ਸੁਆਲ-ਸੰਵਾਦ: ਪੰਜਾਬ ਦਾ ਗੁੰਝਲਦਾਰ ਖ਼ਾਸਾ ਅਤੇ ਮੌਜੂਦਾ ਹਾਲਾਤ

ਦਲਜੀਤ ਅਮੀ
_PDL1367 ਪੰਜਾਬ ਦੇ ਹਾਲਾਤ ਦੀ ਪੇਚੀਦਗੀ ਇੰਨੀ ਹੈ ਕਿ ਇਹ ਸਮਝ ਨਹੀਂ ਆਉਂਦਾ ਕਿ ਕਿਸ ਮੌਕੇ ਦੀ ਗਵਾਹੀ ਅਤੇ ਕਿਸ ਮੌਕੇ ਤੋਂ ਵਿੱਥ, ਇਸ ਨੂੰ ਸਮਝਣ ਵਿੱਚ ਸਹਾਈ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਰੋਸ ਮੁਜ਼ਾਹਰਿਆਂ ਅਤੇ ਧਰਨਿਆਂ ਵਿੱਚ ਲੋਕ ਆਪਮੁਹਾਰੇ ਪੁੱਜ ਰਹੇ ਹਨ ਅਤੇ ਆਪਣੀ ਮਰਜ਼ੀ ਦੇ ਮਾਲਕ ਹਨ। ਦੂਜੇ ਪਾਸੇ ਵਿਦੇਸ਼ਾਂ ਵਿੱਚ ਬੇਵਤਨ ਹੋਏ ਸਿੱਖ ਇਸ ਠੇਸ ਨੂੰ ਹੰਢਾ ਰਹੇ ਹਨ ਅਤੇ ਅਚਵੀ ਦਾ ਸ਼ਿਕਾਰ ਹਨ। ਇਨ੍ਹਾਂ ਦੋਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਿਨਾਂ ਕੋਈ ਸਾਂਝੀ ਤੰਦ ਵਿਖਾਈ ਨਹੀਂ ਦਿੰਦੀ। ਪਰਵਾਸੀਆਂ ਦੀ ਇਨਸਾਫ਼ ਦੀ ਧਾਰਨਾ ਦਾ ਪੰਜਾਬ ਦੀ ਖਿੰਡੀ ਹੋਈ ਅਤੇ ਵੰਨ-ਸਵੰਨੀ ਇਨਸਾਫ਼ ਦੀ ਮੰਗ ਨਾਲ ਕੋਈ ਰਾਬਤਾ ਲੱਭ ਲੈਣਾ ਰੱਬ ਦੀ ਗੁਝਲਦਾਰ ਬੁਝਾਰਤ ਬੁੱਝ ਲੈਣ ਤੋਂ ਜ਼ਿਆਦਾ ਵੱਡੀ ਪ੍ਰਾਪਤੀ ਹੋ ਸਕਦੀ ਹੈ। ਬੇਅਦਬੀ ਦੇ ਮਾਮਲਿਆਂ ਦੀ ਜਾਂਚ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਢੁਕਵੀਂ ਕਾਰਵਾਈ ਅਹਿਮ ਮੰਗਾਂ ਬਣਦੀਆਂ ਹਨ। ਇਸ ਦੇ ਨਾਲ ਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੇਸ਼ਬੰਦੀਆਂ ਬਾਰੇ ਸੋਚਿਆ ਜਾਣਾ ਜ਼ਰੂਰੀ ਹੈ।
ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਰੱਦ ਕਰਨ ਦੇ ਮਾਮਲਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੁੜ ਗਈ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਪੰਜਾਬ ਸਰਕਾਰ ਅਤੇ ਸਿੱਖ ਸਿਆਸਤ ਨਾਲ ਜੁੜੀਆਂ ਵੰਨ-ਸਵੰਨੀਆਂ ਜਥੇਬੰਦੀਆਂ ਅੰਦਰ ਨੱਪੀ ਹੋਈ ਬੇਚੈਨੀ ਨੂੰ ਰਾਹ ਮਿਲਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਲੋਕਾਂ ਨੂੰ ਦੁਖੀ ਕੀਤਾ ਹੈ ਅਤੇ ਉਹ ਆਪਣੇ ਰੋਹ ਦਾ ਮੁਜ਼ਾਹਰਾ ਕਰ ਰਹੇ ਹਨ। ਨੱਪੀ ਹੋਈ ਸਿਆਸੀ ਬੇਚੈਨੀ ਨੂੰ ਮਿਲੇ ਰਾਹ ਅਤੇ ਲੋਕ ਰੋਹ ਦਾ ਪ੍ਰਗਟਾਵਾ ਭਾਵੇਂ ਇੱਕੋ ਥਾਂ ਉੱਤੇ ਹੋ ਰਿਹਾ ਹੈ ਪਰ ਇਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਇੰਨਾ ਸਿੱਧਾ ਨਹੀਂ ਹੈ।

ਕੋਟਕਪੁਰੇ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦਾ ਭੋਗ ਸਮਾਗਮ ਹੋਇਆ। ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਪਹਿਲਾਂ ਸਾਂਝਾ ਇੱਕਠ ਸੀ। ਇਸ ਇੱਕਠ ਦੀ ਅਗਵਾਈ ਪ੍ਰਚਾਰਕਾਂ ਹੱਥ ਸੀ ਅਤੇ ਉਨ੍ਹਾਂ ਨੇ ਹੀ ਇਸ ਦਾ ਚੌਖਟਾ ਤੈਅ ਕੀਤਾ। ਉਨ੍ਹਾਂ ਨੇ ਬੇਅਦਬੀ ਦੇ ਮਸਲੇ ਨੂੰ ਸਿਆਸਤ ਤੋਂ ਵੱਖ ਰੱਖਣ ਅਤੇ ਸਿੱਖ ਸਿਧਾਂਤਾਂ ਉੱਤੇ ਪਹਿਰਾ ਦੇਣ ਦੀ ਦਲੀਲ ਲਗਾਤਾਰ ਪੇਸ਼ ਕੀਤੀ। ਫੌਰੀ ਮਸਲਿਆਂ ਵਿੱਚ ਬੇਅਦਬੀ ਦੇ ਕਸੂਰਵਾਰਾਂ ਦੀ ਸ਼ਨਾਖ਼ਤ, ਗ੍ਰਿਫ਼ਤਾਰੀ ਅਤੇ ਸਜ਼ਾ ਉਭਰ ਕੇ ਆਏ। ਇਸ ਦੇ ਨਾਲ ਦੋ ਮੁਜ਼ਾਹਰਾਕਾਰੀਆਂ ਦੇ ਕਤਲ ਲਈ ਕਸੂਰਵਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਦੇ ਮਾਮਲੇ ਜ਼ੋਰ ਨਾਲ ਉਭਾਰੇ ਗਏ। ਵੱਡੇ ਇਕੱਠ ਵਿੱਚ ਸਿਆਸਤਦਾਨ ਬੋਚ ਕੇ ਬੋਲਦੇ ਨਜ਼ਰ ਆਏ। ਪ੍ਰਚਾਰਕਾਂ ਦੀ ਅਗਵਾਈ ਅਤੇ ਲੋਕਾਂ ਦੇ ਆਪਮੁਹਾਰੇ ਉਭਾਰ ਸਾਹਮਣੇ ਉਨ੍ਹਾਂ ਦੇ ਆਗੂਆਂ ਵਾਲੇ ਰੁਤਬੇ ਖੁੱਸ ਗਏ ਜਾਪਦੇ ਸਨ। ਹੁਣ ਤੱਕ ਸਿਆਸੀ ਸੇਧ ਦੇਣ ਦਾ ਦਾਅਵਾ ਕਰਨ ਵਾਲੇ ਪੰਥਕ ਸਿਆਸਤਦਾਨ ਬਰਗਾੜੀ ਵਿੱਚ ਹੱਥ ਜੋੜ ਕੇ ਪ੍ਰਚਾਰਕਾਂ ਤੋਂ ਸੇਧ ਮੰਗ ਰਹੇ ਸਨ।
ਇਸ ਮੌਕੇ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਨਿਸ਼ਾਨੇ ਉੱਤੇ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈ ਪ੍ਰਕਾਸ਼ ਨਾਰਾਇਣ ਦੇ 113ਵੇਂ ਜਨਮਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਭਾਰਤ ਦਾ ਨੈਲਸਨ ਮੰਡੇਲਾ’ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਸ਼ਤਿਹਾਰਾਂ ਰਾਹੀਂ ਪੰਜਾਬ ਦੇ ਅਖ਼ਬਾਰਾਂ ਅਤੇ ਵੈੱਬਸਾਇਟਾਂ ਉੱਤੇ ‘ਨੈਲਸਨ ਮੰਡੇਲਾ ਕਰਾਰ ਦਿੱਤੇ ਜਾਣ ਉੱਤੇ ਵਧਾਈਆਂ’ ਦੇ ਆਪਣੀ ਨੇੜਤਾ ਦਾ ਇਜ਼ਹਾਰ ਕੀਤਾ। ਬਰਗਾੜੀ ਦੇ ਭੋਗ ਸਮਾਗਮ ਵਿੱਚ ਇਸੇ ਰੀਤ ਦਾ ਦੂਜਾ ਪਾਸਾ ਸਰਗਰਮ ਰਿਹਾ। ਬੁਲਾਰਿਆਂ ਵਿੱਚ ਬਾਦਲ ਨੂੰ ਬਾਬਰ, ਜਾਬਰ, ਅਬਦਾਲੀ ਅਤੇ ਮੀਰ ਮੰਨੂ ਕਰਾਰ ਦਿੱਤੇ ਜਾਣ ਦਾ ਮੁਕਾਬਲਾ ਹੁੰਦਾ ਰਿਹਾ। ਸੰਗਤ ਅੰਦਰ ਜੁੜ ਬੈਠੀ ਬੇਅਦਬੀ ਦੀ ਠੇਸ ਅਤੇ ਰੋਜ਼ਾਨਾ ਦੁਸ਼ਵਾਰੀਆਂ ਦੀ ਮਾਰ ਹੁੰਗਾਰਾ ਭਰਦੀ ਰਹੀ। ਜੇ ਇੱਕ ਪਾਸੇ ਮੰਚ ਤੋਂ ਸਰਹੰਦ ਦਾ ਇਤਿਹਾਸ ਸੁਣਾਇਆ ਜਾ ਰਿਹਾ ਸੀ ਤਾਂ ਮਲੇਰਕੋਟਲੇ ਤੋਂ ਸਿੱਖ-ਮੁਸਲਿਮ ਫਰੰਟ ਦੇ ਮੁੰਹਮਦ ਸ਼ਹਿਜਾਦ ਵੀ ‘ਹਾਅ ਦਾ ਨਾਅਰਾ’ ਮਾਰਨ ਪੁੱਜੇ ਸਨ।
ਮੰਚ ਅਤੇ ਆਈ ਸੰਗਤ ਦੇ ਆਲੇ-ਦੁਆਲੇ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੀਆਂ ਕਿਤਾਬਾਂ, ਟੀ-ਸ਼ਰਟਾਂ ਅਤੇ ਪੋਸਟਰ ਵਿਕ ਰਹੇ ਸਨ। ਇੱਕ ਨੌਜਵਾਨ ਖਾਲਿਸਤਾਨ ਲਿਖਵਾ ਕੇ ਕੇਸਰੀ ਝੰਡਾ ਚੁੱਕੀ ਘੁੰਮਦਾ ਸੀ। ਕੁਝ ਹੱਥ ਪਰਚੀਆਂ ਵੰਡੀਆਂ ਜਾ ਰਹੀਆਂ ਸਨ। ਸਿੱਖ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ਉੱਤੇ ਬੈਠੇ ਸੂਰਤ ਸਿੰਘ ਦੀ ਹੱਥ ਪਰਚੀ ਵਿੱਚ ਅਕਾਲ ਤਖ਼ਤ ਦੀ ਖੁਦਮੁਖ਼ਤਿਆਰੀ, ਸਜ਼ਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ, ਕੌਮੀ ਮਸਲਿਆਂ ਦੇ ਸਦੀਵੀ ਹੱਲ ਅਤੇ 10 ਨਵੰਬਰ ਨੂੰ 2015 ਨੂੰ ਸਰਬੱਤ ਖ਼ਾਲਸਾ ਵਿੱਚ ਪੁੱਜਣ ਦਾ ਸੱਦਾ ਸੀ। ਇਸ ਵਿੱਚੋਂ ਬੇਅਦਬੀ ਦਾ ਮਸਲਾ ਗ਼ੈਰ-ਹਾਜ਼ਰ ਸੀ। ਸੱਦਾ ਦੇਣ ਵਾਲੀ ਜਥੇਬੰਦੀ ਗ਼ੈਰ-ਹਾਜ਼ਰ ਸੀ। ਸੰਪਰਕ ਲਈ ਫੇਸਬੁੱਕ, ਯੂ-ਟਿਉਬ, ਈਮੇਲ, ਵਟੱਸਅੱਪ ਅਤੇ ਟਵਿੱਟਰ ਹੈਂਡਲ ਦਰਜ ਕੀਤੇ ਗਏ ਸਨ। ਇਹ ਹੱਥ-ਪਰਚੀ ਸੋਸ਼ਲ ਮੀਡੀਆ ਦੇ ਦੌਰ ਵਿੱਚ ਡਿਜੀਟਲ ਦੁਨੀਆਂ ਦੀ ਬਰਗਾੜੀ ਤੱਕ ਪਹੁੰਚ ਦੀ ਨਿਸ਼ਾਨੀ ਵਜੋਂ ਵੀ ਦੇਖੀ ਜਾ ਸਕਦੀ ਹੈ। ਹੁਣ ਤੱਕ ‘ਬਾਪੂ’ ਦੇ ਵਿਸ਼ੇਸ਼ਣ ਨਾਲ ਪ੍ਰਚਾਰੇ ਗਏ ਸੂਰਤ ਸਿੰਘ ਇਸ ਹੱਥ-ਪਰਚੀ ਵਿੱਚ ‘ਜੱਥੇਦਾਰ’ ਵਜੋਂ ਕਿਉਂ ਪੇਸ਼ ਹੋਏ ਹਨ? ਉਹ ਕਿਸ ਜਥੇ ਦੇ ਜਥੇਦਾਰ ਹਨ? ਸਿੱਖਸ ਫਾਰ ਜਸਟਿਸ ਦੀ ਹੱਥ-ਪਰਚੀ ਵਿੱਚ ਤਾਂ ਜਾਰੀ ਕਰਨ ਵਾਲੇ ਦਾ ਕੋਈ ਅਤਾ-ਪਤਾ ਨਹੀਂ ਸੀ। ਇਸ ਪਰਚੀ ਵਿੱਚ ‘1984’ ਅਤੇ ‘2015’ ਦੇ ਹੇਠਾਂ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਝ ਨਸਲਕੁਸ਼ੀ – ਲਗਾਤਾਰ ਜਾਰੀ’ ਲਿਖ ਕੇ ‘ਗੁਰੂ ਗ੍ਰੰਥ-ਗੁਰੂ ਪੰਥ ਆਜ਼ਾਦ ਮਾਰਚ’ ਦਾ ਸੱਦਾ ਦਿੱਤਾ ਗਿਆ ਹੈ। ਵਿਦੇਸ਼ਾਂ ਦੀ ਨੁਮਾਇਸ਼ੀ ਸਿਆਸਤ ਪੰਜਾਬ ਵਿੱਚ ਪਰਦਾਧਾਰੀ ਕਿਉਂ ਬਣ ਜਾਂਦੀ ਹੈ? ਇਸ ਮਾਹੌਲ ਵਿੱਚ ਸੋਚ-ਵਿਚਾਰ ਨੂੰ ਰੋਹ ਦੇ ਵੇਗ ਅਤੇ ਵਹਾ ਵਿੱਚ ਰੱਦ ਕਰ ਦਿੱਤਾ ਗਿਆ ਹੈ।
_PDL1341ਇਸ ਵੇਲੇ ਸਿਰਫ਼ ਠੇਸ ਹੈ ਅਤੇ ਪੰਜਾਬ ਸਰਕਾਰ ਦੀ ਕਸੂਰਵਾਰ ਵਜੋਂ ਸ਼ਨਾਖ਼ਤ ਹੈ। ਸੂਬੇ ਦੀ ਮੰਦਹਾਲੀ, ਗੁਰਦੁਆਰਿਆਂ ਦੀ ਬਦਇੰਤਜ਼ਾਮੀ ਅਤੇ ਬੇਅਦਬੀ ਦੇ ਸੁਆਲ ਸੂਬਾ ਸਰਕਾਰ ਦੀ ਜੁਆਬਤਲਬੀ ਕਰਨ ਵਾਲੇ ਹਨ। ਸੂਬਾ ਸਰਕਾਰ ਅਤੇ ਦੂਜੇ ਪਾਸਿਓਂ ਪੰਥ ਦੀ ਨੁਮਾਇੰਦਗੀ ਕਰਨ ਵਾਲੀਆਂ ਜਥੇਬੰਦੀਆਂ ਇੱਕ ਨੁਕਤੇ ਉੱਤੇ ਸਹਿਮਤ ਹਨ ਕਿ ਇਨ੍ਹਾਂ ਮਸਲਿਆਂ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਬੇਅਦਬੀ ਤੋਂ ਬਿਨਾਂ ਬਾਕੀ ਮਸਲੇ ਤਾਂ ਸਿਆਸੀ ਸਨ। ਇਸ ਦਾ ਕੀ ਮਤਲਬ ਹੈ? ਕੀ ਬੇਅਦਬੀ ਕਾਰਨ ਸਰਗਰਮ ਹੋਈਆਂ ‘ਪੰਥਕ’ ਧਿਰਾਂ ਦੀ ਸਿਆਸੀ ਖੜੋਤ ਜਿਉਂ ਦੀ ਤਿਉਂ ਕਾਇਮ ਹੈ? ਕੀ ਇਹ ਧਿਰਾਂ ਸਿਆਸੀ ਮੰਚ ਉੱਤੇ ਬੇਮਾਅਨੇ ਹੋ ਗਈਆਂ ਹਨ? ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਮੁੱਦੇ ਉੱਤੇ ਦਿੱਤਾ ਗਿਆ ‘ਸਰਬੱਤ ਖ਼ਾਲਸੇ ਦਾ ਸੱਦਾ’ ਬਰਗਾੜੀ ਦੇ ਭੋਗ ਸਮਾਗਮ ਤੱਕ ਬੇਮਾਅਨਾ ਕਿਉਂ ਹੋ ਗਿਆ ਜਾਪਦਾ ਹੈ? ਇਸ ਦਾ ਪ੍ਰਵਾਨ ਕੀਤੇ ਗਏ ਨੌ ਮਤਿਆਂ ਵਿੱਚ ਜ਼ਿਕਰ ਤੱਕ ਨਹੀਂ। ਕਈ ਬੁਲਾਰਿਆਂ ਅਤੇ ‘ਜੱਥੇਦਾਰ’ ਸੂਰਤ ਸਿੰਘ ਦੀ ਹੱਥ-ਪਰਚੀ ਨੇ ਸਰਬੱਤ ਖ਼ਾਲਸੇ ਵਿੱਚ ਸ਼ਮੂਲੀਅਤ ਦਾ ਹੋਕਾ ਦਿੱਤਾ ਜੋ ਸਾਂਝੀ ਸੋਚ ਵਜੋਂ ਜਾਂ ਘੱਟੋ-ਘੱਟ ਸਾਂਝੀ ਸਮਝ ਵਿੱਚ ਸ਼ਾਮਿਲ ਨਹੀਂ ਹੋ ਸਕਿਆ। ਪ੍ਰਵਾਨ ਕੀਤੇ ਗਏ ਮਤਿਆਂ ਵਿੱਚ ਮੰਗਾਂ ਅਤੇ ਸ਼ੰਘਰਸ਼ ਦੇ ਢੰਗ-ਤਰੀਕਿਆਂ ਦੀ 15 ਨਵੰਬਰ ਤੱਕ ਦੀ ਵਿਉਂਤਬੰਦੀ ਹੈ ਤਾਂ 10 ਨਵੰਬਰ ਦਾ ‘ਸਰਬੱਤ ਖ਼ਾਲਸੇ’ ਦਾ ਸੱਦਾ ਗ਼ੈਰ-ਹਾਜ਼ਰ ਕਿਉਂ ਹੈ?
ਕੁਝ ਧਾਰਨਾਵਾਂ ਸਾਫ਼ ਹੁੰਦੀਆਂ ਦਿਖਾਈ ਦਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮਾਰੇ ਗਏ ਮੁਜ਼ਾਹਰਾਕਾਰੀਆਂ ਅਤੇ ਬੇਕਸੂਰਾਂ ਦੀ ਗ੍ਰਿਫ਼ਤਾਰੀ ਦੇ ਮਸਲੇ ਸੋਗਵਾਰ ਹਨ। ਇਸ ਸੋਗ ਵਿੱਚ ਜੁੜੀ ਸੰਗਤ ਆਪਣੀ ਠੇਸ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਵੀ ਨਿਭਾ ਰਹੀ ਹੈ। ਰੋਜ਼ਾਨਾ ਦੀਆਂ ਦੁਸ਼ਵਾਰੀਆਂ ਕਾਰਨ ਉਨ੍ਹਾਂ ਅੰਦਰ ਸਰਕਾਰ ਖ਼ਿਲਾਫ਼ ਰੋਹ ਹੈ ਜੋ ਇਸ ਮੌਕੇ ਬੇਕਾਬੂ ਹੋ ਗਿਆ ਹੈ। ਕੀ ਇਹ ਕੁਝ ਦਿਨਾਂ ਦੇ ਆਪਮੁਹਾਰੇ ਪ੍ਰਗਟਾਵੇ ਤੋਂ ਬਾਅਦ ਠੰਢਾ ਹੋ ਜਾਵੇਗਾ? ਇਹ ਸੰਭਾਵਨਾ ਬਹੁਤ ਵੱਡੇ ਪੱਧਰ ਉੱਤੇ ਪਈ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਪਿਛਲੇ ਚਾਰ ਦਹਾਕਿਆਂ ਦੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਸਮਝਣ ਦਾ ਨਵਾਂ ਮੌਕਾ ਹੋਵੇਗਾ। ਹੁਣ ਤੱਕ ਪਿਛਲੇ ਚਾਰ ਦਹਾਕਿਆਂ ਦੇ ਇਤਿਹਾਸ ਨੂੰ ਚੋਣਵੇਂ ਤੱਥਾਂ ਅਤੇ ਪ੍ਰਚਾਰ ਦੇ ਪੱਧਰ ਉੱਤੇ ਸਮਝਿਆ ਗਿਆ ਹੈ। ਇਸੇ ਰੁਝਾਨ ਤਹਿਤ ਸ਼ਰਧਾ ਨਾਲ ਜੋੜ ਕੇ ਕਈ ਅਕਸ ਉਸਾਰੇ ਗਏ ਹਨ। ਬੀਤੇ ਨੂੰ ਨਾ ਭੁੱਲਣ ਅਤੇ ਨਾ ਬਖ਼ਸ਼ਣ ਦੀ ਦਲੀਲ ਬਹੁਤ ਜ਼ੋਰ ਨਾਲ ਦਿੱਤੀ ਜਾਂਦੀ ਰਹੀ ਹੈ। ਹੁਣ ਇਹ ਸੁਆਲ ਪੁੱਛਣ ਦਾ ਮੌਕਾ ਹੈ ਕਿ ਕੀ ਠੇਸ ਜਾਂ ਸਦਮਾ ਹੀ ਸਿਆਸਤ ਦੀ ਸਵਾਰੀ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਵਿੱਚ ਨਾਕਾਮਯਾਬ ਰਹੀ ਪੰਥਕ ਸਿਆਸਤ ਦੀ ਸਮੁੱਚੀ ਵੰਨ-ਸਵੰਨਤਾ ਸਾਹਮਣੇ ਸੁਆਲ ਖੜ੍ਹਾ ਹੈ ਕਿ ਠੇਸ ਅਤੇ ਸਦਮਿਆਂ ਨਾਲ ਉਸਰੇ ਬੁੱਤ ਕਿੰਨਾ ਚਿਰ ਕਾਇਮ ਰਹਿ ਸਕਣਗੇ? ਜੇ ਸਮਕਾਲੀ ਦੌਰ ਵਿੱਚ ਬੇਅਦਬੀ ਕਾਰਨ ਉਪਜਿਆ ਰੋਹ ਸਿਆਸੀ ਸੁਆਲਾਂ ਨੂੰ ਸਹਿਜ-ਸੁਭਾਅ ਨਜ਼ਰਅੰਦਾਜ਼ ਕਰ ਜਾਂਦਾ ਹੈ ਜਾਂ ਮੁਖ਼ਾਤਬ ਹੋਣ ਤੋਂ ਟਾਲਾ ਵੱਟ ਜਾਂਦਾ ਹੈ ਤਾਂ ਇਸ ਰੁਝਾਨ ਦੀ ਇਤਿਹਾਸ ਵਿੱਚੋਂ ਪੈੜ ਨੱਪਣੀ ਪਵੇਗੀ? ਮੌਜੂਦਾ ਹਾਲਾਤ ਅਤੇ ਬੇਅਦਬੀ ਦੇ ਸੁਆਲਾਂ ਨੇ ਜੁੜ ਕੇ ਇਤਿਹਾਸ ਨੂੰ ਸਮਝਣ ਦਾ ਮੌਕਾ ਦਿੱਤਾ ਹੈ। ਇਸ ਵੇਲੇ ਪੰਜਾਬ ਆਪਣੇ ਗੁੰਝਲਦਾਰ ਖ਼ਾਸੇ ਨਾਲ ਸਾਡੇ ਸਨਮੁੱਖ ਹੈ। ਇਹ ਜ਼ਰੂਰੀ ਨਹੀਂ ਕਿ ਸਾਨੂੰ ਇਸ ਗੁੰਝਲ ਦੀ ਅੰਤਿਮ ਸਮਝ ਆ ਜਾਵੇ ਪਰ ਪਹਿਲਾਂ ਨਾਲੋਂ ਸਾਡੀ ਸਮਝ ਬਿਹਤਰ ਤਾਂ ਹੋ ਹੀ ਸਕਦੀ ਹੈ।

(ਇਹ ਲੇਖ ਪੰਜਾਬ ਟਾਈਮਜ਼ ਨੇ 31 ਅਕਤੂਬਰ 2015 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s