ਸੁਆਲ-ਸੰਵਾਦ: ਪਿੰਕੀ ਬਨਾਮ ਰਾਜੋਆਣਾ ਸਨਸਨੀ ਅਤੇ ’ਸਰਕਾਰੀ’ ਪ੍ਰਚਾਰ

ਦਲਜੀਤ ਅਮੀ
pun1
ਪੰਜਾਬ ਦੇ ਅੱਸੀਵਿਆਂ ਅਤੇ ਨੱਬੇਵਿਆਂ ਦੇ ਦਹਾਕਿਆਂ ਬਾਰੇ ਸੰਜੀਦਗੀ ਨਾਲ ਤੁਰੀ ਹਰ ਗੱਲ ਸ਼ਰਧਾ ਅਤੇ ਉਲਾਰ ਬੋਲਿਆਂ ਦੀ ਭੇਟ ਚੜ੍ਹ ਜਾਂਦੀ ਹੈ। ਝੂਠੇ ਪੁਲਿਸ ਮੁਕਾਬਲਿਆਂ, ਲਾਵਾਰਿਸ਼ ਲਾਸ਼ਾਂ ਅਤੇ ਪੁਲਿਸ ਤਸ਼ੱਦਦ ਦੇ ਨਾਲ-ਨਾਲ ਅਤਿਵਾਦ ਦੀਆਂ ਆਪਹੁਦਰੀਆਂ ਵਾਰਦਾਤਾਂ ਬਾਰੇ ਸਰਕਾਰੀ ਅਤੇ ਪੰਥਕ ਪੜਚੋਲ ਦੇ ਦਸਤਾਵੇਜਾਂ ਦੇ ਹਵਾਲੇ ਦਿੱਤੇ ਜਾ ਸਕਦੇ ਹਨ। ਸਰਵਸੰਮਤੀ ਨਾਲ ਪ੍ਰਵਾਨ ਹੋਈਆਂ ਧਾਰਨਾਵਾਂ ਬਾਰੇ ਤੱਥ ਮੂਲਕ ਗੱਲ ਤੋਂ ਸਾਰੀਆਂ ਧਿਰਾਂ ਕੰਨੀ ਕਤਰਾਉਂਦੀਆਂ ਹਨ। ਪੁਲਿਸ ਦੀਆਂ ਵਧੀਕੀਆਂ ਬਾਰੇ ਬੋਲਣ ਵਾਲੇ ਸਾਬਕਾ ਪੁਲਿਸ ਮੁਲਾਜ਼ਮ ਆਪਣੇ ਆਪ ਨੂੰ ਬੇਜਾਨ ਚਸ਼ਮਦੀਦ ਗਵਾਹ ਵਜੋਂ ਪੇਸ਼ ਕਰਦੇ ਹਨ ਜਾਂ ਸਮੁੱਚੀ ਪੇਸ਼ਕਾਰੀ ਨੂੰ ਅਦਾਲਤੀ ਕਾਰਵਾਈ ਤੋਂ ਬਚਣ ਦੀ ਮਸ਼ਕ ਬਣਾਉਂਦੇ ਹਨ। ਇਸੇ ਤਰ੍ਹਾਂ ‘ਪੰਥਕ ਪੜਚੋਲ’ ਦੇ ਦਸਤਾਵੇਜ ‘ਆਪਣੀਆਂ ਗ਼ਲਤੀਆਂ’ ਦੀ ਤਫ਼ਸੀਲ ਵਿੱਚ ਜਾਣ ਤੋਂ ਗੁਰੇਜ਼ ਕਰਦੇ ਹਨ।
ਇਸ ਰੁਝਾਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪੁਲਿਸ ਮੁਲਾਜ਼ਮ ਨਿਜ਼ਾਮ ਤੋਂ ਡਰਦੇ ਹਨ ਅਤੇ ਆਪਣੀਆਂ ਸੁੱਖ-ਸਹੂਲਤਾਂ ਦਾ ਧਿਆਨ ਰੱਖਦੇ ਹਨ। ਉਨ੍ਹਾਂ ਦੀ ਗੱਲ (ਸੁਰਜੀਤ ਸਿੰਘ ਅਤੇ ਗੁਰਮੀਤ ਸਿੰਘ ਪਿੰਕੀ) ਕਿਸੇ ਧੋਖੇਬਾਜ਼ੀ ਕਾਰਨ ਉਪਜੇ ਰੰਜ ਵਜੋਂ ਸਾਹਮਣੇ ਆਉਂਦੀ ਹੈ। ਇਹ ਸੁਆਲ ਹਮੇਸ਼ਾਂ ਕਾਇਮ ਰਹਿੰਦਾ ਹੈ ਕਿ ਅਜਿਹੇ ਬੰਦਿਆਂ ਦੇ ‘ਖ਼ੁਲਾਸਿਆਂ’ ਜਾਂ ‘ਇਕਬਾਲੀਆ ਬਿਆਨਾਂ’ ਪਿੱਛੇ ਪੁਲਿਸ ਅੰਦਰਲੀ ਧੜੇਬੰਦੀ ਜਾਂ ਸਿਆਸਤ ਕਿਵੇਂ ਸਰਗਰਮ ਹੈ? ਇਸੇ ਤਰ੍ਹਾਂ ‘ਆਪਣੀ ਪੜਚੋਲ’ ਦੇ ਪੰਥਕ ਦਸਤਾਵੇਜ਼ ਪੇਸ਼ ਕਰਨ ਵਾਲੇ ਵਿਦਵਾਨਾਂ ਜਾਂ ਧੜਿਆਂ ਦੇ ਦਸਤਾਵੇਜ਼ ਭਵਿੱਖ ਬਾਬਤ ਦਾਅਵਿਆਂ ਦੁਆਲੇ ਦਲੀਲ ਉਸਾਰਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚੋਂ ‘ਆਪਣੇ ਜਰਨੈਲਾਂ’ ਦੀਆਂ ਗ਼ਲਤੀਆਂ ਦੀ ਤਫ਼ਸੀਲ ਦੇਣ ਦੀ ਸੰਜੀਦਗੀ ਗ਼ੈਰ-ਹਾਜ਼ਰ ਰਹਿੰਦੀ ਹੈ। ਧਾਰਨਾ ਵਜੋਂ ਪ੍ਰਵਾਨ ਕੀਤੀਆਂ ਗਈਆਂ ਗ਼ਲਤੀਆਂ ਨਿਸ਼ਾਹਦੇਹੀ ਜਾਂ ਤੱਥ ਦੀ ਮੰਗ ਕਰਦੀਆਂ ਹਨ। ਇਸ ਮੰਗ ਤੋਂ ਕੰਨੀ ਖਿਸਕਾ ਕੇ ਹਮੇਸ਼ਾਂ ‘ਆਪਣੇ ਬੰਦਿਆਂ’ ਦੇ ਅਕਸ ਨੂੰ ‘ਬੇਦਾਗ਼’ ਰੱਖਣ ਦਾ ਉਪਰਾਲਾ ਕੀਤਾ ਜਾਂਦਾ ਹੈ। ਨਤੀਜੇ ਵਜੋਂ ਇਹ ਦਸਤਾਵੇਜ਼ ਕਦੇ ਸੰਜੀਦਾ ਪੜਚੋਲ ਦਾ ਰੁਤਬਾ ਹਾਸਲ ਨਹੀਂ ਕਰ ਸਕੇ। ਇਨ੍ਹਾਂ ਹਾਲਾਤ ਵਿੱਚ ਯਕੀਨ ਕਰਨਾ ਸ਼ਰਧਾ ਦਾ ਮਸਲਾ ਜ਼ਿਆਦਾ ਹੋ ਜਾਂਦਾ ਹੈ।
ਪਿਛਲੇ ਦਿਨਾਂ ਵਿੱਚ ਗੁਰਮੀਤ ਸਿੰਘ ਪਿੰਕੀ ਦੇ ਹਵਾਲੇ ਨਾਲ ਸ਼ੁਰੂ ਹੋਈ ਬਹਿਸ ਹੁਣ ਪਿੰਕੀ ਕੈਟ, ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਅਤੇ ਪੱਤਰਕਾਰ ਕੰਵਰ ਸੰਧੂ ਤੱਕ ਮਹਿਦੂਦ ਹੋ ਗਈ ਹੈ। ਪਟਿਆਲਾ ਦੀ ਜੇਲ੍ਹ ਵਿੱਚ ਕੰਵਰ ਸੰਧੂ ਅਤੇ ਰਾਜੋਆਣਾ ਵਿਚਕਾਰ ਹੋਈ ਤਕਰਾਰ ‘ਨਿੱਜੀ ਮਾਲਕੀ ਵਾਲੇ ਸਰਕਾਰੀ ਚੈਨਲ’ ਲਈ ਬੇਹੱਦ ਦਿਲਚਸਪੀ ਦਾ ਸਬੱਬ ਬਣੀ ਹੈ। ‘ਖ਼ਬਰ’ ਦੀ ਪੇਸ਼ਕਾਰੀ ਵਿੱਚ ਵਰਤੇ ਗਏ ਵਿਸ਼ੇਸ਼ਣ (ਕੁਟਾਪਾ, ਪੱਗ ਲੱਥਣ ਅਤੇ ਬੇਇੱਜ਼ਤੀ) ਅਤੇ ਲਹਿਜਾ ਪੱਤਰਕਾਰੀ ਦੇ ਸਲੀਕੇ ਵਿੱਚ ਨਹੀਂ ਆਉਂਦਾ। ਇਹ ਤਰੀਕਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ‘ਮਹਾਂ-ਜਲਸਿਆਂ’ ਦੇ ਤਕਰੀਰੀ ਹੁਨਰ ਨਾਲ ਮੇਲ ਖਾਂਦਾ ਹੈ। ਇਸੇ ਤਰ੍ਹਾਂ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਦੀਆਂ ਫੇਸਬੁੱਕ ਉੱਤੇ ਸਾਂਝੀਆਂ ਕੀਤੀਆਂ ਗਈਆਂ ‘ਸਤਿਕਾਰਯੋਗ ਖ਼ਾਲਸਾ ਜੀ’ ਨੂੰ ਮੁਖਾਤਬ 19-20 ਦਸੰਬਰ ਦੀਆਂ ਚਿੱਠੀਆਂਨੁਮਾ ਲਿਖਤਾਂ ਹਨ। ਪਹਿਲੀ ਲਿਖਤ ਵਿੱਚ ਉਹ ‘ਦਸਾਂਦਾ’ ਦੇਣ ਦੀ ਵਕਾਲਤ ਕਰਦੀ ਹੈ ਅਤੇ ਦੂਜੀ ਲਿਖਤ ਵਿੱਚ ਉਹ ‘ਕੁਟਾਪਾ’ ਸ਼ਬਦ ਦੀ ਵਰਤੋਂ ਕਰਦੀ ਹੋਈ ਕੰਵਰ ਸੰਧੂ ਉੱਤੇ ਹਮਲੇ ਵਿੱਚ ਵਰਤੀ ਗਈ ‘ਸ਼੍ਰੀ ਸਾਹਿਬ’ ਅਤੇ ‘ਜੇਲ੍ਹ ਅਧਿਕਾਰੀਆਂ ਦੀਆਂ ਕੁਰਸੀਆਂ ਉੱਤੇ ਡੁੱਲੇ ਖ਼ੂਨ’ ਦੀ ਤਫ਼ਸੀਲ ਦਿੰਦੀ ਹੈ। ਕਮਲਦੀਪ ਨੇ ਕੰਵਰ ਸੰਧੂ ਦੇ ਕੱਪੜਿਆਂ ਅਤੇ ਪੱਗ ਦੀ ਹਾਲਤ ਉਚੇਚ ਨਾਲ ਬਿਆਨ ਕੀਤੀ ਹੈ। ‘ਨਿੱਜੀ ਮਾਲਕੀ ਵਾਲੇ ਸਰਕਾਰੀ ਚੈਨਲ’ ਨਾਲ ਭਾਵੇਂ ਕਮਲਦੀਪ ਕੌਰ ਦਾ ਕੋਈ ਰਾਬਤਾ ਨਾ ਹੋਵੇ ਪਰ ਇਨ੍ਹਾਂ ਦੋਵਾਂ ਦੀ ਬੋਲੀ ਸਾਂਝੀ ਹੈ। ਇਸ ‘ਸਬੱਬ’ ਨਾਲ ਵਿਰੋਧੀ ਜਾਪਦੀਆਂ ਧਿਰਾਂ ਦਾ ਸਾਂਝਾ ਖ਼ਾਸਾ ਬੇਪਰਦ ਹੁੰਦਾ ਜਾਪਦਾ ਹੈ।
ਪਿੰਕੀ ਨਾਲ ਕੰਵਰ ਸੰਧੂ ਦੀ ਮੁਲਾਕਾਤ ਨਸ਼ਰ ਹੋਈ ਤਾਂ ਕਈ ਬੰਦੇ ਸੁਆਲ ਦੇ ਘੇਰੇ ਵਿੱਚ ਆਏ। ਬਲਵੰਤ ਸਿੰਘ ਰਾਜੋਆਣਾ ਉਨ੍ਹਾਂ ਵਿੱਚੋਂ ਇੱਕ ਹੈ। ਪਿੰਕੀ ਦੀ ਬਣਤਰ ਵਿੱਚ ਅਤਿਵਾਦ ਤੋਂ ਮੁਖ਼ਬਰੀ, ਪੁਲਿਸ ਦੇ ਇਨਾਮਾਂ ਤੋਂ ਅਦਾਲਤੀ ਕਾਰਵਾਈ ਅਤੇ ਉਮਰ ਕੈਦ ਦੇ ਨਾਲ-ਨਾਲ ਮੁੜਬਹਾਲੀ ਅਤੇ ਰੰਜਪਾਲ ਹੋਣ ਤੱਕ ਦਾ ਸਫ਼ਰ ਸ਼ਾਮਿਲ ਹੈ। ਇਸੇ ਤਰ੍ਹਾਂ ਰਾਜੋਆਣਾ ਦੇ ਸਫ਼ਰ ਵਿੱਚ ਅਤਿਵਾਦ ਨਾਲ ਜੁੜੇ ਹਾਦਸੇ, ਪੁਲਿਸ ਦੀ ਨੌਕਰੀ, ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਅਤੇ ਸ਼ਹੀਦ ਹੋਣ ਦਾ ਹੱਠ ਸ਼ਾਮਿਲ ਹੈ। ਇਨ੍ਹਾਂ ਦੇ ਜੀਵਨ ਸਫ਼ਰ ਇੱਕ-ਦੂਜੇ ਨੂੰ ਕਾਟੇ ਦੀ ਤਰਜ਼ ਉੱਤੇ ਕੱਟਦੇ ਹਨ। ਇਨ੍ਹਾਂ ਦੋਵਾਂ ਦੇ ਜੀਵਨ ਸਫ਼ਰ ਇਨ੍ਹਾਂ ਦੇ ਖ਼ਾਸੇ ਨਾਲ ਮੇਲ ਖਾਂਦੇ ਹਨ। ਇਹ ਆਪਣੀ ਧੁਨਾਂ ਦੇ ਪੱਕੇ ਜਾਪਦੇ ਹਨ ਜੋ ਤੈਅ ਕੀਤੇ ਟੀਚੇ ਤੱਕ ਪਹੁੰਚਣ ਲਈ ਕੁਝ ਵੀ ਕਰ ਸਕਦੇ ਹਨ। ਖ਼ਾਸੇ ਦੀ ਇਸ ਨਿਸ਼ਾਨਦੇਹੀ ਨਾਲ ਉਹ ਕਰੀਬੀ ਜਾਂ ਦੁਸ਼ਮਣ ਜਾਂ ‘ਮਿਲੇ ਹੋਏ’ ਨਹੀਂ ਹੋ ਜਾਂਦੇ ਪਰ ਪੰਜਾਬ ਦੇ ਸੁਆਲਾਂ ਨੂੰ ਮੁਖਾਤਬ ਹੋਣ ਲਈ ਇਹ ਨਿਸ਼ਾਨਦੇਹੀ ਅਹਿਮ ਹੈ। ਪਿੰਕੀ ਅਤੇ ਰਾਜੋਆਣਾ ਦੀ ਬੁੜੈਲ ਜੇਲ੍ਹ ਵਿੱਚ ਮੁਲਾਕਾਤ ਹੋਈ ਹੋਵੇ ਜਾਂ ਨਾ ਪਰ ਕੁਝ ਸੁਆਲ ਤਾਂ ਹਮੇਸ਼ਾਂ ਕਾਇਮ ਰਹੇ ਹਨ। ਰਾਜੋਆਣਾ ਅਤੇ ਜਗਤਾਰ ਹਵਾਰਾ ਦੀ ਤਕਰਾਰ ਕਦੇ ਭੇਦ ਨਹੀਂ ਰਹੀ। ਇਹ ਸੁਆਲ ਕਦੇ ਬਹਿਸ ਵਿੱਚੋਂ ਮਨਫ਼ੀ ਨਹੀਂ ਰਿਹਾ ਕਿ ਬੁੜੈਲ ਜੇਲ੍ਹ ਅੰਦਰ ਪੁੱਟੀ ਗਈ ਸੁੰਰਗ਼ ਦੀ ਮਿੱਟੀ ਕਿੱਥੇ ਗਈ? ਸੁੰਰਗ਼ਾਂ ਪੁੱਟਣ ਦੀਆਂ ਪੁਰਾਣੀਆਂ ਮਿਸਾਲਾਂ ਮੌਜੂਦਾ ਚੌਕਸੀਤੰਤਰ ਦੇ ਸਾਹਮਣੇ ਮਾਅਨੇ ਨਹੀਂ ਰੱਖਦੀਆਂ। ਬੁੜੈਲ ਜੇਲ੍ਹ ਦੀ ਸੁੰਰਗ਼ ਭਾਵੇਂ ਬੱਬੂ ਮਾਨ ਦੇ ਗੀਤਾਂ ਜਾਂ ਕਵੀਸ਼ਰੀਆਂ ਦਾ ਸ਼ਿੰਗਾਰ ਰਹੀ ਹੋਵੇ ਪਰ ਇਸ ‘ਪ੍ਰਾਪਤੀ’ ਨੂੰ ‘ਫਰੇਬ’ ਕਰਾਰ ਦੇਣ ਵਾਲੇ ਸੁਆਲ ਸ਼ਰਧਾ ਨਾਲ ਬੇਮਾਅਨਾ ਨਹੀਂ ਹੋ ਜਾਂਦੇ।
ਇਨ੍ਹਾਂ ਹਾਲਾਤ ਵਿੱਚ ਗੁਰਮੀਤ ਪਿੰਕੀ ਨਾਲ ਮੁਲਾਕਾਤ ਨਸ਼ਰ ਹੋਈ ਹੈ ਜੋ ਉਸ ਦੇ ਆਪਣੇ ਖ਼ਾਸੇ ਤੋਂ ਨਿਖੇੜ ਕੇ ਨਹੀਂ ਸਮਝੀ ਜਾ ਸਕਦੀ। ਉਸ ਦੀ ਹਰ ਗੱਲ ਉੱਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ? ਹਰ ਗੱਲ ਨੂੰ ਧੜੱਲੇ ਨਾਲ ਪੇਸ਼ ਕਰਨਾ ਉਸ ਦਾ ਖ਼ਾਸਾ ਹੈ। ਉਸ ਦੇ ਬਿਆਨਾਂ ਨੂੰ ਇਸ ਖ਼ਾਸੇ ਤੋਂ ਨਿਖੇੜ ਕੇ ਨਹੀਂ ਸਮਝਿਆ ਜਾ ਸਕਦਾ। ਉਸ ਦੀਆਂ ਲਾਲਸਾਵਾਂ ਅਤੇ ਹਾਲਾਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਸ ਦੀਆਂ ਦਾਅਵੇਦਾਰੀਆਂ ਦੀ ਤਸਦੀਕ ਅਤੇ ਪੜਚੋਲ ਜ਼ਰੂਰੀ ਹੈ। ਸਰਕਾਰੀ ਤਸ਼ੱਦਦ ਦਾ ਪੱਖ ਉਜਾਗਰ ਕਰਨ ਲਈ ਪਿੰਕੀ ਦੇ ਹਰ ਦਾਅਵੇ ਉੱਤੇ ਸ਼ਰਧਾਵੱਸ ਯਕੀਨ ਕਰਨਾ ਸੁਖਾਲਾ ਹੈ ਪਰ ਇਸ ਨਾਲ ਪੰਜਾਬ ਦੇ ਸੰਜੀਦਾ ਸੁਆਲ ਨਜ਼ਰਅੰਦਾਜ਼ ਹੋ ਜਾਣ ਦੀ ਗੁੰਜਾਇਸ਼ ਕਾਇਮ ਰਹਿੰਦੀ ਹੈ।
ਦੂਜੇ ਪਾਸੇ ਪੰਜਾਬ ਦੇ ਸੁਆਲਾਂ ਨੂੰ ਰਾਜੋਆਣਾ ਦੇ ਸ਼ਰਧਾ ਨਾਲ ਉਸਾਰੇ ਅਕਸ ਦੀ ਭੇਟ ਨਹੀਂ ਚਾੜ੍ਹਿਆ ਜਾ ਸਕਦਾ। ਉਸ ਦੇ ਹਰ ਦਾਅਵੇ ਨੂੰ ‘ਪੰਥ ਦੇ ਭਲੇ’ ਵਿੱਚ ਸ਼ਰਧਾਵਾਨ ਹੀ ਪ੍ਰਵਾਨ ਕਰ ਸਕਦੇ ਹਨ। ਕੰਵਰ ਸੰਧੂ ਉੱਤੇ ਹਮਲਾ ਦਰਅਸਲ ਰਾਜੋਆਣਾ ਦੇ ਖ਼ਾਸੇ ਦੀ ਨੁਮਾਇੰਦਗੀ ਕਰਦਾ ਹੈ ਜਿਸ ਦੀ ਤਸਦੀਕ ਕਮਲਦੀਪ ਕੌਰ ਦੀਆਂ ਲਿਖਤਾਂ ਕਰਦੀਆਂ ਹਨ। ਜਦੋਂ ਇਸੇ ਖ਼ਾਸੇ ਨੂੰ ਉਸ ਦੀ ਲਹਿਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਉਸ ਦੀਆਂ ਦੂਜੀਆਂ ਪਰਤਾਂ ਉਜਾਗਰ ਹੁੰਦੀਆਂ ਹਨ। ਉਸ ਲਹਿਰ ਵਿੱਚ ਰਾਜੋਆਣਾ ਦੀ ਸ਼ਮੂਲੀਅਤ ਤੱਤਕਾਲੀ ਬੇਅੰਤ ਸਿੰਘ ਦੇ ਕਤਲ ਤੱਕ ਹੀ ਮਹਿਦੂਦ ਮੰਨੀ ਜਾਂਦੀ ਹੈ। ਲਹਿਰ ਦਾ ਰਾਜੋਆਣਾ ਖ਼ਾਸਾ ਪੁਲਿਸ ਅਤੇ ਸਰਕਾਰੀ ਤਸ਼ੱਦਦ ਨੂੰ ਬਲੰਵਤ ਸਿੰਘ ਦੇ ਰੂਪ ਵਿੱਚ ਮੁਖਾਤਬ ਹੁੰਦਾ ਹੈ ਪਰ ਇਹ ਆਪਣੇ ਸਾਥੀਆਂ ਅਤੇ ਆਵਾਮ ਨੂੰ ਕਿਵੇਂ ਮੁਖਾਤਬ ਹੁੰਦਾ ਹੈ? ਇਸ ਸੁਆਲ ਨਾਲ ‘ਪੰਥਕ ਪੜਚੋਲ’ ਦੀ ਅਹਿਮੀਅਤ ਵਧ ਜਾਂਦੀ ਹੈ। ਇਹ ‘ਪੰਥਕ ਪੜਚੋਲ’ ਬਣੇ ਅਕਸਾਂ ਨੂੰ ਕਾਇਮ ਰੱਖਣ ਦੀ ਥਾਂ ਸੰਜੀਦਗੀ ਨੂੰ ਮੁਖਾਤਬ ਹੋ ਕੇ ਪੰਜਾਬ ਦਾ ਕੁਝ ਸੁਆਰ ਸਕਦੀ ਹੈ। ਜਿਸ ਤਰ੍ਹਾਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ‘ਮੁਲਕ ਦੀ ਸੇਵਾ’ ਦੇ ਹਵਾਲੇ ਨਾਲ ਸਮਝਣ ਵਾਲੇ ਅਦਾਰੇ ਜਾਂ ਜਾਂਚ ਕਮਿਸ਼ਨ ਸੱਚ ਉਜਾਗਰ ਨਹੀਂ ਕਰ ਸਕਦੇ ਉਸੇ ਤਰ੍ਹਾਂ ਬਣੇ ਜਾਂ ਬਣਾਏ ਗਏ ਅਕਸਾਂ ਨੂੰ ਕਾਇਮ ਰੱਖਣ ਲਈ ਕੀਤੀ ਪੰਥਕ ਪੜਚੋਲ ਰਾਹ ਦਰਸਾਵਾ ਨਹੀਂ ਹੋ ਸਕਦੀ।
ਜਦੋਂ ਪਿੰਕੀ ਅਤੇ ਰਾਜੋਆਣਾ ਦੇ ਦਾਅਵਿਆਂ ਨਾਲ ਬਹਿਸ ਦੇ ਮੁਹਾਜ ਤੈਅ ਹੋ ਰਹੇ ਹੋਣ ਤਾਂ ਕੰਵਰ ਸੰਧੂ ਉੱਤੇ ਹਮਲਾ ਹੋਣ ਦੀ ਗੁੰਜਾਇਸ਼ ਵਧ ਜਾਂਦੀ ਹੈ। ਆਖ਼ਰ ਇਹੋ ਹਮਲਾ ‘ਨਿੱਜੀ ਮਾਲਕੀ ਵਾਲੇ ਸਰਕਾਰੀ ਚੈਨਲ’ ਦਾ ਮਸਲਾ ਬਣਦਾ ਹੈ। ਚੈਨਲ ਦੇ ਪੇਸ਼ਕਾਰ ਸਨਸਨੀ ਫੈਲਾਉਣ ਤੋਂ ਬਾਅਦ ਦਾਅਵਾ ਕਰਦੇ ਹਨ ਕਿ ‘ਉਨ੍ਹਾਂ ਨੇ ਇਹ ਖ਼ਬਰ ਸਨਸਨੀ ਫੈਲਾਉਣ ਲਈ ਨਹੀਂ ਸਗੋਂ ਪੱਤਰਕਾਰੀ ਦੇ ਪੇਸ਼ੇ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਦੇ ਇਰਾਦੇ ਨਾਲ ਦਿਖਾਈ ਹੈ।’ ਅਜਿਹੇ ਦਾਅਵੇ ਉੱਤੇ ਸਰਕਾਰ ਦਾ ਲੋਕ ਸੰਪਰਕ ਮਹਿਕਮਾ ਵੀ ਸ਼ਰਮਿੰਦਾ ਹੋ ਸਕਦਾ ਹੈ। ਇਸੇ ਲਈ ‘ਨਿੱਜੀ ਮਾਲਕੀ ਵਾਲਾ ਸਰਕਾਰੀ ਚੈਨਲ’ ਹੈ ਜਿਸ ਦੇ ਕੰਮ-ਸਿਧਾਂਤ ਵਿੱਚ ‘ਪਸ਼ੇਮਾਨੀ’ ਦੀ ਧਾਰਨਾ ਗ਼ੈਰ-ਹਾਜ਼ਰ ਹੈ।
ਕੰਵਰ ਸੰਧੂ ਦੀ ਪੱਤਰਕਾਰੀ ਦੀ ਪੜਚੋਲ ਹੋਣੀ ਚਾਹੀਦੀ ਹੈ। ਪੰਜਾਬ ਵਿੱਚ ਟੈਲੀਵਿਜ਼ਨ ਦੇ ਵਪਾਰ ਅੰਦਰ ਚੱਲਦੀ ਧੱਕੇਸ਼ਾਹੀ ਉੱਤੇ ਸੁਆਲ ਕਰਨ ਵਾਲਿਆਂ ਵਿੱਚ ਕੰਵਰ ਸੰਧੂ ਦਾ ਨਾਮ ਅਹਿਮ ਹੈ। ‘ਨਿੱਜੀ ਮਾਲਕੀ ਵਾਲੇ ਸਰਕਾਰੀ ਚੈਨਲ’ ਦੀ ਪੇਸ਼ਕਾਰੀ ਕੰਵਰ ਸੰਧੂ ਦੀ ਪੱਤਰਕਾਰੀ ਦੇ ਇਸੇ ਪੱਖ ਨੂੰ ਛੁਟਿਆਉਣ ਦੀ ਮਸ਼ਕ ਵਜੋਂ ਵੇਖੀ ਜਾਣੀ ਬਣਦੀ ਹੈ। ਰਾਜੋਆਣਾ ਬਨਾਮ ਪਿੰਕੀ ਮਾਮਲੇ ਵਿੱਚ ‘ਨਿੱਜੀ ਮਾਲਕੀ ਵਾਲੇ ਸਰਕਾਰੀ ਚੈਨਲ’ ਦਾ ਦਾਅ ਲੱਗ ਗਿਆ ਹੈ ਅਤੇ ਆਪਣੇ ਪੇਸ਼ੇਵਰ ਜੀਵਨ ਨੂੰ ਲੀਹ ਉੱਤੇ ਲਿਆਉਣ ਲਈ ਸਰਗਰਮ ਕੰਵਰ ਸੰਧੂ ਚਿੱਕੜ ਉਛਾਲੀ ਦਾ ਮੈਦਾਨ ਬਣ ਗਿਆ ਹੈ। ਸਮੁੱਚੀ ਬਹਿਸ ਵਿੱਚ ਇਹ ਪੱਖ ਅਹਿਮ ਹੋ ਗਏ ਹਨ ਕਿ ਕੰਵਰ ਸੰਧੂ ਨੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਲਈ ਕਾਗ਼ਜ਼ੀ ਕਾਰਵਾਈ ਪੂਰੀ ਕੀਤੀ ਸੀ ਜਾਂ ਨਹੀਂ?
ਇਸ ਬਹਿਸ ਵਿੱਚੋਂ ਝੂਠੇ ਪੁਲਿਸ ਮੁਕਾਬਲਿਆਂ, ਪੁਲਿਸ ਤਸ਼ੱਦਦ, ਲਾਵਾਰਿਸ਼ ਲਾਸ਼ਾਂ ਅਤੇ ਸੰਜੀਦਾ ਪੜਚੋਲ ਦੇ ਨਜ਼ਰਅੰਦਾਜ਼ ਹੋ ਜਾਣ ਦੀ ਗੁੰਜਾਇਸ਼ ਬਣ ਗਈ ਹੈ। ਇਹ ਬਹਿਸ ਪਿੰਕੀ ਅਤੇ ਰਾਜੋਆਣਾ ਦੇ ਹਵਾਲੇ ਨਾਲ ਨਹੀਂ ਹੋ ਸਕਦੀ। ਇਹ ਬਹਿਸ ਸਿਰਫ਼ ਇਨਸਾਫ਼ ਦੀ ਮੰਗ ਜਾਂ ਬਿਹਤਰ ਸਮਾਜ ਦੇ ਉਸਾਰੀ ਦੇ ਹਵਾਲੇ ਨਾਲ ਹੋ ਸਕਦੀ ਹੈ। ਇੱਕ ਪਾਸੇ ਸ਼ਹੀਦ ਜਸਵੰਤ ਸਿੰਘ ਖਾਲੜੇ ਵਰਗਿਆਂ ਲਈ ਇਨਸਾਫ਼ ਜ਼ਰੂਰੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਹੀ ਅਕੀਦਿਆਂ ਵਾਲੇ ਸਮਾਜ ਦੀ ਉਸਾਰੀ ਲਾਜ਼ਮੀ ਹੈ। ਬੀਤੇ ਦੌਰ ਦੇ ਕੌੜੇ ਤਜਰਬਿਆਂ ਨੂੰ ਮੌਜੂਦਾ ਅਤੇ ਆਉਣ ਵਾਲੇ ਦੌਰ ਵਿੱਚੋਂ ਮਨਫ਼ੀ ਕਰਨ ਲੋੜੀਂਦਾ ਨਕਸ਼ਾ ਸ਼ਰਧਾ ਨਾਲ ਨਹੀਂ ਸਗੋਂ ਪੁਣ-ਛਾਣ ਨਾਲ ਹੀ ਵਾਹਿਆ ਜਾ ਸਕਦਾ ਹੈ।
(ਇਹ ਲੇਖ ਪੰਜਾਬ ਟਾਈਮਜ਼ ਦੇ 25 ਦਸੰਬਰ 2015 ਦੇ ਅੰਕ ਵਿੱਚ ਛਪਿਆ।)

 

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s