ਸੁਆਲ-ਸੰਵਾਦ: ਸਰਕਾਰੀ ਰੇਲ-ਗੱਡੀਆਂ ਵਿੱਚ ‘ਕੌਣ ਲੱਗੂ ਲੜ ਤੇਰੇ?’

ਦਲਜੀਤ ਅਮੀ
sikh-pilgrims-in-trains-600x3391ਪੰਜਾਬ ਲਈ 2015 ਹਾਦਸਿਆਂ ਅਤੇ ਸਰਕਾਰ ਦੀ ਨਾਕਸ ਕਾਰਗੁਜ਼ਾਰੀ ਦਾ ਵਰ੍ਹਾ ਰਿਹਾ ਹੈ। ਇਸ ਸਾਲ ਦੌਰਾਨ ਸੁੱਖਾ ਕਾਹਲਵਾ ਦੇ ਕਤਲ ਤੋਂ ਸੜਕ ਹਾਦਸਿਆਂ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਚੱਲਦਾ ਗ਼ੈਰ-ਸਰਕਾਰੀ ਤੰਤਰ ਸਾਹਮਣੇ ਆਇਆ ਹੈ। ਇਸ ਸਾਲ ਦੌਰਾਨ ਖੇਤੀ ਸੰਕਟ ਬੇਕਿਰਕੀ ਦੇ ਨਵੇਂ ਪੜਾਅ ਵਿੱਚ ਪਹੁੰਚ ਗਿਆ ਹੈ। ਇਸ ਸੰਕਟ ਦੀ ਮਾਰ ਖ਼ੁਦਕੁਸ਼ੀਆਂ ਦੀ ਅਤੁੱਟ ਲੜੀ ਬਣ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ਖ਼ਿਲਾਫ਼ ਭਾਰੀ ਰੋਸ ਉੱਠਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਜਥੇਦਾਰਾਂ ਦੇ ਫ਼ੈਸਲਿਆਂ ਨੇ ਸਰਕਾਰੀ ਭ੍ਰਿਸ਼ਟਾਚਾਰ ਅਤੇ ਸਿਆਸੀ ਕੁਣਬਾਪ੍ਰਸਤੀ ਖ਼ਿਲਾਫ਼ ਰੋਹ ਨੂੰ ਆਵਾਜ਼ ਦਿੱਤੀ ਹੈ। ਪੰਜਾਬ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਨੇ ਪੁਲਿਸ ਤਸ਼ੱਦਦ ਦੀ ਲੰਮੀ ਕੜੀ ਨੂੰ ਉਜਾਗਰ ਕੀਤਾ ਹੈ। ਕਿਸਾਨ-ਮਜ਼ਦੂਰ ਧਰਨਿਆਂ-ਮੁਜ਼ਾਹਰਿਆਂ ਉੱਤੇ ਹੁੰਦੇ ਹੁਕਮਰਾਨ ਦਲ ਦੀ ਯੂਥ ਬ੍ਰਿਗੇਡ ਅਤੇ ਪੁਲਿਸ ਦੇ ਸਾਂਝੇ ਹਮਲੇ, ਔਰਬਿਟ ਬਸ ਕਾਂਡ, ਚੰਨੋ ਦਾ ਸੜਕ ਹਾਦਸਾ, ਪਿੰਕੀ ਦੇ ਇਕਬਾਲੀਆ ਬਿਆਨ, ਅਬੋਹਰ ਅਤੇ ਸੰਗਰੂਰ ਵਿੱਚ ਤਸ਼ੱਦਦ ਦੀਆਂ ਵਾਰਦਾਤਾਂ ਨਾਲ ਸਮੁੱਚਾ ਰੁਝਾਨ ਬੇਪਰਦ ਹੋ ਜਾਂਦਾ ਹੈ। ਇਸੇ ਦੌਰਾਨ ਸਰਕਾਰੀ ਮਹਿਕਮਿਆਂ ਦੀ ਸ਼ਮੂਲੀਅਤ ਨਾਲ ਹੋਇਆ ਨਕਲੀ ਦਵਾਈਆਂ ਦਾ ਘਪਲਾ ਡੰਗ ਟਪਾਉ ਕਾਰਵਾਈ ਤੋਂ ਅੱਗੇ ਨਹੀਂ ਵਧਿਆ। ਖਤਾਨਾਂ ਅਤੇ ਨਹਿਰਾਂ ਵਿੱਚ ਸੁੱਟੀਆਂ ਗਈਆਂ ਦਵਾਈਆਂ ਬਾਬਤ ਕੋਈ ਪੁਖ਼ਤਾ ਕਾਰਵਾਈ ਨਹੀਂ ਹੋਈ। ਫ਼ਸਲਾਂ ਦੇ ਖ਼ਰਾਬੇ ਅਤੇ ਗੰਨਾ ਮਿੱਲਾਂ ਦੇ ਬਕਾਏ ਦੇ ਮਾਮਲੇ ਕਿਸੇ ਤਣ-ਪੱਤਣ ਨਹੀਂ ਲੱਗੇ।
ਇਨ੍ਹਾਂ ਹਾਲਾਤ ਵਿੱਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਹਰੇਕ ਹਲਕੇ ਵਿੱਚ ਤੀਰਥ ਯਾਤਰੀਆਂ ਲਈ ਮੁਫ਼ਤ ਰੇਲਗੱਡੀ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਤੀਰਥ ਦਰਸ਼ਣ ਯਾਤਰਾ ਸਕੀਮ ਤਹਿਤ ਯਾਤਰੂਆਂ ਦੇ ਕਿਰਾਏ, ਖਾਣ-ਪੀਣ ਅਤੇ ਰਿਹਾਇਸ਼ ਦਾ ਖ਼ਰਚ ਸਰਕਾਰ ਕਰੇਗੀ। ਪਛਾਣ ਪੱਤਰ ਅਤੇ ਸਰਕਾਰੀ ਅਦਾਰਿਆਂ ਦੇ ਜਾਰੀ ਕੀਤੇ ਸਿਹਤਯਾਬੀ ਪ੍ਰਣਾਮ ਪੱਤਰਾਂ ਨਾਲ ਕੋਈ ਵੀ ਸ਼ਰਧਾਲੂ ਇਨ੍ਹਾਂ ਰੇਲਗੱਡੀਆਂ ਵਿੱਚ ਤੀਰਥ ਯਾਤਰਾ ਕਰ ਸਕਦਾ ਹੈ।
ਇਸੇ ਦੌਰਾਨ ਪੰਜਾਬ ਦੇ ਸਰਕਾਰੀ ਅਦਾਰਿਆਂ ਅਤੇ ਆਵਾਮ ਦੀ ਹਾਲਤ ਪਹਿਲਾਂ ਤੋਂ ਬਦਤਰ ਹੋ ਰਹੀ ਹੈ। ਇਸ ਵੇਲੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਹਿਦ ਨਾਲ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤੀ ਹਾਲਤ ਖ਼ਸਤਾ ਹੈ। ਇਸ ਅਦਾਰੇ ਨਾਲ ਸਰਕਾਰ ਆਪਣੇ ਵਿੱਤੀ ਵਾਅਦੇ ਵਫ਼ਾ ਨਹੀਂ ਕਰ ਰਹੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਪੰਜਾਬ ਸਰਕਾਰ ਦੇ ਵਿੱਤੀ ਵਾਅਦੇ ਕਈ ਸਾਲਾਂ ਤੋਂ ਬੇਵਫ਼ਾਈ ਦਾ ਸ਼ਿਕਾਰ ਹਨ। ਹੁਕਮਰਾਨ ਸਿਆਸੀ ਪਾਰਟੀ ਦੀ ਸਰਪ੍ਰਸਤੀ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਦੀ ਚੋਣਾਂ ਦੀ ਜਿੱਤ ਦਾ ਜ਼ਸ਼ਨ ਮਨਾਉਣ ਲਈ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮਾਗਮ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਉਸ ਮੌਕੇ ਯੂਨੀਵਰਸਿਟੀ ਨੂੰ ਇੱਕ ਕਰੋੜ ਰੁਪਈਆ ਦੇਣ ਦਾ ਐਲਾਨ ਕੀਤਾ ਸੀ। ਦੋ ਸੁਆਲ ਸਨ: ਜਦੋਂ ਇਹ ਯੂਨੀਵਰਸਿਟੀ ਨਾਲ ਜੁੜਿਆ ਸਮਾਗਮ ਨਹੀਂ ਸੀ ਤਾਂ ਅਜਿਹੇ ਸਮਾਗਮ ਉੱਤੇ ਇਸ ਤਰ੍ਹਾਂ ਦਾ ਐਲਾਨ ਕਿਸ ਸਲੀਕੇ ਦੇ ਘੇਰੇ ਵਿੱਚ ਆਉਂਦਾ ਹੈ? ਉਹ ਰਕਮ ਦਾ ਕੀ ਬਣਿਆ ਜੋ ਸਰਕਾਰ ਉੱਤੇ ਯੂਨੀਵਰਸਿਟੀ ਦੀ ਦੇਣਦਾਰੀ ਹੈ?
ਜੇ ਯੂਨੀਵਰਸਿਟੀ ਕੋਲ ਕਿਸੇ ਵੀ ਤਰ੍ਹਾਂ ਦੀ ਖ਼ੁਦਮੁਖ਼ਤਿਆਰੀ ਦੀ ਗੁੰਜ਼ਾਇਸ਼ ਹੁੰਦੀ ਤਾਂ ਇਸ ਐਲਾਨ ਦਾ ਜੁਆਬ ਦਿੱਤਾ ਜਾਂਦਾ ਕਿ ‘ਖੈਰਾਤ’ ਨਹੀਂ ਸਗੋਂ ਸਰਕਾਰੀ ਵਾਅਦਾ ਵਫ਼ਾ ਕਰੋ ਅਤੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢੋਂ। ਇਸ ਤਰ੍ਹਾਂ ਦੇ ਨੁਮਾਇਸ਼ੀ ਅਤੇ ਕਰੋੜੀ ਬਿਆਨ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੀ ਨੁਮਾਇੰਦਗੀ ਕਰਦੇ ਹਨ। ਉਦਘਾਟਨੀ ਪੱਥਰਾਂ ਅਤੇ ਸਰਕਾਰੀ ਇਸ਼ਤਿਹਾਰਾਂ ਉੱਤੇ ਛਪੀਆਂ ਤਸਵੀਰਾਂ ਨੂੰ ਇਸੇ ਕੜੀ ਵਿੱਚ ਵੇਖਿਆ ਜਾਣਾ ਬਣਦਾ ਹੈ। ਜਦੋਂ ਕਿਸਾਨ-ਮਜ਼ਦੂਰ ਮੋਰਚਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸਰਕਾਰ ਨੂੰ ਮੂੰਹ ਦਿਖਾਉਣ ਦਾ ਸੰਕਟ ਖੜ੍ਹਾ ਹੋਇਆ ਹੈ ਤਾਂ ਸਰਕਾਰੀ ਇਸ਼ਤਿਹਾਰਾਂ ਵਿੱਚੋਂ ਸਿਆਸਤਦਾਨਾਂ ਦੀਆਂ ਤਸਵੀਰਾਂ ਲਾਪਤਾ ਹੋ ਗਈਆਂ ਹਨ। ਇਸੇ ਮੌਕੇ ਤੀਰਥ ਯਾਤਰਾ ਦੀਆਂ ਰੇਲਗੱਡੀਆਂ ਚਲਾਈਆਂ ਗਈਆਂ ਹਨ। ਇਹ ਗੱਡੀਆਂ ਨਾ ਕਿਸੇ ਦੀ ਮੰਗ ਸਨ ਅਤੇ ਨਾ ਹੀ ਕਿਸੇ ਚੋਣ ਮਨੋਰਥ ਪੱਤਰ ਦਾ ਵਾਅਦਾ ਸਨ। ਹੁਣ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਸਰਕਾਰੀ ਪ੍ਰਾਪਤੀਆਂ ਵਜੋਂ ਪੇਸ਼ ਕੀਤਾ ਜਾਵੇਗਾ। ਹੁਣ ਇਹ ਬਿਨਾਂ ਸ਼ੱਕ ਚੋਣ ਮਨੋਰਥ ਪੱਤਰਾਂ ਦਾ ਹਿੱਸਾ ਵੀ ਬਣ ਜਾਣਗੀਆਂ।
ਆਵਾਮ ਨੂੰ ਅਵਾਜ਼ਾਰੀ ਅਤੇ ਬੇਚੈਨੀ ਤੋਂ ਬਚਾਉਣ ਵਿੱਚ ਨਾਕਾਮਯਾਬ ਰਹੀ ਸਰਕਾਰ ਤੀਰਥ ਯਾਤਰਾਵਾਂ ਦਾ ਬੰਦੋਬਸਤ ਕਿਉਂ ਕਰਦੀ ਹੈ? ਹਰ ਤਰ੍ਹਾਂ ਦੇ ਲੋਕ ਕਲਿਆਣ ਦੀਆਂ ਯੋਜਨਾਵਾਂ ਵਿੱਚੋਂ ਹੱਥ ਪਿੱਛੇ ਖਿੱਚਣ ਵਾਲੀ ਸਰਕਾਰ ਦੀਆਂ ਰੇਲ ਗੱਡੀਆਂ ਵਿੱਚ ਕਿਹੜਾ ਧਾਰਮਿਕ ਜੀਅ ਸਫ਼ਰ ਕਰਨਾ ਜਾਵੇਗਾ? ਸਰਕਾਰ ਅਤੇ ਨਿਜ਼ਾਮ ਦਾ ਬੁਨਿਆਦੀ ਕੰਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁਖ਼ਾਤਬ ਹੋਣਾ ਹੈ। ਆਵਾਮ ਦੇ ਸ਼ਹਿਰੀ, ਜਮਹੂਰੀ, ਮਨੁੱਖੀ ਅਤੇ ਕਾਨੂੰਨੀ ਹਕੂਕ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਸਿਹਤ, ਸਿੱਖਿਆ, ਖੇਡਾਂ, ਸੱਭਿਆਚਾਰ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਪੰਜਾਬ ਸਰਕਾਰ ਦੀਆਂ ਕੀ ਪ੍ਰਾਪਤੀਆਂ ਹਨ? ਨੁਮਾਇਸ਼ੀ ਕਬੱਡੀ ਕੱਪ ਤੱਕ ਨੂੰ ਜਾਰੀ ਰੱਖਣ ਵਿੱਚ ਨਾਕਾਮਯਾਬ ਹੋਈ ਸਰਕਾਰ ਦਰਅਸਲ ਸਕੂਲਾਂ, ਕਾਲਜਾਂ, ਜ਼ਿਲ੍ਹਿਆਂ ਅਤੇ ਸੂਬੇ ਦੇ ਮੁਕਾਬਲੇ ਕਰਵਾਉਣ ਵਿੱਚ ਮੁਕੰਮਲ ਤੌਰ ਉੱਤੇ ਨਾਕਾਮਯਾਬ ਹੋਈ ਹੈ। ਪੰਜਾਬ ਵਿੱਚ ਰੋਜ਼ਾਨਾ ਤਕਰੀਬਨ ਪੰਦਰ੍ਹਾਂ ਜੀਅ ਸੜਕ ਹਾਦਸਿਆਂ ਦੌਰਾਨ ਮੌਕੇ ਉੱਤੇ ਮਰਦੇ ਹਨ। ਹਸਪਤਾਲ ਜਾ ਕੇ ਜਾਂ ਮਹੀਨਿਆਂ ਦੀਆਂ ਤਕਲੀਫ਼ਾਂ ਤੋਂ ਬਾਅਦ ਦਮ ਤੋੜਣ ਵਾਲਿਆਂ ਅਤੇ ਪੱਕੀ ਅਪੰਗਤਾ ਹੰਢਾਉਣ ਵਾਲਿਆਂ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਸੜਕਾਂ ਦੀ ਬਦਇੰਤਜ਼ਾਮੀ ਅਤੇ ਆਵਾਜਾਈ ਦੇ ਨੇਮਾਂ ਨੂੰ ਲਾਗੂ ਕਰਨ ਦੀ ਫ਼ੌਜਦਾਰੀ ਘੇਸਲ ਦੇ ਨਾਲ ਇਹ ਤੱਥ ਵੀ ਅਹਿਮ ਹੈ ਕਿ ਪੰਜਾਬ ਵਿੱਚ ਸਿਰ ਦੀਆਂ ਸੱਟਾਂ ਦੇ ਇਲਾਜ ਲਈ ਸਰਕਾਰੀ ਕਮਿਊਨਿਟੀ ਹੈਲਥ ਸੈਂਟਰਾਂ/ਹਸਪਤਾਲਾਂ ਵਿੱਚ ਪੰਜ ਡਾਕਟਰ ਵੀ ਨਹੀਂ ਹਨ।
ਪੰਜਾਬ ਸਰਕਾਰ ਨੇ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਈ ਵਾਰ ਕੀਤਾ ਹੈ। ਸਰਕਾਰ ਨੇ ਆਪ ਅਧਿਐਨ ਕਰਵਾਏ ਹਨ। ਇਹ ਮੁਆਵਜ਼ੇ ਦੇਣ ਤੋਂ ਸਰਕਾਰ ਲਗਾਤਾਰ ਕੰਨੀ ਕਤਰਾ ਰਹੀ ਹੈ ਅਤੇ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦੇ ਮਾਮਲੇ ਵਿੱਚ 2015 ਘੱਟੋ-ਘੱਟ 21ਵੀਂ ਸਦੀ ਦਾ ਬਦਤਰ ਸਾਲ ਰਿਹਾ ਹੈ। ਇਸੇ ਸਾਲ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਉੱਤੇ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਗਏ ਹਨ।
ਪਿੰਡਾਂ ਵਿੱਚ ਸ਼ਰਧਾਲੂ ਬੇਈਮਾਨੀ ਦੇ ਦਾਗ਼ ਵਾਲੇ ਲੋਕਾਂ ਦੀਆਂ ਟਰਾਲੀਆਂ ਅਤੇ ਟਰੱਕਾਂ ਵਿੱਚ ਗੁਰਦੁਆਰੇ ਮੱਥਾ ਟੇਕਣ ਜਾਣ ਤੋਂ ਕੰਨੀ ਕਤਰਾਉਂਦੇ ਰਹੇ ਹਨ। ਉਨ੍ਹਾਂ ਦੀ ਬੇਈਮਾਨੀ ਨਾਲ ਜੁੜੀਆਂ ਗ਼ਰੀਬਾਂ ਦੀਆਂ ਗਰਜ਼ਾਂ ਜਾਂ ਤੀਰਥ ਯਾਤਰਾ ਰਾਹੀਂ ਭੁੱਖ ਅਤੇ ਜ਼ਿੰਦਗੀ ਦੇ ਨੀਰਸ ਰੋਜ਼ਨਾਮਚੇ ਤੋਂ ਵਕਤੀ ਨਿਜਾਤ ਭਾਲਦੀ ਲੋਕਾਈ ਉਨ੍ਹਾਂ ਹੀ ਟਰਾਲੀਆਂ-ਟਰੱਕਾਂ ਨੂੰ ‘ਪਰਉਪਕਾਰੀ ਕੰਮ’ ਦਾ ਰੁਤਬਾ ਦਿੰਦੀ ਰਹੀ ਹੈ। ਮਜ਼ਦੂਰਾਂ ਦੀਆਂ ਦਿਹਾੜੀਆਂ ਮਾਰਨ ਵਾਲੇ ਅਤੇ ਸਰਕਾਰੇ-ਦਰਬਾਰੇ ‘ਖਾਣ-ਪੀਣ’ ਦੀ ਸਾਂਝ ਰੱਖਣ ਵਾਲੇ ਚੌਧਰੀ ਤੀਰਥ ਯਾਤਰਾਵਾਂ ਉੱਤੇ ਟਰਾਲੀਆਂ-ਟਰੱਕ ਲਿਜਾ ਕੇ ਆਪਣੀ ਸਾਖ਼ ਬਚਾਉਣ ਜਾਂ ਭੱਲ ਕਾਇਮ ਕਰਨ ਦੀ ਮਸ਼ਕ ਕਰਦੇ ਰਹੇ ਹਨ। ਹੁਣ ਪੰਜਾਬ ਦਾ ਇਹੋ ਰੁਝਾਨ ਸੱਭਿਆਚਾਰ ਤੋਂ ਸਿਆਸਤ ਰਾਹੀਂ ਪੱਕੇ ਪੈਰੀਂ ਹੋ ਰਿਹਾ ਹੈ। ਪੰਜਾਬ ਸਰਕਾਰ ਦੀਆਂ ਤੀਰਥ ਯਾਤਰਾ ਵਾਲੀਆਂ ਰੇਲਗੱਡੀਆਂ ਵਿੱਚ ਹਲਕਾ ਇੰਚਾਰਜਾਂ ਨਾਲ ਜੁੜੀਆਂ ਗਰਜ਼ਾਂ ਅਤੇ ਅਵਾਜ਼ਾਰੀ ਤੋਂ ਵਕਤੀ ਨਿਜਾਤ ਦੇ ਉਪਰਾਲੇ ਸਫ਼ਰ ਕਰਨਗੇ। ਕੀ ਇਸ ਨਾਲ ਥਾਣਿਆਂ-ਕਚਿਹਰੀਆਂ ਅਤੇ ਬੱਸਾਂ-ਠੇਕਿਆਂ ਵਿੱਚ ‘ਚੰਮ ਦੀਆਂ ਚਲਾਉਣ ਵਾਲੇ’ ਹਲਕਾ ਇੰਚਾਰਜ ਪਰਉਪਕਾਰੀ ਹੋ ਜਾਣਗੇ?
ਪੰਜਾਬ ਦੇ ਸੱਭਿਆਚਾਰ ਵਿੱਚ ਗੁਰਦੁਆਰੇ ਜਾਣ ਜਾਂ ਭੇਜਣ ਦੀ ਇੱਕ ਰਮਜ਼ ਘਰੇਲੂ ਕਲੇਸ਼ ਅਤੇ ਬੇਹਰਮਤੀ ਨਾਲ ਵੀ ਜੁੜੀ ਹੋਈ ਹੈ। ਘਰੇਲੂ ਕਲੇਸ਼ ਤੋਂ ਪਰੇਸ਼ਾਨ ਬਜ਼ੁਰਗ ‘ਗੁਰਦੁਆਰੇ ਜਾ ਕੇ ਬੈਠਣ’ ਦੀ ਧਮਕੀ ਦਿੰਦੇ ਰਹੇ ਹਨ ਅਤੇ ਬਹੁਤ ਸਾਰੇ ਨਵੇਂ ਬਣੇ ਲਾਣੇਦਾਰਾਂ ਨੇ ‘ਬਜ਼ੁਰਗਾਂ ਦੇ ਗੁਰਦੁਆਰੇ ਬੈਠੇ ਹੋਣ ਦਾ’ ਮਿਹਣਾ ਤਾਉਮਰ ਜਰਿਆ ਹੈ। ਗੁਰਦੁਆਰਿਆਂ ਨੂੰ ‘ਨਿਆਸਰਿਆਂ ਦਾ ਆਸਰਾ’ ਮੰਨਿਆ ਜਾਂਦਾ ਹੈ ਅਤੇ ਇਹ ਗੁਰਦੁਆਰੇ ਦੀ ਅਦਾਰੇ ਵਜੋਂ ਕਮਾਈ ਵਿਰਾਸਤੀ ਪੂੰਜੀ ਹੈ। ਕੀ ਹੁਕਮਰਾਨ ਧਿਰ ਗੁਰਦੁਆਰਿਆਂ ਦੇ ਪ੍ਰੰਬਧ ਦੇ ਸਿਆਸੀਕਰਨ ਤੋਂ ਬਾਅਦ ਹੁਣ ਸਰਕਾਰੀ ਖ਼ਰਚ ਉੱਤੇ ‘ਨਿਆਸਰਿਆਂ ਦਾ ਆਸਰਾ’ ਬਣ ਰਹੀ ਹੈ? ‘ਨਿਆਸਰਿਆਂ ਦਾ ਆਸਰਾ ਬਣਨਾ’ ਤਾਂ ਅਹਿਮ ਮਨੁੱਖੀ ਗੁਣ ਹੈ ਅਤੇ ਪਰਉਪਕਾਰ ਮੰਨਿਆ ਜਾਂਦਾ ਹੈ ਪਰ ‘ਲੋਕਾਂ ਨੂੰ ਨਿਆਸਰਾ ਕਰਨਾ’ ਤਾਂ ਸਦਾ ਕ੍ਰਿਤਘਣਤਾ ਹੀ ਅਖਵਾਈ ਹੈ। ਲੋਕਾਂ ਨੂੰ ‘ਨਿਆਸਰੇ ਕਰ ਕੇ’ ਭਾਵੇਂ ‘ਗੁਰੂ ਦੇ ਲੜ ਲਗਾਉਣ’ ਦਾ ਦਾਅਵਾ ਕੀਤਾ ਜਾਵੇ ਪਰ ਇਹ ਕ੍ਰਿਤਘਣਤਾ ਦੇ ਘੇਰੇ ਵਿੱਚੋਂ ਬਾਹਰ ਨਹੀਂ ਆ ਸਕਦੀ। ਉਂਝ ਲੋਕਾਂ ਨੂੰ ਬੇਆਸਰਾ ਕਰਨ ਵਾਲੀ ਸਰਕਾਰ ਅਤੇ ਆਵਾਮ ਦੀ ਬੇਹੁਰਮਤੀ ਕਰਨ ਵਾਲੇ ਹਲਕਾ ਇੰਚਾਰਜਾਂ ਨੂੰ ਸ਼ਰਧਾਲੂਆਂ ਨੂੰ ‘ਗੁਰੂ ਦੇ ਲੜ ਲਗਾਉਣਾ’ ਕਿੰਨਾ ਕੁ ਸ਼ੋਭਦਾ ਹੈ? ਇਹ ਆਵਾਮ ਨੂੰ ਸੋਚਣ-ਸਮਝਣ ਵਾਲੇ ਸੰਵੇਦਨਸ਼ੀਲ ਜੀਅ ਵਜੋਂ ਪਛਾਣਨ ਦੀ ਥਾਂ ਸ਼ੀਲ ਸ਼ਰਧਾਲੂ ਬਣਾਉਣ ਦੀ ਮਸ਼ਕ ਵਧੇਰੇ ਹੈ ਪਰ ਲੋਕ ਸ਼ਰਧਾ ਦੇ ਘੇਰੇ ਤੋਂ ਬਾਹਰ ਵੀ ‘ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ’ ਦੀ ਅਰਦਾਸ ਕਰਦੇ ਹਨ।

(ਇਹ ਲੇਖ ਪੰਜਾਬ ਟਾਈਮਜ਼ ਦੇ 8 ਜਨਵਰੀ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s