ਸੁਆਲ-ਸੰਵਾਦ ਬੇਭਰੋਸਗੀ ਦਾ ਸੰਕਟ ਅਤੇ ਇਸ ਦੀ ਦੂਜੀਆਂ ਪਰਤਾਂ

ਦਲਜੀਤ ਅਮੀ

delegation
ਪੰਜਾਬ ਵਿੱਚ ਹਰ ਸਿਆਸਤਦਾਨ ਦੇ ਬਿਆਨ ਸੰਜੀਦਗੀ ਤੋਂ ਬਿਨਾਂ ਮੌਜੂਦਾ ਹਾਲਾਤ ਨਾਲ ਜੁੜੇ ਹਰ ਤੱਤ ਦੀ ਨੁਮਾਇੰਦਗੀ ਕਰਦੇ ਹਨ। ਸੂਬੇ ਦੇ ਇਤਿਹਾਸ ਵਿੱਚ ਸ਼ਾਇਦ ਕਿਸੇ ਸਰਕਾਰ ਨੇ ਮੌਜੂਦਾ ਦੌਰ ਜਿੰਨੀ ਬੇਭਰੋਸਗੀ ਨਹੀਂ ਹੰਢਾਈ। ਨਤੀਜੇ ਵਜੋਂ ਸਰਕਾਰੀ ਜ਼ੋਰ ਨਾਲ ਇੱਕਠ ਕਰ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਸ਼ਾਖ਼ ਦੀ ਤਸਵੀਰ ਪੇਸ਼ ਕਰਨ ਵਿੱਚ ਲੱਗਿਆ ਹੋਇਆ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਇਸ ਦੀ ਕਿਸੇ ਫਾਂਟ ਨੇ ਵੀ ਭਰੋਸੇਯੋਗਤਾ ਦਾ ਮੌਜੂਦਾ ਸੰਕਟ ਨਹੀਂ ਹੰਢਾਇਆ। ਚੋਣਾਂ ਦੀ ਜਿੱਤ-ਹਾਰ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲੋਕ ਸੱਥ ਵਿੱਚ ਜਾਣ ਵੇਲੇ ਕਦੇ ਏਨੀਆਂ ਸੁਰੱਖਿਆ ਪੇਸ਼ਬੰਦੀਆਂ ਨਹੀਂ ਕਰਨੀਆਂ ਪਈਆਂ।
ਪ੍ਰਕਾਸ਼ ਸਿੰਘ ਬਾਦਲ ਨੇ ਹਰ ਸੰਕਟ ਨੂੰ ਹਰਕਿਆਈ ਦੇ ਕੇ ਆਪਣਾ ਸਿਆਸੀ ਜੀਵਨ ਪਟੜੀ ਉੱਤੇ ਪਾਈ ਰੱਖਿਆ ਹੈ। ਜ਼ਿਆਦਾਤਰ ਸੰਕਟਾਂ ਮੌਕੇ (1978 ਦੇ ਨਿਰੰਕਾਰੀ ਕਾਂਡ ਤੋਂ ਬਿਨਾਂ) ਉਹ ਹੁਕਮਰਾਨ ਧਿਰ ਨਹੀਂ ਸਨ ਜਿਸ ਕਾਰਨ ਜੇਲ੍ਹ ਅਤੇ ਮੋਰਚੇ ਉਨ੍ਹਾਂ ਲਈ ਵਕਤੀ ਰਾਹਤ ਦਾ ਸਬੱਬ ਬਣਦੇ ਰਹੇ ਹਨ। ਉਹ ਆਪਣੇ ਮੋਰਚਿਆਂ ਦੀ ਕਾਣ ਨੂੰ ਧਰਮ ਦੇ ਪਰਦੇ ਵਿੱਚ ਕੱਜਦੇ ਰਹੇ ਹਨ। ਪਹਿਲੀ ਵਾਰ ਉਹ ਸਰਕਾਰ ਅਤੇ ਸਿਆਸੀ ਧਿਰ ਵਜੋਂ ਹਰ ਮੁਹਾਜ ਉੱਤੇ ਫਸੇ ਹੋਏ ਹਨ। ਕੁਣਬਾਪ੍ਰਸਤੀ, ਭ੍ਰਿਸ਼ਟਾਚਾਰ, ਗੁਰਦੁਆਰਾ ਪ੍ਰਬੰਧ ਵਿੱਚ ਸਿਆਸੀ ਦਖ਼ਲਅੰਦਾਜ਼ੀ, ਬੇਅਦਬੀ ਦੇ ਮਾਮਲਿਆਂ ਉੱਤੇ ਨਾਕਸ ਇੰਤਜਾਮੀਆ ਅਤੇ ਮੂੰਹਜ਼ੋਰ ਹੋਇਆ ਸਿਆਸੀ ਕਾਰਕੁੰਨ ਉਨ੍ਹਾਂ ਦੀ ਬੇਵਸੀ ਦਾ ਨਕਸ਼ਾ ਨਸ਼ਰ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੁਰਚਰਨ ਸਿੰਘ ਟੌਹੜਾ ਅਤੇ ਜਗਦੇਵ ਸਿੰਘ ਤਲਵੰਡੀ ਦੇ ਕਮਜ਼ੋਰ ਪੈਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਦਾਰੀ ਰਹੀ ਹੈ। ਹੁਣ ਕੋਈ ਕੱਦਾਵਰ ਵਿਰੋਧੀ ਨਾ ਹੋਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਦੀ ਪਕੜ ਢਿੱਲੀ ਜਾਪਦੀ ਹੈ।
ਪੰਜਾਬ ਸਰਕਾਰ ਦੇ ਸਭ ਤੋਂ ਮੂੰਹਜ਼ੋਰ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਹਮੀਰਗੜ੍ਹ ਵਿੱਚ ਪਸ਼ੇਮਾਨੀ ਦਾ ਸਾਹਮਣਾ ਕਰਨਾ ਪਿਆ। ਨਤੀਜੇ ਵਜੋਂ ਮਲੂਕਾ ਦੇ ‘ਯੂਥ ਬ੍ਰਿਗੇਡ’ ਨੇ ਬਜ਼ੁਰਗ ਜਰਨੈਲ ਸਿੰਘ ਨੂੰ ਬੇਕਿਰਕੀ ਨਾਲ ਕੁੱਟਿਆ ਅਤੇ ਪੁਲਿਸ ਨੇ ਪੀੜਤ ਧਿਰ ਨੂੰ ਮੁਲਜ਼ਮ ਬਣਾ ਲਿਆ ਹੈ। ਸਰਕਾਰੀ ਸਰਪ੍ਰਸਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ ਦੀ ਸ਼ੁਰੂਆਤ ਧੋਖਾਧੜੀ ਦੇ ਇਲਜ਼ਾਮ ਵਿੱਚ ਫਸੀ ਪਰਲਜ਼ ਕੰਪਨੀ ਦੀ ਗੋਨਿਆਣਾ ਰੋਡ ਉੱਤੇ ਬਣਾਈ ਪਰਲਜ਼ ਇੰਨਕਲੇਵ, ਬਠਿੰਡੇ ਤੋਂ ਹੋਈ ਹੈ। ਆਗੂਆਂ ਦੀ ਸੁਰੱਖਿਆ ਲਈ 1500 ਪੁਲਿਸ ਮੁਲਾਜ਼ਮ ਅਤੇ ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਦੇ 10,000 ਕਾਰਕੁੰਨ ਤਾਇਨਾਤ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪੀਆਂ ਹਨ। ਕਿਸੇ ਨੂੰ ਜੁੱਤੀ ਮਾਰਨ, ਕਾਲੀ ਝੰਡੀ ਲਹਿਰਾਉਣ ਅਤੇ ਕਿਸੇ ਆਗੂ ਦੇ ਥੱਪੜ ਮਾਰਨ ਤੋਂ ਰੋਕਣ ਲਈ ਪੁਲਿਸ ਦੀ ਖਾਸ ਸਿਖਲਾਈ ਦੇ ਦਾਅਵੇ ਮੀਡੀਆ ਵਿੱਚ ਨਸ਼ਰ ਹੋਏ ਹਨ। ਰੈਲੀ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਤਸਵੀਰਾਂ ਅਤੇ ਵੀਡੀਓ ਨਸ਼ਰ ਹੋਏ ਹਨ ਜਿਨ੍ਹਾਂ ਵਿੱਚ ਰੈਲੀ ਵਿੱਚ ਸ਼ਿਰਕਤ ਕਰਨ ਵਾਲੇ ਗੱਤੇ ਦੀਆਂ ਪੇਟੀਆਂ ਚੁੱਕੀ ਜਾ ਰਹੇ ਹਨ। ਜੇ ਇਨ੍ਹਾਂ ਵਿੱਚ ਸ਼ਰਾਬ ਹੈ ਤਾਂ ਇਹ ਤਾਂ ਪੁੱਛਣਾ ਬਣਦਾ ਹੈ ਕਿ ਇਸ ਰੈਲੀ ਤੋਂ ਸਰਕਾਰ ਨੂੰ ਕਿੰਨਾ ਸਿੱਖਿਆ ਸੈੱਸ ਮਿਲਿਆ ਹੈ? ਇਹ ਰੈਲੀ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਸੰਜੀਦਗੀ ਦਾ ਨਮੂਨਾ ਤਾਂ ਹੋ ਹੀ ਸਕਦਾ ਹੈ!
ਇਸ ਵੇਲੇ ਸੁਆਲ ਇਹ ਬਣਦਾ ਹੈ ਕਿ ਕੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਹੀ ਬੇਭਰੋਸਗੀ ਦਾ ਸ਼ਿਕਾਰ ਹਨ ਜਾਂ ਸਮੁੱਚਾ ਪੰਜਾਬ ਇਸੇ ਆਲਮ ਵਿੱਚ ਡੁੱਬਿਆ ਹੋਇਆ ਹੈ? ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਨੇ ਸਦਭਾਵਨਾ ਰੈਲੀ ਵਿੱਚ ਡੇਢ ਤੋਂ ਦੋ ਲੱਖ ਤੱਕ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ 10 ਨਵੰਬਰ ਨੂੰ ਚੱਬੇ ਵਿੱਚ ਸੱਤ ਲੱਖ ਲੋਕ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਚੱਬੇ ਦਾ ਇੱਕਠ ਕਾਂਗਰਸ ਨੇ ਕੀਤਾ ਸੀ। ਸਿਮਰਨਜੀਤ ਸਿੰਘ ਮਾਨ ਨੇ ਵੀ ਇਹੋ ਕਿਹਾ ਹੈ ਕਿ ‘ਸਰਬੱਤ ਖ਼ਾਲਸਾ’ ਨੂੰ ਕਾਂਗਰਸ ਦੀ ਹਮਾਇਤ ਹਾਸਿਲ ਸੀ। ਉਂਝ ਜੇ ਕਾਂਗਰਸ ਚੱਬੇ ਜਿੰਨਾ ਇੱਕਠ ਕਰਨ ਦੀ ਹਾਲਤ ਵਿੱਚ ਹੁੰਦੀ ਤਾਂ ਰਾਹੁਲ ਗਾਂਧੀ ਰਾਸ਼ਟਰਪਤੀ ਕੋਲ ਨਿਆਂਇਕ ਜਾਂਚ ਲਈ ਮੰਗ ਪੱਤਰ ਲੈ ਕੇ ਨਾ ਜਾਂਦਾ ਸਗੋਂ ਪੰਜਾਬ ਵਿੱਚ ਤਾਕਤ ਦਾ ਮੁਜ਼ਾਹਰਾ ਕਰਦਾ। ਕਾਂਗਰਸ ਖ਼ਿਲਾਫ਼ ਮੰਗ ਪੱਤਰ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਵਫ਼ਦ ਰਾਸ਼ਟਰਪਤੀ ਨੂੰ ਮਿਲਿਆ ਹੈ ਕਿ ਕਾਂਗਰਸ ‘ਦੇਸ਼ ਵਿਰੋਧੀ’ ਪਾਰਟੀ ਹੈ ਅਤੇ ਇਸ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਰੱਦ ਹੋਣੀ ਚਾਹੀਦੀ ਹੈ। ਇਸ ਵਫ਼ਦ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ.ਕੇ. ਸ਼ਾਮਿਲ ਸਨ। ਇਹ ਸੁਆਲ ਮੌਜੂਦਾ ਦੌਰ ਵਿੱਚ ਬੇਮਾਅਨਾ ਹੈ ਇਹ ਵਫ਼ਦ ਸਰਕਾਰੀ ਸੀ ਜਾਂ ਸਿਆਸੀ? ਇਹ ਸੁਆਲ ਦਿਲਚਸਪ ਹੋ ਸਕਦਾ ਹੈ ਕਿ ਇਸ ਵਫ਼ਦ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਣ ਬਾਦਲ ਕਿਉਂ ਸ਼ਾਮਿਲ ਨਹੀਂ ਸਨ? ਇਹ ਪੱਖ ਵੀ ਘੱਟ ਦਿਲਚਸਪ ਨਹੀਂ ਹੈ ਕਿ ਇਸ ਵਾਰ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਪੰਥਕ ਬੋਲੀ ਦੀ ਮਾਰ ਵਿੱਚ ਆਇਆ ਹੈ ਅਤੇ ਕਾਂਗਰਸ ਦੀ ਰਵਾਇਤੀ ਬੋਲੀ ਬੋਲਣ ਲੱਗਿਆ ਹੈ।
‘ਸਰਬੱਤ ਖ਼ਾਲਸਾ’ ਉੱਤੇ ਟਿੱਪਣੀ ਕਰਨ ਵਾਲੇ ਜ਼ਿਆਦਾਤਰ ਵਿਦਵਾਨਾਂ ਜਾਂ ਗਵਾਹਾਂ ਦਾ ਮੰਨਣਾ ਹੈ ਕਿ ਲੋਕਾਂ ਦੇ ਜਜ਼ਬੇ ਅਤੇ ਮੰਚ ਦੀ ਹਾਜ਼ਰੀ ਵਿੱਚ ਕੋਈ ਮੇਲ ਨਹੀਂ ਸੀ। ਲੋਕ ਆਪਮੁਹਾਰੇ ਪੁੱਜੇ ਸਨ ਪਰ ਆਗੂ ਕੋਈ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਸਰਕਾਰ ਦੀ ਸਦਭਾਵਨਾ ਰੈਲੀ ਵਿੱਚ ਹਾਜ਼ਰੀ ਵਧਾਉਣ ਲਈ ਕੀਤੀ ਗਈ ਸਰਕਾਰੀ ਮਸ਼ਕ ਦੀਆਂ ਖ਼ਬਰਾਂ ਕਈ ਦਿਨਾਂ ਤੋਂ ਛਪ ਰਹੀਆਂ ਸਨ। ਸਦਭਾਵਨਾ ਰੈਲੀ ਵਿੱਚ ਹੁਕਮਾਂ ਅਤੇ ਗਰਜ਼ਾਂ ਦੀ ਬੱਝੀ ਹਾਜ਼ਰੀ ਨੂੰ ਹੁਕਮਰਾਨ ਮੁਖ਼ਾਤਬ ਸਨ ਅਤੇ ਅਮਰਿੰਦਰ, ਬਾਜਵਾ, ਰਾਹੁਲ, ਗਾਂਧੀ ਪਰਿਵਾਰ ਅਤੇ ‘ਪੰਥ ਦੋਖੀਆਂ’ ਖ਼ਿਲਾਫ਼ ‘ਜੰਗ’ ਦਾ ਐਲਾਨ ਕਰ ਰਹੇ ਸਨ। ਇਸੇ ਦਿਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਸੱਤ ਲੱਖ ਦੇ ‘ਖਾਲਿਸਤਾਨੀ ਇੱਕਠ’ ਦਾ ਦਾਅਵਾ ਕਰਨ ਵਾਲਾ ਸਿਮਰਨਜੀਤ ਸਿੰਘ ਮਾਨ ਪੰਜਾਬ ਬੰਦ ਦਾ ਸੱਦਾ ਦੇਣ ਵੇਲੇ ਵੀ ਖ਼ਦਸ਼ਿਆਂ ਵਿੱਚ ਘਿਰਿਆ ਜਾਪਦਾ ਸੀ। ਉਹ ਦੁਕਾਨਾਂ ਖੁੱਲ੍ਹੀਆਂ ਰੱਖਣੀਆਂ ਚਾਹੁੰਦਾ ਸੀ, ਸਦਭਾਵਨਾ ਰੈਲੀ ਨੂੰ ਨਾਕਾਮਯਾਬ ਕਰਨ ਦੀ ਇੱਛਾ ਤੋਂ ਬਿਨਾਂ ਉਹ ਬੱਸਾਂ ਬੰਦ ਕਰਵਾਉਣੀਆਂ ਚਾਹੁੰਦਾ ਸੀ। ਇਸ ਸੱਦੇ ਦੀ ਦਲੀਲ ਸਮੇਤ ਵਿਆਖਿਆ ਸਿਮਰਨਜੀਤ ਸਿੰਘ ਮਾਨ ਹੀ ਕਰ ਸਕਦੇ ਹਨ।
ਇਸ ਮਾਹੌਲ ਵਿੱਚ ਕਾਂਗਰਸ ਦੀ ਹਾਜ਼ਰੀ ਆਗੂਆਂ ਦੇ ਬਿਆਨਾਂ ਅਤੇ ਦਿੱਲੀ ਜਾਂ ਹੋਰ ਥਾਈਂ ਫੇਰੀਆਂ ਤੋਂ ਜ਼ਿਆਦਾ ਨਹੀਂ ਹੈ। ਪੰਜਾਬ ਵਿੱਚ ਕਾਂਗਰਸ ਦੇ ਆਗੂ ਹਾਈਕਮਾਂਡ ਦੀ ਹਰੀ ਝੰਡੀ ਦੀ ਉਡੀਕ ਵਿੱਚ ਆਪਣਾ ਸਭ ਕੁਝ ਦਾਅ ਉੱਤੇ ਲਗਾਈ ਬੈਠੇ ਹਨ। ਕਾਂਗਰਸ ਦੀ ਸਮੁੱਚੀ ਜਮਹੂਰੀਅਤ ਹਾਈਕਮਾਂਡ ਰਾਹੀਂ ਸੂਬੇ ਦੇ ਆਗੂ ਨੂੰ ਸਰਪ੍ਰਸਤੀ ਦੇਣ ਉੱਤੇ ਟਿਕੀ ਹੋਈ ਹੈ। ਸੂਬੇ ਦੀਆਂ ਵੱਖ-ਵੱਖ ਕਾਂਗਰਸੀ ਫਾਂਟਾਂ ਨੂੰ ਇੱਕਜੁੱਟ ਕਰਨ ਲਈ ਕਿਸੇ ਆਗੂ ਨੂੰ ਪੂਰੀ ਜ਼ਿੰਮੇਵਾਰੀ ਦੇਣ ਦੀ ਦਲੀਲ ਦਿੱਤੀ ਜਾ ਰਹੀ ਹੈ। ਕਿਸੇ ਵੀ ਹਾਲਤ ਵਿੱਚ ਕਾਂਗਰਸ ਕਿਸੇ ਇੱਕ ਆਗੂ ਦੀ ਅਗਵਾਈ ਪ੍ਰਵਾਨ ਕਰਨ ਵਾਲੀ ਹਾਲਤ ਵਿੱਚ ਨਹੀਂ ਜਾਪਦੀ। ਕਾਂਗਰਸ ਦਾ ਕੋਈ ਆਗੂ ਜਨਤਕ ਲਾਮਬੰਦੀ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਹਾਲਤ ਵਿੱਚ ਨਹੀਂ ਹੈ। ਸਭ ਕੁਝ ਹਾਈਕਮਾਂਡ ਦੀ ‘ਸਵੱਲੀ ਨਜ਼ਰ’ ਉੱਤੇ ਟਿਕਿਆ ਜਾਪਦਾ ਹੈ। ਇਹ ਭਰੋਸੇਯੋਗਤਾ ਦਾ ਸੰਕਟ ਨਹੀਂ ਤਾਂ ਹੋਰ ਕੀ ਹੈ?
ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਤਿੰਨ ਵਾਰ ਬਦਲਵੀ ਸਿਆਸਤ ਜਾਂ ਮੌਜੂਦਾ ਸਰਕਾਰ ਖ਼ਿਲਾਫ਼ ਰੋਹ ਦੀਆਂ ਲਹਿਰਾਂ ਆਈਆਂ ਹਨ। ਪੰਜਾਬ ਪੀਪਲਜ਼ ਪਾਰਟੀ ਅਤੇ ਆਮ ਆਦਮੀ ਪਾਰਟੀ ਦੀਆਂ ਲਹਿਰਾਂ ਤੋਂ ਬਾਅਦ ਬੇਅਦਬੀ ਖ਼ਿਲਾਫ਼ ਮੁਹਿੰਮ ਦਾ ਸਰਕਾਰ ਵਿਰੋਧੀ ਖ਼ਾਸਾ ਬਹੁਤ ਤਿੱਖਾ ਰਿਹਾ ਹੈ। ਇਹ ਸੁਆਲ ਪੁੱਛਣਾ ਸ਼ਾਇਦ ਕਾਹਲੀ ਹੋਵੇ ਕਿ ਕੀ ਇਨ੍ਹਾਂ ਤਿੰਨਾਂ ਲਹਿਰਾਂ ਦਾ ਹਸ਼ਰ ਇੱਕੋ ਜਿਹਾ ਹੋ ਸਕਦਾ ਹੈ? ਜਾਪਦਾ ਇਹ ਹੈ ਕਿ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚ ਨਿਕਲ ਰਹੇ ਹਨ ਪਰ ਉਹ ਮੌਜੂਦਾ ਦੌਰ ਦੀ ਨੁਮਾਇੰਦਗੀ ਵੀ ਕਰਦੇ ਹਨ। ਦਰਅਸਲ ਇਸ ਵੇਲੇ ਪੰਜਾਬ ਸਿਆਸੀ ਬੇਭਰੋਸਗੀ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ। ਆਵਾਮ ਬੇਜ਼ਾਰ ਹੈ ਅਤੇ ਮੌਕੇ ਦੇ ਮੇਚ ਦਾ ਕੋਈ ਆਗੂ ਨਹੀਂ ਹੈ। ਸਹਿਮਤੀਆਂ ਸਿਰਫ਼ ਨਾਪੱਖੀ ਜਾਂ ਨਾਖ਼ੁਸ਼ਗਵਾਰ ਤੱਥਾਂ ਉੱਤੇ ਹੋ ਰਹੀਆਂ ਹਨ। ਸਹਿਮਤੀ ਭ੍ਰਿਸ਼ਟਾਚਾਰ ਖ਼ਿਲਾਫ਼ ਹੈ। ਸਹਿਮਤੀ ਕੁਣਬਾਪ੍ਰਸਤੀ ਖ਼ਿਲਾਫ਼ ਹੈ। ਸਹਿਮਤੀ ਗੁਰਦੁਆਰਾ ਪ੍ਰੰਬਧ ਵਿੱਚ ਸਿਆਸੀ ਦਖ਼ਲਅੰਦਾਜ਼ੀ ਖ਼ਿਲਾਫ਼ ਹੈ। ਸਹਿਮਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਹੈ। ਇੱਥੇ ਤੱਕ ਨਿਸ਼ਾਨੇ ਉੱਤੇ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਜਾਪਦਾ ਹੈ। ਦਰਅਸਲ ਸਹਿਮਤੀ ਬੇਭਰੋਸੇਯੋਗ ਆਗੂਆਂ ਖ਼ਿਲਾਫ਼ ਵੀ ਹੈ। ਇਹੋ ਸਹਿਮਤੀ ਕਿਸੇ ਮੰਚ ਤੋਂ ਬਿਆਨ ਨਹੀਂ ਹੋ ਸਕਦੀ ਕਿਉਂਕਿ ਇਸ ਸੰਜੀਦਗੀ ਜਿੰਨੀ ਸਿਦਕਦਿਲੀ ਦਾ ਦਾਅਵਾ ਕੌਣ ਕਰੇਗਾ? ਆਪਮੁਹਾਰੇ ਰੋਹ ਨਾਲ ਹੁਕਮਰਾਨ ਦੀ ਘੇਰਾਬੰਦੀ ਤਾਂ ਹੋ ਸਕਦੀ ਹੈ ਪਰ ਇਸ ਆਪਮੁਹਾਰੇਪਣ ਨੂੰ ਆਪਹੁਦਰੇਪਣ ਵਿੱਚ ਤਬਦੀਲ ਹੋਣ ਤੋਂ ਰੋਕ ਕੇ ਸ਼ਾਹਅਸਵਾਰ ਹੋਣ ਵਾਲਾ ਬੰਦਾ ਜਾਂ ਬੀਬੀ ਜਾਂ ਧੜਾ ਪੰਜਾਬ ਕੋਲ ਨਹੀਂ ਹੈ। ਜੇ ਹੁਕਮਰਾਨ ਸੰਕਟ ਦਾ ਸ਼ਿਕਾਰ ਹਨ ਤਾਂ ਇਸ ਸੰਕਟ ਦੀ ਨਿਸ਼ਾਨਦੇਹੀ ਕਰਨ ਵਾਲੇ ਸਿਆਸਤਦਾਨ ਸੰਕਟ ਦੀਆਂ ਪੇਚੀਦਾ ਪਰਤਾਂ ਹਨ।

(ਇਹ ਲੇਖ ਪੰਜਾਬ ਟਾਈਮਜ਼ ਦੇ 28 ਨਵੰਬਰ 2015 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s