ਸੁਆਲ-ਸੰਵਾਦ: ਅਮਰਿੰਦਰ ਸਿੰਘ ਅਤੇ ਘਰਾਣਾ ਸਿਆਸਤ ਦਾ ਨਾਦੀ ਕੁਨਬਾ

amarinder-singh

ਦਲਜੀਤ ਅਮੀ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੁੜ ਕੇ ਪਟਿਆਲਾ ਰਿਆਸਤ ਦੇ ਫ਼ਰਜੰਦ ਅਤੇ ਫ਼ੌਜ ਦੇ ਸਾਬਕਾ ਅਫ਼ਸਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਗਈ ਹੈ। ਹੁਣ ਆਲ ਇੰਡੀਆ ਜਾਟ ਮਹਾਸਭਾ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਇੱਕੋ ਬਣ ਗਿਆ ਹੈ। ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਵਿੱਚ ਆਈ ਖ਼ੁਸ਼ੀ ਦੀ ਲਹਿਰ ਦੇ ਅੰਕੜੇ ਇੰਡੀਅਨ ਐਕਸਪ੍ਰੈਸ ਨੂੰ ਇੱਕ ਮੁਲਾਕਾਤ ਵਿੱਚ ਦਿੱਤੇ ਹਨ। ਸੂਬਾ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੂੰ ਦੋ ਹਜ਼ਾਰ ਟੈਲੀਫ਼ੋਨ ਆਏ ਹਨ ਛੇ ਹਜ਼ਾਰ ਵਟਸਅੱਪ ਸੁਨੇਹੇ ਅਤੇ ਸੱਤ ਸੌ ਐੱਸ.ਐੱਮ.ਐੱਸ. ਆਏ ਹਨ। ਇਸ ਤੋਂ ਬਿਨਾਂ ਉਨ੍ਹਾਂ ਦੇ ਫੇਸਬੁੱਕ ਪੰਨੇ ਉੱਤੇ ਸਾਢੇ ਤਿੰਨ ਲੱਖ ਵਧਾਈਆਂ ਦੇ ਸੁਨੇਹੇ ਆਏ ਹਨ ਅਤੇ ਬਾਰਾਂ ਹਜ਼ਾਰ ਨੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ ਹੈ। ਇਨ੍ਹਾਂ ਅੰਕੜਿਆਂ ਬਾਬਤ ਇਹ ਸੁਆਲ ਮਾਅਨੇ ਨਹੀਂ ਰੱਖਦਾ ਕਿ ਜੇ ਹਰ ਟੈਲੀਫ਼ੋਨ ਸਿਰਫ਼ ਇੱਕ ਮਿੰਟ ਦਾ ਹੋਵੇ ਤਾਂ ਦੋ ਦਿਨਾਂ ਵਿੱਚ ਤੇਤੀ ਘੰਟਿਆਂ ਦਾ ਸਮਾਂ ਫ਼ੋਨ ਉੱਤੇ ਕਿਵੇਂ ਲੰਘਿਆ? ਦਰਅਸਲ ਇਹ ਅੰਕੜਾ ਮੌਜੂਦਾ ਦੌਰ ਦੀ ਸਿਆਸਤ ਦਾ ਮੁਹਾਵਰਾ ਹੈ। ਸੂਬਾ ਕਾਂਗਰਸ ਅੰਦਰਲੇ ਕਾਟੋ-ਕਲੇਸ਼ ਤੋਂ ਇਲਾਵਾ ਹੁਕਮਰਾਨ ਗੱਠਜੋੜ ਤੋਂ ਅਵਾਜ਼ਾਰ ਲੋਕਾਂ ਨੇ ਅਮਰਿੰਦਰ ਦੀ ਪ੍ਰਧਾਨਗੀ ਦਾ ਸੁਆਗਤ ਕੀਤਾ ਹੈ। ਅਮਰਿੰਦਰ ਸਿੰਘ ਦੇ ਅਕਸ ਮੁਤਾਬਕ ਉਨ੍ਹਾਂ ਤੋਂ ਧੜੱਲੇਦਾਰ ਅਗਵਾਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਡੱਕਣ ਦੀ ਤਵੱਕੋ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਆਪ ਦਾਅਵਾ ਕੀਤਾ ਹੈ ਕਿ 47 ਸਾਲ ਦਾ ਸਿਆਸੀ ਤਜਰਬਾ ਅਤੇ ਪੰਜ ਸਾਲਾਂ ਦਾ ਮੁੱਖ ਮੰਤਰੀ ਵਜੋਂ ਤਜਰਬਾ ਬਹੁਤ ਕੰਮ ਆਏਗਾ।
ਅਮਰਿੰਦਰ ਸਿੰਘ ਦੇ ਤੀਜੀ ਵਾਰ ਪੰਜਾਬ ਕਾਂਗਰਸ ਦਾ ਮੁਖੀ ਬਣਨ ਦੇ ਆਪਣੇ ਮਾਅਨੇ ਹਨ। ਇਨ੍ਹਾਂ ਮਾਅਨਿਆਂ ਨਾਲ ਹੀ ਉਨ੍ਹਾਂ ਤੋਂ ਕੀਤੀ ਜਾ ਰਹੀ ਤਵੱਕੋ ਦੀ ਪੜਚੋਲ ਕੀਤੀ ਜਾ ਸਕਦੀ ਹੈ। ਪੜਚੋਲ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਦੀ ਕੁਝ ਤਫ਼ਸੀਲ ਜਾਣ ਲੈਣੀ ਬਣਦੀ ਹੈ। ਪਟਿਆਲਾ ਰਿਆਸਤ ਦਾ ਫ਼ਰਜੰਦ ਅਮਰਿੰਦਰ ਸਿੰਘ ਸਕੂਲ ਵਿੱਚ ਰਾਜੀਵ ਗਾਂਧੀ ਨਾਲ ਪੜ੍ਹਿਆ। ਫ਼ੌਜ ਵਿੱਚ ਦੋ ਵਾਰ ਨੌਕਰੀ ਕੀਤੀ। ਪਹਿਲੀ 1963 ਵਿੱਚ ਭਰਤੀ ਹੋ ਕੇ ਦੋ ਸਾਲ ਦੇ ਅੰਦਰ ਅਸਤੀਫ਼ਾ ਦੇ ਦਿੱਤਾ ਪਰ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੁਬਾਰਾ ਭਰਤੀ ਹੋ ਗਏ। ਅਮਰਿੰਦਰ ਸਿੰਘ ਨੂੰ ਉਨ੍ਹਾਂ ਦਾ ਦੋਸਤ ਰਾਜੀਵ ਗਾਂਧੀ ਕਾਂਗਰਸ ਵਿੱਚ ਲਿਆਇਆ ਅਤੇ 1980 ਵਿੱਚ ਲੋਕ ਚੋਣ ਜਿੱਤੀ। ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ 1984 ਵਿੱਚ ਅਮਰਿੰਦਰ ਨੇ ਲੋਕ ਸਭਾ ਅਤੇ ਕਾਂਗਰਸ ਵਿੱਚੋਂ ਅਸਤੀਫ਼ਾ ਦੇ ਦਿੱਤਾ ਅਤੇ ਅਕਾਲੀ ਸਿਆਸਤ ਵਿੱਚ ਹੱਥ ਅਜ਼ਮਾਈ ਕੀਤੀ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਮੰਤਰੀ ਰਹੇ ਅਤੇ 1992 ਵਿੱਚ ਆਪਣਾ ਸ਼੍ਰੋਮਣੀ ਅਕਾਲੀ ਦਲ (ਪੰਥਕ) ਬਣਾਇਆ। ਚੋਣਾਂ ਵਿੱਚ ਹਾਰ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕਾਂਗਰਸ ਵਿੱਚ ਸ਼ਾਮਿਲ ਹੋ ਗਈ। ਉਸ ਵੇਲੇ ਸੋਨੀਆ ਗਾਂਧੀ ਕਾਂਗਰਸ ਦੀ ਅਗਵਾਈ ਸੰਭਾਲ ਚੁੱਕੀ ਸੀ। ਪੁਰਾਣੀ ਪਰਿਵਾਰਕ ਸਾਂਝ ਦੇ ਨਤੀਜੇ ਵਜੋਂ ਅਮਰਿੰਦਰ 1999 ਵਿੱਚ ਸੂਬਾ ਕਾਂਗਰਸ ਦੇ ਪ੍ਰਧਾਨ ਅਤੇ 2002 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ। ਕਾਂਗਰਸ ਪਹਿਲਾਂ 2007 ਵਿੱਚ ਅਤੇ ਉਸ ਤੋਂ ਬਾਅਦ 2012 ਵਿੱਚ ਵਿਧਾਨ ਸਭਾ ਚੋਣਾਂ ਹਾਰੀ। ਅਮਰਿੰਦਰ ਦੂਜੀ ਵਾਰ 2010 ਵਿੱਚ ਸੂਬਾ ਕਾਂਗਰਸ ਦੇ ਮੁਖੀ ਬਣੇ ਅਤੇ ਪਹਿਲਾਂ ਵਿਧਾਨ ਸਭਾ ਚੋਣਾਂ ਅਤੇ ਫਿਰ ਮੋਗਾ ਜ਼ਿਮਨੀ ਚੋਣ ਵਿੱਚ ਹਾਰਨ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨਗੀ ਛੱਡ ਦਿੱਤੀ।
ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਦਾ ਸੂਬਾ ਕਾਂਗਰਸ ਦੇ ਪ੍ਰਧਾਨ ਵਜੋਂ ਲਗਾਤਾਰ ਵਿਰੋਧ ਕੀਤਾ। ਇਸੇ ਦੌਰਾਨ ਉਨ੍ਹਾਂ ਨੇ 2014 ਦੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਅਤੇ ਭਾਜਪਾ ਦੇ ਕੱਦਾਵਰ ਆਗੂ ਅਰੁਣ ਜੇਤਲੀ ਨੂੰ ਕਰਾਰੀ ਹਾਰ ਦਿੱਤੀ। ਉਹ ਇਸ ਵੇਲੇ ਲੋਕ ਸਭਾ ਵਿੱਚ ਕਾਂਗਰਸ ਦੇ ਉੱਪ-ਮੁਖੀ ਹਨ। ਉਹ ਲੋਕ ਸਭਾ ਵਿੱਚੋਂ ਤਕਰੀਬਨ ਗ਼ੈਰ-ਹਾਜ਼ਰ ਰਹੇ ਹਨ। ਲੋਕ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਉਹ 2007 ਤੋਂ ਬਾਅਦ ਵਿਧਾਨ ਸਭਾ ਵਿੱਚੋਂ ਵੀ ਤਕਰੀਬਨ ਗ਼ੈਰ-ਹਾਜ਼ਰ ਹੀ ਰਹੇ ਸਨ। ਕੁਝ ਸਮੇਂ ਲਈ ਉਨ੍ਹਾਂ ਨੂੰ ਵਿਧਾਨ ਸਭਾ ਵਿੱਚੋਂ ਮੁਅੱਤਲ ਕੀਤਾ ਗਿਆ ਸੀ ਅਤੇ ਉਹ ਅਦਾਲਤੀ ਫ਼ੈਸਲੇ ਰਾਹੀਂ ਬਹਾਲ ਹੋਏ ਸਨ ਪਰ ਵਿਧਾਨ ਸਭਾ ਵਿੱਚੋਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਕਾਇਮ ਰਹੀ।
ਪੰਜਾਬ ਕਾਂਗਰਸ ਵਿੱਚ ਬੇਅੰਤ ਸਿੰਘ ਤੋਂ ਬਾਅਦ ਪ੍ਰਧਾਨਗੀ ਦਾ ਸੰਕਟ ਲਗਾਤਾਰ ਕਾਇਮ ਰਿਹਾ ਹੈ। ਵੱਖ-ਵੱਖ ਆਗੂਆਂ ਦੀਆਂ ਦਾਅਵੇਦਾਰੀਆਂ ਅਤੇ ਵਫ਼ਾਦਾਰੀਆਂ ਆਪਸ ਵਿੱਚ ਟਕਰਾਉਂਦੀਆਂ ਰਹੀਆਂ ਹਨ। ਨਤੀਜੇ ਵਜੋਂ ਸੂਬਾ ਕਾਂਗਰਸ ਕਦੇ ਇੱਕਮੁੱਠ ਨਜ਼ਰ ਨਹੀਂ ਆਈ। ਹੁਣ ਵੀ ਅਹਿਮ ਧੜਿਆਂ ਤੋਂ ਬਿਨਾਂ ਕਈ ਆਗੂਆਂ ਨੂੰ ਹਾਲਾਤ ਵਿੱਚੋਂ ਦਾਅ ਲੱਗ ਜਾਣ ਦੀ ਆਸ ਸੀ। ਇਹ ਸਾਰੇ ਆਗੂ ਕਿਸੇ ਨਾ ਕਿਸੇ ਤਰ੍ਹਾਂ 10 ਜਨਪਥ ਦੇ ਚੱਕਰ ਲਗਾ ਰਹੇ ਸਨ। ਇਸ ਸਮੇਂ ਦੌਰਾ ਸੂਬਾ ਪ੍ਰਧਾਨ ਦੇ ਫ਼ੈਸਲੇ ਦੇ ਮਾਮਲੇ ਵਿੱਚ ਕਦੇ ਵੀ 24 ਅਕਬਰ ਰੋਡ (ਕਾਂਗਰਸ ਦਾ ਦਫ਼ਤਰ) ਦੀ ਅਹਿਮੀਅਤ ਨਹੀਂ ਰਹੀ। ਅਮਰਿੰਦਰ ਸਿੰਘ ਦਾ ਕਾਂਗਰਸ ਵਿੱਚ ਦੋਵੇਂ ਵਾਰ ਦਾਖ਼ਲਾ ਗਾਂਧੀ ਪਰਿਵਾਰ ਦੀ ਨੇੜਤਾ ਕਾਰਨ ਹੋਇਆ ਹੈ। ਇਸੇ ਯੋਗਤਾ ਨਾਲ ਉਨ੍ਹਾਂ ਨੂੰ  ਸੂਬੇ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦਾ ਅਹੁਦਾ ਮਿਲਿਆ। ਪਹਿਲੀ ਵਾਰ ਹੈ ਕਿ ਉਨ੍ਹਾਂ ਦੇ ਮਾਮਲੇ ਵਿੱਚ ਗਾਂਧੀ ਪਰਿਵਾਰ ਵਿੱਚ ਸਹਿਮਤੀ ਬਣਨ ਨੂੰ ਸਮਾਂ ਲੱਗਿਆ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਸੋਨੀਆ ਗਾਂਧੀ ਤਾਂ ਅਮਰਿੰਦਰ ਸਿੰਘ ਦੇ ਪੱਖ ਵਿੱਚ ਸੀ ਪਰ ਰਾਹੁਲ ਗਾਂਧੀ ਨਾਖ਼ੁਸ਼ ਸਨ। ਗਾਂਧੀ ਪਰਿਵਾਰ ਦੇ ਫ਼ਰਜੰਦ ਦੀ ਨਾਰਾਜ਼ਗੀ ਸਹੇੜਨ ਦੇ ਬਾਵਜੂਦ ਪਟਿਆਲਾ ਰਿਆਸਤ ਦਾ ਫ਼ਰਜੰਦ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆ ਹੈ। ਉਨ੍ਹਾਂ ਦੀ ਪ੍ਰਧਾਨਗੀ ਦਾ ਜਮਹੂਰੀਅਤ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾਲ ਰਾਬਤਾ ਹੋ ਸਕਦਾ ਹੈ। ਉਹ ਭਾਵੇਂ ਪ੍ਰਤਾਪ ਸਿੰਘ ਬਾਜਵਾ ਦੇ ਮੁਕਾਬਲੇ ਜ਼ਿਆਦਾ ਪ੍ਰਵਾਨਤ ਆਗੂ ਹੋਣ ਪਰ ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਚੋਣਾਂ ਅਤੇ ਸਿਆਸੀ ਨੁਮਾਇਸ਼ ਵਾਲੀਆਂ ਰੈਲੀਆਂ ਅਤੇ ਆਪਣੇ ਧੜੇ ਦੇ ਕਾਂਗਰਸੀਆਂ ਨੂੰ ਰਿਆਸਤੀ ਲੰਗਰ ਛਕਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ।
ਇਸ ਦੌਰਾਨ ਕਾਂਗਰਸ ਵਿੱਚ ਕਦੇ ਵੀ ਸੂਬੇ ਦੀ ਪ੍ਰਧਾਨਗੀ ਦਾ ਜਮਹੂਰੀਅਤ ਨਾਲ ਫ਼ੈਸਲਾ ਕਰਨ ਦਾ ਵਿਚਾਰ ਤੱਕ ਪੇਸ਼ ਨਹੀਂ ਹੋਇਆ। ਅਮਰਿੰਦਰ ਖ਼ਿਲਾਫ਼ ਇਹੋ ਦਲੀਲ ਪੇਸ਼ ਹੁੰਦੀ ਰਹੀ ਹੈ ਕਿ ਪੰਜਾਬ ਵਿੱਚ ਕਾਂਗਰਸ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ। ਇਹ ਦਲੀਲ ਉਸ ਪਰਿਵਾਰ ਕੋਲ ਪੇਸ਼ ਕੀਤੀ ਜਾਂਦੀ ਰਹੀ ਹੈ ਜਿਸ ਦੀ ਅਗਵਾਈ ਵਿੱਚ ਕਾਂਗਰਸ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਬਣਨ ਲਈ ਲੋੜੀਂਦੀ ਗਿਣਤੀ ਨਹੀਂ ਜੁਟਾ ਸਕੀ। ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਤਕਰੀਬਨ ਹਰ ਸੂਬੇ ਵਿੱਚ ਪਿੱਛੇ ਗਈ ਹੈ ਪਰ ਉਸ ਦੀ ਯੋਗਤਾ ਉੱਤੇ ਕੋਈ ਸੁਆਲ ਨਹੀਂ ਹੈ। ਜੋ ਦਲੀਲਾਂ ਰਾਹੁਲ-ਸੋਨੀਆ ਗਾਂਧੀ ਦੇ ਨੁਮਾਇੰਦੇ ਦੇ ਰਹੇ ਹਨ ਉਹ ਦਲੀਲਾਂ ਗਾਂਧੀ ਪਰਿਵਾਰ ਉੱਤੇ ਕਦੇ ਲਾਗੂ ਨਹੀਂ ਹੁੰਦੀਆਂ। ਕਾਂਗਰਸ ਵਿੱਚ ਗਾਂਧੀ ਪਰਿਵਾਰ ਤੋਂ ਬਾਅਦ ਇਸ ਤਰ੍ਹਾਂ ਦੀ ਦਲੀਲ ਰਿਆਸਤੀ ਆਗੂਆਂ ਉੱਤੇ ਵੀ ਲਾਗੂ ਨਹੀਂ ਹੁੰਦੀ। ਹਿਮਾਚਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀਰਭੱਦਰ ਸਿੰਘ ਦੀ ਹਾਲਤ ਤਕਰੀਬਨ ਅਮਰਿੰਦਰ ਸਿੰਘ ਵਾਲੀ ਸੀ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਸੂਬਾ ਕਾਂਗਰਸ ਵਿੱਚ ਵਿਰੋਧ ਦੇ ਬਾਵਜੂਦ ਵੀਰਭੱਦਰ ਸਿੰਘ ਆਗੂ ਵੀ ਬਣਿਆ ਅਤੇ ਹੁਣ ਮੁੱਖ ਮੰਤਰੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਕੁਨਬਾਪ੍ਰਸਤੀ ਦਾ ਇਲਜ਼ਾਮ ਲਗਾਉਣ ਵਾਲੀ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਸੂਬੇ ਦਾ ਆਗੂ ਬਣਾਇਆ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਦੇ ਪਰਿਵਾਰਾਂ ਵਿੱਚੋਂ ਤਿੰਨ-ਤਿੰਨ ਜੀਅ ਹੀ ਚੋਣ ਲੜਦੇ ਹਨ। ਦਰਅਸਲ ਇਹ ਕੁਨਬਾਪ੍ਰਸਤੀ ਦੀ ਬਿੰਦੀ ਵਿਆਖਿਆ ਹੈ। ਕੁਨਬਾਪ੍ਰਸਤੀ ਦੀ ਨਾਦੀ ਵਿਆਖਿਆ ਨਾਲ ਇਸ ਰੁਝਾਨ ਦੀ ਅਹਿਮ ਕੜੀ ਉਜਾਗਰ ਹੁੰਦੀ ਹੈ। ਰਿਆਇਤਾਂ, ਵਫ਼ਾਦਾਰੀਆਂ, ਦੋਸਤੀਆਂ ਅਤੇ ਰਿਸ਼ਤੇਦਾਰੀਆਂ ਨਾਦੀ ਕੁਨਬਾਪ੍ਰਸਤੀ ਦੇ ਘੇਰੇ ਵਿੱਚ ਆਉਂਦੀਆਂ ਹਨ। ਇਸੇ ਰੁਝਾਨ ਦੀ ਕੜੀ ਵਜੋਂ ਪੁਰਾਣੀ ਅਫ਼ਸਰਸ਼ਾਹੀ ਸਿਆਸਤਦਾਨਾਂ ਨਾਲ ਵਫ਼ਾਦਾਰੀਆਂ ਪਾਲ ਕੇ ਵਿਧਾਨ ਸਭਾ, ਲੋਕ ਸਭਾ ਅਤੇ ਵਿਧਾਨ ਸਭਾਵਾਂ ਤੋਂ ਇਲਾਵਾ ਮੰਤਰੀਆਂ, ਗਵਰਨਰਾਂ, ਕਮਿਸ਼ਨਰਾਂ ਅਤੇ ਹੋਰ ਅਹੁਦਿਆਂ ਉੱਤੇ ਕਾਬਜ਼ ਹੁੰਦੀ ਹੈ। ਇਸ ਤਰ੍ਹਾਂ ਸਿਆਸੀ ਘਰਾਣਿਆਂ ਦੁਆਲੇ ਵਫ਼ਾਦਾਰੀਆਂ, ਦੋਸਤੀਆਂ ਅਤੇ ਰਿਸ਼ਤੇਦਾਰੀਆਂ ਦਾ ਪੇਚੀਦਾ ਤਾਣਾ-ਬਾਣਾ ਉਸਰਿਆ ਹੋਇਆ ਹੈ ਜਿਸ ਦਾ ਆਪਸ ਵਿੱਚ ਮੁਕਾਬਲਾ ਚਲਦਾ ਰਹਿੰਦਾ ਹੈ। ਜਦੋਂ ਘਰਾਣਿਆਂ ਨਾਲ ਜੁੜੇ ਸਿਆਸਤਦਾਨ ਆਪਣੀਆਂ ਧਿਰਾਂ ਨਾਲ ਨਾਰਾਜ਼ ਹੁੰਦੇ ਹਨ ਜਾਂ ਉਨ੍ਹਾਂ ਦਾ ਟਕਰਾਅ ਕਿਸੇ ਸਹਿਮਤੀ ਵਿੱਚ ਬੰਨ੍ਹੇ ਜਾਣ ਤੋਂ ਇਨਕਾਰੀ ਹੁੰਦਾ ਹੈ ਤਾਂ ਦੂਜੀਆਂ ਸਿਆਸੀ ਧਿਰਾਂ ਉਨ੍ਹਾਂ ਨੂੰ ਦੋ ਕਦਮ ਅੱਗੇ ਹੋ ਕੇ ਕਲਾਵੇ ਵਿੱਚ ਲੈਂਦੀਆਂ ਹਨ। ਇਹ ਰੁਝਾਨ ਸਿੰਧੀਆ, ਗਾਂਧੀ ਅਤੇ ਬਾਦਲ ਪਰਿਵਾਰ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ। ਮਨਪ੍ਰੀਤ ਬਾਦਲ ਕੁਨਬਾਪ੍ਰਸਤੀ ਰਾਹੀਂ ਰੁਤਬਾ ਹਾਸਲ ਕਰਦਾ ਹੈ ਅਤੇ ਉਸੇ ਰੁਤਬੇ ਲਈ ਕੁਨਬਾਪ੍ਰਸਤੀ ਖ਼ਿਲਾਫ਼ ਖੱਬੀਆਂ-ਸੱਜੀਆਂ ਸਿਆਸੀ ਧਿਰਾਂ ਦੇ ਨਾਲ ਜਸਵੰਤ ਸਿੰਘ ਕੰਵਲ ਵਰਗੇ ਲੇਖਕਾਂ ਦਾ ਨਾਇਕ ਹੋ ਜਾਂਦਾ ਹੈ। ਪੰਜਾਬ ਭੁੱਲ ਜਾਂਦਾ ਹੈ ਕਿ ਕੁਨਬਾਪ੍ਰਸਤੀ ਦਾ ਦੂਜਾ ਨਾਮ ਭਾਈ-ਭਤੀਜਾਵਾਦ ਹੈ। ਪੁੱਤ ਦੇ ਖ਼ਿਲਾਫ਼ ਅਤੇ ਭਤੀਜੇ ਦੇ ਪੱਖ ਵਿੱਚ ਦਲੀਲ ਉਸਾਰ ਕੇ ਪੰਜਾਬ ਨੂੰ ਕੁਨਬਾਪ੍ਰਸਤੀ ਤੋਂ ਨਿਜਾਤ ਦਵਾਉਣ ਦਾ ਵਾਅਦਾ ਕੀਤਾ ਜਾਂਦਾ ਹੈ। ਪੰਜਾਬ ਪੀਪਲਜ਼ ਪਾਰਟੀ (ਪੀਪਾਪ) ਵਿੱਚ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਭਤੀਜੇ ਆ ਜੁੜਦੇ ਹਨ।
ਅਮਰਿੰਦਰ ਕੁਨਬਾਪ੍ਰਸਤੀ ਦੇ ਰੁਝਾਨ ਦੀ ਨਾਦੀ ਕੜੀ ਹੈ। ਭਾਰਤ ਦੇ ਸਿਆਸੀ ਘਰਾਣੇ ਆਪਣੇ ਵਜੂਦ ਲਈ ਲੜ ਰਹੇ ਹਨ ਅਤੇ ਇੱਕ-ਦੂਜੇ ਨੂੰ ਰਿਆਇਤਾਂ ਦੇ ਰਹੇ ਹਨ। ਉਹ ਆਪਸ ਵਿੱਚ ਲੜਦੇ ਹੋਏ ਵੀ ਆਪਣੇ ਰੁਤਬਿਆਂ ਦਾ ਧਿਆਨ ਰੱਖਦੇ ਹਨ। ਗਾਂਧੀਆਂ ਨੇ ਪਟਿਆਲੇ ਦੀ ਰਿਆਸਤ ਨਾਲ ਸਾਕ ਨਿਭਾਇਆ ਹੈ। ਉਨ੍ਹਾਂ ਨੇ ਪੰਜਾਬ ਵਿੱਚ ਗਾਂਧੀਆਂ ਦੀ ਵਫ਼ਾਦਾਰੀ ਨੂੰ ਮਜ਼ਬੂਤ ਕੀਤਾ ਹੈ। ਹੁਣ ਅਮਰਿੰਦਰ ਦੀ ਨੁਮਾਇਸ਼ੀ ਪ੍ਰਧਾਨਗੀ ਦਾ ਹਰ ਫ਼ੈਸਲਾ ਗਾਂਧੀਆਂ ਨੇ ਕਰਨਾ ਹੈ। ਪੰਜਾਬ ਕਾਂਗਰਸ ਦਾ ਹਰ ਧੜਾ ਆਪਣੇ ਵਜੂਦ ਲਈ ਗਾਂਧੀਆਂ ਦਾ ਝਾੜੂਬਰਦਾਰ ਬਣਿਆ ਹੈ ਅਤੇ ਘਰਾਣਾ ਹਾਰਦਾ ਹੋਇਆ ਵੀ ਵਫ਼ਾਦਾਰੀਆਂ ਦਾ ਧਿਆਨ ਰੱਖਦਾ ਹੈ। ਰਿਆਸਤੀਆਂ ਅਤੇ ਸਿਆਸੀ ਘਰਾਣਿਆਂ ਦਾ ਮੇਲ ਆਪਣੀ ਚਾਲ ਚਲਦਾ ਹੈ ਅਤੇ ਇੱਕ-ਦੂਜੇ ਨੂੰ ਪਿੱਠ ਨਹੀਂ ਦਿੰਦਾ। ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਦੀ ਇੱਕ ਤੰਦ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਸਾਂਝੀ ਹੈ। ਜਿਵੇਂ ਗਾਂਧੀਆਂ ਨੇ ਸੂਬਾ ਕਾਂਗਰਸ ਦੇ ਹਰ ਧੜੇ ਨੂੰ ਆਪਣਾ ਵਫ਼ਾਦਾਰ ਬਣਾਇਆ ਹੈ ਉਸੇ ਤਰ੍ਹਾਂ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕੀਤਾ ਹੈ। ਭਾਜਪਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੀ ਸਾਂਝ ਵਿੱਚ ਬਿੰਦੀ ਕੁਨਬਾਪ੍ਰਸਤੀ ਦੀ ਸਰਪ੍ਰਸਤੀ ਹੀ ਨਹੀਂ ਕਰਦੀ ਸਗੋਂ ਨਾਦੀ ਕੁਨਬਾਪ੍ਰਸਤੀ ਨੂੰ ਮਜ਼ਬੂਤ ਕਰਦੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਤੋਂ ਬਿਨਾਂ ਬਾਕੀ ਆਗੂਆਂ ਦਾ ਰੁਤਬਾ ਭਾਜਪਾ ਨਾਲ ਨੇੜਤਾ ਕਾਰਨ ਤੈਅ ਹੁੰਦਾ ਹੈ। ਇਨ੍ਹਾਂ ਹਾਲਾਤ ਵਿੱਚ ਅਮਰਿੰਦਰ ਸਿੰਘ ਪੰਜਾਬ ਦੀ ਦਵਾਈ ਦੀ ਨਹੀਂ ਸਗੋਂ ਮਰਜ਼ ਦੀ ਨੁਮਾਇੰਦਗੀ ਕਰਦੇ ਹਨ। ਜੇ ਇਸ ਮਰਜ਼ ਦਾ ਇੱਕ ਪਾਸਾ ਪ੍ਰਕਾਸ਼ ਸਿੰਘ ਬਾਦਲ ਹੈ ਤਾਂ ਦੂਜਾ ਪਾਸਾ ਅਮਰਿੰਦਰ ਸਿੰਘ ਹਨ। ਉਹ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਬਿਨਾਂ ਸ਼ੱਕ ਧੜੱਲੇਦਾਰ ਆਗੂ ਵਜੋਂ ਪੇਸ਼ ਹੋ ਸਕਦੇ ਹਨ ਪਰ ਪੰਜਾਬ ਉਨ੍ਹਾਂ ਤੋਂ ਕੀ ਆਸ ਕਰ ਸਕਦਾ ਹੈ?

 

(ਇਹ ਲੇਖ ਪੰਜਾਬ ਟਾਈਮਜ਼ ਦੇ 4 ਦਸੰਬਰ 2015 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s