ਸੁਆਲ-ਸੰਵਾਦ: ਪੁੰਨ ਕੇਸਰੀ ਕਿਸ ਰੱਬ ਦਾ ਜ਼ਿਕਰ ਕਰ ਰਿਹਾ ਹੈ?

jt1

ਦਲਜੀਤ ਅਮੀ

ਸਰਕਾਰੀ ਵਕਾਲਤ ਦੇ ਬਾਵਜੂਦ ਪੰਜਾਬ ਦਾ ਬਦਤਰ ਸਨਅਤੀ ਹਾਦਸਾ ਚਾਰ ਸਾਲਾਂ ਵਿੱਚ ਕਿਸੇ ਕਸੂਰਵਾਰ ਦੀ ਸ਼ਨਾਖ਼ਤ ਕੀਤੇ ਬਿਨਾਂ ਅਦਾਲਤੀ ਫ਼ੈਸਲੇ ਵਿੱਚ ਦਰਜ ਹੋ ਗਿਆ। ਜਲੰਧਰ ਵਿੱਚ ਅਪਰੈਲ 2012 ਵਿੱਚ ਸ਼ੀਤਲ ਫਾਈਵਰਜ਼ ਦੀ ਪੰਜ ਮੰਜ਼ਿਲਾਂ ਇਮਾਰਤ ਢਹਿ ਗਈ ਸੀ। ਇਸ ਇਮਾਰਤ ਦੇ ਢਹਿ ਜਾਣ ਨਾਲ 23 ਮਜ਼ਦੂਰ ਮਾਰੇ ਗਏ ਸਨ ਅਤੇ ੪੩ ਜ਼ਖ਼ਮੀ ਹੋਏ ਸਨ। ਹਾਦਸੇ ਤੋਂ ਬਾਅਦ ਫੈਕਟਰੀ ਮਾਲਕ ਸ਼ੀਤਲ ਵਿੱਜ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਮੁੱਚੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਰਾਹੀਂ ਜਾਂਚ ਕੀਤੀ ਗਈ ਸੀ। ਹੁਣ ਜਲੰਧਰ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਰ ਨੇ ਸਭ ਮੁਲਜ਼ਮਾਂ ਨੂੰ ਨਿਰਦੋਸ਼ ਕਰਾਰ ਦਿੱਤਾ ਹੈ। ਸਾਰੇ ਗਵਾਹ ਆਪਣੀਆਂ ਗਵਾਹੀਆਂ ਤੋਂ ਮੁੱਕਰ ਗਏ ਹਨ। ਅਦਾਲਤ ਨੇ ਫ਼ੈਸਲੇ ਵਿੱਚ ਦਰਜ ਕੀਤਾ ਹੈ ਕਿ ਇਸਤਗਾਸਾ ਪੱਖ ਮੁਲਜ਼ਮਾਂ ਖ਼ਿਲਾਫ਼ ਠੋਸ ਸਬੂਤ ਪੇਸ਼ ਕਰਨ ਵਿੱਚ ਨਾਕਾਮਯਾਬ ਰਿਹਾ ਹੈ। ਵਿਸ਼ੇਸ਼ ਜਾਂਚ ਟੀਮ ਬਾਰੇ ਫ਼ੈਸਲੇ ਵਿੱਚ ਦਰਜ ਹੈ ਕਿ ਇਮਾਰਤ ਦੀ ਉਸਾਰੀ ਵਿੱਚ ਲੱਗੇ ਸਮਾਨ ਦੇ ਨਮੂਨੇ ਲੈਣ ਤੋਂ ਬਾਅਦ ਵੀ ਕੋਈ ਜਾਂਚ ਰਪਟ ਪੇਸ਼ ਨਹੀਂ ਕੀਤੀ ਗਈ। ਇਮਾਰਤ ਦੀ ਉਸਾਰੀ ਵਿੱਚ ਵਰਤੇ ਗਏ ਗ਼ੈਰ-ਮਿਆਰੀ ਸਾਮਾਨ ਅਤੇ ਇਸ ਦੇ ਗਿਰਨ ਦੇ ਖ਼ਦਸ਼ੇ ਨੂੰ ਅਦਾਲਤੀ ਕਾਰਵਾਈ ਵਿੱਚ ਅਹਿਮ ਪੱਖ ਵਜੋਂ ਵਿਚਾਰਿਆ ਗਿਆ ਹੈ। ਅਦਾਲਤੀ ਫ਼ੈਸਲੇ ਵਿੱਚ ਇਸ਼ਾਰਾ ਮਿਲਦਾ ਹੈ ਕਿ ਸੀਵਰੇਜ ਬੋਰਡ ਨੇ ‘ਮੀਹ ਦੇ ਪਾਣੀ’ ਲਈ ਪਾਇਪਾਂ ਦੱਬਣ ਵਾਸਤੇ ਟੋਆ ਪੁੱਟਿਆ ਸੀ ਜੋ ਇਮਾਰਤ ਦੇ ਡਿਗਣ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਬਾਅਦ ਟੋਆ ਪੁੱਟਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਰਨ ਉੱਤੇ ਵਿਚਾਰ ਨਹੀਂ ਕੀਤਾ ਗਿਆ।
ਪੁੰਨ ਕੇਸਰੀ ਦਾ ਭਰਾ ਰਾਮ ਕੇਸਰੀ ਇਸੇ ਹਾਦਸੇ ਵਿੱਚ ਮਾਰਿਆ ਗਿਆ ਸੀ। ਉਹ ਆਪ ਗਵਾਹ ਸੀ। ਉਸ ਨੇ ਆਪਣੀ ਗਵਾਹੀ ਵਿੱਚ ਇਮਾਰਤ ਦੀ ਉਸਾਰੀ ਵਿੱਚ ਵਰਤੇ ਗਏ ਸਾਮਾਨ ਦੇ ਮਿਆਰ ਉੱਤੇ ਕੁਝ ਫ਼ੈਸਲਾਕੁੰਨ ਨਹੀਂ ਕਿਹਾ ਅਤੇ ਹਾਦਸੇ ਨੂੰ ‘ਰੱਬ ਦੀ ਕਰੋਪੀ’ (ਐਨ ਐਕਟ ਆਫ਼ ਗੌਡ) ਕਰਾਰ ਦਿੱਤਾ ਹੈ। ਅਦਾਲਤ ਵਿੱਚ ਰੱਬ ਖ਼ਿਲਾਫ਼ ਕਾਰਵਾਈ ਕਰਨ ਦਾ ਬੰਦੋਬਸਤ ਨਹੀਂ ਹੈ! ਇਸੇ ਤਰ੍ਹਾਂ ਟੋਆ ਪੁੱਟਣ ਵਾਲੀ ਮਸ਼ੀਨ ਨੂੰ ਭਾੜੇ ਉੱਤੇ ਕਰਨ ਵਾਲੇ ਅਤੇ ਚਲਾਉਣ ਵਾਲੇ ਦਾ ਜ਼ਿਕਰ ਪੁਲਿਸ ਜਾਂਚ ਵਿੱਚ ਨਹੀਂ ਹੈ ਅਤੇ ਇਸ ਪੱਖ ਦੀ ਜਾਂਚ ਕਰਨ ਵਾਲੇ ਅਫ਼ਸਰ ਨੇ ਚੁੱਪ ਧਾਰੀ ਰੱਖੀ। ਅਦਾਲਤ ਨੇ ਦਰਜ ਕੀਤਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਅਫ਼ਸਰ ਦੀ ਚੁੱਪ ਇਸਤਗਾਸਾ ਪੱਖ ਦੇ ਖ਼ਿਲਾਫ਼ ਜਾਂਦੀ ਹੈ। ਇਹ ਤਰ੍ਹਾਂ ਇਸਤਗਾਸਾ ਪੱਖ ਅਤੇ ਬਚਾਅ ਪੱਖ ਦੀ ਅਦਾਲਤੀ ਕਾਰਵਾਈ ਰਾਹੀਂ ਤਕਰੀਬਨ ਸਹਿਮਤੀ ਹੁੰਦੀ ਜਾਪਦੀ ਹੈ ਕਿ ਮੁਲਜ਼ਮ ਨਿਰਦੋਸ਼ ਹਨ ਅਤੇ ਹਾਦਸਾ ‘ਰੱਬ ਦੀ ਕਰੋਪੀ’ ਹੈ।
ਇਸ ਮਾਮਲੇ ਵਿੱਚ ਸ਼ੀਤਲ ਫਾਈਵਰਜ਼ ਦੇ ਮਾਲਕ ਸ਼ੀਤਲ ਵਿੱਜ ਦੇ ਪਿਛੋਕੜ ਅਤੇ ਕਾਰੋਬਾਰ ਬਾਰੇ ਜਾਣ ਲੈਣਾ ਜ਼ਰੂਰੀ ਹੈ। ਹਿੰਦੋਸਤਾਨ ਟਾਈਮਜ਼ ਵਿੱਚ 19 ਅਪਰੈਲ 2012 ਦੀ ਖ਼ਬਰ ਮੁਤਾਬਕ ਉਨ੍ਹਾਂ ਦਾ ਪਰਿਵਾਰਕ ਕਾਰੋਬਾਰ 4000 ਕਰੋੜ ਰੁਪਏ ਦਾ ਹੈ ਅਤੇ ਉਨ੍ਹਾਂ ਦੀ ਨਿੱਜੀ ਮਾਲਕੀ ੩੦੦ ਕਰੋੜ ਰੁਪਏ ਦੀ ਬਣਦੀ ਹੈ।  ਉਹ ਜਲੰਧਰ ਦੇ ਦੇਵੀ ਤਲਾਬ ਮੰਦਿਰ, ਸੋਡਲ ਮੰਦਿਰ ਮੰਦਿਰ ਟਰਸਟ ਅਤੇ ਤਿਆਗਮੁਰਤੀ ਚੈਰੀਟੇਬਲ ਹਸਪਤਾਲ ਦੇ ਮੁਖੀ ਰਹੇ ਹਨ। ਉਨ੍ਹਾਂ ਦੇ ਕਾਰੋਬਾਰ ਵਿੱਚ ਕੇਬਲ ਨੈੱਟਵਰਕ ‘ਹਲਚਲ’ ਸ਼ਾਮਿਲ ਹੈ। ਇਸ ਤੋਂ ਇਲਾਵਾ ਉਹ ਰੋਜ਼ਾਨਾ ਹਿੰਦੀ ਅਖ਼ਬਾਰ ਦੈਨਿਕ ਸਵੇਰਾ ਕੱਢਦੇ ਹਨ। ਉਨ੍ਹਾਂ ਨੇ 2007 ਵਿੱਚ ਵਿਧਾਨ ਸਭਾ ਦੀ ਚੋਣ ਲੜੀ ਸੀ। ਉਨ੍ਹਾਂ ਦੇ ਅਫ਼ਸਰਸ਼ਾਹੀ, ਸਿਆਸਤਦਾਨਾਂ ਅਤੇ ਸਨਅਤਕਾਰਾਂ ਨਾਲ ਨਿੱਘੇ ਰਿਸ਼ਤੇ ਹਨ। ਅਖ਼ਬਾਰਾਂ ਵਿੱਚ ਉਨ੍ਹਾਂ ਦੇ ਕਾਰੋਬਾਰ ਦੇ ਇਸ਼ਤਿਹਾਰ ਛਪਦੇ ਹਨ। ਜਲੰਧਰ ਦੇ ਅਖ਼ਬਾਰਾਂ ਵਾਲਿਆਂ ਦੀ ਆਪਸ ਵਿੱਚ ਸਾਂਝ ਸਮਾਜਿਕ, ਧਾਰਮਿਕ ਅਤੇ ਸਿਆਸੀ ਸਮਾਗਮਾਂ ਉੱਤੇ ਨਜ਼ਰ ਆਉਂਦੀ ਰਹਿੰਦੀ ਹੈ। ਜੇ ਕੋਈ ਅਧਿਐਨ ਕਰੇ ਤਾਂ ਸ਼ਾਇਦ ਇਸ ਸਾਂਝ ਖ਼ਬਰਾਂ ਦੀ ਚੋਣ ਅਤੇ ਪੇਸ਼ਕਾਰੀ ਵਿੱਚ ਸ਼ਨਾਖ਼ਤ ਹੋ ਸਕਦੀ ਹੈ।
ਇਸ ਮਾਮਲੇ ਵਿੱਚ ਮਸਲਾ ਸ਼ੀਤਲ ਵਿੱਜ ਦੇ ਬੇਕਸੂਰ ਹੋਣ ਜਾਂ ਕਸੂਰਵਾਰ ਹੋਣ ਤੱਕ ਮਹਿਦੂਦ ਨਹੀਂ ਹੈ। ਸੁਆਲ ਇਹ ਹੈ ਕਿ ੨੩ ਮਜ਼ਦੂਰਾਂ ਦੀ ਮੌਤ ਲਈ ਜ਼ਿੰਮੇਵਾਰ ਕੌਣ ਹੈ? ਇੱਕ ਟੋਏ ਕਾਰਨ ਪੰਜ ਮੰਜ਼ਿਲਾ ਇਮਾਰਤ ਦਾ ਢਹਿ ਜਾਣਾ ਹੈਰਾਨ ਤਾਂ ਕਰਦਾ ਹੈ। ਸਨਅਤੀ ਇਲਾਕੇ ਵਿੱਚ ਸਨਅਤਕਾਰਾਂ ਦੀਆਂ ਇਮਾਰਤਾਂ ਨੂੰ ਖ਼ਤਰੇ ਪੈਦਾ ਕਰਨ ਵਾਲੇ ਟੋਏ ਕੋਈ ਸਰਕਾਰੀ ਮਹਿਕਮਾ ਕਿਵੇਂ ਪੁੱਟ ਸਕਦਾ ਹੈ? ਇਹ ਇੱਕ ਪਾਸੇ ਸਨਅਤਕਾਰਾਂ ਦੇ ਅਸਰ-ਰਸੂਖ਼ ਨੂੰ ਘਟਾਉਣ ਵਾਲੀ ਅਤੇ ਦੂਜੇ ਪਾਸੇ ਇੱਕੋ ਵੇਲੇ ਸਰਕਾਰੀ ਮਹਿਕਮਿਆਂ ਦੀ ਨਾਲਾਇਕੀ ਅਤੇ ਖ਼ੁਦਮੁਖ਼ਤਿਆਰੀ ਉੱਤੇ ਤਸਦੀਕ ਕਰਨ ਵਾਲੀ ਗੱਲ ਹੈ। ਨਾਲਾਇਕੀ ਦਾ ਕਾਰਨ ਟੋਆ ਪੁੱਟਣ ਵੇਲੇ ਇਮਾਰਤ ਨੂੰ ਹੋ ਸਕਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਵਿੱਚ ਨਾਕਾਮਯਾਬੀ ਹੈ। ਕਿਸੇ ਅਸਰ-ਰਸੂਖ਼ ਵਾਲੇ ਸਨਅਤਕਾਰ ਦੀ ਸਨਅਤੀ ਇਮਾਰਤ ਨੂੰ ਖ਼ਤਰਾ ਪੈਦਾ ਕਰਨ ਵਾਲਾ ਟੋਆ ਪੁੱਟਣ ਦਾ ਮਤਲਬ ਹੈ ਕਿ ਮਹਿਕਮਾ ਕਿਸੇ ਦੇ ਅਸਰ-ਰਸੂਖ਼ ਦੀ ਪ੍ਰਵਾਹ ਨਹੀਂ ਕਰਦਾ ਸਗੋਂ ਖ਼ੁਦਮੁਖ਼ਤਿਆਰੀ ਨਾਲ ਕੰਮ ਕਰਦਾ ਹੈ।
ਸੁਆਲ ਇਹ ਬਿਲਕੁਲ ਨਹੀਂ ਹੈ ਕਿ ਇਮਾਰਤ ਨੂੰ ਖ਼ਤਰਾ ਪੈਦਾ ਕਰਨ ਵਾਲਾ ਟੋਆ ਕਿਸ ਨੇ ਪੁੱਟਿਆ। ਸੁਆਲ ਇਹ ਹੈ ਕਿ ਇਮਾਰਤ ਦੇ ਢਹਿ ਜਾਣ ਦਾ ਖ਼ਦਸ਼ਾ ਨਜ਼ਰਅੰਦਾਜ਼ ਕਿਉਂ ਹੋਇਆ? ਇਮਾਰਤ ਦੇ ਢਹਿ ਜਾਣ ਦਾ ਖ਼ਦਸ਼ਾ ਕਿਸੇ ਵੀ ਕਾਰਨ ਹੋਵੇ ਇਹ ਕਿਰਤ ਮਹਿਕਮੇ ਅਤੇ ਸਨਅਤਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਨਅਤੀ ਸੁਰੱਖਿਆ ਵਿੱਚ ਸਨਅਤਕਾਰ ਦੇ ਨਾਲ ਮਜ਼ਦੂਰਾਂ, ਚੌਗਿਰਦੇ ਅਤੇ ਆਲੇ-ਦੁਆਲੇ ਦੇ ਪੱਖ ਸ਼ਾਮਿਲ ਹਨ। ਇਸ ਮਾਮਲੇ ਵਿੱਚ ਸੁਰੱਖਿਆ ਨੇਮ ਨਜ਼ਰਅੰਦਾਜ਼ ਹੋਏ ਹਨ। ਮੌਜੂਦਾ ਹਾਲਾਤ ਅਤੇ ਇਤਿਹਾਸਕ ਤਜਰਬੇ ਤੋਂ ਇਹ ਗੱਲ ਮੰਨਣਯੋਗ ਲੱਗਦੀ ਹੈ ਕਿ ਸਰਕਾਰੀ ਮਹਿਕਮੇ ਸੁਰੱਖਿਆ ਨੇਮਾਂ ਦੇ ਮਾਮਲੇ ਵਿੱਚ ਅਸਰ-ਰਸੂਖ਼ ਵਾਲੇ ਸਨਅਤਕਾਰਾਂ ਦੇ ਕਾਰੋਬਾਰ ਦੀ ਥਾਂ ਦੂਜੇ ਪਾਸੇ ਦੇਖਣ ਨੂੰ ਤਰਜੀਹ ਦਿੰਦੇ ਹਨ।
ਦੂਜਾ ਪੱਖ ਮਜ਼ਦੂਰਾਂ ਅਤੇ ਬਾਕੀ ਗਵਾਹਾਂ ਦੇ ਮੁੱਕਰ ਜਾਣ ਦਾ ਹੈ। ਗਵਾਹਾਂ ਦਾ ਮੁੱਕਰ ਜਾਣਾ ਜਾਂ ਲੰਮੀ ਅਦਾਲਤੀ ਕਾਰਵਾਈ ਦੌਰਾਨ ਕਿਸੇ ਵੀ ਕਾਰਨ ਮਰ ਜਾਣਾ ਅਦਾਲਤੀ ਇਤਿਹਾਸ ਦਾ ਅਨਿੱਖੜਵਾਂ ਹਿੱਸਾ ਹੈ। ਦੂਜਾ ਪੱਖ ਇਹ ਹੈ ਕਿ ਜੋ ਮਜ਼ਦੂਰ ਹਰ ਤਰ੍ਹਾਂ ਦਾ ਖ਼ਤਰਾ ਸਹੇੜ ਕੇ ਸਾਹ ਘੁੱਟਵੀਆਂ ਥਾਂਵਾਂ ਉੱਤੇ ਕੰਮ ਕਰਦੇ ਹਨ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਸਮਝਣਾ ਕਿੰਨਾ ਕੁ ਮੁਸ਼ਕਲ ਹੈ? ਜਦੋਂ ਪਿਛਲੇ ਦਿਨਾਂ ਵਿੱਚ ਅਮ੍ਰਿਤਸਰ ਵਿੱਚ ਇੱਕ ਕਾਰਖ਼ਾਨੇ ਵਿੱਚ ਦੋ ਬੱਚੇ ਮਾਰੇ ਗਏ ਸਨ ਤਾਂ ਸਾਰਾ ਮਾਮਲਾ ਮੁਆਵਜ਼ੇ ਵਿੱਚ ਨਿਪਟ ਗਿਆ ਸੀ। ਜਲੰਧਰ ਅਤੇ ਅਮ੍ਰਿਤਸਰ ਦੇ ਸਨਅਤੀ ਮਜ਼ਦੂਰਾਂ ਵਿੱਚ ਕੀ ਫ਼ਰਕ ਹੈ? ਜੇ ਅਮ੍ਰਿਤਸਰ ਵਾਲਿਆਂ ਦੇ ਮੁਆਵਜ਼ੇ ਨਾਲ ਸਾਰੇ ਸਰਕਾਰੀ ਮਹਿਕਮੇ ਸੁਰਖ਼ਰੂ ਹੋ ਜਾਂਦੇ ਹਨ ਤਾਂ ਜਲੰਧਰ ਦੇ ਸਨਅਤਕਾਰ ਕਿਹੜਾ ਇਹ ‘ਜਾਦੂ’ ਕਰਨਾ ਨਹੀਂ ਜਾਣਦੇ! ਅਮ੍ਰਿਤਸਰ ਵਾਲਿਆਂ ਨੇ ਤਾਂ ਸਾਰੀ ਪੁਲਿਸ ਜਾਂਚ ਅਤੇ ਅਦਾਲਤੀ ਕਾਰਵਾਈ ਦੀ ਮਸ਼ਕ ਤੋਂ ਬਚਾਅ ਕਰ ਲਿਆ ਹੈ ਪਰ ਜਲੰਧਰ ਦੇ ਸਨਅਤੀ ਹਾਦਸੇ ਨੂੰ ਉਸੇ ਫ਼ੈਸਲੇ ਉੱਤੇ ਪਹੁੰਚਣ ਲੱਗੇ ਚਾਰ ਸਾਲ ਲੱਗੇ ਹਨ।
ਅਖ਼ਬਾਰਾਂ ਅਤੇ ਟੈਲੀਵਿਜ਼ਨਾਂ ਨੇ ਦੋਵਾਂ ਮਾਮਲਿਆਂ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਕਿਉਂਕਿ ਇਹ ਦੋਵੇਂ ਮਾਮਲੇ ਇੱਕ ਰੁਝਾਨ ਦੀ ਕੜੀ ਜਾਪਦੇ ਹਨ। ਅਮ੍ਰਿਤਸਰ ਦੇ ਸਨਅਤੀ ਮਜ਼ਦੂਰਾਂ ਦੇ ਬੱਚਿਆਂ ਦੀ ‘ਮੌਤ’ ਵਾਲੀ ਖ਼ਬਰ ਮੁਆਵਜ਼ੇ ਤੋਂ ਬਾਅਦ ਖ਼ਤਮ ਹੋ ਗਈ ਸੀ। ਜਲੰਧਰ ਦੇ ਸਨਅਤੀ ਹਾਦਸੇ ਦੀ ਖ਼ਬਰ ਨੂੰ ਕਿਸੇ ਸੰਪਾਦਕ ਨੇ ਸੰਪਾਦਕੀ ਲਿਖਣ ਦੇ ਯੋਗ ਖ਼ਬਰ ਨਹੀਂ ਸਮਝਿਆ। ਪੱਤਰਕਾਰਾਂ ਨੂੰ ਮਿਲਦੇ ਸਨਮਾਨਾਂ ਅਤੇ ਉਨ੍ਹਾਂ ਦੀਆਂ ਸੰਪਾਦਕੀਆਂ ਦੇ ਵਿਸ਼ਿਆਂ ਦੀ ਚੋਣ ਦਾ ਆਪਸ ਵਿੱਚ ਕੋਈ ਤਾਂ ਰਿਸ਼ਤਾ ਹੋਵੇਗਾ!
ਜਲੰਧਰ ਦੇ ਸਨਅਤੀ ਹਾਦਸੇ ਵਿੱਚ ਮਾਰੇ ਗਏ ਮਜ਼ਦੂਰਾਂ ਦੀ ਅਦਾਲਤ ਵਿੱਚ ਪੈਰਵੀ ਸਰਕਾਰ ਨੇ ਕੀਤੀ ਹੈ। ਇਹ ਤਾਂ ਸਰਵਪ੍ਰਵਾਨਤ ਤੱਥ ਹੈ ਕਿ ਅਦਾਲਤਾਂ ਵਿੱਚ ਵਕੀਲ ਖੜ੍ਹੇ ਕਰਨਾ ਅਤੇ ਸਨਅਤਕਾਰਾਂ ਜਾਂ ਸਿਆਸਤਦਾਨਾਂ ਦੇ ਵਕੀਲਾਂ ਨਾਲ ਅਦਾਲਤਾਂ ਵਿੱਚ ਨਜਿੱਠਣਾ ਸਸਤਾ ਜਾਂ ਆਪਮੁਹਾਰੇ ਹੋਣ ਵਾਲਾ ਕੰਮ ਨਹੀਂ ਹੈ। ਇਨਸਾਫ਼ ਦੇ ਮਾਮਲੇ ਵਿੱਚ ਇਹ ਦਲੀਲ ਲਗਾਤਾਰ ਪੇਸ਼ ਕੀਤੀ ਜਾਂਦੀ ਹੈ ਕਿ ਇਹ ਹਰ ਸ਼ਹਿਰੀ ਦੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ। ਜਦੋਂ ਮਾਮਲਾ ਅਮੀਰ ਬਨਾਮ ਗ਼ਰੀਬ ਹੁੰਦਾ ਹੈ ਤਾਂ ਇਹ ਪਤਾ ਲੱਗ ਜਾਂਦਾ ਹੈ ਕਿ ਇਨਸਾਫ਼ ਕਿਸ ਦੀ ਪਹੁੰਚ ਵਿੱਚ ਹੈ। ਇਸ ਲਈ ਤਾਂ ਇਹ ਸਾਬਤ ਹੋ ਗਿਆ ਹੈ ਕਿ ‘ਕਿਸੇ ਨੇ ਜੈਸਿਕਾ ਲਾਲ ਨੂੰ ਨਹੀਂ ਮਾਰਿਆ।’ ਜਦੋਂ ਜੈਸਿਕਾ ਲਾਲ ਨੂੰ ਕਿਸੇ ਨੇ ਨਹੀਂ ਮਾਰਿਆ ਤਾਂ ਜਲੰਧਰ ਦੇ ਸਨਅਤੀ ਮਜ਼ਦੂਰਾਂ ਨੂੰ ਵੀ ਕਿਸੇ ਨੇ ਨਹੀਂ ਮਾਰਿਆ। ਗਵਾਹੀ ਵਿੱਚ ਪੁੰਨ ਕੇਸਰੀ ਨੇ ਹਾਦਸੇ ਨੂੰ ‘ਰੱਬ ਦੀ ਕਰੋਪੀ’ (ਐਨ ਐਕਟ ਆਫ਼ ਗੌਡ) ਕਰਾਰ ਦਿੱਤਾ ਹੈ। ਉਸ ਨੇ ਤਾਂ ਠੀਕ ਹੀ ਕਿਹਾ ਸੀ ਪਰ ਸਮਝਣ ਵਿੱਚ ਗ਼ਲਤੀ ਹੋਈ ਹੈ। ਇਹ ਕਿਸ ਨੂੰ ਨਹੀਂ ਪਤਾ ਕਿ ਪੁੰਨ ਕੇਸਰੀ ਕਿਸ ਰੱਬ ਦਾ ਜ਼ਿਕਰ ਕਰ ਰਿਹਾ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 5 ਫਰਵਰੀ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s