ਸੁਆਲ-ਸੰਵਾਦ: ਪਿੰਕੀ, ਕੇ.ਪੀ.ਐੱਸ. ਗਿੱਲ ਅਤੇ ਪ੍ਰਕਾਸ਼ ਸਿੰਘ ਦੇ ਖ਼ੁਲਾਸੇ

ਦਲਜੀਤ ਅਮੀ
pinky_gil_20151214ਪਿੰਕੀ ਦੇ ਇਕਵਾਲੀਆ ਬਿਆਨ ਵਿੱਚ ਕੋਈ ਨਵੀਂ ਜਾਣਕਾਰੀ ਤਾਂ ਨਹੀਂ ਹੈ ਪਰ ਪੁਲਿਸ ਦੇ ਕੰਮਾਂ ਦੀ ਤਫ਼ਸੀਲ ਜ਼ਰੂਰ ਹੈ। ਗੁਰਮੀਤ ਸਿੰਘ ਪਿੰਕੀ ਦੇ ਬਿਆਨ ਦੀ ਅਹਿਮੀਅਤ ਇਸ ਦੇ ਅਹਿਮ ਗਵਾਹੀ ਹੋਣ ਅਤੇ ਸਬੂਤਾਂ ਦੀ ਸ਼ਨਾਖ਼ਤ ਹੋਣ ਵਿੱਚ ਹੈ। ਅਤਿਵਾਦੀ ਲਹਿਰ ਵਿੱਚੋਂ ਪੁਲਿਸ ਵਿੱਚ ਭਰਤੀ ਹੋਏ ਗੁਰਮੀਤ ਸਿੰਘ ਪਿੰਕੀ ਦਾ ਬਿਆਨ ਉਸ ਦੇ ਅਤਿਵਾਦੀ ਖ਼ਾਸੇ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਤੋਂ ਉਸ ਸਮੇਂ ਦੇ ਮਾਹੌਲ ਵਿੱਚ ਹਾਜ਼ਰ ਖ਼ੌਫ਼ ਦਾ ਅੰਦਾਜ਼ਾ ਲੱਗਦਾ ਹੈ। ਪਿੰਕੀ ਦੀ ਕਹਾਣੀ ਦਰਅਸਲ ਉਸ ਦਾ ਗ਼ੈਰ-ਸਰਕਾਰੀ ਅਤਿਵਾਦ ਤੋਂ ਸਰਕਾਰੀ ਅਤਿਵਾਦ ਤੱਕ ਦਾ ਸਫ਼ਰ ਹੈ ਜੋ ਉਸ ਦੇ ਸਰਪ੍ਰਸਤਾਂ ਦੇ ਕੰਨੀ ਕਤਰਾਉਣ ਕਾਰਨ ਉਸ ਦੀ ਜੁਬਾਨ ਉੱਤੇ ਆਈ ਹੈ। ਇਸ ਤਫ਼ਸੀਲ ਨੂੰ ਨਸ਼ਰ ਕਰਨ ਦਾ ਕਾਰਨ ਕਿਸੇ ਦੇ ਮਨ ਉੱਤੇ ਪਿਆ ‘ਸੱਚ ਦਾ ਵਜ਼ਨ’ ਤਾਂ ਨਹੀਂ ਜਾਪਦਾ ਪਰ ਇਸ ਨਾਲ ਮਸਲੇ ਦੀ ਅਹਿਮੀਅਤ ਘਟ ਨਹੀਂ ਜਾਂਦੀ। ਇਨ੍ਹਾਂ ਨਸ਼ਰਾਤ ਵਿੱਚ ਪਿੰਕੀ ਦਾ ਖੁੰਦਕੀ ਆਪਾ ਅਤੇ ਉਸ ਦੀ ਜ਼ਿੰਦਗੀ ਦੀ ਲਗਾਤਾਰਤਾ ਭਾਅ ਮਾਰਦੀ ਹੈ ਪਰ ਇਸ ਨਾਲ ਪੰਜਾਬ ਵਿੱਚ ਵਾਪਰੀ ਤ੍ਰਾਸਦੀ ਦਾ ਸੱਚ ਜਾਣਨ ਦੀ ਲੋੜ ਵਧ ਗਈ ਹੈ।
ਗੁਰਮੀਤ ਸਿੰਘ ਪਿੰਕੀ ਪੰਜਾਬ ਪੁਲਿਸ ਦੇ ਉਸ ਬਦਨਾਮ ਪੱਖ ਦਾ ਨੁਮਾਇੰਦਾ ਹੈ ਜੋ ਕਿਸੇ ਕਾਇਦੇ-ਕਾਨੂੰਨ ਦੇ ਘੇਰੇ ਵਿੱਚ ਨਹੀਂ ਸਗੋਂ ਤਾਕਤ ਅਤੇ ਹਥਿਆਰ ਦੇ ਨਸ਼ੇ ਵਿੱਚ ਬੇਮੁਹਾਰ ਕੀਤਾ ਗਿਆ ਸੀ। ਤਰੱਕੀਆਂ ਅਤੇ ਇਨਾਮਾਂ ਦੇ ਨਾਲ-ਨਾਲ ਵਰਦੀਧਾਰੀਆਂ ਨੂੰ ਮਿਲੀਆਂ ਖੁੱਲ੍ਹਾਂ ਪੰਜਾਬ ਨੇ ਆਪਣੇ ਪਿੰਡੇ ਉੱਤੇ ਹੰਢਾਈਆਂ ਹਨ। ਪੰਜਾਬ ਪੁਲਿਸ ਦੇ ਇਸ ਪੱਖ ਬਾਰੇ ਅਦਾਲਤਾਂ ਤੋਂ ਬਾਹਰ ਲੋਕਰਾਏ ਇੱਕਮਤ ਰਹੀ ਹੈ। ਪੰਜਾਬ ਪੁਲਿਸ ਦੀ ਵਕਾਲਤ ਕਰਨ ਵਾਲੇ ਵੀ ਵਧੀਕੀਆਂ ਦੀ ਗੱਲ ਘੱਟੋ-ਘੱਟ ਨਿੱਜੀ ਗੱਲਬਾਤ ਵਿੱਚ ਪ੍ਰਵਾਨ ਕਰਦੇ ਰਹੇ ਹਨ। ਦੋ ਸਾਲ ਪਹਿਲਾਂ ਪੰਜਾਬ ਪੁਲਿਸ ਦੇ ਸਬ ਇੰਨਸਪੈਕਟਰ ਦੀ ਵਰਦੀ ਵਿੱਚ ਨੌਕਰੀ ਕਰ ਰਹੇ ਸਿਪਾਹੀ ਸੁਰਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਸੁਰਜੀਤ ਸਿੰਘ ਨੇ ਸਿਪਾਹੀ ਹੋਣ ਦੇ ਬਾਵਜੂਦ ਠਾਣੇਦਾਰ ਦੇ ਅਹੁਦੇ ਉੱਤੇ ਤਾਇਨਾਤ ਰਿਹਾ ਸੀ ਅਤੇ ਉਸ ਨੇ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਉੱਤੇ ਆਪ 80 ਕਤਲ ਕਰਨ ਦਾ ਦਾਅਵਾ ਕੀਤਾ ਸੀ। ਸੁਰਜੀਤ ਸਿੰਘ ਤੋਂ ਬਾਅਦ ਪਿੰਕੀ ਦੀ ਸ਼ਿਕਾਇਤ ਹੈ ਕਿ ਉਸ ਤੋਂ ਕਤਲ ਕਰਵਾ ਕੇ ਬਣਦੀ ਸੁਰੱਖਿਆ ਨਹੀਂ ਦਿੱਤੀ ਗਈ। ਸੁਰਜੀਤ ਸਿੰਘ ਨੂੰ ਤਰੱਕੀ ਨਾ ਮਿਲਣ ਦਾ ਝੋਰਾ ਸੀ ਅਤੇ ਪਿੰਕੀ ਨੂੰ ਵਾਅਦਾਖ਼ਲਾਫ਼ੀ ਦਾ ਰੰਜ ਹੈ। ਦੋਵਾਂ ਦੀ ਬੋਲੀ ਵਿੱਚ ਕਈ ਤੰਦਾਂ ਸਾਂਝੀਆਂ ਹਨ। ਉਹ ਆਪਣੀ ਛਾਤੀ ਵਿੱਚ ਦਰਜ ਸੱਚ ਦਾ ਨਿਗੂਣਾ ਹਿੱਸਾ ਨਸ਼ਰ ਕਰਨ ਦਾ ਦਾਅਵਾ ਕਰਦੇ ਹਨ। ਇਸ ਤਰ੍ਹਾਂ ਕੰਮ ਕਰਨ ਦਾ ਉਨ੍ਹਾਂ ਦਾ ਤਰੀਕਾ ਉਨ੍ਹਾਂ ਦੇ ਬਿਆਨਾਂ ਵਿੱਚ ਦਰਜ ਹੈ। ਹਿਰਾਸਤ ਵਿੱਚ ਤਸ਼ਦੱਦ ਕਰ ਕੇ ਜਾਂ ਬੰਦਾ ਮਾਰ ਕੇ ਘਰਦਿਆਂ ਜਾਂ ਪੈਰਵੀ ਕਰਨ ਵਾਲਿਆਂ ਨੂੰ ‘ਸਬਰ ਕਰਨ’ ਅਤੇ ‘ਅੱਗਾ ਸਾਂਭਣ’ ਦੀ ਸਲਾਹ ਦੇਣਾ ਤਾਂ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਰਿਹਾ ਹੈ। ਇਹ ਤਰੀਕਾ ਹੁਣ ‘ਭੇਦ ਖੋਲ੍ਹਣ’ ਵੇਲੇ ਵੀ ਦੋਵਾਂ ਨੇ ਕਾਇਮ ਰੱਖਿਆ ਹੈ। ਹੁਣ ਤੱਕ ਇਹ ਤਫ਼ਸੀਲ ਤਸ਼ੱਦਦ ਭੁਗਤਣ ਵਾਲਿਆਂ ਜਾਂ ਮਨੁੱਖੀ ਹਕੂਕ ਜਥੇਬੰਦੀਆਂ ਜਾਂ ਕਾਰਕੁਨਾਂ ਦੇ ਹਵਾਲੇ ਨਾਲ ਚਰਚਾ ਵਿੱਚ ਆਉਂਦੀ ਰਹੀ ਹੈ ਪਰ ਹੁਣ ਦੂਜੀ ਧਿਰ ਦੇ ਇਕਬਾਲੀਆ ਬਿਆਨ ਨਾਲ ਸਾਹਮਣੇ ਆ ਰਹੀ ਹੈ।
ਗੁਰਮੀਤ ਸਿੰਘ ਪਿੰਕੀ ਦੇ ਇਕਬਾਲੀਆ ਬਿਆਨ ਨੂੰ ਰੱਦ ਕਰਨ ਲਈ ਆਉਟਲੁੱਕ ਰਸਾਲੇ ਵਿੱਚ ਹੀ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇ.ਪੀ.ਐੱਸ. ਗਿੱਲ ਦੀ ਮੁਲਾਕਾਤ ਛਪੀ ਹੈ। ਇਸ ਮੁਲਾਕਾਤ ਵਿੱਚ ਕੁਝ ਨਵਾਂ ਨਹੀਂ ਹੈ ਸਗੋਂ ਪਹਿਲਾਂ ਕਈ ਮੌਕਿਆਂ ਉੱਤੇ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਮੌਜੂਦਾ ਹਵਾਲੇ ਨਾਲ ਜੋੜ ਕੇ ਦੁਹਰਾਇਆ ਗਿਆ ਹੈ। ਇਸ ਮੁਲਾਕਾਤ ਦਾ ਇੱਕ ਹਿੱਸਾ ਧਿਆਨ ਦੀ ਮੰਗ ਕਰਦਾ ਹੈ। ਉਹ ਪੁਲਿਸ ਨੂੰ ਆਟੋਮੈਟਿੱਕ ਹਥਿਆਰ (ਐੱਲ.ਐੱਮ.ਜੀ.) ਦੇਣ ਦੀ ਵਕਾਲਤ ਕਰਦੇ ਹੋਏ ਤਜਰਬਾ ਸਾਂਝਾ ਕਰਦੇ ਹਨ। ਉਸ ਵੇਲੇ ਤੱਕ ਪੁਲਿਸ ਕੋਲ ਇਹ ਹਥਿਆਰ ਨਹੀਂ ਸਨ ਅਤੇ ਇਨ੍ਹਾਂ ਦੀ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ ਤਾਂ ਗਿੱਲ ਦੀ ਦਲੀਲ ਸੀ, “ਜੇ ਤੁਸੀਂ ਮੈਨੂੰ ਹਥਿਆਰ ਨਹੀਂ ਦੇਓਗੇ ਤਾਂ ਮੈਂ ਤਸਕਰਾਂ ਤੋਂ ਲੈ ਲਵਾਂਗਾ।” ਇਸ ਤੋਂ ਬਾਅਦ ਉਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਅਤੇ ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਬੋਲਦੇ ਹਨ, “ਮੈਂ ਯਕੀਨੀ ਬਣਾਇਆ ਕਿ ਪੁਲਿਸ ਰਾਤ ਨੂੰ ਗ਼ਸ਼ਤ ਕਰੇ। ਸਭ ਪੁਲਿਸ ਮੁਲਾਜ਼ਮਾਂ ਨੂੰ ਆਰਮਡ ਕੌਂਸਟੇਬਲਰੀ ਵਿੱਚ ਤਾਇਨਾਤ ਕੀਤਾ ਗਿਆ ਅਤੇ ਕਾਰਗੁਜ਼ਾਰੀ ਮੁਤਾਬਕ ਸਿਵਲ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਯੋਗਤਾ ਨੂੰ ਹੱਲਾਸ਼ੇਰੀ ਦਿੱਤੀ ਗਈ ਅਤੇ ਲਾਗੂ ਕੀਤਾ ਗਿਆ। ਉਹ ਜਲਦੀ ਹੀ ਹੌਂਸਲੇ ਵਿੱਚ ਆ ਗਏ। ਹੁਣ ਇਹ ਤਰੀਕਾ ਦਰਕਿਨਾਰ ਕਰ ਦਿੱਤਾ ਗਿਆ ਹੈ। ਹੁਣ ਠਾਣੇਦਾਰ ਤੋਂ ਲੈ ਕੇ ਪੁਲਿਸ ਦਾ ਸੁਪਰਟੈਂਡੈਂਟ ਅਤੇ ਮੁਖੀ ਤੱਕ ਸਿਆਸੀ ਨਾਮਜ਼ਦਗੀਆਂ ਰਾਹੀਂ ਤੈਅ ਹੁੰਦੇ ਹਨ।” ਇਸੇ ਮੁਲਾਕਾਤ ਵਿੱਚ ਉਹ ਮੌਜੂਦਾ ਹਾਲਾਤ ਬਾਰੇ ਹੋਰ ਟਿੱਪਣੀ ਕਰਦੇ ਹਨ, “ਮੌਜੂਦਾ ਸਰਕਾਰ ਤਾਂ ਮੰਤਰੀਆਂ ਨੂੰ ਜ਼ਿਲ੍ਹਿਆਂ ਅਤੇ ਠਾਣਿਆਂ ਦਾ ਮੁਖੀ ਥਾਪਣਾ ਚਾਹੁੰਦੀ ਹੈ। ਮੰਤਰੀਆਂ ਨੂੰ ਆਪਣੇ ਮਹਿਕਮੇ ਸਾਂਭਣੇ ਚਾਹੀਦੇ ਹਨ। ਪੁਲਿਸ ਐਕਟ ਵਿੱਚ ਕਈ ਤਰ੍ਹਾਂ ਦੀਆਂ ਹਿਫਾਜ਼ਤੀ ਧਾਰਾਵਾਂ ਹਨ ਜਿਨ੍ਹਾਂ ਦੀ ਵਰਤੋਂ ਹੋਣੀ ਚਾਹੀਦੀ ਹੈ। ਨਵੇਂ ਪੁਲਿਸ ਐਕਟ ਨੂੰ ਲਾਗੂ ਕਰਨ ਵੇਲੇ ਤਾਂ ਪੁਲਿਸ ਦੇ ਡਾਈਰੈਕਟਰ ਜਰਨਲ ਨਾਲ ਸਲਾਹ ਤੱਕ ਨਹੀਂ ਕੀਤੀ ਗਈ। ਇਸ ਨਾਲ ਪੁਲਿਸ ਦਾ ਨੁਕਸਾਨ ਹੋਵੇਗਾ।”
ਹੁਣ ਪਿੰਕੀ ਦੇ ਇਕਬਾਲੀਆ ਬਿਆਨ ਨੂੰ ਕੇ.ਪੀ.ਐੱਸ. ਗਿੱਲ ਦੀ ਮੁਲਾਕਾਤ ਦੇ ਇਸ ਹਿੱਸੇ ਨਾਲ ਜੋੜ ਕੇ ਪੜ੍ਹਿਆ ਜਾਣਾ ਚਾਹੀਦਾ ਹੈ। ਇਹ ਮੁਲਾਕਾਤ ਦਰਅਸਲ ਪਿੰਕੀ ਦੇ ਦਾਅਵਿਆਂ ਦੀ ਤਸਦੀਕ ਕਰਦੀ ਹੈ। ਇਹ ਆਪਣੀ ਕਿਸਮ ਦਾ ਇਕਬਾਲੀਆ ਬਿਆਨ ਹੈ। ਹਥਿਆਰਾਂ ਵਾਲੀ ਗੱਲ ਸਾਫ਼ ਕਰਦੀ ਹੈ ਕਿ ਪੰਜਾਬ ਪੁਲਿਸ ਦਾ ਮੁਖੀ ਕਿਸੇ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਕੰਮ ਕਰਦਾ ਹੈ। ਉਹ ਆਪਣੇ ਆਹਲਾ ਅਫ਼ਸਰਾਂ ਨੂੰ ‘ਤਸਕਰਾਂ ਤੋਂ ਹਥਿਆਰ ਖ਼ਰੀਦਣ’ ਦੀ ਧਮਕੀ ਦੇ ਸਕਦਾ ਹੈ ਅਤੇ ਲਾਗੂ ਕਰ ਸਕਦਾ ਹੈ। ਪਿੰਕੀ ਨੇ ਇਹੋ ਹਥਿਆਰ ਚਲਾਏ ਹਨ ਅਤੇ ਇਨ੍ਹਾਂ ਨੂੰ ਚਲਾਉਣ ਲਈ ਤਰੱਕੀਆਂ ਅਤੇ ਇਨਾਮ ਹਾਸਲ ਕੀਤੇ ਹਨ। ਉਹ ਕੇ.ਪੀ.ਐੱਸ. ਗਿੱਲ ਦੀ ‘ਯੋਗਤਾ’ ਵਿੱਚ ਪੂਰਾ ਉਤਰਿਆ ਅਤੇ ‘ਹੱਲਾਸ਼ੇਰੀ’ ਦਾ ਭਾਗੀਦਾਰ ਬਣਿਆ। ਕੇ.ਪੀ.ਐੱਸ. ਗਿੱਲ ਦੀ ਮੁਲਾਕਾਤ ਦਾ ਹਵਾਲੇ ਵਜੋਂ ਪੇਸ਼ ਕੀਤਾ ਦੂਜਾ ਹਿੱਸਾ ਪਿੰਕੀ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡਾਈਰੈਕਟਰ ਜਰਨਲ ਪ੍ਰਕਾਸ਼ ਸਿੰਘ ਦੇ ਆਉਟਲੁੱਕ ਵਿੱਚ ਛਪੇ ਲੇਖ ਨਾਲ ਜੋੜ ਕੇ ਪੜ੍ਹਿਆ ਜਾਣਾ ਜ਼ਰੂਰੀ ਹੈ। ਉਹ ਪੰਜਾਬ ਬਾਰੇ ਲਿਖਦੇ ਹਨ, “ਇਹ ਸਾਫ਼ਗੋਈ ਨਾਲ ਦਰਜ ਕਰਨਾ ਬਣਦਾ ਹੈ ਕਿ ਪੰਜਾਬ ਵਿੱਚ ਜੋ ਕੁਝ ਵੀ ਕੀਤਾ ਗਿਆ ਉਸ ਨੂੰ ਪੰਜ ਪ੍ਰਧਾਨ ਮੰਤਰੀਆਂ ਅਤੇ ਏਨੇ ਹੀ ਗ੍ਰਹਿ ਮੰਤਰੀਆਂ ਦੀ ਪ੍ਰਵਾਨਗੀ ਹਾਸਿਲ ਸੀ। ਪੰਜਾਬ ਵਿੱਚ ਤਾਇਨਾਤ ਕੀਤੇ ਜਾ ਰਹੇ ਹਰ ਮੰਤਰੀ, ਪ੍ਰਸ਼ਾਸਨਿਕ ਅਫ਼ਸਰ, ਖ਼ੂਫ਼ੀਆ ਏਜੰਸੀਆਂ ਦੇ ਅਫ਼ਸਰ ਜਾਂ ਪੁਲਿਸ ਅਫ਼ਸਰ ਨੂੰ ਸਾਫ਼ ਨਿਰੇਦਸ਼ ਸਨ, ‘ਅਸੀਂ ਅਤਿਵਾਦ ਦਾ ਸਫ਼ਾਇਆ ਕਰਨਾ ਹੈ। ਜੋ ਠੀਕ ਸਮਝੋ ਕਰੋ।'” ਇਸ ਨਿਰਦੇਸ਼ ਨਾਲ ਕੇ.ਪੀ.ਐੱਸ. ਗਿੱਲ ਦੀ ‘ਤਸਕਰਾਂ ਤੋਂ ਹਥਿਆਰ ਲੈਣ’ ਅਤੇ ਪਿੰਕੀ ਦੇ ‘ਰੰਜ ਪਾਲਣ’ ਦੀ ਰਮਜ਼ ਸਮਝ ਵਿੱਚ ਆਉਣੀ ਚਾਹੀਦੀ ਹੈ। ਇਨ੍ਹਾਂ ਦੀਆਂ ਆਪਸ ਵਿੱਚ ਜੁੜਦੀਆਂ ਤੰਦਾਂ ਪਿੰਕੀ ਦੇ ਖ਼ੁਲਾਸਿਆਂ ਦੇ ਸੱਚ ਹੋਣ ਦੀ ਗੁੰਜ਼ਾਇਸ਼ ਨੂੰ ਉਘਾੜਦੀਆਂ ਹਨ। ਇਨ੍ਹਾਂ ਹਾਲਾਤ ਵਿੱਚ ਖ਼ੁਲਾਸੇ ਸਿਰਫ਼ ਪਿੰਕੀ ਨਹੀਂ ਕਰ ਰਿਹਾ ਸਗੋਂ ਇਹ ਤਿੰਨਾਂ ਸਾਬਕਾ ਪੁਲਿਸ ਅਫ਼ਸਰਾਂ ਦੇ ਇਕਬਾਲੀਆ ਬਿਆਨ ਹਨ। ਇਨ੍ਹਾਂ ਦਾ ਲਹਿਜ਼ਾ, ਧੜਾ ਅਤੇ ਹਾਲਾਤ ਵੱਖ-ਵੱਖ ਹੋ ਸਕਦੇ ਹਨ ਪਰ ਇਹ ਗੱਲ ਇੱਕੋ ਕਹਿ ਰਹੇ ਹਨ।
ਕੇ.ਪੀ.ਐੱਸ. ਗਿੱਲ ਦੀ ਦਲੀਲ ਮੁਤਾਬਕ ਪੁਲਿਸ ਵਿੱਚ ਸਿਆਸੀ ਦਖ਼ਲਅੰਦਾਜ਼ੀ ਦੀ ਮੌਜੂਦਾ ਮਸ਼ਕ ਤਾਂ ਹਲਕਾ ਇੰਚਾਰਜਾਂ ਅਤੇ ਮੰਤਰੀਆਂ ਦੀਆਂ ਯੂਥ ਬ੍ਰਿਗੇਡਾਂ ਰਾਹੀਂ ਹੁੰਦੀ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਆਪਣੇ ਕਾਰਜਕਾਲ ਵਿੱਚ ਇਸੇ ਦਖ਼ਲਅੰਦਾਜ਼ੀ ਦੀ ਗੁੰਜ਼ਾਇਸ਼ ਉਨ੍ਹਾਂ ਦੇ ਆਪਣੇ ਬਿਆਨ ਵਿੱਚ ਪਈ ਹੈ ਅਤੇ ਗਵਾਹੀ ਪਿੰਕੀ ਅਤੇ ਪ੍ਰਕਾਸ਼ ਸਿੰਘ ਦੇ ਰਹੇ ਹਨ। ਪਿਛਲੇ ਦਿਨਾਂ ਵਿੱਚ ਇੱਕ ਮੰਤਰੀ ਦੀ ਨੂੰਹ ਨੂੰ ਪੰਜਾਬ ਸਰਕਾਰ ਦੀ ਨਾਮਜ਼ਦਗੀ ਉੱਤੇ ਆਈ.ਏ.ਐੱਸ. ਅਫ਼ਸਰ ਬਣਾਇਆ ਗਿਆ ਹੈ। ਤਿੰਨ ਪੁਲਿਸ ਅਫ਼ਸਰਾਂ ਦੇ ਬਿਆਨ ਅਤੇ ਇਹ ਤਰੱਕੀ ਤਾਂ ਇਹੋ ਦਰਸਾਉਂਦੇ ਹਨ ਕਿ ਪੰਜਾਬ ਪੁਲਿਸ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਅਤੇ ਲੁੱਟਾਂ-ਖੋਹਾਂ ਤੱਕ ਜਾਣ ਵਾਲਾ ਰੁਝਾਨ ਬਾਕੀ ਦੇ ਮਹਿਕਮਿਆਂ ਵਿੱਚ ਵੀ ਕਾਇਮ ਹੈ। ਤਰੱਕੀਆਂ ਸਿਆਸੀ ਹਨ। ਨਾਮਜ਼ਦਗੀਆਂ ਸਿਆਸੀ ਹਨ।
ਇਸ ਰੁਝਾਨ ਦੀਆਂ ਪੁਰਾਣੀਆਂ ਅਤੇ ਮੌਜੂਦਾ ਕੜੀਆਂ ਵਿੱਚੋਂ ਸਮੁੱਚੀ ਲੜੀ ਉਜਾਗਰ ਹੁੰਦੀ ਹੈ। ਜੇ ਇਹ ਰੁਝਾਨ ਅਤਿਵਾਦ ਦੇ ਦੌਰ ਵਿੱਚ ਖ਼ੂੰਖ਼ਾਰ ਹੱਦ ਤੱਕ ਮੂੰਹਜ਼ੋਰ ਰਿਹਾ ਹੈ ਤਾਂ ਹੁਣ ਇਹ ਹਲਕਾ ਇੰਚਾਰਜਾਂ ਅਤੇ ਚਿੱਟ ਕੱਪੜੀਏ ਨੌਜਵਾਨ ਆਗੂਆਂ ਰਾਹੀਂ ਨਕਦੀ ਨਾਲ ਚੱਲਦੇ ਹਰ ਕਾਰੋਬਾਰ ਉੱਤੇ ਮਾਫ਼ੀਏ ਵਜੋਂ ਅਸਰਅੰਦਾਜ਼ ਹੋਇਆ ਹੈ। ਇਸ ਵੇਲੇ ਜੇ ਜਸਵੰਤ ਸਿੰਘ ਖਾਲੜਾ ਦੀ ਅਧੂਰੀ ਰਪਟ ਨੂੰ ਪੂਰੀ ਕਰਨ ਦੀ ਲੋੜ ਬਣਦੀ ਹੈ ਤਾਂ ਮੌਜੂਦਾ ਨਿਜ਼ਾਮ ਦੇ ਖ਼ਾਸੇ ਵਿੱਚ ਉਸ ਦੇ ਕਾਤਲਾਂ ਦੀ ਅਗਲੀ ਪੀੜ੍ਹੀ ਦੀ ਸ਼ਨਾਖ਼ਤ ਵੀ ਅਹਿਮ ਕਾਰਜ ਬਣਦੀ ਹੈ। ਲਾਵਾਰਸ ਲਾਸ਼ਾਂ ਨੂੰ ਨਾਮ ਮਿਲਣ ਨਾਲ ਉਨ੍ਹਾਂ ਨੇ ਵਾਪਸ ਨਹੀਂ ਆ ਜਾਣਾ ਪਰ ਉਨ੍ਹਾਂ ਨਾਲ ਇਨਸਾਫ਼ ਕਰਨਾ ਮੌਜੂਦਾ ਦੌਰ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਪਿੰਕੀ ਦੇ ਖ਼ੁਲਾਸੇ ਕਿਸੇ ਦੀ ਸ਼ਹਿ ਉੱਤੇ ਕੀਤੇ ਗਏ ਹਨ ਜਾਂ ਕਿਸੇ ਹੋਰ ਮਨਸ਼ਾ ਤਹਿਤ ਕੀਤੇ ਜਾ ਰਹੇ ਹਨ ਤਾਂ ਵੀ ਇਹ ਜ਼ਿੰਮੇਵਾਰੀ ਘਟ ਨਹੀਂ ਜਾਂਦੀ। ਦਰਅਸਲ ‘ਸੱਚ ਬੋਲਣ ਦਾ ਹੱਕ’ ਸਿਰਫ਼ ਰੰਜ-ਮਾਰੇ ਪਿੰਕੀ, ਪੁਲਿਸ ਨਿਜ਼ਾਮ ਦੇ ਬੁਲਾਰੇ ਕੇ.ਪੀ.ਐੱਸ. ਗਿੱਲ ਜਾਂ ਪ੍ਰਕਾਸ਼ ਸਿੰਘ ਕੋਲ ਹੀ ਨਹੀਂ ਹੈ ਸਗੋਂ ਲੋਕਾਂ ਨੂੰ ਸੱਚ ਜਾਨਣ ਦਾ ਹੱਕ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 11 ਦਸੰਬਰ 2015 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s