ਸੁਆਲ-ਸੰਵਾਦ: ਬਿਹਾਰ ਦੇ ਚੋਣ ਨਤੀਜੇ, ਸਰਵੇਖਣ ਅਤੇ ਭਾਜਪਾਈ ਸੋਚ

ਦਲਜੀਤ ਅਮੀ

96e35-modi02ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਜੇਤੂ ਅਤੇ ਹਾਰਨ ਵਾਲੀਆਂ ਧਿਰਾਂ ਤੋਂ ਇਲਾਵਾ ਚੋਣ ਮਾਹਰਾਂ ਲਈ ਜ਼ਿਆਦਾ ਮਾਅਨੇ ਰੱਖਦੇ ਹਨ। ਚੋਣਾਂ ਲੜਨ ਵਾਲੀਆਂ ਧਿਰਾਂ ਦੀ ਜਿੱਤ ਜਾਂ ਹਾਰ ਆਪਣੀ ਥਾਂ ਮਾਅਨੇ ਰੱਖਦੀ ਹੈ ਪਰ ਚੋਣ ਮਾਹਰਾਂ ਦੇ ਅੰਦਾਜ਼ਿਆਂ ਅਤੇ ਅੰਕੜਿਆਂ ਦੀ ਭਰੋਸੇਯੋਗਤਾ ਨੂੰ ਚੋਖਾਂ ਖੋਰਾ ਲੱਗਿਆ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਿਹਾਰ ਵਿੱਚ ਚੋਣ ਦੇ ਨਤੀਜਿਆਂ ਬਾਰੇ ਕਿਆਫ਼ੇ ਲਗਾਉਣ ਵਾਲੇ ਮਾਹਰ ਗ਼ਲਤ ਸਾਬਤ ਹੋਏ ਹਨ। ਇਨ੍ਹਾਂ ਅੰਦਾਜ਼ਿਆਂ ਅਤੇ ਪੜਚੋਲ ਵਿੱਚ ਪਹਿਲਾਂ ਹੀ ਬਹੁਤ ਸਾਰੀ ਗੁੰਜਾਇਸ਼ ਹੁੰਦੀ ਹੈ ਪਰ ਗੁੰਜਾਇਸ਼ ਤੋਂ ਵੱਡੇ ਫ਼ਰਕ ਨਾਲ ਖੁੰਝ ਜਾਣ ਵੇਲੇ ਗ਼ਲਤੀ ਸਭ ਦੇ ਸਾਹਮਣੇ ਆ ਜਾਂਦੀ ਹੈ। ਅੰਦਾਜ਼ੇ ਦਾ ਫ਼ਾਸਲਾ ਫ਼ੈਸਲੇ ਨੂੰ ਬਦਲੇ ਬਿਨਾਂ ਘੱਟ-ਵੱਧ ਹੋਵੇ ਤਾਂ ਗ਼ਲਤੀ ਢਕੀ ਰਹਿ ਜਾਂਦੀ ਹੈ ਪਰ ਜਦੋਂ ਜਿੱਤ ਦਾ ਅੰਦਾਜ਼ਾ ਫ਼ੈਸਲਾ ਤਬਦੀਲ ਕਰ ਦੇਵੇ ਅਤੇ ਫ਼ਰਕ ਵੀ ਚੋਖਾ ਹੋਵੇ ਤਾਂ ਮੂੰਹ ਦਿਖਾਉਣ ਦੀ ਗੁੰਜਾਇਸ਼ ਨਹੀਂ ਰਹਿੰਦੀ। ਬਿਹਾਰ ਦੀਆਂ ਚੋਣਾਂ ਵਿੱਚ ਚੋਣ ਮਾਹਰਾਂ ਨਾਲ ਇਹੋ ਹੋਇਆ ਹੈ। ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਜੇਤੂ ਦਰਸਾਉਣ ਵਾਲੇ ਅੰਦਾਜ਼ੇ ਗ਼ਲਤ ਸਾਬਤ ਹੋਏ ਅਤੇ ਜਿੱਤ-ਹਾਰ ਦਾ ਫ਼ਰਕ ਵੀ ਬਹੁਤ ਵੱਡਾ ਰਿਹਾ। ਨਤੀਜਿਆਂ ਦੇ ਨੇੜੇ ਦਾ ਅੰਦਾਜ਼ਾ ਦੇਣ ਵਾਲੇ ਸਰਵੇਖਣ ਨੂੰ ਟੈਲੀਵਿਜ਼ਨ ਚੈਨਲ ਨੇ ਸ਼ੱਕ ਦੇ ਘੇਰੇ ਵਿੱਚ ਰੱਖ ਕੇ ਨਸ਼ਰ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਪਾਸੇ ਜ਼ਿਆਦਾਤਰ ਟੈਲੀਵਿਜ਼ਨ ਚੈਨਲ ਗ਼ਲਤ ਅੰਦਾਜ਼ੇ ਪੇਸ਼ ਕਰਨ ਦੀਆਂ ਸਫ਼ਾਈਆਂ ਦੇ ਰਹੇ ਹਨ ਜਾਂ ਮੁਆਫ਼ੀ ਮੰਗ ਰਹੇ ਹਨ ਤਾਂ ਦੂਜੇ ਪਾਸੇ ਇੱਕ ਚੈਨਲ ਸਹੀ ਅੰਦਾਜ਼ੇ ਨੂੰ ਨਾ ਪੇਸ਼ ਕਰਨ ਦੀ ਸਫ਼ਾਈ ਦੇ ਰਿਹਾ ਹੈ।

ਇਸ ਤੋਂ ਪਹਿਲਾਂ ਚੋਣ ਸਰਵੇਖਣ ਅਤੇ ਅੰਦਾਜ਼ੇ ਅਮਰੀਕਾ, ਤੁਰਕੀ, ਗਰੀਸ ਅਤੇ ਇੰਗਲੈਂਡ ਵਿੱਚ ਗ਼ਲਤ ਸਾਬਤ ਹੋ ਚੁੱਕੇ ਹਨ। ਦਰਅਸਲ ਵੱਖ-ਵੱਖ ਚੋਣ ਸਰਵੇਖਣ ਆਪਣੀ-ਆਪਣੀ ਗੁੰਜਾਇਸ਼ ਤੋਂ ਇਲਾਵਾ ਇੱਕ-ਦੂਜੇ ਦੇ ਅੰਦਾਜ਼ਿਆਂ ਨਾਲ ਆਪਣੀ ਗੁੰਜਾਇਸ਼ ਨੂੰ ਵਧਾ ਲੈਂਦੇ ਹਨ। ਜਦੋਂ ਤਿੰਨ-ਚਾਰ ਸਰਵੇਖਣ ਥੋੜੇ-ਥੋੜੇ ਫ਼ਰਕ ਨਾਲ ਅੰਦਾਜ਼ੇ ਪੇਸ਼ ਕਰਦੇ ਹਨ ਤਾਂ ਕਿਸੇ ਨਾ ਕਿਸੇ ਦੇ ਠੀਕ ਹੋਣ ਨਾਲ ਬਾਕੀਆਂ ਦੀ ਭਰੋਸੇਯੋਗਤਾ ਕਾਇਮ ਰਹਿੰਦੀ ਹੈ। ਠੀਕ ਅੰਦਾਜ਼ਾ ਪੇਸ਼ ਕਰਨ ਵਾਲੇ ਅਦਾਰੇ ਦਾ ਸਰਵੇਖਣਾਂ ਦੀ ਮੰਡੀ ਵਿੱਚ ਮੁੱਲ ਵਧ ਜਾਂਦਾ ਹੈ। ਬਹੁਤ ਸਾਰੇ ਅੰਕੜਿਆਂ ਵਿੱਚੋਂ ਕਈ ਤਰ੍ਹਾਂ ਦੀਆਂ ਧਾਰਨਾਵਾਂ ਪੇਸ਼ ਕਰਨ ਦੀ ਗੁੰਜਾਇਸ਼ ਰਹਿੰਦੀ ਹੈ। ਸਰਵੇਖਣਾਂ ਦੀ ਨਾਕਾਮਯਾਬੀ ਉਸੇ ਵੇਲੇ ਬੇਪਰਦ ਹੁੰਦੀ ਹੈ ਜਦੋਂ ਅੰਦਾਜ਼ੇ ਬਿਲਕੁਲ ਸਿਰ ਭਾਰ ਹੋ ਜਾਣ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਮਾਮੂਲੀ ਤੋਂ ਲੈ ਕੇ ਝਾੜੂਫੇਰ ਜਿੱਤ ਦੀ ਦਾਅਵੇਦਾਰ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਨੀਤਿਸ਼-ਲਾਲੂ ਗੱਠਜੋੜ ਦੀ ਝਾੜੂਫੇਰ ਜਿੱਤ ਨਾਲ ਸਾਰੇ ਸਰਵੇਖਣ ਗ਼ਲਤ ਸਾਬਤ ਹੋ ਗਏ। ਆਪਣੇ ਅੰਦਾਜ਼ਿਆਂ ਮੁਤਾਬਕ ਮਾਹਰਾਂ ਦੀਆਂ ਦਲੀਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰਿਸ਼ਮੇ ਅਤੇ ਨੀਤੀਸ਼-ਲਾਲੂ ਦੀ ਗ਼ਲਤ ਪੈਂਤੜੇਬਾਜ਼ੀ ਦੀ ਬੇਬਾਕ ਪੇਸ਼ਕਾਰੀ ਹੋ ਰਹੀ ਸੀ। ਇਸੇ ਦੌਰਾਨ ਚੋਣ ਨਤੀਜਿਆਂ ਦਾ ਰੁਝਾਨ ਬਦਲਿਆ ਤਾਂ ਇਨ੍ਹਾਂ ਹੀ ਮਾਹਰਾਂ ਦੇ ਮੂੰਹੋਂ ਨਰਿੰਦਰ ਮੋਦੀ ਦੇ ਫਿੱਕੇ ਪੈ ਗਏ ਕਰਿਸ਼ਮੇ ਅਤੇ ਨੀਤਿਸ਼-ਲਾਲੂ ਦੀ ਕਾਮਯਾਬ ਪੈਂਤੜੇਬਾਜ਼ੀ ਦੀਆਂ ਦਲੀਲਾਂ ਪੇਸ਼ ਹੋਣ ਲੱਗੀਆਂ।

ਚੋਣ ਸਰਵੇਖਣਾਂ ਦੀ ਨਾਕਾਮਯਾਬੀ ਅਤੇ ਮਾਹਰਾਂ ਦੀ ਕਲਾਬਾਜ਼ੀ ਦਾ ਰਿਸ਼ਤਾ ਸਿਰਫ਼ ਅੰਕੜੇ ਇੱਕਠੇ ਕਰਨ ਵਿੱਚ ਹੋਈ ਗ਼ਲਤੀ ਜਾਂ ਲੋੜ ਤੋਂ ਛੋਟੇ ਨਮੂਨੇ ਜਾਂ ਨਮੂਨੇ ਵਿੱਚੋਂ ਬਾਹਰ ਰਹਿ ਗਏ ਕਿਸੇ ਤਬਕੇ ਤੱਕ ਮਹਿਦੂਦ ਨਹੀਂ ਹੋ ਸਕਦਾ। ਜੇ ਕੋਈ ਚੈਨਲ ਆਪਣੇ ਸਰਵੇਖਣ ਨੂੰ ਨਸ਼ਰ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਸਾਫ਼ ਹੈ ਕਿ ਇੱਕ ਧਿਰ ਦੀ ਜਿੱਤ ਉੱਤੇ ਸੁਆਲ ਕਰਨਾ ਕੁਝ ਮੁਸ਼ਕਲ ਹੈ। ਕੇਂਦਰ ਦੀ ਹੁਕਮਰਾਨ ਧਿਰ ਉੱਤੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਸਿਰਫ਼ ਏਨਾ ਹੀ ਸੁਆਲ ਹੋ ਰਿਹਾ ਹੈ ਕਿ ਮੁਕਾਬਲਾ ਸਖ਼ਤ ਹੈ ਜਾਂ ਮਾਮੂਲੀ ਜਿਹਾ ਹੱਥ ਉੱਪਰ ਹੈ। ਕੇਂਦਰ ਸਰਕਾਰ ਦੇ ਬੁਲਾਰਿਆਂ ਦਾ ਹਮਲਾਵਰ ਰੁਖ਼ ਪੱਤਰਕਾਰੀ ਦੇ ਸਾਰੇ ਅਦਾਰਿਆਂ ਉੱਤੇ ਤਾਰੀ ਹੈ। ਤਕਰੀਬਨ ਹਰ ਚੈਨਲ ਉੱਤੇ ਭਾਜਪਾ ਦੇ ਬੁਲਾਰੇ ਪੱਤਰਕਾਰਾਂ ਨੂੰ ਘੂਰਦੇ ਜਾਂ ਸੰਘ ਵਿਰੋਧੀ ਕਰਾਰ ਦਿੰਦੇ ਜਾਂ ਖੱਬੇ ਪੱਖੀ ਗਰਦਾਨਦੇ ਦਿਖ ਜਾਂਦੇ ਹਨ। ਨਤੀਜੇ ਵਜੋਂ ਪੱਤਰਕਾਰ ਦਬਾਅ ਵਿੱਚ ਹਨ ਅਤੇ ਪੱਤਰਕਾਰਾ ਅਦਾਰੇ ਦਬਾਅ ਵਿੱਚ ਹਨ। ਇਹ ਤਾਂ ਤੈਅ ਹੈ ਕਿ ਚੈਨਲ ਨੇ ਸਰਵੇਖਣ ਨੂੰ ਨਾ ਪੇਸ਼ ਕਰਨ ਵੇਲੇ ਆਪਣਾ ਨਫ਼ਾ-ਨੁਕਸਾਨ ਵਿਚਾਰਿਆ ਹੈ ਪਰ ਇਨ੍ਹਾਂ ਵਿੱਚੋਂ ਕੇਂਦਰ ਦੀ ਹੁਕਮਰਾਨ ਧਿਰ ਨੂੰ ਨਾਰਾਜ਼ ਨਾ ਕਰਨਾ ਵੀ ਇੱਕ ਨੁਕਤਾ ਹੋ ਸਕਦਾ ਹੈ। ਜਦੋਂ ਹੁਕਮਰਾਨ ਧਿਰ ਮੋਦੀ ਦੇ ਕਰਿਸ਼ਮੇ ਬਾਬਤ ਕਿਸੇ ਤਰ੍ਹਾਂ ਦੀ ਨੁਕਤਾਚੀਨੀ ਬਰਦਾਸ਼ਤ ਨਹੀਂ ਕਰਦੀ ਅਤੇ ਹਰ ਨੁਕਤਾਚੀਨੀ ਮੁਲਕ ਵਿਰੋਧੀ, ਹਿੰਦੂ ਵਿਰੋਧੀ ਜਾਂ ਨਕਸਲਵਾਦੀ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਚੈਨਲ ਨਤੀਜਿਆਂ ਤੋਂ ਪਹਿਲਾਂ ਭਾਜਪਾ ਦੀ ਨਾਰਾਜ਼ਗੀ ਤੋਂ ਬਚਣ ਦੀ ਮਸ਼ਕ ਵਿੱਚ ਇਹ ਫ਼ੈਸਲਾ ਕਰ ਸਕਦਾ ਹੈ। ਇਹ ਮਹਿਜ ਇੱਕ ਅੰਦਾਜ਼ਾ ਹੈ ਜਿਸ ਦੇ ਮੌਜੂਦਾ ਹਾਲਾਤ ਵਿੱਚ ਠੀਕ ਹੋਣ ਦੀ ਚੋਖੀ ਗੁੰਜ਼ਾਇਸ਼ ਹੈ। ਇਸ ਨਾਲ ਚੋਣ ਸਰਵੇਖਣਾਂ ਵਿੱਚ ਹੋਈ ਗ਼ਲਤ ਪੇਸ਼ਕਾਰੀ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ ਬਣ ਜਾਂਦੀ ਸਗੋਂ ਇਨ੍ਹਾਂ ਦੀ ਭਰੋਸੇਯੋਗਤਾ ਉੱਤੇ ਪੁਰਾਣੇ ਸੁਆਲ ਨਵੇਂ ਹਵਾਲੇ ਨਾਲ ਉਘੜ ਆਉਂਦੇ ਹਨ।

ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਿਰਫ਼ ਸਰਵੇਖਣਾਂ ਦੇ ਗ਼ਲਤ ਸਾਬਤ ਹੋਣ ਕਾਰਨ ਹੀ ਅਹਿਮ ਨਹੀਂ ਹਨ ਸਗੋਂ ਇਨ੍ਹਾਂ ਦੀ ਪੜਚੋਲ ਵਿੱਚ ਪੇਸ਼ ਹੋ ਰਹੀਆਂ ਧਾਰਨਾਵਾਂ ਵੀ ਦਿਲਚਸਪ ਹਨ। ਹੁਣ ਜੇਤੂ ਧਿਰ ਦੇ ਨੁਮਾਇੰਦੇ ਇਨ੍ਹਾਂ ਚੋਣ ਨਤੀਜਿਆਂ ਨੂੰ ਕੇਂਦਰ ਸਰਕਾਰ ਜਾਂ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਉੱਤੇ ਫਤਬਾ ਕਰਾਰ ਦੇ ਰਹੇ ਹਨ। ਦੂਜੇ ਪਾਸੇ ਭਾਜਪਾ ਦੇ ਬੁਲਾਰੇ ਇਸ ਨੂੰ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਲੋਕਰਾਏ ਮੰਨਦੇ ਹਨ ਅਤੇ ਨਰਿੰਦਰ ਮੋਦੀ ਨੂੰ ਸਭ ਸੁਆਲਾਂ ਦੇ ਘੇਰੇ ਤੋਂ ਬਾਹਰ ਰੱਖਦੇ ਹਨ।

ਮੌਜੂਦਾ ਹਾਲਾਤ ਵਿੱਚ ਭਾਜਪਾ ਦੇ ਬੁਲਾਰਿਆਂ ਅਤੇ ਟੈਲੀਵਿਜ਼ਨ ਚੈਨਲਾਂ ਦਾ ਦਬਾਅ ਇੱਕੋ ਲੜੀ ਦੀਆਂ ਕੜੀਆਂ ਹਨ। ਬੁਲਾਰਿਆਂ ਉੱਤੇ ਦਲੀਲ ਦਾ ਪੱਲਾ ਛੱਡ ਕੇ ਸ਼ਰਧਾਲੂ ਹੋ ਜਾਣ ਦਾ ਦਬਾਅ ਹੈ। ਉਹ ਇਹੋ ਦਬਾਅ ਪੱਤਰਕਾਰਾਂ ਅਤੇ ਪੜਚੋਲ ਕਰਨ ਵਾਲਿਆਂ ਉੱਤੇ ਪਾ ਰਹੇ ਹਨ। ਉਹ ਆਪ ਇਮਾਨਦਾਰ ਪੜਚੋਲ ਕਰਨ ਦੀ ਹਾਲਤ ਵਿੱਚ ਨਹੀਂ ਹਨ ਅਤੇ ਕਿਸੇ ਲਈ ਪੜਚੋਲ ਕਰਨ ਦੀ ਥਾਂ ਛੱਡਣੀ ਨਹੀਂ ਚਾਹੁੰਦੇ। ਇਹ ਰੁਝਾਨ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਵੇਖਣ ਨੂੰ ਮਿਲਿਆ ਸੀ। ਘਪਲੇ ਦਰ ਘਪਲੇ ਤੋਂ ਬਾਅਦ ਕਾਂਗਰਸੀ ਬੁਲਾਰੇ ਕਹਿੰਦੇ ਸਨ ਕਿ ਡਾ. ਮਨਮੋਹਨ ਸਿੰਘ ਉੱਤੇ ਸੁਆਲ ਨਹੀਂ ਕੀਤਾ ਜਾ ਸਕਦਾ। ਇਹ ਤਲਿੱਸਮ ਟੁੱਟਣ ਲਈ ਕਈ ਸਾਲ ਲੱਗੇ ਸਨ। ਨਰਿੰਦਰ ਮੋਦੀ ਉਨ੍ਹਾਂ ਤੋਂ ਕੁਝ ਵੱਖਰੇ ਹਨ ਕਿਉਂਕਿ ਉਹ ਚੋਣ ਪ੍ਰਚਾਰ ਦੀ ਕਮਾਣ ਆਪਣੇ ਹੱਥ ਵਿੱਚ ਰੱਖਦੇ ਹਨ ਅਤੇ ਭਾਈਵਾਲ ਪਾਰਟੀਆਂ ਦੇ ਦਬਾਅ ਹੇਠ ਨਹੀਂ ਹਨ। ਮੋਦੀ ਦੇ ਬੁਲਾਰੇ ਜ਼ਿਆਦਾ ਮੂੰਹਜ਼ੋਰ ਹਨ। ਇਹ ਮੂੰਹਜ਼ੋਰੀ ਤਾਕਤ ਦੇ ਨਸ਼ੇ ਦੇ ਨਾਲ-ਨਾਲ ਸਾਲਾਂਬੱਧੀ ਸਿਖਲਾਈ ਦਾ ਨਤੀਜਾ ਹੈ। ਦੜ੍ਹ ਵੱਟੀ ਬੈਠੇ ਸੰਘ ਪ੍ਰਚਾਰਕ ਨੇ ਮੋਦੀ ਰਾਜ ਵਿੱਚ ਮੂੰਹ ਖੋਲ੍ਹਿਆ ਹੈ। ਇਨ੍ਹਾਂ ਪ੍ਰਚਾਰਕਾਂ ਦੀ ਮੂੰਹਜ਼ੋਰੀ ਹਰ ਮੰਚ ਜਾਂ ਫਿਰਕੂ ਮਾਹੌਲ ਵਿੱਚ ਹਰ ਮੌਕੇ ਸਾਹਮਣੇ ਆਉਂਦੀ ਰਹੀ ਹੈ। ਹੁਣ ਇਸ ਨੂੰ ਵਡੇਰਾ ਮੰਚ ਮਿਲ ਗਿਆ ਹੈ।

ਬਿਹਾਰ ਦੇ ਚੋਣ ਨਤੀਜਿਆਂ ਤੋਂ ਬਾਅਦ ਇਨ੍ਹਾਂ ਦੇ ਅਸਰ ਦਾ ਘੇਰਾ ਸੂਬੇ ਦੀਆਂ ਸਰਹੱਦਾਂ ਤੋਂ ਬਾਹਰ ਪੁੱਜ ਗਿਆ ਹੈ। ਸਿਆਸਤਦਾਨਾਂ ਅਤੇ ਪੜਚੋਲ ਕਰਨ ਵਾਲਿਆਂ ਦੀਆਂ ਦਾਅਵੇਦਾਰੀਆਂ ਅਤੇ ਦਲੀਲਾਂ ਹਨ ਕਿ ਇਨ੍ਹਾਂ ਚੋਣ ਨਤੀਜਿਆਂ ਦਾ ਅਸਰ ਸੂਬੇ ਤੱਕ ਮਹਿਦੂਦ ਰਹੇਗਾ ਜਾਂ ਕੇਂਦਰ ਸਰਕਾਰ ਉੱਤੇ ਪਵੇਗਾ। ਸੂਬੇ ਅਤੇ ਕੇਂਦਰ ਦੇ ਰਿਸ਼ਤਿਆਂ ਉੱਤੇ ਕਿਵੇਂ ਪਵੇਗਾ? ਲਾਲੂ ਪ੍ਰਸ਼ਾਦ ਯਾਦਵ ਬਿਹਾਰ ਦੇ ਚੋਣ ਨਤੀਜਿਆਂ ਨੂੰ ਮੋਦੀ ਸਰਕਾਰ ਖ਼ਿਲਾਫ਼ ਫ਼ੈਸਲਾ ਮੰਨਦੇ ਹਨ। ਭਾਜਪਾ ਦੇ ਬੁਲਾਰੇ ਇਨ੍ਹਾਂ ਚੋਣ ਨਤੀਜਿਆਂ ਦੇ ਅਸਰ ਨੂੰ ਸੂਬੇ ਤੱਕ ਮਹਿਦੂਦ ਰੱਖਦੇ ਹਨ। ਇਹ ਸਾਫ਼ ਹੈ ਕਿ ਭਾਜਪਾ ਹਰ ਕਾਮਯਾਬੀ ਦਾ ਸਿਹਰਾ ਨਰਿੰਦਰ ਮੋਦੀ ਦੇ ਸਿਰ ਬੰਨ੍ਹਣ ਅਤੇ ਉਨ੍ਹਾਂ ਨੂੰ ਹਰ ਨਾਕਾਮਯਾਬੀ ਤੋਂ ਬਾਹਰ ਰੱਖਣ ਦੀ ਮਸ਼ਕ ਕਰ ਰਹੀ ਹੈ। ਇਹ ਆਸ ਸਭ ਕਰਦੇ ਹਨ ਕਿ ਬਿਹਾਰ ਦੇ ਚੋਣ ਨਤੀਜਿਆਂ ਨਾਲ ਨਰਿੰਦਰ ਮੋਦੀ ਸਰਕਾਰ ਆਪਣੀ ਕਾਰਗੁਜ਼ਾਰੀ ਦੀ ਪੜਚੋਲ ਕਰੇਗੀ। ਦੂਜਾ ਪੱਖ ਇਹ ਹੈ ਕਿ ਇਸ ਪੜਚੋਲ ਦਾ ਧੁਰਾ ਨਰਿੰਦਰ ਮੋਦੀ ਦੀ ਥਾਂ ਅਮਿਤ ਸ਼ਾਹ ਹੋ ਸਕਦੇ ਹਨ। ਇਸ ਪੜਚੋਲ ਵਿੱਚ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਜਾਂ ਭਾਜਪਾ ਦੀਆਂ ਹਮਲਾਵਰ ਜਥੇਬੰਦੀਆਂ ਉੱਤੇ ਟਿੱਪਣੀ ਦੀ ਗੁੰਜ਼ਾਇਸ਼ ਤਾਂ ਬਣਦੀ ਹੈ ਪਰ ਇਸ ਦਾ ਅਸਰ ਕਿੰਨਾ ਕੁ ਹੋਵੇਗਾ?

ਭਾਜਪਾ ਦੀਆਂ ਹਮਲਵਾਰ ਜਥੇਬੰਦੀਆਂ ਉਨ੍ਹਾਂ ਦੀ ਸਿਧਾਂਤਕ ਸਮਝ ਤੋਂ ਬਾਹਰ ਨਹੀਂ ਹਨ। ਤਵੱਕੋ ਇਹ ਕੀਤੀ ਜਾਂਦੀ ਹੈ ਕਿ ਭਾਜਪਾ ਆਪਣੀ ਸਮਝ ਦੀ ਥਾਂ ਮੁਲਕ ਦੇ ਸੰਵਿਧਾਨ ਨੂੰ ਤਰਜੀਹ ਦੇਵੇ। ਇਨ੍ਹਾਂ ਹਾਲਾਤ ਵਿੱਚ ਮੰਗ ਉੱਠਦੀ ਹੈ ਕਿ ਸਾਹਿਤ ਅਕਾਦਮੀ ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਦੇ ਕਤਲ ਖ਼ਿਲਾਫ਼ ਮਤਾ ਪਾਵੇ ਜਾਂ ਨਰਿੰਦਰ ਮੋਦੀ ਦਾਦਰੀ ਵਿੱਚ ਹੋਏ ਇਖ਼ਲਾਕ ਦੇ ਕਤਲ ਦੀ ਨਿਖੇਧੀ ਕਰਨ ਜਾਂ ਉਲਾਰ ਬਿਆਨਬਾਜ਼ੀ ਕਰਨ ਵਾਲੇ ਭਾਜਪਾ ਦੇ ਆਗੂਆਂ ਦੀ ਨਕੇਲ ਕਸੀ ਜਾਵੇ। ਇਹ ਸਾਰੀਆਂ ਮੰਗਾਂ ਆਪਣੀ ਥਾਂ ਜਾਇਜ਼ ਹਨ ਪਰ ਇਨ੍ਹਾਂ ਦੇ ਪ੍ਰਵਾਨ ਹੋ ਜਾਣ ਨਾਲ ਵੀ ਭਾਜਪਾ ਦੀ ਸੋਚ ਜਾਂ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਅਸਰ ਨਹੀਂ ਪੈਂਦਾ। ਜੇ ਨਰਿੰਦਰ ਮੋਦੀ ਆਪਣੀ ਪਾਰਟੀ ਦੇ ਆਗੂ ਯੋਗੀ ਅਦਿੱਤਯਾਨਾਥ ਨੂੰ ਬਿਆਨ ਦੇਣ ਤੋਂ ਵਰਜ਼ ਦੇਣ ਤਾਂ ਉਨ੍ਹਾਂ ਦੀ ਸੋਚ ਜਾਂ ਕਾਰਗੁਜ਼ਾਰੀ ਵਿੱਚ ਕੋਈ ਤਬਦੀਲੀ ਆਉਣ ਦੀ ਕਿੰਨੀ ਕੁ ਸੰਭਾਵਨਾ ਹੈ? ਕੀ ਜਿਹੜੀ ਸੋਚ ਉਨ੍ਹਾਂ ਦੇ ਬਿਆਨਾਂ ਰਾਹੀਂ ਸਾਹਮਣੇ ਆਉਂਦੀ ਹੈ ਉਨ੍ਹਾਂ ਦੀ ਕਾਰਜਸ਼ੈਲੀ ਜਾਂ ਸਿਆਸਤ ਦਾ ਹਿੱਸਾ ਨਹੀਂ ਹੈ? ਨਰਿੰਦਰ ਮੋਦੀ ਦੇ ਕਿਸੇ ਨਿਰਦੇਸ਼ ਦਾ ਮਤਲਬ ਇੰਨਾ ਹੀ ਹੋਵੇਗਾ ਕਿ ਜੋ ਕਰਨਾ ਹੈ ਉਹ ਚੁੱਪ-ਚਾਪ ਕਰੋ।

ਭਾਜਪਾ ਦੇ ਹਮਲਾਵਰ ਰੁਖ਼ ਦੇ ਦੋ ਉਘੜਵੇਂ ਪੱਖ ਹਨ। ਇੱਕ ਪੱਖ ਦੀ ਨੁਮਾਇੰਦਗੀ ਹਮਲਾਵਰ ਜਥੇਬੰਦੀਆਂ ਦਾ ਬੁਰਛਾਗਰਦ ਕਰਦਾ ਹੈ ਜੋ ਕਤਲਾਂ, ਹਮਲਿਆਂ ਅਤੇ ਫਿਰਕੂ ਵੰਡੀਆਂ ਮਜ਼ਬੂਤ ਕਰਨ ਵਾਲੇ ਬਿਆਨਾਂ ਵਿੱਚ ਪੇਸ਼ ਹੁੰਦਾ ਹੈ। ਦੂਜੇ ਪੱਖ ਦੀ ਨੁਮਾਇੰਦਗੀ ਮੁਲਕ ਦੇ ਅਦਾਰਿਆਂ ਦਾ ਮੁਹਾਣ ਹਿੰਦੂ ਮੂਲਵਾਦ ਨਾਲ ਜੋੜਨ ਵਾਲਾ ਬੁੱਧੀਜੀਵੀ ਕਰਦਾ ਹੈ। ਇਨ੍ਹਾਂ ਦਾ ਪਸਾਰਾ ਵਿਦਿਅਕ ਅਤੇ ਖੋਜ ਅਦਾਰਿਆਂ ਤੱਕ ਹੈ। ਇਹ ਦੀਨਾ ਨਾਥ ਬੱਤਰਾ ਤੋਂ ਚੰਦਨ ਮਿੱਤਰਾ ਅਤੇ ਸਮਰਿਤੀ ਇਰਾਨੀ ਜਾਂ ਗਜੇਂਦਰ ਚੌਹਾਨ ਤੋਂ ਰਾਕੇਸ਼ ਸਿਨਹਾ ਤੱਕ ਫੈਲੇ ਮੋਕਲੇ ਪਨੇ ਵਿੱਚ ਵਿਚਰਦਾ ਹੈ। ਇਨ੍ਹਾਂ ਦੋਵਾਂ ਪੱਖਾਂ ਵਿੱਚੋਂ ਭਾਜਪਾ ਦਾ ‘ਅਖੰਡ ਹਿੰਦੂ ਭਾਰਤ’ ਦਾ ਸੁਫ਼ਨਾ ਪੇਸ਼ ਹੁੰਦਾ ਹੈ। ਬਿਹਾਰ ਦੇ ਚੋਣ ਨਤੀਜੇ ਇਨ੍ਹਾਂ ਦੋਵਾਂ ਪੱਖਾਂ ਨੂੰ ਕੁਝ ਹੱਦ ਤੱਕ ਸੂਬੇ ਅੰਦਰ ਰੋਕ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਚੋਣ ਨਤੀਜਿਆਂ ਦੀ ਅਹਿਮੀਅਤ ਸਿਰਫ਼ ਇਸ ਆਸ ਦੇ ਮਜ਼ਬੂਤ ਹੋਣ ਵਿੱਚ ਹੈ ਕਿ ’ਸਰਕਾਰੀ ਸਰਪ੍ਰਸਤੀ ਵਾਲੀ ਹਿੰਦੂ ਫ਼ਿਰਕਾਪ੍ਰਸਤੀ’ ਨੂੰ ਬੰਨ੍ਹ ਮਾਰਿਆ ਜਾ ਸਕਦਾ ਹੈ।

ਇਸ਼ਤਿਹਾਰ

One thought on “ਸੁਆਲ-ਸੰਵਾਦ: ਬਿਹਾਰ ਦੇ ਚੋਣ ਨਤੀਜੇ, ਸਰਵੇਖਣ ਅਤੇ ਭਾਜਪਾਈ ਸੋਚ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s