ਸੁਆਲ-ਸੰਵਾਦ: ਲੋਰੀਆਂ ਦੇ ਕਤਲ ਤੋਂ ਬਾਅਦ ਕੀਰਨਿਆਂ ਦੀ ਬੋਲੀ

ਦਲਜੀਤ ਅਮੀ
2016_1largeimg06_wednesday_2016_003929514ਅੰਮ੍ਰਿਤਸਰ ਦੇ ਫੋਕਲ ਪੁਆਇੰਟ ਦੇ ਇੱਕ ਕਾਰਖ਼ਾਨੇ ਵਿੱਚ ਬਾਬੂ ਮੱਲ ਦੀ ਛੇ ਸਾਲਾ ਧੀ, ਸ਼ਾਲਿਨੀ ਅਤੇ ਸ਼ਿਵ ਨਾਰਾਇਣ ਦੇ ਪੰਜ ਸਾਲਾ ਪੁੱਤ ਗੋਲੂ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ ਦੇ ਦੋ ਬੱਚਿਆਂ ਦੀ ਇਲਾਜ ਤੋਂ ਬਾਅਦ ਜਾਨ ਬਚ ਗਈ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਕਾਰਖ਼ਾਨਾ ਮਾਲਕ ਅਤੇ ਪੀੜਤ ਪਰਿਵਾਰਾਂ ਵਿੱਚ ਮੁਆਵਜ਼ਾ ਤੈਅ ਹੋ ਜਾਣ ਕਾਰਨ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਬੱਚਿਆਂ ਨੂੰ ਕਾਰਖ਼ਾਨੇ ਵਿੱਚ ਜ਼ਹਿਰੀਲੀ ਗੈਸ ਚੜ੍ਹੀ ਸੀ। ਛੁੱਟੀ ਕਾਰਨ ਬੱਚੇ ਮਾਪਿਆਂ ਨਾਲ ਕਾਰਖ਼ਾਨੇ ਵਿੱਚ ਆਏ ਸਨ ਅਤੇ ਜ਼ਿਆਦਾ ਕੰਮ ਹੋਣ ਕਾਰਨ ਛੁੱਟੀ ਵਾਲੇ ਦਿਨ ਕਾਰਖ਼ਾਨਾ ਚੱਲ ਰਿਹਾ ਸੀ। ਅਖ਼ਬਾਰਾਂ ਵਿੱਚ ਇਸ ਤੋਂ ਜ਼ਿਆਦਾ ਤਫ਼ਸੀਲ ਨਹੀਂ ਛਪੀ। ਛਪੀ ਹੋਈ ਤਫ਼ਸੀਲ ਵਿੱਚੋਂ ਅਣਛਪੇ ਦੇ ਇਸ਼ਾਰੇ ਮਿਲਦੇ ਹਨ। ਇਨ੍ਹਾਂ ਖ਼ਬਰਾਂ ਵਿੱਚੋਂ ਗ਼ੈਰ-ਹਾਜ਼ਰ ਤੱਤ ਆਪਣੀ ਸ਼ਨਾਖ਼ਤ ਆਪ ਕਰਦੇ ਹਨ ਜੋ ਮੀਡੀਆ ਸਮੇਤ ਨਿਜ਼ਾਮ, ਸਰਕਾਰ, ਸਿਆਸਤ ਅਤੇ ਸ਼ਹਿਰੀ ਹਕੂਕ ਦੇ ਹਾਲਾਤ ਬਾਬਤ ਪੜਚੋਲ ਦਾ ਸਬੱਬ ਬਣਦੇ ਹਨ।
ਇਹ ਬੱਚੇ ਕੌਣ ਸਨ? ਇਹ ਗ਼ਰੀਬ ਕਾਰਖ਼ਾਨਾ ਮਜ਼ਦੂਰਾਂ ਦੇ ਬੱਚੇ ਸਨ। ਇਨ੍ਹਾਂ ਦੇ ਮਾਪੇ ਅਤੇ ਆਂਢ-ਗੁਆਂਢ ਦੇ ਬਾਲਗ਼ ਜੀਅ ਉਸੇ ਜਾਂ ਅਜਿਹੇ ਕਾਰਖ਼ਾਨਿਆਂ ਵਿੱਚ ਕੰਮ ਕਰਦੇ ਹੋਣਗੇ। ਇਨ੍ਹਾਂ ਦੇ ਮਾਪਿਆਂ ਕੋਲ ਬੱਚਿਆਂ ਨੂੰ ਛੁੱਟੀ ਵਾਲੇ ਦਿਨ ਕਿਸੇ ਰਿਸ਼ਤੇਦਾਰ, ਦੋਸਤ ਜਾਂ ਜਾਣ-ਪਛਾਣ ਜਾਂ ਕਿਸੇ ਖਿਡਾਵੀ ਕੋਲ ਛੱਡਣ ਦੀ ਗੁੰਜ਼ਾਇਸ਼ ਨਹੀਂ ਹੋਵੇਗੀ। ਇਹ ਸੰਭਾਵਨਾ ਹੈ ਕਿ ਇਹ ਹਰ ਛੁੱਟੀ ਵਾਲੇ ਦਿਨ ਮਾਪਿਆਂ ਨਾਲ ਕਾਰਖ਼ਾਨੇ ਵਿੱਚ ਜਾਂਦੇ ਹੋਣ। ਖ਼ਬਰਾਂ ਦੱਸਦੀਆਂ ਹਨ ਕਿ ਮਜ਼ਦੂਰ ਕਾਰਖ਼ਾਨੇ ਦੇ ਲਾਗੇ ਰਹਿੰਦੇ ਹਨ। ਸੰਭਾਵਨਾ ਇਹ ਵੀ ਹੈ ਕਿ ਬੱਚੇ ਕਾਰਖ਼ਾਨੇ ਵਿੱਚ ਰੋਜ਼ਾਨਾ ਜਾਂਦੇ ਹੋਣ। ਹੋ ਸਕਦਾ ਹੈ ਕਿ ਉਹ ਜੇ ਕਾਰਖ਼ਾਨਾ ਮਾਲਕ ਦੀ ਮਜ਼ਦੂਰੀ ਨਾ ਕਰਦੇ ਹੋਣ ਤਾਂ ਮਾਪਿਆਂ ਨਾਲ ਹੱਥ ਵੰਡਾਉਂਦੇ ਹੋਣ। ਕੀ ਬੱਚਿਆਂ ਦਾ ਰੋਜ਼ਨਾਮਚਾ ਅਤੇ ਮਾਪਿਆਂ ਦੀ ਗ਼ਰੀਬੀ ਜਾਂ ਰੋਜ਼ਗ਼ਾਰ ਜਾਂ ਰਿਹਾਇਸ਼ ਦਾ ਥਾਂ ਨਾਲ ਇਨ੍ਹਾਂ ਬੱਚਿਆਂ ਦੀ ਪਛਾਣ ਮੁਕੰਮਲ ਹੋ ਜਾਂਦੀ ਹੈ? ਕੀ ਇਨ੍ਹਾਂ ਦੀ ਸਮਾਜਿਕ ਜੀਅ, ਕਾਨੂੰਨੀ ਸ਼ਹਿਰੀ ਅਤੇ ਮਨੁੱਖ ਵਜੋਂ ਕੋਈ ਪਛਾਣ ਨਹੀਂ ਹੈ? ਕੀ ਉਨ੍ਹਾਂ ਦੀ ਅਜਿਹੀ ਪਛਾਣ ਕਦੇ ਨਹੀਂ ਸੀ? ਮੌਜੂਦਾ ਦੌਰ ਵਿੱਚ ਦਾ ਗ਼ਾਲਬ ਰੁਝਾਨ ਧਰਮ ਨੂੰ ਮਨੁੱਖ ਦੀ ‘ਅੰਤਿਮ’ ਪਛਾਣ ਦਾ ਤੱਤ ਮੰਨਦਾ ਹੈ। ਇਨ੍ਹਾਂ ਦੀ ਹੋਂਦ-ਅਣਹੋਂਦ ਨਾਲ ਧਰਮ ਦੇ ਪਿੰਡੇ ਉੱਤੇ ਕੋਈ ਝਰੀਟ ਤਾਂ ਨਹੀਂ ਆਈ?
ਇਨ੍ਹਾਂ ਦੀ ਮੌਤ ਦਾ ਕਾਰਨ ਕੀ ਹੈ? ਕਾਰਖ਼ਾਨੇ ਵਿੱਚ ਖੇਡਦੇ ਬੱਚਿਆਂ ਨੂੰ ਜ਼ਹਿਰੀਲੀ ਗੈਸ ਚੜ੍ਹੀ ਹੈ ਜਿਸ ਨਾਲ ਉਨ੍ਹਾਂ ਦਾ ਸਾਹ ਬੰਦ ਹੋ ਗਿਆ। ਕਾਰਖ਼ਾਨੇ ਦੇ ਹਾਲਾਤ ਤਾਂ ਬੱਚਿਆਂ ਦੀ ਆਮਦ ਜਾਂ ਛੁੱਟੀ ਨਾਲ ਨਹੀਂ ਬਦਲੇ। ਇਸ ਦਾ ਮਤਲਬ ਤਾਂ ਸਾਫ਼ ਹੈ ਕਿ ਕਾਰਖ਼ਾਨੇ ਵਿੱਚ ਮਜ਼ਦੂਰਾਂ ਦੇ ਕੰਮ ਵਾਲੇ ਇਲਾਕੇ ਵਿੱਚ ਜਾਣ ਵਾਲਾ ਹਰ ਜੀਅ ਖ਼ਤਰੇ ਦੀ ਜੱਦ ਵਿੱਚ ਸੀ। ਇਹ ਗੈਸ ਕਿਸੇ ਨੂੰ ਵੀ ਚੜ੍ਹ ਸਕਦੀ ਸੀ। ਮਜ਼ਦੂਰਾਂ ਨੂੰ ਇਹ ਚੜ੍ਹਦੀ ਵੀ ਹੋਵੇਗੀ ਪਰ ਮੌਤ ਤੋਂ ਪਹਿਲਾਂ ਦੀ ਕੋਈ ਵੀ ਖ਼ਬਰ ਹਾਦਸੇ ਵਜੋਂ ਦਰਜ ਨਹੀਂ ਹੁੰਦੀ। ਇਸੇ ਗੈਸ ਦੀ ਮਾਰ ਕਾਰਨ ਮਜ਼ਦੂਰ ਕਿਨ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੋਏ ਹੋ ਸਕਦੇ ਸਨ? ਮਜ਼ਦੂਰ ਤਾਂ ਇਨ੍ਹਾਂ ਹਾਲਾਤ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਾਨ ਬਚਾ ਲੈਂਦੇ ਹੋਣਗੇ ਪਰ ਇਹ ਬੱਚੇ ਇਸੇ ਹੁਨਰ ਤੋਂ ਸਖ਼ਣੇ ਸਨ। ਇਨ੍ਹਾਂ ਹਾਲਾਤ ਦੀ ਪੜਚੋਲ ਤੋਂ ਬਿਨਾਂ ਸ਼ਾਲਿਨੀ ਅਤੇ ਗੋਲੂ ਦੀਆਂ ਮੌਤਾਂ ਦੀ ਪੜਚੋਲ ਕਿਵੇਂ ਹੋ ਸਕਦੀ ਹੈ? ਇਨ੍ਹਾਂ ਮੌਤਾਂ ਵਿੱਚ ਪ੍ਰਦੂਸ਼ਣ ਬੋਰਡ, ਕਿਰਤ ਅਤੇ ਸਨਅਤੀ ਮਹਿਕਮਿਆਂ ਦੀ ਨਜ਼ਰਅੰਦਾਜ਼ੀ ਨੂੰ ਅੱਖੋਂ-ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ? ਇਸ ਨਜ਼ਰਅੰਦਾਜ਼ੀ ਦੇ ਸਾਹਮਣੇ ਆਉਣ ਨਾਲ ਸ਼ਾਲਿਨੀ ਅਤੇ ਗੋਲੂ ਦੀਆਂ ਮੌਤਾਂ ਦਾ ਖ਼ਾਸਾ ਬਦਲ ਜਾਂਦਾ ਹੈ। ਇਹ ਮੌਤਾਂ ਹਾਦਸੇ ਤੋਂ ਕਤਲ ਹੋ ਜਾਂਦੀਆਂ ਹਨ।
ਕੀ ਇਹ ਮੌਤਾਂ ਕਿਸੇ ਰੁਝਾਨ ਦੀ ਕੜੀ ਹਨ? ਜੇ ਚਰਚਾ ਦਾ ਘੇਰਾ ਕਾਰਖ਼ਾਨੇ ਦੇ ਘੇਰੇ ਤੱਕ ਮਹਿਦੂਦ ਕਰਨਾ ਹੋਵੇ ਤਾਂ ਇਹ ਮੌਤਾਂ ਹਾਲਾਤ ਨਾਲ ਜੁੜ ਕੇ ਰੁਝਾਨ ਦੀ ਕੜੀ ਵਜੋਂ ਉਭਰ ਆਉਂਦੀਆਂ ਹਨ। ਜੇ ਇਹ ਗੈਸ ਸ਼ਾਲਿਨੀ ਅਤੇ ਗੋਲੂ ਦੇ ਕਤਲ ਦਾ ਕਾਰਨ ਬਣ ਸਕਦੀ ਹੈ ਤਾਂ ਇਹ ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਨਾਲ ਦੇ ਕਾਮਿਆਂ ਦੇ ਸਿਰ ਉੱਤੇ ਸਦਾ ਮੌਤ ਵਜੋਂ ਮੰਡਰਾਉਂਦੀ ਹੈ। ਜਿਨ੍ਹਾਂ ਨੇ ਇਨ੍ਹਾਂ ਹਾਲਾਤ ਵਿੱਚ ਕੰਮ ਕਰਨਾ ਪ੍ਰਵਾਨ ਕੀਤਾ ਹੈ ਉਨ੍ਹਾਂ ਦੇ ਸਿਰ ਉੱਤੇ ਮੰਡਰਾਉਂਦੀ ਮੌਤ ਕਾਰਖ਼ਾਨੇ ਦੇ ਦਰਵਾਜ਼ੇ ਉੱਤੇ ਬੰਨ੍ਹੀ ਹੋਈ ਨਹੀਂ ਹੈ। ਇਹ ਮੌਤ ਉਨ੍ਹਾਂ ਦੀ ਰਿਹਾਇਸ਼ ਵਿੱਚ ਜਿਉਂ ਦੀ ਤਿਉਂ ਮੰਡਰਾਉਂਦੀ ਹੈ।
‘ਗੁਰੂ ਕੀ ਨਗਰੀ’ ਵਿੱਚ 11 ਮਈ 2015 ਨੂੰ ਅੱਠ ਸਾਲਾ ਨੀਰਜ ਅਤੇ ਪੰਜ ਸਾਲਾ ਅੰਕੁਰ ਰਾਤ ਵੇਲੇ ਛੱਤ ਢਹਿ ਜਾਣ ਕਾਰਨ ਹੇਠਾਂ ਦੱਬੇ ਗਏ ਸਨ। ਉਹ ਦੋਵੇਂ ਭਰਾ ਮਾਰੇ ਗਏ ਸਨ ਪਰ ਉਨ੍ਹਾਂ ਦੇ ਮਾਪੇ ਸਦਮਿਆਂ ਅਤੇ ਜ਼ਖਮਾਂ ਨਾਲ ਜਿਉਣ ਲਈ ਬਚ ਗਏ ਸਨ। ਉਨ੍ਹਾਂ ਦੀ ਛੱਤ ਕਿਸੇ ਅਣਕਿਆਸੇ ਮੀਹ ਜਾਂ ਭੂਚਾਲ ਨਾਲ ਨਹੀਂ ਢਹੀ ਸੀ ਸਗੋਂ ਇਹ ਚਿਰਾਂ ਤੋਂ ਖਸਤਾ ਹਾਲਤ ਵਿੱਚ ਸੀ। ਅਜਿਹੀ ਛੱਤ ਦੇ ਗਿਰ ਜਾਣ ਨਾਲ ਹੋ ਸਕਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਤਾਰਾ-ਵਿਗਿਆਨੀ ਹੋਣ ਦੀ ਲੋੜ ਨਹੀਂ। ਜੇ ਕੋਈ ਇਸ ਹਾਲਾਤ ਵਿੱਚ ਪਰਿਵਾਰ ਸਮੇਤ ਰਹਿੰਦਾ ਹੈ ਤਾਂ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਸਮਝਣ ਲਈ ਵੀ ਤਾਰਾ-ਵਿਗਿਆਨੀ ਹੋਣ ਦੀ ਲੋੜ ਨਹੀਂ। ਜੇ ਕਿਸੇ ਸੱਭਿਅਕ ਸਮਾਜ ਵਿੱਚ ਕਿਸੇ ਸ਼ਹਿਰੀ ਨੂੰ ਅਜਿਹੇ ਹਾਲਾਤ ਵਿੱਚੋਂ ਬਾਹਰ ਕੱਢਣ ਦਾ ਉਪਰਾਲਾ ਨਹੀਂ ਹੁੰਦਾ ਤਾਂ ਨਿਜ਼ਾਮ ਦਾ ਆਦਮ-ਖ਼ੋਰ ਖ਼ਾਸਾ ਸਮਝਣ ਲਈ ਕਿਹੜਾ ਤਾਰਾ-ਵਿਗਿਆਨ ਪੜ੍ਹਣ ਦੀ ਲੋੜ ਹੈ? ਦੋਵਾਂ ਮਾਮਲਿਆਂ ਵਿੱਚ ਮਾਪੇ ਬਚ ਗਏ ਹਨ। ਕੀ ਇਹ ਸੁਆਲ ਜਾਇਜ਼ ਬਣਦਾ ਹੈ ਕਿ ਕੀ ਜ਼ਿੰਦਗੀ ਦੀ ਜ਼ਲਾਲਤ ਦਾ ਆਦੀ ਬਣ ਗਏ ਜੀਅ ਬਚ ਗਏ ਹਨ? ਉਮਰ ਦੇ ਹਿਸਾਬ ਨਾਲ ‘ਮੌਤ ਨੂੰ ਝਕਾਨੀ’ ਦੇਣ ਦਾ ਹੁਨਰ ਸਿੱਖ ਜਾਣ ਵਾਲੇ ਜੀਅ ਬਚ ਗਏ ਹਨ। ਜੇ ਜਿਉਂਦੇ ਰਹਿਣ ਲਈ ਸਿਰਫ਼ ‘ਮੌਤ ਨੂੰ ਝਕਾਨੀ’ ਦੇਣ ਦਾ ਹੁਨਰ ਦਰਕਾਰ ਹੈ ਤਾਂ ਮਨੁੱਖ ਦੀ ਪਛਾਣ ਦੇ ਬਾਕੀ ਤੱਤ ਕਿੱਥੇ ਹਨ? ਕਾਨੂੰਨ, ਧਰਮ, ਸਮਾਜਿਕ ਨੇਮ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਿਧਾਂਤਕ ਸੇਧਾਂ ਦਾ ‘ਮੌਤ ਦੀ ਝਕਾਨੀ’ ਦੇਣ ਦੇ ਹੁਨਰ ਸਹਾਰੇ ਜਿਉਂ ਰਹੇ ਲੋਕਾਂ ਨਾਲ ਕੀ ਰਿਸ਼ਤਾ ਹੈ?
ਅੰਮ੍ਰਿਤਸਰ ਵਿੱਚ ਹੀ ਇੱਕ ਮਜ਼ਦੂਰ, ਰਾਮ ਸਿੰਘ ਨੂੰ ਲੰਘੇ ਅਕਤੂਬਰ ਵਿੱਚ ਕਾਰਖ਼ਾਨਾ ਮਾਲਕਾਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਉਸ ਕਤਲ ਦਾ ਵੀਡੀਓ ਯੂ-ਟਿਊਬ ਉੱਤੇ ਆਉਣ ਤੋਂ ਬਾਅਦ ਇਹ ਖ਼ਬਰ ਕੁਝ ਦਿਨਾਂ ਵਿੱਚ ਹੀ ਲਾਪਤਾ ਹੋ ਗਈ ਸੀ। ਕਿਸੇ ਪੱਤਰਕਾਰ ਨੂੰ ਮੁਲਜ਼ਮਾਂ ਦੀ ਹੋਣੀ ਜਾਂ ਕਾਨੂੰਨੀ ਕਾਰਵਾਈ ਦੀ ਖ਼ਬਰ ਅਹਿਮ ਨਹੀਂ ਲੱਗੀ। ਮਕਤੂਲ ਦੀ ਪਛਾਣ ਪਰਵਾਸੀ ਬਿਹਾਰੀ ਮਜ਼ਦੂਰ ਤੱਕ ਮਹਿਦੂਦ ਹੋ ਕੇ ਰਹਿ ਗਈ। ਰਾਮ ਸਿੰਘ ਦੀ ਪਛਾਣ ਦੇ ਬਾਕੀ ਤੱਤ ਉਸ ਦੇ ਕਤਲ ਨਾਲ ਬੇਮਾਅਨਾ ਕਿਵੇਂ ਹੋ ਗਏ? ਰਾਮ ਸਿੰਘ ਨੂੰ ਚੋਰੀ ਦੇ ਇਲਜ਼ਾਮ ਵਿੱਚ ਕਤਲ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਜਾਂ ਅਦਾਲਤ ਨੇ ਕਾਰਵਾਈ ਕਿਉਂ ਨਹੀਂ ਕੀਤੀ? ਆਖ਼ਰ ਪੁਲਿਸ ਅਤੇ ਅਦਾਲਤ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਵਾਲੇ ਕਾਨੂੰਨ ਦੇ ਗੁਨਾਹਗ਼ਾਰ ਹਨ। ਕੀ ਬਿਹਾਰ ਤੋਂ ਆਇਆ ਗ਼ਰੀਬ ਪਰਵਾਸੀ ਮਜ਼ਦੂਰ ਸ਼ਹਿਰੀ ਵਜੋਂ ਕੋਈ ਰੁਤਬਾ ਨਹੀਂ ਰੱਖਦਾ?
ਅੰਮ੍ਰਿਤਸਰ ਵਿੱਚ ਨੀਰਜ, ਅੰਕੁਰ, ਰਾਮ ਸਿੰਘ, ਸ਼ਾਲਿਨੀ ਅਤੇ ਗੋਲੂ ਦੇ ਕਤਲ ਕਿਸੇ ਸਿਆਸੀ ਧਿਰ ਲਈ ਮੁੱਦਾ ਨਹੀਂ ਬਣੇ। ਇਹ ਨਿਜ਼ਾਮ ਦੀ ਨਾਕਾਮਯਾਬੀ ਵਜੋਂ ਕਿਸੇ ਸਿਆਸੀ ਧਿਰ ਦਾ ਮੁੱਦਾ ਨਹੀਂ ਬਣਦੇ ਜਾਪਦੇ। ਲੇਖਕਾਂ ਦੀ ਤਨਕੀਦ ਤੋਂ ਪਰੇਸ਼ਾਨ ਹੋ ਕੇ ਅਦਾਲਤੀ ਕਾਰਵਾਈ ਕਰਨ ਵਾਲੀਆਂ ਅਦਾਲਤਾਂ ਤੋਂ ਇਹ ਕਤਲ ਨਜ਼ਰਅੰਦਾਜ਼ ਕਿਵੇਂ ਹੋ ਗਏ ਹਨ? ਕੀ ਸਮੂਹ ਸਰਕਾਰੀ ਮਹਿਕਮਿਆਂ, ਸਰਕਾਰ, ਸਿਆਸੀ ਧਿਰਾਂ, ਮਨੁੱਖੀ ਹਕੂਕ ਕਮਿਸ਼ਨਾਂ, ਨਿਆਂ-ਪ੍ਰਣਾਲੀ ਅਤੇ ਮਨੁੱਖੀ ਹਕੂਕ ਜਥੇਬੰਦੀਆਂ ਨੇ ਪਰਵਾਸੀ ਮਜ਼ਦੂਰਾਂ ਦੇ ਕਤਲਾਂ ਨੂੰ ਕੁਦਰਤੀ ਮੌਤਾਂ ਵਜੋਂ ਪ੍ਰਵਾਨ ਕਰ ਲਿਆ ਹੈ? ਕੀ ਵਿਸ਼ਵੀਕਰਨ ਅਤੇ ਉਦਾਰੀਕਰਨ ਦੀ ਮੂੰਹਜ਼ੋਰੀ ਨੇ ਮਜ਼ਦੂਰ ਜਥੇਬੰਦੀਆਂ ਨੂੰ ਮੁਆਵਜ਼ੇ ਦੀ ਮੰਗ ਤੱਕ ਮਹਿਦੂਦ ਕਰ ਦਿੱਤਾ ਹੈ? ਕੀ ‘ਨਿਮਾਣੇ-ਨਿਤਾਣੇ ਦੇ ਮਾਣ-ਤਾਣ’ ਦੀ ਅਰਦਾਸ ਆਪਣੇ-ਪਰਾਏ ਦੀ ਪਛਾਣ ਦਾ ਹੁਨਰ ਸਿੱਖ ਗਈ ਹੈ?
ਇਨ੍ਹਾਂ ਹਾਲਾਤ ਵਿੱਚ ਇਹ ਨਿਚੋੜ ਕੱਢਣਾ ਕਿੰਨਾ ਕੁ ਗ਼ਲਤ ਹੈ ਕਿ ਜੇ ‘ਬੱਸ ਹਾਦਸਿਆਂ’ ਵਿੱਚ ਕੀਤੇ ‘ਕਤਲਾਂ’ ਦੀਆਂ ਲਾਸ਼ਾਂ ਖਰੀਦੀਆਂ ਅਤੇ ਸੜਕਾਂ ਉੱਤੇ ਘੜੀਸੀਆਂ ਜਾ ਸਕਦੀਆਂ ਹਨ ਤਾਂ ਪਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਲਈ ਇਨਸਾਫ਼ ਦੀ ਤਵੱਕੋ ਕਰਨਾ ਕੁਫ਼ਰ ਹੈ। ਅੰਮ੍ਰਿਤਸਰ ਦੇ ਕਾਰਖ਼ਾਨਿਆਂ ਵਾਲਿਆਂ ਦਾ ਖ਼ਾਸਾ ’ਸਰਕਾਰੀ ਸਰਪ੍ਰਸਤੀ ਵਿੱਚ ਚੱਲਦੀਆਂ ਨਿੱਜੀ ਬੱਸਾਂ’ ਨਾਲ ਮੇਲ ਖਾਂਦਾ ਹੈ। ਇਸ ਖ਼ਾਸੇ ਦੀਆਂ ਰਮਜ਼ਾਂ ਭਾਵੇਂ ਭ੍ਰਿਸ਼ਟਾਚਾਰ ਵਿੱਚੋਂ ਲੱਭੀਆਂ ਜਾਣ ਜਾਂ ਪੰਜਾਬ ਦੇ ਵਿਕਾਸ ਲਈ ਲੋੜੀਂਦੇ ‘ਸਨਅਤੀ ਵਿਕਾਸ’ ਦੀ ਦਲੀਲ ਵਿੱਚੋਂ ਸਮਝੀਆਂ ਜਾਣ ਪਰ ਇਹ ਲਾਸ਼ਾਂ ਮੌਜੂਦਾ ਦੌਰ ਦੀ ਬੇਕਿਰਕੀ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਨ੍ਹਾਂ ਲਾਸ਼ਾਂ ਲਈ ਇਨਸਾਫ਼ ਦਾ ਸੁਆਲ ਮੌਜੂਦਾ ਦੌਰ ਦੇ ਨਿਜ਼ਾਮ, ਸਰਕਾਰ, ਸਿਆਸਤ ਅਤੇ ਧਰਮ ਲਈ ਮਾਅਨੇ ਨਹੀਂ ਰੱਖਦਾ।
ਇਹ ਜ਼ਰੂਰੀ ਨਹੀਂ ਕਿ ਨੀਰਜ, ਅੰਕੁਰ, ਰਾਮ ਸਿੰਘ, ਸ਼ਾਲਿਨੀ ਅਤੇ ਗੋਲੂ ਦੀਆਂ ਲਾਸ਼ਾਂ ਮੁਆਵਜ਼ੇ, ਨਜ਼ਰਅੰਦਾਜ਼ੀ ਅਤੇ ਫ਼ੌਰੀ ਸਿਆਸੀ ਲਾਹਿਆਂ ਦੀ ਸਿਆਸਤ ਦੇ ਬਾਲਣ ਵਿੱਚ ਫ਼ਨਾਹ ਹੋ ਜਾਣ। ਸ਼ਰਮ ਅਤੇ ਧਰਮ ਤੋਂ ਨਿਖੇੜਾ ਕਰ ਕੇ ਬੈਠੇ ਨਿਜ਼ਾਮ ਅਤੇ ਸਮਾਜ ਦੀਆਂ ਕੰਨੀਆਂ ਵਿੱਚ ਇਹ ਸੁਆਲ ਤਾਂ ਕਾਇਮ ਰਹੇਗਾ ਕਿ ਇਨ੍ਹਾਂ ਲਾਸ਼ਾਂ ਨੂੰ ਮੁਖ਼ਾਤਬ ਹੋਣਾ ਸਾਡੀ ਜ਼ਿੰਮੇਵਾਰੀ ਕਿਉਂ ਨਹੀਂ? ਮੌਤ ਦੇ ਖ਼ਦਸ਼ਿਆਂ ਵਿੱਚ ਡੰਗ-ਕਟੀ ਕਰਦੀ ਲੋਕਾਈ ਦੀ ਜ਼ਿੰਦਗੀ ਸੱਭਿਅਤਾ ਲਈ ਸੁਆਲ ਕਿਉਂ ਨਹੀਂ ਬਣੀ? ਜਿਸ ਦੌਰ ਨੇ ਨੀਰਜ, ਅੰਕੁਰ, ਸ਼ਾਲਿਨੀ ਅਤੇ ਗੋਲੂ ਨੂੰ ਲੋਰੀਆਂ ਦੇਣ ਤੋਂ ਇਨਕਾਰ ਕੀਤਾ ਹੈ ਉਸ ਨੂੰ ਆਪਣੇ ਬੱਚਿਆਂ ਨੂੰ ਜੇਲ੍ਹਾਂ ਵਿੱਚ ਢੱਕਣ ਦਾ ਬੰਦੋਬਸਤ ਕਰਨਾ ਪਵੇਗਾ। ਜੇ ਬੱਚਿਆਂ ਨੂੰ ਲੋਰੀਆਂ ਨਹੀਂ ਦੇਣੀਆਂ ਤਾਂ ਬਾਲ ਅਪਰਾਧੀਆਂ ਨੂੰ ਸਜ਼ਾ ਦੇਣ ਦੇ ਪੁਖ਼ਤਾ ਕਾਨੂੰਨ ਬਣਾਉਣੇ ਪੈਣਗੇ। ਬਾਲ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਪੁਖ਼ਤਾ ਕਾਨੂੰਨ ਬਣਾਉਣ ਦੀ ਮੰਗ ਕਰਨ ਵਾਲੀ ਮੁਲਕ ਦੀ ‘ਜ਼ਮੀਰ’ ਨੇ ਨੀਰਜ, ਅੰਕੁਰ, ਸ਼ਾਲਿਨੀ ਅਤੇ ਗੋਲੂ ਦੇ ਕਤਲਾਂ ਵੇਲੇ ਜਾਗਣ ਤੋਂ ਇਨਕਾਰ ਕੀਤਾ ਹੈ ਜੋ ਸਬੱਬ ਨਹੀਂ ਹੋ ਸਕਦਾ। ਨੀਰਜ, ਅੰਕੁਰ, ਸ਼ਾਲਿਨੀ ਅਤੇ ਗੋਲੂ ਦੇ ਹਿੱਸੇ ਦੀਆਂ ਲੋਰੀਆਂ ਨੂੰ ਬੇਕਿਰਕੀ ਦੇ ਹਵਾਲੇ ਕਰਨ ਵਾਲਾ ਨਿਜ਼ਾਮ ਹੁਣ ਕੀਰਨਿਆਂ ਦੀ ਬੋਲੀ ਲਗਾ ਰਿਹਾ ਹੈ। ਕੀ ਮੌਜੂਦਾ ਦੌਰ ਦਾ ਸੱਚ ‘ਅੰਤਿਮ ਸੱਚ’ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 15 ਜਨਵਰੀ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s