਹੈ। ਇਹ ਸੋਚ-ਵਿਚਾਰ ਅਤੇ ਦਲੀਲ ਵਿੱਚ ਪਏ ਬਿਨਾਂ ਨਹੀਂ ਹੋਣਾ।

(ਇਹ ਲੇਖ ਪੰਜਾਬ ਟਾਈਮਜ਼ ਨੇ 24 ਅਕਤੂਬਰ 2015 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s