ਸੁਆਲ-ਸੰਵਾਦ: ਡਾਲਰਾਂ ਦੀ ਲਿਸ਼ਕ ਵਿੱਚ ‘ਦਿੱਲੀ ਦੇ ਕਿੰਗਰੇ’ ਅਤੇ ‘ਲਾਹੌਰ ਦਾ ਤਖ਼ਤ’

ਦਲਜੀਤ ਅਮੀ

Sarbat Khalsa Today
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਯੂਬਾ ਸਿਟੀ ਵਿੱਚ ਨੌਰਥ ਅਮੈਰੀਕਨ ਸਿੱਖ ਸੱਮਿਟ (31 ਅਕਤੂਬਰ) ਹੋਇਆ। ਇਸ ਸੱਮਿਟ ਵਿੱਚ ਤਿੰਨ ਮਤੇ ਪ੍ਰਵਾਨ ਕੀਤੇ ਗਏ ਅਤੇ ਦਾਅਵਾ ਕੀਤਾ ਗਿਆ ਕਿ ਸੌ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਨੇ ਪੰਜਾਬ ਵਿੱਚ ਸਿੱਖਾਂ ਦੇ ਮੌਜੂਦਾ ਸੰਕਟ ਉੱਤੇ ਵਿਚਾਰ-ਵਟਾਂਦਰਾ ਕੀਤਾ। ਇਸੇ ਤਰਜ਼ ਉੱਤੇ ਇੰਗਲੈਂਡ ਵਿੱਚ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਨੇ ਬਰਮਿੰਗਮ ਵਿੱਚ ਵਰਲਡ ਸਿੱਖ ਸੱਮਿਟ (31 ਅਕਤੂਬਰ) ਕੀਤਾ ਜਿਸ ਵਿੱਚ ਵੀਂਹ ਮੁਲਕਾਂ ਵਿੱਚੋਂ ਸਿੱਖਾਂ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ ਅਤੇ ਅੱਠ ਮਤੇ ਪ੍ਰਵਾਨ ਕੀਤੇ ਗਏ। ਇਨ੍ਹਾਂ ਦੋਵਾਂ ਸਮਾਗਮਾਂ ਦਾ ਆਪਸ ਵਿੱਚ ਭਾਵੇਂ ਸਿੱਧਾ ਰਿਸ਼ਤਾ ਨਾ ਹੋਵੇ ਪਰ ਇਨ੍ਹਾਂ ਵਿੱਚ ਪ੍ਰਵਾਨ ਕੀਤੇ ਗਏ ਮਤਿਆਂ ਦਾ ਆਪਸ ਵਿੱਚ ਪੇਚੀਦਾ ਰਿਸ਼ਤਾ ਬਣਦਾ ਹੈ। ਦੋਵਾਂ ਸਮਾਗਮਾਂ ਦਾ ਫ਼ੌਰੀ ਕਾਰਨ ਭਾਵੇਂ ਪੰਜਾਬ ਦੇ ਮੌਜੂਦਾ ਹਾਲਾਤ ਦੱਸਿਆ ਗਿਆ ਹੈ ਪਰ ਮੀਡੀਆ ਵਿੱਚ ਨਸ਼ਰ ਹੋਈ ਤਫ਼ਸੀਲ ਤੋਂ ਜਾਪਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਜਾਂ ਰੱਦ ਕਰਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪੰਜ ਪਿਆਰਿਆਂ ਅਤੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੇ ਮਸਲੇ ਮਹਿਜ ਸਬੱਬ ਬਣੇ ਹਨ।
ਦੋਵਾਂ ਸਮਾਗਮਾਂ ਦੇ ਮਤਿਆਂ ਵਿੱਚ ਕੁਝ ਸ਼ਬਦਾਂ ਦੀ ਵਰਤੋਂ ਕੀਤੇ ਬਿਨਾਂ ਦਲੀਲ ਸਾਫ਼ ਪੇਸ਼ ਕੀਤੀ ਗਈ ਹੈ। ਇਨ੍ਹਾਂ ਦੋਵਾਂ ਸਮਾਗਮਾਂ ਦੇ ਮਤਿਆਂ ਦਾ ਰਿਸ਼ਤਾ ਗੁਰਦੁਆਰਾ ਪ੍ਰਬੰਧ ਅਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਨਾਲ ਹੈ ਪਰ ਇਹ ਉੱਤਰੀ ਅਮਰੀਕਾ ਅਤੇ ਯੂਰਪ ਦੇ ਸਿੱਖਾਂ ਦੀ ਇਨ੍ਹਾਂ ਮਸਲਿਆਂ ਵਿੱਚ ਵਧੇਰੇ ਸੁਣਵਾਈ ਦੀ ਗੱਲ ਵਧੇਰੇ ਜ਼ੋਰ ਨਾਲ ਕਰਦੇ ਹਨ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਦਾ ਹਿੱਸਾ ਬਣਨ ਦੀ ਚਾਹਵਾਨ ਜਥੇਬੰਦੀ ਲਈ ਦੋ ਸ਼ਰਤਾਂ ਰੱਖੀਆਂ ਗਈਆਂ ਹਨ ਜੋ ਇਨ੍ਹਾਂ ਮਤਿਆਂ ਵਿੱਚ ਬੇਨਾਮੀਆ ਅਤੇ ਮੂੰਹਜ਼ੋਰ ਹੋ ਕੇ ਹਾਜ਼ਰ ਹਨ। ਦੋਵਾਂ ਸਮਾਗਮਾਂ ਦੇ ਮਤਿਆਂ ਵਿੱਚ ਅਕਾਲ ਤਖ਼ਤ ਦੀ ਗੁਰਮਤਿ ਮਰਿਆਦਾ, ਜਥੇਦਾਰ ਦੇ ਰੁਤਬੇ ਅਤੇ ਸਰਬੱਤ ਖ਼ਾਲਸਾ ਵਰਗੇ ਮਸਲੇ ਦਰਜ ਕੀਤੇ ਗਏ ਹਨ। ਇਹ ਸਾਰੇ ਮਸਲਿਆਂ ਦਾ ਜ਼ਿਕਰ ਉੱਤਰੀ ਅਮਰੀਕੀ ਅਤੇ ਯੂਰਪੀ ਸਿੱਖਾਂ ਦੇ ਪੈਂਤੜੇ ਤੋਂ ਹੋਇਆ ਪਰ ਇਨ੍ਹਾਂ ਦੀ ਅਸਰਅੰਦਾਜ਼ੀ ਪੰਜਾਬ ਉੱਤੇ ਹੋਣੀ ਹੈ। ਇਸ ਲਈ ਇਨ੍ਹਾਂ ਸਮਾਗਮਾਂ ਅਤੇ ਮਤਿਆਂ ਦੇ ਹਵਾਲੇ ਨਾਲ ਉੱਤਰੀ ਅਮਰੀਕੀ ਅਤੇ ਯੂਰਪੀ ਸਿੱਖ ਜਥੇਬੰਦੀਆਂ ਦਾ ਪੰਜਾਬ ਨਾਲ ਰਿਸ਼ਤਾ ਸਮਝਣਾ ਜ਼ਰੂਰੀ ਹੈ। ਇਨ੍ਹਾਂ ਰਿਸ਼ਤਿਆਂ ਨੂੰ ਸਮਝਣ ਦੇ ਉਪਰਾਲੇ ਵਿੱਚ ਪੇਚੀਦਗੀ ਇਹ ਵੀ ਹੈ ਕਿ ਇਹ ਸਮਾਗਮ ਜਾਂ ਮਤੇ ਉਨ੍ਹਾਂ ਮੁਲਕਾਂ ਦੇ ਸਮੁੱਚੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ। ਇਹ ਸਰਦੇ-ਪੁੱਜਦੇ ਸਿੱਖਾਂ ਦੀ ਧਾਰਮਿਕ ਮਸਲਿਆਂ ਉੱਤੇ ‘ਸਮਝ’ ਦੇ ਨਾਲ-ਨਾਲ ਉਨ੍ਹਾਂ ਦੇ ਸਿਆਸੀ ਮਨਸ਼ਿਆਂ ਦੀ ਨੁਮਾਇੰਦਗੀ ਕਰਦੇ ਜਾਪਦੇ ਹਨ।
ਯੁਵਾ ਸਿਟੀ ਵਾਲੇ ਸਮਾਗਮ ਦੇ ਮਤਿਆਂ ਵਿੱਚ ਅਕਾਲ ਤਖ਼ਤ ਨੂੰ ਗੁਰਮਤਿ ਮਰਿਆਦਾ ਮੁਤਾਬਕ ਕਿਸੇ ਸਿਆਸੀ ਅਤੇ ਨਿਜ਼ਾਮ ਦੇ ਘੇਰੇ ਤੋਂ ਬਾਹਰ ਖ਼ੁਦਮੁਖ਼ਤਿਆਰ ਅਦਾਰੇ ਵਜੋਂ ਮੁੜ-ਸਥਾਪਿਤ ਕਰਨਾ ਸ਼ਾਮਿਲ ਹੈ। ਇਹ ਮਤਾ ਅਕਾਲ ਤਖ਼ਤ ਦੇ ਜਥੇਦਾਰ ਦੀ ਯੋਗਤਾ ਤੈਅ ਕਰਨ ਅਤੇ ਉਸ ਦੀ ਕਾਰਗੁਜ਼ਾਰੀ ਨੂੰ ਪਾਰਦਰਸ਼ੀ ਅਤੇ ਜੁਆਬਦੇਹ ਕਰਨ ਦੀ ਗੱਲ ਕਰਦਾ ਹੋਇਆ ਤਿੰਨ ਕਰੋੜ ਸਿੱਖਾਂ ਦੀ ਆਲਮੀ ਆਵਾਜ਼ ਨੂੰ ਸੁਣੇ ਜਾਣ ਦੀ ਮੰਗ ਕਰਦਾ ਹੈ। ਇਸ ਦੇ ਨਾਲ ਹੀ ਪੰਜ ਪਿਆਰਿਆਂ ਦੀ ਮਰਿਆਦਾ ਕਾਇਮ ਰੱਖਣ ਦਾ ਕਾਰਜ ਦਰਜ ਹੈ। ਦੂਜਾ ਮਤਾ (10 ਨਵੰਬਰ ਨੂੰ ਹੋਣ ਵਾਲੇ) ਸਰਬੱਤ ਖ਼ਾਲਸਾ ਦੀ ਹਮਾਇਤ ਕਰਦਾ ਹੋਇਆ ਉੱਤਰੀ ਅਮਰੀਕੀ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਗੱਲ ਕਰਦਾ ਹੈ ਅਤੇ ਪੰਥ ਨੂੰ 2016 ਦੀ ਵਿਸਾਖੀ ਤੱਕ ਜਥੇਦਾਰ ਦੀ ਆਰਜ਼ੀ ਨਾਮਜ਼ਦਗੀ ਦੀ ਹੱਕ ਦਿੰਦਾ ਹੈ। ਇਹ ਮਤਾ ਅਪਰੈਲ ੨੦੧੬ ਤੱਕ ਅਗਲਾ ਸਰਬੱਤ ਖ਼ਾਲਸਾ ਬੁਲਾਉਣ ਅਤੇ ਸਭ ਨੂੰ ਵਿਚਾਰਧਾਰਕ ਵੱਖਰੇਵਿਆਂ ਦੇ ਬਾਵਜੂਦ 10 ਨਵੰਬਰ ਨੂੰ ਸਰਬੱਤ ਖ਼ਾਲਸਾ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕਰਦਾ ਹੈ। ਤੀਜਾ ਮਤਾ ਉੱਤਰੀ ਅਮਰੀਕੀ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕਰਦਾ ਹੋਇਆ ਗੁਰਦੁਆਰਿਆਂ ਅਤੇ ਜਥੇਬੰਦੀਆਂ ਵਿੱਚੋਂ ਦੋ ਨੁਮਾਇੰਦਿਆਂ ਨੂੰ ਸ਼ਾਮਿਲ ਕਰਨ ਦੀ ਫ਼ੈਸਲਾ ਕਰਦਾ ਹੈ। ਇਹ ਬਿਨਾਂ ਕਿਸੇ ਉੱਚ-ਨੀਚ (ਦਰਜਾਬੰਦੀ) ਤੋਂ ਅਪਰੈਲ 2016 ਤੱਕ ਮੁਕਾਮੀ ਵਿਚਾਰ ਚਰਚਾਵਾਂ ਰਾਹੀਂ ਢਾਂਚਾ ਤੈਅ ਕਰਨ ਦੀ ਤਜਵੀਜ਼ ਪੇਸ਼ ਕਰਦਾ ਹੈ।
ਦੂਜੇ ਪਾਸੇ ਬਰਮਿੰਗਮ ਵਾਲੇ ਸਮਾਗਮ ਵਿੱਚ ਪਹਿਲਾ ਮਤਾ ਆਜ਼ਾਦ ਅਤੇ ਖ਼ੁਦਮੁਖ਼ਤਿਆਰ ਸਿੱਖ ਰਾਜ ਦਾ ਵਾਅਦਾ ਕਰਦਾ ਹੈ। ਦੂਜਾ ਮਤਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਫ਼ਖ਼ਰਿ ਕੌਮ’ ਦੀ ਥਾਂ ‘ਗੱਦਾਰਿ ਕੌਮ’ ਕਰਾਰ ਦਿੰਦਾ ਹੈ। ਇਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਵਤਾਰ ਸਿੰਘ ਮੱਕੜ ਦੇ ਨਾਵਾਂ ਵਿੱਚੋਂ ‘ਸਿੰਘ’ ਹਟਾਏ ਜਾਣ ਦਾ ਫ਼ੈਸਲਾ ਕਰਦਾ ਹੈ। ਤੀਜਾ ਮਤਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੂੰ ਸਮਾਜ ਵਿੱਚੋਂ ਛੇਕਣ ਦਾ ਫ਼ੈਸਲਾ ਕਰਦਾ ਹੋਇਆ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੇ ਅਸਤੀਫ਼ਿਆਂ ਦੀ ਮੰਗ ਕਰਦਾ ਹੈ। ਇਹ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਕੌਮ ਨਾਲ ਗੱਦਾਰੀ ਕਰਨ ਅਤੇ ਸਿੱਖ ਵਿਰੋਧੀ ਸਰਗਰਮੀਆਂ ਕਾਰਨ ਅਹੁਦਿਆਂ ਤੋਂ ਹਟਾ ਕੇ ਸਮਾਜ ਵਿੱਚੋਂ ਛੇਕੇ ਜਾਣ ਦਾ ਫਰਮਾਨ ਜਾਰੀ ਕਰਦਾ ਹੈ। ਚੌਥਾ ਮਤਾ ਸਿੱਖਾਂ ਨੂੰ ਇੱਕਮੁੱਠ ਕਰਨ ਲਈ ਆਲਮੀ ਸਿੱਖ ਸੰਸਦ ਅਤੇ ਆਲਮੀ ਸਿੱਖ ਬੈਂਕ ਬਣਾਏ ਜਾਣ ਦੀ ਤਜਵੀਜ਼ ਪੇਸ਼ ਕਰਦਾ ਹੈ। ਪੰਜਵਾਂ ਮਤਾ ਪ੍ਰਵਾਨ ਕਰਦਾ ਹੈ ਕਿ ਸਰਬੱਤ ਖ਼ਾਲਸਾ ਰਾਹੀਂ ਆਲਮੀ ਸਿੱਖ ਬਰਾਦਰੀ ਦੀ ਨੁਮਾਇੰਦਗੀ ਕਰਨ ਵਾਲੇ ਜਥੇਦਾਰ ਬਣਾਏ ਜਾਣ ਦੀ ਮੰਗ ਅਹਿਮ ਹੈ। ਇਸ ਮਤੇ ਦਾ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਕਾਰਜ ਖੇਤਰ ਪੰਜਾਬ ਅਤੇ ਕੁਝ ਹੋਰ ਸੂਬਿਆਂ ਦੇ ਗੁਰਦੁਆਰਿਆਂ ਦੀ ਦੇਖਭਾਲ ਤੱਕ ਮਹਿਦੂਦ ਹੈ ਅਤੇ ਇਹ ਆਲਮੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ। ਛੇਵਾਂ ਮਤਾ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਅਦਾਰਿਆਂ ਦੀ ਸਹਿਮਤੀ ਨਾਲ ਸਰਬੱਤ ਖ਼ਾਲਸਾ ਪੰਜਾਬ ਵਿੱਚ ਬੁਲਾਏ ਜਾਣ ਦੀ ਮੰਗ ਉੱਤੇ ਜ਼ੋਰ ਦਿੰਦਾ ਹੈ। ਸੱਤਵਾਂ ਮਤਾ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸ਼ਾਤਮਈ ਮੁਜ਼ਹਰਾਕਾਰੀਆਂ ਉੱਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਾ ਹੈ। ਇਹ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹੈ। ਆਖ਼ਰੀ ਮਤਾ 29 ਅਪਰੈਲ 1986 ਨੂੰ ਕੀਤੇ ਗਏ ਆਜ਼ਾਦ ਸਿੱਖ ਰਾਜ ਦੇ ਐਲਾਨਨਾਮੇ ਦੀ 30ਵੀਂ ਵਰਸੀ ਪੂਰੀ ਦੁਨੀਆਂ ਵਿੱਚ ਮਨਾਏ ਜਾਣ ਦਾ ਐਲਾਨ ਕਰਦਾ ਹੈ।
ਇਨ੍ਹਾਂ ਮਤਿਆਂ ਦਾ ਅੰਦਰੂਨੀ ਤਣਾਅ ਨਜ਼ਰਅੰਦਾਜ਼ ਕਰਨ ਤੋਂ ਬਾਅਦ ਕੁਝ ਸੁਆਲ ਕੀਤੇ ਜਾਣੇ ਜ਼ਰੂਰੀ ਬਣਦੇ ਹਨ। ਇਨ੍ਹਾਂ ਮਤਿਆਂ ਨਾਲ ਜੁੜੀ ਸਿਆਸਤ ਪੰਜਾਬ ਵਿੱਚ ਹੋਣੀ ਹੈ। ਕੀ ਇਹ ਸੁਆਲ ਪੰਜਾਬ ਦੇ ਸਿੱਖ ਸਿਆਸਤ ਨਾਲ ਜੁੜੇ ਆਗੂਆਂ ਨੂੰ ਪੁੱਛਿਆ ਜਾਣਾ ਬਣਦਾ ਹੈ ਕਿ ਕੀ ਉਹ ਉੱਤਰੀ ਅਮਰੀਕੀ ਜਾਂ ਯੂਰਪੀ ਸਿੱਖਾਂ ਦੇ ਸਿਆਸੀ ਮਨਸੂਬਿਆਂ ਲਈ ਭਾੜੇ ਦੇ ਕਾਰਕੁਨ ਹਨ ਜਾਂ ਉਨ੍ਹਾਂ ਦੀ ਆਪਣੀ ਖ਼ੁਦਮੁਖ਼ਤਿਆਰੀ ਕੋਈ ਮਾਅਨੇ ਰੱਖਦੀ ਹੈ? ਇਨ੍ਹਾਂ ਮਤਿਆਂ ਵਿੱਚ ਉੱਤਰੀ ਅਮਰੀਕੀ ਜਾਂ ਯੂਰਪੀ ਸਿੱਖਾਂ ਦੀ ‘ਡਾਲਰੀ ਹਉਮੈ’ ਝਲਕਦੀ ਹੈ ਜਾਂ ਨਹੀਂ? ਕੀ ਪੰਜਾਬ ਦੇ ਮਸਲੇ ਉੱਤਰੀ ਅਮਰੀਕੀ ਜਾਂ ਯੂਰਪੀ ਸਿੱਖਾਂ ਦੇ ਦਸਬੰਧ ਦੀ ਧਾਰ ਨਾਲ ਤੈਅ ਕੀਤੇ ਜਾਣਗੇ ਜਾਂ ਆਪਣੇ ਘਰ ਦੀ ਰੁੱਖੀ-ਸੁੱਕੀ ਦਾ ਸਬਰ ਹਾਲੇ ਵੀ ਮਾਅਨੇ ਰੱਖਦਾ ਹੈ? ਜਦੋਂ ਮੌਜੂਦਾ ਸਿਆਸਤ ਦੇ ਹਰ ਪੱਖ ਦੀ ਪੜਚੋਲ ਵਿੱਚ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ਪਰਖ਼ੀ ਜਾਂਦੀ ਹੈ ਤਾਂ ਇਨ੍ਹਾਂ ਮਤਿਆਂ ਪਿਛਲੀ ‘ਡਾਲਰ ਤਾਕਤ’ ਦੀ ਪੜਚੋਲ ਕਿਉਂ ਨਹੀਂ ਹੋਣੀ ਚਾਹੀਦੀ?
ਪੂਰੀ ਦੁਨੀਆਂ ਦੀਆਂ ਪਰਵਾਸੀ ਬਰਾਦਰੀਆਂ ਉੱਤੇ ਜ਼ਿਆਦਾ ਖੋਜ ਪਰਵਾਸੀ ਬਰਾਦਰੀਆਂ ਦੇ ਲੋਕ ਕਰ ਰਹੇ ਹਨ। ਅਮਰੀਕਾ ਵਿੱਚ ਵਸਿਆ ਕੋਈ ਦੱਖਣੀ ਭਾਰਤੀ ਅਮਰੀਕੀ ਸਿੱਖਾਂ ਉੱਤੇ ਖੋਜ ਕਰਦਾ ਹੈ ਜਾਂ ਕੋਈ ਦੱਖਣੀ ਏਸ਼ੀਆਈ ਜਾਂ ਯੂਰਪੀ ਮੂਲ ਦਾ ਖੋਜੀ ਇਸੇ ਵਿਸ਼ੇ ਦਾ ਅਧਿਐਨ ਕਰਦਾ ਹੈ। ਇਨ੍ਹਾਂ ਖੋਜਾਂ ਵਿੱਚ ਖੋਜ ਦੇ ਵਿਸ਼ੇ ਅਤੇ ਖੋਜੀ ਦਾ ਹੇਰਵਾ ਅਸਰਅੰਦਾਜ਼ ਹੁੰਦਾ ਹੈ ਅਤੇ ਵਿਸ਼ਾ ਮਹਿਜ ਭਾਵੁਕ ਪੱਧਰ ਉੱਤੇ ਨਜਿੱਠਿਆ ਜਾਂਦਾ ਹੈ। ਜਦੋਂ ਉੱਤਰੀ ਅਮਰੀਕਾ, ਯੂਰਪ ਜਾਂ ਆਸਟਰੇਲੀਆ ਵਿੱਚ ਜਾਣ ਲਈ ਛਿੱਕੇ ਉੱਤੇ ਟੰਗੀਆਂ ਨੈਤਿਕ, ਧਾਰਮਿਕ, ਸੱਭਿਆਚਾਰਕ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਹਵਾਲੇ ਨਾਲ ਖੋਜ ਕੀਤੀ ਜਾਵੇਗੀ ਤਾਂ ਇਨ੍ਹਾਂ ਦੇ ਹੇਰਵੇ ਅੰਦਰਲੀ ਨਫ਼ਰਤ ਦੀਆਂ ਪਰਤਾਂ ਸਮਝ ਆਉਣਗੀਆਂ। ਦੂਜਾ ਪੱਖ ਇਹ ਹੈ ਕਿ ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਸਰਕਾਰਾਂ ਨੇ ਹਰ ਮੂਲ ਜਾਂ ਮੁਲਕ ਦੇ ਪਰਵਾਸੀਆਂ ਨੂੰ ਆਪਣੇ ਮੁਲਕਾਂ ਖ਼ਿਲਾਫ਼ ਬੋਲਣ ਦੀ ਖੁੱਲ੍ਹ ਦਿੱਤੀ ਹੈ। ਇਸੇ ਦੇ ਨਤੀਜੇ ਵਜੋਂ ਪਰਵਾਸੀ ਇਨ੍ਹਾਂ ਮੁਲਕਾਂ ਦੀ ਵਿਦੇਸ਼ ਨੀਤੀ ਦੇ ਅਲੰਬਰਦਾਰ ਬਣੇ ਹਨ। ਮਿਸਾਲ ਵਜੋਂ ਉੱਤਰੀ ਅਮਰੀਕੀ ਸਿੱਖ ਭਾਈਚਾਰੇ ਵਿੱਚੋਂ ਅਸਰ-ਰਸੂਖ਼ ਵਾਲਾ ਤਬਕਾ ਆਪਣੇ ਆਪ ਨੂੰ ਅਮਰੀਕੀ ਕਦਰਾਂ-ਕੀਮਤਾਂ ਦਾ ਬਿਹਤਰੀਨ ਪੈਰੋਕਾਰ ਸਿੱਧ ਕਰਨ ਵਿੱਚ ਲੱਗਿਆ ਹੋਇਆ ਹੈ। ਆਪਣੇ-ਆਪ ਨੂੰ ਮੁਸਲਮਾਨਾਂ ਨਾਲੋਂ ਵੱਖਰਾ ਸਾਬਤ ਕਰਨ ਵਿੱਚ ਇਹ ਤਬਕਾ ਜੇ ਵੱਖਰੀ ਪਛਾਣ ਦਾ ਸਹਾਰਾ ਲੈਂਦਾ ਹੈ ਤਾਂ ਵੱਡੀ ਅਮਰੀਕੀ ਪਛਾਣ ਵਿੱਚ ਸਮਾਉਂਦਾ ਹੋਇਆ ਇਸਲਾਮ ਖ਼ਿਲਾਫ਼ ਨਫ਼ਰਤ ਫੈਲਾਉਣ ਦਾ ਸੰਦ ਵੀ ਬਣਦਾ ਹੈ।
ਇੱਕ ਪਾਸੇ ਪਰਦੇਸੀਂ ਵਸਦੇ ਸਿੱਖ ਪੰਜਾਬ ਦੇ ਅਦਾਰਿਆਂ ਅਤੇ ਜਥੇਬੰਦੀਆਂ ਨਾਲ ਆਪਣਾ ਨਾਦੀ-ਬਾਂਦੀ ਰਿਸ਼ਤਾ ਰੱਖਦੇ ਹਨ ਪਰ ਦੂਜੇ ਪਾਸੇ ਇਨ੍ਹਾਂ ਦੀਆਂ ਵਫ਼ਾਦਾਰੀਆਂ ਤਾਂ ਆਪਣੇ ਮੁਲਕਾਂ ਨਾਲ ਹਨ। ਪੰਜਾਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਲੱਗੀ ਠੇਸ ਇਨ੍ਹਾਂ ਤੱਕ ਪੁੱਜਦੀ ਹੈ ਅਤੇ ਇਨ੍ਹਾਂ ਦੀ ਪੀੜ ਸੁਹਿਰਦ ਹੋ ਕੇ ਸਮਝਣੀ ਬਣਦੀ ਹੈ ਪਰ ਕੁਝ ਸੁਆਲ ਵੀ ਪੁੱਛੇ ਜਾਣੇ ਬਣਦੇ ਹਨ। ਇਹ ਆਪਣੇ ਮੁਲਕਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਠੇਸ ਇਸੇ ਸ਼ਿੱਦਤ ਨਾਲ ਕਿਉਂ ਨਹੀਂ ਮਹਿਸੂਸ ਕਰਦੇ? ਇਹ ਕੈਨੇਡਾ-ਅਮਰੀਕਾ ਦੀ ਸਰਹੱਦ ਉੱਤੇ ਆਪਣੇ ਤਬਕੇ ਦੇ ਤਸਕਰਾਂ ਰਾਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਦੂਰਵਰਤੋਂ ਨੂੰ ਬੇਅਦਬੀ ਕਿਉਂ ਨਹੀਂ ਸਮਝਦੇ? ਜਦੋਂ ਇਹ ਪੰਜਾਬ ਨੂੰ ਅਕਲ ਦੇਣ ਦੀ ਗੱਲ ਕਰਦੇ ਹਨ ਤਾਂ ਕਿਤੇ ਇਹ ਗੋਰੀ ਨਸਲ ਦੀ ਉਸੇ ਧਾਰਨਾ ਦੀ ਨੁਮਾਇੰਦਗੀ ਤਾਂ ਨਹੀਂ ਕਰਦੇ ਜੋ ਪੂਰੀ ਦੁਨੀਆ ਨੂੰ ‘ਫ਼ੌਜੀ ਹਮਲਿਆਂ ਜਾਂ ਭ੍ਰਿਸ਼ਟਾਚਾਰ ਜਾਂ ਆਪਣੇ ਝਾੜੂਬਰਦਾਰ ਨਿਜ਼ਾਮ ਰਾਹੀਂ ਜਮਹੂਰੀਅਤ ਦਾ ਸੁੱਖ’ ਦੇਣਾ ਚਾਹੁੰਦੀ ਹੈ? ਸ਼ਾਇਦ ਇਹ ਯਾਦ ਕਰਨ ਕੁਥਾਂ ਨਾ ਹੋਵੇ ਕਿ ਅਫ਼ਗ਼ਾਨਿਸਤਾਨ ਉੱਤੇ ਹਮਲਾ ਕਰਨ ਵੇਲੇ ਅਮਰੀਕਾ ਨੇ ਬੰਬ ਸੁੱਟਣ ਤੋਂ ਪਹਿਲਾਂ ਕੁਰਾਨ ਦੀ ਵਿਆਖਿਆ ਕਰਦੀਆਂ ਹੱਥ-ਪਰਚੀਆਂ ਦਾ ਹਵਾਈ-ਜਹਾਜ਼ਾਂ ਰਾਹੀਂ ਮੀਂਹ ਵਰਸਾਇਆ ਸੀ।
ਪੰਜਾਬ ਦੇ ਆਪਣੇ ਜਾਏ-ਜਾਈਆਂ ਵਿਦੇਸ਼ਾਂ ਦੀ ਧਰਤੀ ਵਿੱਚ ਬੇਗ਼ਾਨਗੀ ਹੰਢਾ ਰਹੇ ਹਨ। ਇਹ ਜ਼ਰੂਰੀ ਨਹੀਂ ਕਿ ਇਹ ‘ਆਪਣੇ’ ਹਮੇਸ਼ਾਂ ਪੰਜਾਬ ਦੇ ਹਮਦਰਦ ਹੀ ਹੋਣ। ਇਨ੍ਹਾਂ ਦਾ ਹੇਰਵਾ ਪੰਜਾਬ ਦੀਆਂ ਤਕਲੀਫ਼ਾਂ ਦਾ ਬਾਣਾ ਪਾ ਕੇ ਪੰਜਾਬ ਦਾ ਕੀ ਸੁਆਰ ਸਕਦਾ ਹੈ? ਇਹ ਸੁਆਲ ਤਾਂ ਪੰਜਾਬ ਨੂੰ ਔਖਾ ਹੋ ਕੇ ਵੀ ਪੁੱਛਣਾ ਹੀ ਪਵੇਗਾ ਕਿਉਂਕਿ ਸਾਡੀ ਹੋਂਦ ਦਾ ਇਮਤਿਹਾਨ ਸਿਰਫ਼ ਵਿਦੇਸ਼ੀਂ ਵਸਦੇ ‘ਆਪਣਿਆਂ’ ਜਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਹੇਰਵੇ ਨੇ ਨਹੀਂ ਸਗੋਂ ਪੰਜਾਬ ਦੀ ਸਰਜ਼ਮੀਨ ਨੇ ਲੈਣਾ ਹੈ। ਖ਼ੁਦਮੁਖ਼ਤਿਆਰੀ ਦਾ ਸੁਆਲ ਦੂਜੇ ਦੇ ਦਸਬੰਧ ਦੀ ਮਾਰ ਵਿੱਚੋਂ ਨਿਕਲ ਜਾਣ ਨਾਲ ਵੀ ਜੁੜਦਾ ਹੈ। ਇਨ੍ਹਾਂ ਸੁਆਲਾਂ ਨਾਲ ਪੰਜਾਬ ਦੇ ਸਿਆਸਤਦਾਨਾਂ ਦੀ ਨਾਕਸ ਕਾਰਗੁਜ਼ਾਰੀ ਜਾਂ ਅਦਾਰਿਆਂ ਅਤੇ ਜਥੇਬੰਦੀਆਂ ਦੀ ਬਦਨੀਅਤੀ ਘਟ ਨਹੀਂ ਜਾਂਦੀ ਪਰ ਪੰਜਾਬ ਵਸੇਂਦਿਆਂ-ਵਸੇਂਦੀਆਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ। ਆਖ਼ਰ ਪੰਜਾਬ ਨੇ ਜੇ ਮੜ੍ਹਕ ਨਾਲ ਤੁਰਨਾ ਹੈ ਤਾਂ ‘ਭਾਦੋਂ ਦੀ ਧੁੱਪ’ ਆਪਣੇ ਪਿੰਡੇ ਉੱਤੇ ਜਰਨੀ ਪੈਣੀ ਹੈ ਅਤੇ ‘ਆਪਣੇ ਨਲਕਿਆਂ ਦਾ ਪਾਣੀ’ ਪੀਣਾ ਪੈਣਾ ਹੈ। ਕੀ ‘ਸ਼ਹੀਦਾਂ’ ਨੂੰ ਹੁੰਦੀਆਂ ‘ਡਾਲਰਾਂ ਦੀਆਂ ਵੇਲਾਂ’ ਪੰਜਾਬੀ ਬੰਦੇ ਨੂੰ ‘ਗੁਰਾਂ ਦੇ ਨਾਮ ਵਸਣ’ ਦੇਣਗੀਆਂ? ਜੇ ‘ਦਿੱਲੀ ਦੇ ਕਿੰਗਰੇ’ ਢਾਹ ਕੇ ‘ਲਾਹੌਰ ਦੇ ਤਖ਼ਤ ਢਾਹੁਣਾ’ ਪੰਜਾਬੀ ਸੂਰਿਆਂ ਦਾ ਵਿਰਾਸਤੀ ਸੁਫ਼ਨਾ ਹੈ ਤਾਂ ਕੀ ਇਹ ‘ਡਾਲਰਾਂ ਦੀ ਚਮਕ’ ਵਿੱਚ ਸਿਰਜਿਆ ਜਾ ਸਕਦਾ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 7 ਨਵੰਬਰ 2015 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s