ਸੁਆਲ-ਸੰਵਾਦ: ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ?

navkaranਦਲਜੀਤ ਅਮੀ
ਰੋਹਿਤ ਵੇਮੁਲਾ ਤੋਂ ਬਾਅਦ ਨਵਕਰਨ ਦੀ ਖ਼ੁਦਕੁਸ਼ੀ ਸੋਗ਼ਵਾਰ ਹੈ। ਨਵਕਰਨ ਦੀ ਖ਼ੁਦਕੁਸ਼ੀ ਇੱਕ ਪਾਸੇ ਤਾਂ ਖ਼ੁਦਕੁਸ਼ੀਆਂ ਦੇ ਰੁਝਾਨ ਦੀ ਕੜੀ ਹੈ ਪਰ ਦੂਜੇ ਪਾਸੇ ਉਸ ਦੀ ਪਛਾਣ ਨਾਲ ਜੁੜ ਕੇ ਇਸੇ ਰੁਝਾਨ ਦਾ ਗੁੰਝਲਦਾਰ ਪੱਖ ਉਜਾਗਰ ਕਰਦੀ ਹੈ। ਨਵਕਰਨ ਇੱਕ ਕਮਿਉਨਿਸਟ ਧੜੇ (ਰੈਵੂਲੁਸ਼ਨਰੀ ਕਮਿਉਨਿਸਟ ਲੀਗ ਆਫ਼ ਇੰਡੀਆ ਜਾਂ ਆਰ.ਸੀ.ਐੱਲ.ਆਈ.) ਦਾ ਕੁੱਲਵਕਤੀ ਕਾਮਾ ਸੀ। ਉਸ ਦੀ ਉਮਰ 22 ਸਾਲਾਂ ਦੀ ਸੀ। ਰਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਰੋਸ ਮੁਜ਼ਾਹਰੇ ਦੀਆਂ ਤਸਵੀਰਾਂ ਫੇਸਬੁੱਕ ਉੱਤੇ ਨਵਕਰਨ ਦੀ ਆਖ਼ਰੀ ਪੋਸਟ ਹਨ। ਜਦੋਂ ਰੋਹਿਤ ਵੇਮੁਲਾ ਦੀ ਆਖ਼ਰੀ ਖ਼ਤ ਦੀ ਲਗਾਤਾਰ ਚਰਚਾ ਚੱਲ ਰਹੀ ਹੈ ਤਾਂ ਇਸੇ ਦੌਰਾਨ ਨਵਕਰਨ ਨੇ ਆਪਣੀ ਜ਼ਿੰਦਗੀ ਦੀ ਆਖ਼ਰੀ ਚਿੱਠੀ ਲਿਖੀ ਹੈ। ਰੋਹਿਤ ਵੇਮੁਲਾ ਵਾਂਗ ਨਵਕਰਨ ਵੀ ਆਪਣੀ ਚਿੱਠੀ ਵਿੱਚ ਕਿਸੇ ਨੂੰ ਮੁਖ਼ਾਤਬ ਨਹੀਂ ਅਤੇ ਅੰਤ ਵਿੱਚ ਉਸ ਨੇ ਆਪਣਾ ਨਾਮ ਨਹੀਂ ਲਿਖਿਆ। ਇਹ ਚਿੱਠੀ ਪੜ੍ਹਨਾ ਦਰਦਨਾਕ ਹੈ ਪਰ ਇਹ ਸਾਡੇ ਦੌਰ ਦੇ ਯੁੱਗ ਪਲਟਾਉਣ ਤੁਰੇ ਨੌਜਵਾਨ ਨੇ ਲਿਖੀ ਹੈ ਇਸ ਲਈ ਪੜ੍ਹਨੀ ਜ਼ਰੂਰੀ ਹੈ। ਟੁਕੜਿਆਂ ਵਿੱਚ ਲਿਖੀ ਇਸ ਚਿੱਠੀ ਦਾ ਉਤਾਰਾ ਇੰਝ ਹੈ।

ਸ਼ਾਇਦ ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ।

… ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ। ਪਰ ਆਪਣੇ ਅੰਦਰ ਦੋ ਚੀਜ਼ਾਂ ਨੂੰ ਸੰਭਾਲਦੇ ਹੁਣ ਮੈਂ ਹੰਭ  ਚੁੱਕਾ ਹਾਂ। ਜਿਨ੍ਹਾਂ ਲੋਕਾਂ ਨਾਲ ਮੈਂ ਤੁਰਿਆ ਸਾਂ ਮੇਰੇ ਵਿੱਚ ਉਨ੍ਹਾਂ ਵਰਗੀ ਚੰਗਿਆਈ ਨਹੀਂ। ਸ਼ਾਇਦ ਇਸੇ ਕਰ ਕੇ ਮੈਂ ਉਨ੍ਹਾਂ ਦਾ ਸਾਥ ਨਹੀਂ ਨਿਭਾ ਸਕਿਆ। ਦੋਸਤੋ ਮੈਨੂੰ ਮਾਫ਼ ਕਰ ਦੇਣਾ।

… ਅਤੇ ਇੱਕ ਨਿੱਕੀ ਜਿਹੀ ਪਿਆਰੀ ਜਿਹੀ ਰੂਹ ਤੋਂ ਵੀ ਮੈਂ ਮਾਫ਼ੀ ਮੰਗਦਾ … ਮੈਨੂੰ ਮਾਫ਼ ਕਰ ਦੇਣਾ … ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ …

ਅਲਵਿਦਾ,
ਮੈਂ ਇਹ ਫ਼ੈਸਲਾ ਆਪਣੀ ਖ਼ੁਦ ਦੀ ਕਮਜ਼ੋਰੀ ਕਰ ਕੇ ਲੈ ਰਿਹਾ ਹਾਂ। ਮੇਰੇ ਲਈ ਹੁਣ ਕਰਨ ਨੂੰ ਇਸ ਤੋਂ ਬਿਹਤਰ ਕੰਮ ਨਹੀਂ ਹੈ। ਹੋ ਸਕੇ ਤਾਂ ਮੇਰੇ ਬਾਰੇ ਸੋਚਣਾ ਤਾਂ ਜ਼ਰਾ ਰਿਆਇਤ ਨਾਲ …

ਇਸ ਚਿੱਠੀ ਦੇ ਸ਼ਬਦਾਂ ਵਿੱਚ ਬਹੁਤ ਵਿੱਥ ਹੈ ਜੋ ਪਾਠਕ ਨੂੰ ਪਰੇਸ਼ਾਨ ਕਰਦੀ ਹੈ। ਕੁਝ ਸ਼ਬਦਾਂ ਦੇ ਅਰਥ ਤਾਂ ਉਸ ਨਾਲ ਰੋਜ਼ਾਨਾ ਰਾਬਤੇ ਵਾਲਿਆਂ ਦੇ ਸਮਝ ਵਿੱਚ ਵਧੇਰੇ ਆ ਸਕਦੇ ਹਨ। ਚਿੱਠੀ ਦੱਸਦੀ ਹੈ ਕਿ ਉਹ ਆਪਣੇ ਸਾਥੀਆਂ ਵਰਗੀ ‘ਚੰਗਿਆਈ’ ਨਾ ਹੋਣ ਕਾਰਨ ਉਨ੍ਹਾਂ ਨਾਲ ‘ਨਿਭ ਨਹੀਂ ਸਕਿਆ’ ਅਤੇ ‘ਹੰਭ’ ਜਾਣ ਕਾਰਨ ਇਸ ਫ਼ੈਸਲੇ ਨੂੰ ਟਾਲਦਾ ਰਿਹਾ ਪਰ ਆਖ਼ਰ ਉਹ ‘ਅਟੱਲ’ ਪਲ ਆ ਗਿਆ ਜਦੋਂ ਉਸ ਨੇ ਆਪਣੀ ‘ਕਾਇਰਤਾ ਅਤੇ ਕਮਜ਼ੋਰੀ’ ਦੀ ਥਾਂ ਮੌਤ ਨੂੰ ਤਰਜੀਹ ਦਿੱਤੀ। ਚਿੱਠੀ ਦੇ ਸ਼ਬਦਾਂ ਵਿਚਲੀ ਵਿੱਥ ਤੋਂ ਬਿਨਾਂ ਇਸ ਵਿੱਚ ਨਵਕਰਨ ਦੇ ਕਿਰਦਾਰ ਦਾ ਇੱਕ ਪੱਖ ਬਹੁਤ ਸਾਫ਼ ਝਲਕਦਾ ਹੈ। ਉਹ ਬਹੁਤ ਬੋਚ ਕੇ ਲਿਖ ਰਿਹਾ ਹੈ। ਇੱਕ ਸੁਆਲ ਤਾਂ ਸਹਿਜ ਹੀ ਉਘੜ ਆਉਂਦਾ ਹੈ ਕਿ ਉਹ ਜਿਸ ਮਾਹੌਲ ਵਿੱਚ ਰਹਿ ਰਿਹਾ ਸੀ, ਉਸ ਵਿੱਚ ‘ਭਗੌੜਾ’ ਅਤੇ ‘ਗੱਦਾਰ’ ਸ਼ਬਦਾਂ ਦੀ ਵਰਤੋਂ ਕਿੰਝ ਹੁੰਦੀ ਹੈ?
ਰੋਹਿਤ ਵੇਮੁਲਾ ਦੀ ਚਿੱਠੀ ਉੱਤੇ ਬਹੁਤ ਚਰਚਾ ਹੋ ਰਹੀ ਹੈ। ਨਵਕਰਨ ਦੀ ਚਿੱਠੀ ਰੋਹਿਤ ਵੇਮੁਲਾ ਦੀ ਚਿੱਠੀ ਦੀ ਇੱਕ ਹੋਰ ਪੜ੍ਹਤ ਉਘਾੜਦੀ ਹੈ। ਦਰਅਸਲ ਇਨ੍ਹਾਂ ਚਿੱਠੀਆਂ ਦੀ ਸਾਂਝੀ ਤੰਦ ਇਨ੍ਹਾਂ ਦੋਵਾਂ ਦਾ ਸਰਗਰਮ ਕਾਰਕੁੰਨ ਹੋਣਾ ਹੈ। ਰੋਹਿਤ  ‘ਆਪਣੇ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਦੇ ਪਰਿਵਾਰ ਨੂੰ ਨਿਰਾਸ਼ ਕਰਨ ਲਈ ਮੁਆਫ਼ੀ ਮੰਗਦਾ’ ਹੈ ਅਤ ਨਵਕਰਨ ਆਪਣੇ ਸਾਥੀਆਂ ਤੋਂ ਮੌਤ ਤੋਂ ਬਾਅਦ ‘ਜ਼ਰਾ ਰਿਆਇਤ ਨਾਲ’ ਸੋਚਣ ਦੀ ਮੰਗ ਕਰਦਾ ਹੈ। ਰੋਹਿਤ ਲਿਖਦਾ ਹੈ, “ਲੋਕ ਮੈਨੂੰ ਡਰਪੋਕ ਕਰਾਰ ਦੇ ਸਕਦੇ ਹਨ। ਮੇਰੇ ਜਾਣ ਤੋਂ ਬਾਅਦ ਮੈਨੂੰ ਖ਼ੁਦਗਰਜ਼ ਜਾਂ ਮੂਰਖ਼ ਕਰਾਰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੈਨੂੰ ਬਾਅਦ ਵਿੱਚ ਕੀ ਕਹਿੰਦਾ ਹੈ।” ਨਵਕਰਨ ਲਿਖਦਾ ਹੈ, “ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ।” ਰੋਹਿਤ ਆਪਣੀ ਹਾਲਤ ਬਿਆਨ ਕਰਦਾ ਹੈ, “ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖ਼ਾਲੀ, ਆਪਣੇ-ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਵਿਦਾ ਹੁੰਦਾ ਹਾਂ।” ਨਵਕਰਨ ਇਸੇ ਲਿਖਤ ਦਾ ਅਗਲਾ ਫਿਕਰਾ ਲਿਖਦਾ ਜਾਪਦਾ ਹੈ, “ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ। … ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ।”
ਇਹ ਦੋਵੇਂ ਚਿੱਠੀਆਂ ਇੱਕੋ ਦੌਰ ਦੇ ਸਰਗਰਮ ਕਾਰਕੁੰਨਾਂ ਨੇ ਲਿਖੀਆਂ ਹਨ। ਇਹ ਦੋਵੇਂ ਆਖ਼ਰੀ ਵੇਲੇ ਤੱਕ ਆਪਣੀਆਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨ ਸਨ। ਦੋਵੇਂ ‘ਯੁੱਗ ਪਲਟਾਉਣ ਵਿੱਚ ਮਸਰੂਫ਼’ ਸਨ। ਯੁੱਗ ਪਲਟਾਉਣ ਤੋਂ ਬਿਹਤਰ ਸੁਫ਼ਨਾ ਜਾਂ ਜਿਊਣ ਦਾ ਕਾਰਨ ਕੀ ਹੋ ਸਕਦਾ ਹੈ? ਯੁੱਗ ਪਲਟਾਉਣ ਦਾ ਸੁਫ਼ਨਾ ਦਰਦਮੰਦੀ ਨਾਲ ਲਬਰੇਜ਼ ਜੀਆਂ ਨੂੰ ਹੀ ਆਉਂਦਾ ਹੈ। ਉਨ੍ਹਾਂ ਵਿੱਚੋਂ ਵਧੇਰੇ ਹਿੰਮਤ ਵਾਲੇ ਕੁੱਲਵਕਤੀ ਕਾਰਕੁੰਨ ਬਣਦੇ ਹਨ। ਇਹ ਗੱਲ ਤਾਂ ਨਿਜ਼ਾਮ ਵਿਰੁਧ ਚੱਲਦੀਆਂ ਯੁੱਗ ਪਲਟਾਉਣ ਦੇ ਸੁਫ਼ਨਿਆਂ ਵਾਲੀਆਂ ਤਮਾਮ ਲਹਿਰਾਂ ਬਾਬਤ ਮੰਨੀ ਜਾਂਦੀ ਹੈ ਕਿ ਕੁੱਲਵਕਤੀ ਕਾਰਕੁੰਨ ਸਮਾਜ ਦੀ ਮਲਾਈ ਹੁੰਦੇ ਹਨ। ਇਹ ਸੁਆਲ ਆਪਣੀ ਥਾਂ ਹੈ ਕਿ ਇਸ ਧਾਰਨਾ ਨੂੰ ਪੇਸ਼ ਕਰਨ ਦੀ ਸਿਆਸਤ ਕੀ ਹੈ?
ਜਦੋਂ ਕੋਈ ਜਥੇਬੰਦੀ ਜਾਂ ਲਹਿਰ ਯੁੱਗ ਪਲਟਾਉਣ ਜਾਂ ਨਿਜ਼ਾਮ ਬਦਲਣ ਦਾ ਦਾਅਵਾ ਕਰਦੀ ਹੈ ਤਾਂ ਉਸ ਦੀ ਹਕੂਮਤ ਦਾ ਘੇਰਾ ਹੁੰਦਾ ਹੈ। ਉਸ ਜਥੇਬੰਦੀ ਜਾਂ ਲਹਿਰ ਨੂੰ ਭਾਵੇਂ ਸਮੁੱਚੇ ਨਿਜ਼ਾਮ ਨੂੰ ਬਦਲਣ ਵਿੱਚ ਕਾਮਯਾਬੀ ਨਾ ਮਿਲੇ ਪਰ ਉਸ ਦਾ ਸਿੱਕਾ ਕਿਤੇ ਤਾਂ ਚੱਲਦਾ ਹੈ। ਕੁੱਲਵਕਤੀ ਕਾਰਕੁੰਨਾਂ ਵਿੱਚ ਤਾਂ ਉਨ੍ਹਾਂ ਦਾ ਆਪਣਾ ਸਿੱਕਾ ਚੱਲਦਾ ਹੈ। ਜੇ ਕੁੱਲਵਕਤੀਆਂ ਉੱਤੇ ਗ਼ਾਲਬ ਨਿਜ਼ਾਮ ਦਾ ਅਸਰ ਮਾਅਨੇ ਰੱਖਦਾ ਹੈ ਤਾਂ ਜਥੇਬੰਦੀਆਂ ਦੀ ਹਕੂਮਤ ਵੀ ਮਾਅਨੇ ਰੱਖਦੀ ਹੈ। ਨਵਾਂ ਮਨੁੱਖ ਸਿਰਜਣ ਦਾ ਸੁਫ਼ਨਾ ਇੱਕ ਸੋਚ ਦੇ ਜੀਆਂ ਦੇ ਆਪਸੀ ਵਿਹਾਰ ਵਿੱਚੋਂ ਨਕਸ਼ ਨਿਖਾਰਦਾ ਹੈ। ਇਹ ਸੁਆਲ ਮਾਅਨੇ ਰੱਖਦਾ ਹੈ ਕਿ ਯੁੱਗ ਪਲਟਾਉਣ ਦਾ ਸੁਫ਼ਨਾ ਮੌਜੂਦਾ ਨਿਜ਼ਾਮ ਦੇ ਨਿਘਾਰ ਦਾ ਸ਼ਿਕਾਰ ਹੋਏ ਮਨੁੱਖ ਦਾ ਇਲਾਜ ਕਿਵੇਂ ਕਰਦਾ ਹੈ? ਯੁੱਗ ਪਲਟਾਉਣ ਦੀ ਹਾਮੀ ਭਰਨ ਵਾਲੀਆਂ ਜਥੇਬੰਦੀਆਂ ਅਤੇ ਲਹਿਰਾਂ ਦੀ ਇਹ ਟਕਸਾਲੀ ਦਲੀਲ ਹੈ ਕਿ ਮਨੁੱਖ ਨੂੰ ਜ਼ਲਾਲਤ ਦੀ ਜ਼ਿੰਦਗੀ ਜਿਉਣ ਦੀ ਥਾਂ ਬਗ਼ਾਵਤ ਦੇ ਰਾਹ ਤੁਰਨਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਇਹ ਦਲੀਲ ਲਗਾਤਾਰ ਦਿੱਤੀ ਗਈ ਹੈ ਕਿ ਬਦਹਾਲੀ ਕਾਰਨ ਖ਼ੁਦਕੁਸ਼ੀਆਂ ਕਰਨ ਦੀ ਥਾਂ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ, ਜਥੇਬੰਦ ਹੋਣਾ ਚਾਹੀਦਾ ਹੈ ਅਤੇ ਸੰਘਰਸ਼ ਕਰਨਾ ਚਾਹੀਦਾ ਹੈ।
ਲਾਮਬੰਦੀ ਬੰਦੇ ਨੂੰ ਸੰਵੇਦਨਾ ਤੋਂ ਸੁਹਜ ਦੇ ਰਾਹ ਤੋਰਦੀ ਹੈ। ਇਹ ਬੰਦੇ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਸ ਦੀਆਂ ਦੁਸ਼ਵਾਰੀਆਂ ਦਾ ਕਾਰਨ ਵਿਅਕਤੀਗਤ ਨਾਕਾਮਯਾਬੀਆਂ ਜਾਂ ਮੱਥੇ ਉੱਤੇ ਲਿਖੀਆਂ ਤਕਦੀਰਾਂ ਨਹੀਂ ਸਗੋਂ ਨਿਜ਼ਾਮ ਹੈ। ਇਹ ਸੋਚ ਮਨੁੱਖ ਦੀ ਮਨੁੱਖ ਨਾਲ ਸਾਂਝ ਪਾਉਂਦੀ ਹੈ। ਮਨੁੱਖ ਨੂੰ ਦਰਦਮੰਦ ਬਣਾਉਂਦੀ ਹੈ ਅਤੇ ਸਾਂਝੇ ਉਦਮ ਦੇ ਉਪਰਾਲਿਆਂ ਨੂੰ ਅਹਿਮੀਅਤ ਦਿੰਦੀ ਹੈ। ਇਹ ਮਨੁੱਖ ਨੂੰ ਨਿੱਜੀ ਦੁਸ਼ਵਾਰੀਆਂ ਨੂੰ ਸ਼ਰਮ, ਸਲੀਕੇ ਜਾਂ ਪਰਦੇ ਵਿੱਚ ਕੱਜ ਕੇ ਰੱਖਣ ਦੀ ਥਾਂ ਸਮਾਜਿਕ ਜੀਅ ਵਜੋਂ ਵਿਚਾਰਨ ਦੀ ਸੂਝ ਦਿੰਦੀ ਹੈ। ਇਹ ਸੁਆਲ ਆਪਣੀ ਥਾਂ ਅਹਿਮ ਹੈ ਕਿ ਇਨ੍ਹਾਂ ਵਾਅਦਿਆਂ/ਦਾਅਵਿਆਂ ਅਤੇ ਕਾਰਗੁਜ਼ਾਰੀ ਵਿੱਚ ਕਿੰਨਾ ਫ਼ਾਸਲਾ ਹੁੰਦਾ ਹੈ?
ਰੋਹਿਤ ਅਤੇ ਨਵਕਰਨ ਦੀਆਂ ਖ਼ੁਦਕੁਸ਼ੀਆਂ ਇਨ੍ਹਾਂ ਦਾਅਵਿਆਂ ਦੀ ਪੜਚੋਲ ਦੀ ਮੰਗ ਕਰਦੀਆਂ ਹਨ। ਜੇ ਰੋਹਿਤ ਧਰਨੇ ਤੋਂ ਜਾ ਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਇਹ ਸੁਆਲ ਤਾਂ ਉਸ ਦੇ ਸਾਥੀਆਂ ਦੇ ਦਿਲ-ਦਿਮਾਗ਼ ਵਿੱਚ ਆਉਣਾ ਚਾਹੀਦਾ ਹੈ ਕਿ ਨਿਜ਼ਾਮ ਦੇ ਸੱਖਣੇ ਕੀਤੇ ਮਨੁੱਖ ਵਿੱਚ ‘ਯੁੱਗ ਪਲਟਾਉਣ ਦਾ ਸੁਫ਼ਨਾ’ ਲੋੜੀਂਦਾ ਨਿੱਘ ਭਰਨ ਵਿੱਚ ਨਾਕਾਮਯਾਬ ਕਿਉਂ ਰਿਹਾ ਹੈ? ਯੁੱਗ ਪਲਟਾਉਣ ਵਿੱਚ ਮਸਰੂਫ਼ ਜਥੇਬੰਦੀਆਂ ‘ਸੱੱਖਣਾ ਹੋ ਕੇ ਤੁਰ ਗਏ ਸਾਥੀ’ ਦੇ ਸੋਗ਼ ਵਿੱਚ ਆਪਣੀ ਨਾਕਾਮਯਾਬੀ ਨੂੰ ਕਿਉਂ ਨਹੀਂ ਪਛਾਣਦੀਆਂ? ਜੇ ਨਿਜ਼ਾਮ ‘ਯੁੱਗ ਪਲਟਾਉਣ ਦੇ ਸੁਫ਼ਨੇ ਲੈਣ ਵਾਲੇ ਜੀਆਂ’ ਦਾ ਸਾਹ ਘੁੱਟਣ ਉੱਤੇ ਉਤਾਰੂ ਹੈ ਤਾਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਆਪਣੇ ਸਾਥੀਆਂ ਦੇ ਦਿਲਾਂ ਦੀ ਧੜਕਣ ਸੁਣਨ ਵੇਲੇ ਮਸ਼ੀਨਾਂ ਕਿਉਂ ਬਣ ਜਾਂਦੇ ਹਨ?
ਮੌਜੂਦਾ ਨਿਜ਼ਾਮ ਦੀ ਦਲੀਲ ਰਹਿੰਦੀ ਹੈ ਕਿ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨ ਨਿੱਜੀ ਹਨ। ਨਿਜ਼ਾਮ ਆਪਣੇ-ਆਪ ਨੂੰ ਕਾਤਲ ਦੇ ਘੇਰੇ ਵਿੱਚੋਂ ਕੱਢਣ ਦਾ ਉਪਰਾਲਾ ਇਸੇ ਦਲੀਲ ਦੇ ਸਹਾਰੇ ਨਾਲ ਕਰਦਾ ਹੈ। ਦੂਜੇ ਪਾਸੇ ‘ਯੁੱਗ ਪਲਟਾਉਣ ਦਾ ਦਾਅਵਾ/ਵਾਅਦਾ ਕਰਨ ਵਾਲੀਆਂ ਜਥੇਬੰਦੀਆਂ ਅਤੇ ਲੋਕ’ ਹਰ ਸੁਆਲ ਨੂੰ ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ ਕਰਾਰ ਦਿੰਦੇ ਹਨ। ਇਸੇ ਦੇ ਨਤੀਜੇ ਵਜੋਂ ਜਦੋਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਾਂ’ ਦਾ ਮੋਹ ਭੰਗ ਹੁੰਦਾ ਹੈ ਤਾਂ ਉਹ ‘ਯੁੱਗ ਪਲਟਾਉਣ ਦੇ ਹਰ ਉਪਰਾਲੇ’ ਤੋਂ ਮੂੰਹ ਫੇਰ ਲੈਂਦੇ ਹਨ। ਉਹ ਆਪਣੇ ਤਜਰਬਿਆਂ ਦੇ ਹਵਾਲਿਆਂ ਨਾਲ ਇਨ੍ਹਾਂ ਉਪਰਾਲਿਆਂ ਦੇ ਬੇਮਾਅਨੇ ਹੋਣ ਦੇ ਪ੍ਰਚਾਰਕ ਤੱਕ ਬਣ ਜਾਂਦੇ ਹਨ।
ਜੇ ਰੋਹਿਤ ਬਾਬਤ ਸੁਆਲਾਂ ਨੂੰ ਪੁੱਛਣ ਉੱਤੇ ਮੌਜੂਦਾ ਨਿਜ਼ਾਮ ਦੇਸ਼ ਧਰੋਹੀ ਜਾਂ ਨਕਸਲਵਾਦੀ ਜਾਂ ਹਿੰਦੂ ਵਿਰੋਧੀ ਕਰਾਰ ਦਿੰਦਾ ਹੈ ਤਾਂ ਸੁਆਲ ਢੁਕਵਾਂ ਹੈ। ਜੇ ਰੋਹਿਤ ਅਤੇ ਨਵਕਰਨ ਬਾਬਤ ਪੁੱਛੇ ਸੁਆਲਾਂ ਨੂੰ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਭੰਡੀ ਪ੍ਰਚਾਰ ਜਾਂ ਗ਼ੱਦਾਰੀ ਕਰਾਰ ਦਿੰਦੇ ਹਨ ਤਾਂ ਇਹ ਸੁਆਲ ਵਾਰ-ਵਾਰ ਪੁੱਛੇ ਜਾਣੇ ਬਣਦੇ ਹਨ। ਜੇ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਬੁਖ਼ਾਰ ਨਾਲ ਨਹੀਂ ਮਰਦੇ’ ਤਾਂ ਪੜਚੋਲ ਨਾਲ ਵੀ ਨਹੀਂ ਮਰਨ ਲੱਗੇ। ਸੰਘਰਸ਼ਯਾਫ਼ਤਾ ਰੋਹਿਤ ਵੇਮੁਲਾ ਨੂੰ ਆਪਣੇ ਸਾਥੀਆਂ ਦੇ ਸੰਗ ਵਿੱਚ ਜ਼ਿੰਦਗੀ ਸੱਖਣੀ ਕਿਉਂ ਲੱਗਦੀ ਸੀ/ਹੈ? ਨਵਕਰਨ ਨੂੰ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਅਟੱਲਤਾ ਵਰਗਾ ਪੱਕਾ ਅਤੇ ਦ੍ਰਿੜ੍ਹ ਭਰੋਸਾ ਕਿਉਂ ਸੀ/ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 12 ਫਰਵਰੀ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

9 thoughts on “ਸੁਆਲ-ਸੰਵਾਦ: ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ?

 1. ਦਰਅਸਲ ਇਹ ਮਸਲਾ ਹਰ ਸੰਘਰਸਸੀਲ ਜਥੇਬੰਦੀ ਵਲੋਂ ਆਪਣੇ ਆਪ ਨੂੰ ਅੰਤਮ ਸੱਚ ਵਜੋਂ ਪੇਸ ਕਰਨ ਨਾਲ ਹੈ। ਸੋਧਵਾਦੀ ਸੁਧਾਰਵਾਦੀ ਕਾਮਰੇਡ ਵਰਗੇ ਨਿੱਜੀ ਰੰਜਿਸ ਵਾਲੇ ਜੁਮਲੇ ਉਹਨਾ ਦੀ ਲੜਾਈ ਦੀ ਆਪਣਿਆ ਤੇ ਚਿੱਕੜ ਉਛਾਲਣ ਤੱਕ ਸੀਮਕਿ ਰਹਿ ਜਾਂਦਾ ਹੈ। ਨਿਜਾਮ ਬਦਲਣਾ ਦਾ ਸੰਘਰਸ ਆਪਣੇ ਰਾਹ ਤੋਂ ਭਟਕ ਜਾਂਦਾ ਹੈ। ਦੁਰਖੀਮ ਨੇ ਆਤਮ ਹੱਤਿਆ ਦਾ ਸੰਕਲਪ ਪੇਸ ਕਰਦਿਆ ਦੋ ਕਿਸਮਾ ਦੱਸੀਆ ਹਨ ਵਿਅਕਤੀਗਤ ਤੇ ਸਹਾਦਤ। ਵਿਅਕਤੀ ਦਾ ਟੁਟਣਾ ਆਪਣੇ ਅੰਦਰ ਤੱਕ ਹੀ ਸੀਮਤਿ ਹੋ ਜਾਣਾ। ਮੌਤ ਵੇਲੇ ਵਿਅਕਤੂ ਨਿਰਾਸ ਆਪਣੇ ਜੀਵਨ ਨੂੰ ਵਿਅਰਥ ਸਮਝਦਾ ਅਲਵਿਦਾ ਵਿੱਚ ਆਪਣਾ ਵਡੇਰਾਪਨ ਵੇਥਦਾ ਹੈ। ਮੌਤ ਦਾ ਸੁਪਨਾ ਸਿਰਜਣਾ ਤੇ ਉਸਨੂੰ ਹਕੀਕਤ ਵਿੱਚ ਤਬਦੀਲ ਕਰਨਾ ਸਹਾਦਤ ਦੇ ਜਾਮ ਵਰਗਾ ਹੈ।

  ਪਸੰਦ ਕਰੋ

 2. “ਨਵਕਰਨ ਨੂੰ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਅਟੱਲਤਾ ਵਰਗਾ ਪੱਕਾ ਅਤੇ ਦ੍ਰਿੜ੍ਹ ਭਰੋਸਾ ਕਿਉਂ ਸੀ/ਹੈ?”
  ਦਲਜੀਤ ਜੀ ਜੇ ਤੁਸੀਂ ਉਹਨਾਂ ਸਾਥੀਆਂ ਨੂੰ ਮਿਲਣ ਦੀ ਜਹਿਮਤ ਉਠਾਉਦੇ ਜਿਹਨਾ ਨਾਲ ਨਵਕਰਨ ਯੁੱਗ ਪਲਟਾਉਣ ਵਿੱਚ ਮਸ਼ਰੂਫ ਸੀ ਤਾਂ ਸ਼ਾਇਦ ਤੁਹਾਨੂੰ ਆਪਣੇ ਉਪਰੋਕਤ ਸਵਾਲ ਦਾ ਜਵਾਬ ਮਿਲ ਜਾਂਦਾ…

  ਪਸੰਦ ਕਰੋ

 3. ਕਾਰਲ ਮਾਰਕਸ ਨੇ ਕਿਹਾ ਸੀ ”ਅਗਿਆਨ ਇੱਕ ਰਾਖਸ਼ੀ ਸ਼ਕਤੀ ਹੈ ਤੇ ਸਾਨੂੰ ਡਰ ਹੈ ਕਿ ਇਹ ਕਈ ਤਰਾਸਦੀਆਂ ਦਾ ਕਾਰਨ ਬਣੇਗੀ”। ਨਵਕਰਨ ਦੇ ਖੁਦਕੁਸ਼ੀ ਨੋਟ ਦੇ ਅਰਥਾਂ ਦੇ ਅਨਰਥ ਕਰਨ ਵਾਲ਼ਿਆਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ…

  ਪਸੰਦ ਕਰੋ

 4. ਕਾਰਲ ਮਾਰਕਸ ਨੇ ਕਿਹਾ ਸੀ ”ਅਗਿਆਨ ਇੱਕ ਰਾਖਸ਼ੀ ਸ਼ਕਤੀ ਹੈ ਤੇ ਸਾਨੂੰ ਡਰ ਹੈ ਕਿ ਇਹ ਕਈ ਤਰਾਸਦੀਆਂ ਦਾ ਕਾਰਨ ਬਣੇਗੀ”। ਨਵਕਰਨ ਦੇ ਖੁਦਕੁਸ਼ੀ ਨੋਟ ਦੇ ਅਰਥਾਂ ਦੇ ਅਨਰਥ ਕਰਨ ਵਾਲ਼ਿਆਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ।

  ਪਸੰਦ ਕਰੋ

 5. ਦੋਸਤੋ ਆਹ ਖਤ ਸਾਡੇ ਸਮਿਆਂ ਦੇ ਇਤਿਹਾਸਕ ਦਸਤਾਵੇਜ ਨੇ …….ਪੰਜਾਬੀ ਲੇਖਕਾ /ਆਲੋਚਕਾਂ /ਪਾਠਕਾਂ ਨੂੰ ਕਦੇ ਨਾ ਕਦੇ ਇਸ ਗੱਲ ਦਾ ਜਵਾਬ ਜਰੂਰ ਦੇਣਾ ਪਵੇਗਾ ਕਿ ਦਲਜੀਤ ਅਮੀ ਵਰਗਾ ਹਸਾਸ ਲੇਖਕ ਸਿਰਫ ਤੇ ਸਿਰਫ ਸੱਤ ਸਮੁੰਦਰੋਂ ਪਾਰ ਛਪਦੇ ਪੰਜਾਬੀ ਅਖਬਾਰਾਂ ਚ ਹੀ ਕਿਓਂ ਛਪਦਾ ਹੈ? ਇੱਕ ਗੱਲ ਤੇ ਆ ਕੇ ਅਕਲ ਜਵਾਬ ਦੇ ਜਾਂਦੀ ਹੈ ਕਿ ਪੰਜਾਬ ਚ ਏਨੇ ਵਾਜਿਬ ਸਵਾਲ ਪੁਛਣ ਵਾਲੇ ਲੋਕ ਏਨੀ ਘਟਗਿਣਤੀ ਚ ਕਿਓਂ ਨੇ …………………….

  ਪਸੰਦ ਕਰੋ

 6. ‪#‎ਸਾਥੀ_ਨਵਕਰਨ‬ ਦੀ ਮੌਤ ‘ਤੇ ਕੁਝ ਫੇਸਬੁਕੀਏ “ਸਵਾਲਾਂ” ਦੇ ਸੱਪਸ਼ਟੀਕਰਨ
  1) ਸਭ ਤੋਂ ਬੇਹੂਦਾ ਗੱਲ ਇਹ ਆਖੀ ਜਾ ਰਹੀ ਹੈ ਕਿ ਇਸ ਖੁਦਕੁਸ਼ੀ ਦੇ ਕਾਰਨਾਂ ਦੀ ਪਰਦਾਪੋਸ਼ੀ ਕੀਤੀ ਜਾ ਰਹੀ ਹੈ ਤੇ ਇਸ ‘ਤੇ ਉਠਣ ਵਾਲੇ ਹਰ ਸਵਾਲ ਨੂੰ ਨਕਾਰਿਆ ਜਾ ਰਿਹਾ ਹੈ। ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ। ਮਾਮਲਾ ਸਿਰਫ਼ ਇੰਨਾ ਹੈ ਕਿ ਇਸ ਸਬੰਧੀ ਫੇਸਬੁੱਕ ਉੱਪਰ ਵਿਸਥਾਰ ਵਿੱਚ ਕੁਝ ਨਹੀਂ ਪਾਇਆ ਗਿਆ। ਕਿਉਂਕਿ ਇੱਕ ਤਾਂ ਫੇਸਬੁੱਕ ਦੇ ਮੰਚ ਤੋਂ ਪੂਰੇ ਮਾਮਲੇ ਨੂੰ ਸਹੀ ਤਰ੍ਹਾਂ ਸਪੱਸ਼ਟ ਨਹੀਂ ਕੀਤਾ ਜਾ ਸਕਦਾ, ਦੂਜਾ ਉਸਨੂੰ ਲੈ ਕੇ ਚਲਦੀਆਂ ਫੇਸਬੁਕੀ ਬਹਿਸਾਂ ਵਿੱਚ ਨਹੀਂ ਉਲਝਿਆ ਜਾ ਸਕਦਾ ਜਿੰਨਾਂ ਵਿੱਚ ਬੁਹਤੇ ਸਵਾਲ ਗੈਰ-ਜਰੂਰੀ ਤੇ ਵਾਧੂ ਦੀ ਜ਼ਿਦ-ਜਾਦਾਈ ਹੁੰਦੇ ਹਨ। ਇਸਦੇ ਉਲਟ ਅਸੀਂ ਸੂਬੇ ਦੀਆਂ ਲਗਭਗ ਸਭ ਜਨਤਕ, ਜਮਹੂਰੀ ਜਥੇਬੰਦੀਆਂ ਦੇ ਜਿੰਮੇਵਾਰ ਆਗੂਆਂ ਨੂੰ ਮਿਲ ਕੇ ਪੂਰਾ ਮਾਮਲਾ ਓਹਨਾਂ ਨੂੰ ਸਪੱਸ਼ਟ ਕੀਤਾ ਹੈ ਜਿਹਨਾਂ ਉੱਪਰ ਸਭ ਦੀ ਤਸੱਲੀ ਹੈ ਤੇ ਇਸ ਘਟਨਾ ਨਾਲ ਹਮਦਰਦੀ ਹੈ। 4 ਜਨਵਰੀ ਨੂੰ ਲੁਧਿਆਣੇ ਹੋਈ ਮੀਟਿੰਗ ਵਿੱਚ ਇਹਨਾਂ ਜਥੇਬੰਦੀਆਂ ਨੇ ਇਸ ਘਟਨਾ ਉੱਪਰ ਹਮਦਰਦੀ ਪ੍ਰਗਟਾਈ ਹੈ ਤੇ ਇਸ ਮਾਮਲੇ ਉੱਪਰ ਦੂਸ਼ਣਬਾਜ਼ੀ ਦੀ ਸਿਆਸਤ ਨੂੰ ਨਿੰਦਿਆ ਹੈ। ਜੇ ਇਹਨਾਂ ਜਥੇਬੰਦੀਆਂ ਦੇ ਬਿਆਨਾਂ ਤੋਂ ਬਾਅਦ ਵੀ ਕਿਸੇ ਨੂੰ ਇਸ ਵਿੱਚ ਕੋਈ “ਸਾਜ਼ਿਸ਼” ਲਗਦੀ ਹੈ ਤਾਂ ਉਸਨੂੰ ਜਾਂ ਤਾਂ ਸੂਬੇ ਦੀਆਂ ਇਹਨਾਂ ਜਨਤਕ-ਜਮਹੂਰੀ ਜਥੇਬੰਦੀਆਂ ਨੂੰ ਬੇਈਮਾਨ ਜਾਂ ਮੂਰਖ ਆਖਣਾ ਪਵੇਗਾ ਜਾਂ ਫਿਰ ਇਸ ਮਾਮਲੇ ‘ਤੇ ਆਪਣੀਆਂ ਧਾਰਨਾਵਾਂ ‘ਤੇ ਮੁੜ ਵਿਚਾਰਨਾ ਚਾਹੀਦਾ ਹੈ।
  2) ਇਨਕਲਾਬੀ, ਜਮਹੂਰੀ ਲਹਿਰ ਦੇ ਕਾਰਕੁੰਨਾਂ, ਹਮਦਰਦਾਂ ਵਿੱਚੋਂ ਕੋਈ ਹਾਲੇ ਵੀ ਇਸ ਮਸਲੇ ਨੂੰ ਹੋਰ ਸਮਝਣਾ ਚਾਹੁੰਦਾ ਹੈ ਤਾਂ ਉਸਨੂੰ ਜਾਂ ਤਾਂ ਆਪਣੀ ਜਥੇਬੰਦੀ ਦੇ ਆਗੂਆਂ ਨਾਲ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਸਾਨੂੰ ਮਿਲ ਲੈਣਾ ਚਾਹੀਦਾ ਹੈ। ਜਿਹਨਾਂ ਲੋਕਾਂ ਦਾ ਸਮਾਜ ਨਾਲ ਕੋਈ ਸੰਜੀਦਾ ਸਰੋਕਾਰ ਹੈ, ਇਨਕਲਾਬੀ ਲਹਿਰ ਨਾਲ ਹਮਦਰਦੀ ਹੈ, ਉਹਨੂੰ ਨੂੰ ਸੰਜੀਦਗੀ ਵਿਖਾਉਂਦੇ ਹੋਏ ਇਸ ਮਸਲੇ ਨੂੰ ਉਹਨਾਂ ਲੋਕਾਂ ਨਾਲ਼ ਮਿਲ ਬੈਠ ਕੇ ਹੋਰ ਜਾਣ ਲੈਣਾ ਚਾਹੀਦਾ ਹੈ ਜਿੰਨਾ ਨਾਲ਼ ਨਵਕਰਨ ਰਿਹਾ ਹੈ, ਇੰਝ ਬਿਨਾਂ ਜਾਣੇ ਫੇਸਬੁੱਕ ਉੱਪਰ ਆਪਣੇ ਸ਼ੰਕੇ ਖਿਲਾਰਦੇ ਹੋਏ ਹੋਰਾਂ ਲੋਕਾਂ ਵਿੱਚ ਭਰਮ ਨਹੀਂ ਖੜੇ ਕਰਨੇ ਚਾਹੀਦੇ। ਅਤੇ ਜੇ ਇੱਕ ਇਨਕਲਾਬੀ ਕਾਰਕੁੰਨ ਦੀ ਖੁਦਕੁਸ਼ੀ ਨਾਲ ਵਾਕਈ ਕੋਈ ਫਿਕਰਮੰਦੀ ਹੈ ਤਾਂ ਇਹ ਉਮੀਦ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿ ਫੇਸਬੁੱਕ ‘ਤੇ ਸਭ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਆਪਣੇ “ਰੁਝੇਵਿਆਂ” ਵਿੱਚੋਂ ਸਮਾਂ ਕੱਢਣ ਦੀ ਖੇਚਲ ਕਰੋ ਤੇ ਸਾਡੇ ਨਾਲ਼ ਮਿਲ ਬੈਠ ਕੇ ਗੱਲ ਕਰੋ, ਅਸੀਂ (ਜਿੰਨਾ ਕੁ ਮਾਮਲਾ ਸਾਡੀ ਸਮਝ ’ਚ ਆ ਰਿਹਾ ਹੈ ਉਸ ਮੁਤਾਬਕ) ਤੁਹਡੇ ਹਰ ਸ਼ੰਕੇ ਦੀ ਤਸੱਲੀ ਕਰਨ ਦੀ ਪੂਰੀ ਕੋਸਿਸ਼ ਕਰਾਂਗੇ।
  3) ਇਤਿਹਾਸ ਦੇ ਗਿਆਨ ਤੋਂ ਕੋਰੇ ਤੇ ਸਮਾਜ ਵਿਗਿਆਨ ਦੀ ਸਮਝ ਤੋਂ ਸੱਖਣੇ ਕੁਝ ਲੋਕ ਇਹ ਦਾਅਵੇ ਕਰਦੇ ਹਨ ਕਿ ਪਹਿਲਾਂ ਇਨਕਲਾਬੀ ਲਹਿਰ ਵਿੱਚ ਕਦੇ ਕੋਈ ਵੀ ਖੁਦਕੁਸ਼ੀ ਨਹੀਂ ਹੋਈ। ਪਰ ਇਤਿਹਾਸ ਅਜਿਹੀਆਂ ਅਨੇਕਾਂ ਮਿਸਾਲਾਂ ਨਾਲ ਭਰਿਆ ਪਿਆ ਹੈ| ਮਾਰਕਸ ਦੇ ਜਵਾਈ ਪਾਲ ਲਫਾਰਗ, ਮਾਰਕਸ ਦੀ ਧੀ ਲੌਰਾ, ਬਾਲਸ਼ਵਿਕ ਪਾਰਟੀ ਵਿੱਚ 1905 ਦੇ ਅਸਫਲ ਇਨਕਲਾਬ ਤੋਂ ਬਾਅਦ ਅਨੇਕਾਂ ਖੁਦਕੁਸ਼ੀਆਂ ਅਤੇ 1917 ਦੇ ਇਨਕਲਾਬ ਤੋਂ ਬਾਅਦ ਚੜਤ ਦੇ ਦੌਰ ਵਿੱਚ ਵੀ ਮਾਇਕੋਵਸਕੀ, ਸੇਰੇਗੇਈ ਯੇਸਯੇਨਿਨ ਜਿਹੇ ਅੱਤ ਹੋਣਹਾਰ ਲੋਕਾਂ ਦੀਆਂ ਖੁਦਕੁਸ਼ੀ ਜਹੀਆਂ ਅਨੇਕਾਂ ਮਿਸਲਾਂ ਹਨ। ਭਾਰਤ ਵਿੱਚ ਵੀ ਨਕਸਲਬਾੜੀ ਲਹਿਰ ਦੇ ਆਗੂ ਕਾਨੂੰ ਸਾਨਿਆਲ ਸਮੇਤ ਬਹੁਤ ਸਾਰੀਆਂ ਘਟਨਾਵਾਂ ਗਿਣਾਈਆਂ ਜਾ ਸਕਦੀਆਂ ਹਨ। ਇਸ ਲਈ ਨਵਕਰਨ ਦੀ ਖੁਦਕੁਸ਼ੀ ਕੋਈ ਕੱਲੀਕਾਰੀ ਘਟਨਾ ਨਹੀਂ ਹੈ। ਪਰ ਇਹਨਾਂ ਮਿਸਾਲਾਂ ਦਾ ਇਹ ਮਤਲਬ ਵੀ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਅਸੀਂ ਇਸ ਘਟਨਾ ਨੂੰ ਬਹੁਤ ਛੋਟੀ ਜਾਂ ਅਣਗੋਲੇ ਜਾਣ ਵਾਲੀ ਘਟਨਾ ਆਖ ਰਹੇ ਹਾਂ। ਇਤਿਹਾਸ ਦੀ ਸਮੁੱਚੀ ਵਿਸ਼ਾਲ ਪੋਥੀ ‘ਚ ਇੱਕ ਪੰਨਾ ਇੱਕ ਅੰਸ਼ ਮਾਤਰ ਹੁੰਦਾ ਹੈ ਪਰ ਨਾਲ ਹੀ ਆਪਣੇ ਆਪ ਵਿੱਚ ਓਹ ਬੜੀ ਅਹਿਮ ਚੀਜ਼ ਵੀ ਹੁੰਦਾ ਹੈ। ਅਸੀਂ ਇਥੇ ਜਿਸ ਗੱਲ ‘ਤੇ ਜੋਰ ਦੇਣਾ ਚਾਹੁਦੇ ਹਾਂ ਓਹ ਇਹ ਕਿ ਖੁਦਕੁਸ਼ੀ ਇੱਕ ਸਮਾਜਿਕ ਵਰਤਾਰਾ ਹੈ ਜੋ ਸਰਮਾਏਦਾਰੀ, ਸਾਮਰਾਜੀ ਯੁੱਗ ਵਿੱਚ ਸਮਾਜ ਵਿੱਚ ਵੱਡੇ ਪੱਧਰ ‘ਤੇ ਮੌਜੂਦ ਹੈ। ਜੋ ਕੁਝ ਵੀ ਸਮਾਜ ਵਿੱਚ ਮੌਜੂਦ ਹੈ ਉਸਦਾ ਪ੍ਰਗਟਾਵਾ ਜਥੇਬੰਦੀਆਂ ਵਿੱਚ ਵੀ ਪ੍ਰਗਟ ਹੋਵੇਗਾ ਹੈ (ਬੇਸ਼ੱਕ ਜਥੇਬੰਦੀਆਂ ਵਿੱਚ ਇਹ ਪ੍ਰਗਟਾਵਾ ਮੁੱਖ ਪੱਖ ਨਹੀਂ ਹੋਵੇਗਾ)। ਸਾਥੀ ਨਵਕਰਨ ਦੀ ਖੁਦਕੁਸ਼ੀ ਤੋਂ ਖੜੇ ਹੁੰਦੇ ਸਵਾਲ ਖੁਦਕੁਸ਼ੀਆਂ, ਆਤਮਘਾਤੀ ਵਰਤਾਰਿਆਂ ਦੇ ਸਮਾਜਕ ਅਧਾਰ ਨੂੰ ਹੋਰ ਬਰੀਕੀ ‘ਚ ਜਾਨਣ, ਸਰਮਾਏਦਾਰਾ-ਸਾਮਰਾਜੀ ਸਭਿਆਚਾਰ ਦੀਆਂ ਬੇਗਾਨਗੀ ਸਮੇਤ ਅਨੇਕਾਂ ਬਿਮਾਰੀਆਂ ਦੇ ਇਨਕਲਾਬੀ ਕਾਰਕੁਨਾਂ ਉੱਪਰ ਪ੍ਰਭਾਵ ਤੇ ਇਸ ਪ੍ਰਭਾਵ ਨਾਲ ਹੋਰ ਵਧੇਰੇ ਬਿਹਤਰ ਢੰਗ ਨਾਲ ਲੜਨ ਦੇ ਰਾਹ ਖੋਜਣ ਤੇ ਮਨੁੱਖਾਂ ਦੀ ਮਾਨਸਿਕਤਾ ਨੂੰ ਹੋਰ ਵਧੇਰੇ ਡੂੰਘਾਈ ‘ਚ ਜਾਨਣ ਨਾਲ ਜੁੜੇ ਹੋਏ ਹਨ। ਪਰ ਇਸ ਘਟਨਾ ਨੂੰ ਲੈ ਕੇ ਕਿਸੇ ਜਥੇਬੰਦੀ ਦੀ ਸਿਆਸੀ ਲੀਹ ਗਲਤ ਹੋਣ ਜਾਂ ਸਮੁੱਚੀ ਇਨਕਲਾਬੀ ਲਹਿਰ ਦੇ ਗਲਤ ਹੋਣ ਦਾ ਸਵਾਲ ਨਹੀਂ ਖੜਾ ਹੁੰਦਾ। ਕਿਉਂਕਿ ਗਲਤ ਸਿਆਸੀ ਲੀਹ ਦੇ ਹੋਰ ਵੀ ਅਨੇਕਾਂ ਪ੍ਰਗਟਾਵੇ ਹੋਣਗੇ।
  4) ਅਸੀਂ ਇਸ ਗੱਲ ਉੱਪਰ ਵੀ ਜੋਰ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਜਮਾਤੀ ਸਮਾਜ ਰਹੇਗਾ ਓਨਾ ਚਿਰ ਓਸਦੇ ਵਿਗਾੜ ਜਥੇਬੰਦੀਆਂ ‘ਚ ਵੀ ਲਾਜ਼ਮੀ ਆਉਂਦੇ ਰਹਿਣਗੇ। ਕਿਸੇ ਜਥੇਬੰਦੀ ਵਿੱਚ ਜਮਾਤੀ ਸਮਾਜ ਦੀਆਂ ਬਿਮਾਰੀਆਂ, ਨੈਤਿਕ ਨਿਘਾਰ, ਨਿੱਜੀ ਕਮਜ਼ੋਰਿਆਂ ’ਚੋ ਲੋਕਾਂ ਦਾ ਲਹਿਰ ਨੂੰ ਅਲਵਿਦਾ ਆਖਣਾ, ਲਹਿਰ ਵਿੱਚੋਂ ਲਹਿਰ ਦੇ ਗਦਾਰਾਂ ਦਾ ਪੈਦਾ ਹੋਣ ਤੋਂ ਲੈ ਕੇ ਖੁਦਕੁਸ਼ੀਆਂ ਜਿਹੇ ਬੇਰਹਿਮ ਵਰਤਾਰਿਆਂ ਨੂੰ ਪੂਰੀ ਤਰ੍ਹਾਂ ਕਦੇ ਵੀ ਰੋਕਿਆ ਨਹੀਂ ਜਾ ਸਕਦਾ। ਰੂਸ ਅਤੇ ਚੀਨ ਵਿੱਚ ਇਨਕਲਾਬ ਕਰਨ ਵਾਲੀਆਂ ਪਾਰਟੀਆਂ ਦੇ ਸਿਖਰਲੇ ਆਗੂਆਂ ਵਿੱਚੋਂ ਵੀ ਜਿੰਦਗੀ ਤੇ ਲਹਿਰ ਤੋਂ ਨਿਰਾਸ਼ ਲੋਕ, ਨਿੱਘਰੇ ਤੱਤ, ਗੱਦਾਰ ਤੇ ਉਲਟ-ਇਨਕਲਾਬੀ ਆਦਿ ਪੈਦਾ ਹੁੰਦੇ ਰਹੇ ਹਨ। ਇਹਨਾਂ ਨੂੰ ਪੂਰੀ ਤਰ੍ਹਾਂ ਰੋਕਣ ਦਾ ਇੱਕੋ-ਇੱਕ ਤਰੀਕਾ ਜਥੇਬੰਦੀ, ਇਨਕਲਾਬ ਦੇ ਖਿਆਲ ਨੂੰ ਹੀ ਤਿਆਗਣਾ ਹੈ। ਕਿਸੇ ਕੋਲ਼ ਇਹਨਾਂ ਨੂੰ ਪੂਰੀ ਤਰਾਂ ਰੋਕਣ ਵਾਲੀ ਕੋਈ ਮਸ਼ੀਨ ਜਾਂ ਸਿਧਾਂਤ ਹੋਵੇ ਤਾਂ ਉਹ ਲਾਜ਼ਮੀ ਦੱਸੇ। ਹਾਂ, ਜਥੇਬੰਦੀ ਦਾ ਇਹਨਾਂ ਸਮੱਸਿਆਂ ਪ੍ਰਤੀ (ਸੰਘਰਸ਼ ਜਾਂ ਲੁਕੋਣ ਦਾ) ਨਜ਼ਰੀਆ, ਇਹਨਾਂ ਨਾਲ ਸਿਝਣ ਦੇ ਢੰਗ ਲਾਜ਼ਮੀ ਸਵਾਲਾਂ ਦਾ ਵਿਸ਼ਾ ਹਨ ਜਿਨ੍ਹਾਂ ਲਈ ਅਸੀਂ ਹਮੇਸ਼ਾਂ ਤਿਆਰ ਹਾਂ।
  5) ਜੋ ਲਹਿਰ ਦੇ ਐਲਾਨੀਆ ਗੱਦਾਰ, ਦੁਸ਼ਮਣ ਹਨ ਉਹਨਾਂ ਤੋਂ ਬਿਨਾਂ ਜਿਹਨਾਂ ਲੋਕਾਂ ਨੇ ਖੁਦਕੁਸ਼ੀ ਨੋਟ ਤੇ ਹੋਰ ਗੱਲਾਂ ਨੂੰ ਲੈ ਕੇ ਸ਼ੰਕੇ ਖੜੇ ਕੀਤੇ ਹਨ ਓਹਨਾਂ ਨੇ ਅਨੇਕਾਂ ਜਨਤਕ-ਜਮਹੂਰੀ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਮਤੇ ਉੱਪਰ ਆਪਣੀ ਕੋਈ ਰਾਇ ਕਿਉਂ ਨਹੀਂ ਰੱਖੀ? ਇੱਕ ਜਥੇਬੰਦੀ ਜਾਂ ਪੂਰੀ ਲਹਿਰ ਨੂੰ ਘਟੀਆ ਦਰਜੇ ਦੇ ਭੰਡੀ-ਪ੍ਰਚਾਰ ਰਾਹੀਂ ਬਦਨਾਮ ਕਰਨ ਵਾਲਿਆਂ ਉੱਪਰ ਆਪਣੀ ਕੋਈ ਰਾਇ ਕਿਉਂ ਨਹੀਂ ਰੱਖੀ? ਉਹਨਾਂ ਨੇ ਕੋਈ ਵੀ ਸਵਾਲ ਖੜਾ ਕਰਨ ਤੋਂ ਪਹਿਲਾਂ ਨਵਕਰਨ ਦੇ ਨਾਲ਼ ਰਹੇ ਸਾਥੀਆਂ ਤੋਂ ਮਸਲੇ ਨੂੰ ਹੋਰ ਜਾਨਣ ਦੀ ਕੀ ਕੋਸ਼ਿਸ਼ ਕੀਤੀ? ਕੀ ਮਸਲੇ ਦੇ ਸਭ ਪੱਖ ਜਾਨਣੇ ਉਹਨਾਂ ਦੀ ਨੈਤਿਕ ਜਿੰਮੇਵਾਰੀ ਨਹੀਂ ਸੀ? ਕੀ ਇਹ ਮੌਕਾਪ੍ਰਸਤੀ ਉਹਨਾਂ ਦੇ ਇਸ ਮਸਲੇ ਨੂੰ ਉਭਾਰਨ ਦੇ ਮਨਸ਼ਿਆਂ ਉੱਪਰ ਵੀ ਸਵਾਲ ਖੜਾ ਨਹੀਂ ਕਰਦੀ? ਕੀ ਉਹਨਾਂ ਵਿੱਚ ਲਹਿਰ ਦੇ ਦੁਸ਼ਮਣਾਂ ਤੇ ਹਮਦਰਦਾਂ ਵਿੱਚ ਨਿਖੇੜਾ ਕਰਨ ਤੇ ਕਿਸੇ ਵੀ ਮਸਲੇ ਨੂੰ ਉਭਾਰਨ ਦੀ ਉਹਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਦੀ ਵੀ ਸੂਝ ਨਹੀਂ ਹੈ?
  6) ਕੁੱਝ ਲੋਕਾਂ ਦਾ ਦਾਅਵਾ ਹੈ ਕਿ ਅਸੀਂ ਇਸ ਮਸਲੇ ਉੱਪਰ “ਹਰ ਸਵਾਲ” ਨੂੰ “ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ” ਪ੍ਰਚਾਰ ਆਖ ਰਹੇ ਹਾਂ। ਇਹਨਾਂ ਵਿਦਵਾਨਾਂ ਨੂੰ ਇਲਹਾਮ ਹੋਈਆਂ ਇਹਨਾਂ ਯੱਭਲੀਆਂ ਦੀ ਫੂਕ ਉੱਪਰ ਲਿਖੇ ਜਾ ਚੁੱਕੇ ਨੁਕਤਿਆਂ ਤੋਂ ਨਿੱਕਲ਼ ਹੀ ਜਾਂਦੀ ਹੈ। ਅਸੀਂ ਇਸ ਘਟਨਾ ਨਾਲ਼ ਖੜੇ ਹੁੰਦੇ ਕੁੱਝ ਸਵਾਲਾਂ ਨੂੰ ਪ੍ਰਵਾਨ ਵੀ ਕਰਦੇ ਹਾਂ ਤੇ ਲੁਧਿਆਣੇ ਜਥੇਬੰਦੀਆਂ ਦੀ ਮੀਟਿੰਗ ਵਿੱਚ ਤੇ ਹੋਰਨਾਂ ਨਾਲ਼ ਗੱਲਬਾਤ ਦੌਰਾਨ ਵੀ ਅਸੀਂ ਇਹ ਗੱਲ ਆਖੀ ਹੈ। ਇਹਨਾਂ ਦੇ ਇਤਰਾਜ਼ ਦਾ ਮਸਲਾ ਸਿਰਫ ਇੰਨਾ ਹੈ ਕਿ ਅਸੀਂ ਜਥੇਬੰਦੀ/ਲਹਿਰ ਅੱਗੇ ਖੜੇ ਹਰ ਉਸ ਸਵਾਲ ਨੂੰ ਤਵੱਜੋਂ ਦਿੰਦੇ ਹਾਂ ਜਿਨ੍ਹਾਂ ਦਾ ਸਬੰਧ ਇਨਕਲਾਬੀ ਲਹਿਰ ਦੇ ਵਿਕਾਸ ਨਾਲ਼ ਜੁੜਿਆ ਹੋਇਆ ਹੈ ਤੇ ਹਰ ਉਸ ਸਵਾਲ ਨੂੰ “ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ” ਆਖ ਰਹੇ ਹਾਂ ਜਿਸਦਾ ਸਬੰਧ ਇੱਕ ਜਥੇਬੰਦੀ ਜਾਂ ਸਮੁੱਚੀ ਲਹਿਰ ਨੂੰ ਬਦਨਾਮ ਕਰਨ ਤੇ ਆਪਾ ਚਮਕਾਉਣ ਨਾਲ਼ ਹੈ।
  7) ਜੇ ਨਵਕਰਨ ਦੀ ਮੌਤ ਉੱਪਰ ਸਵਾਲਾਂ ਦੀ ਝੜੀ ਲਾਉਣ ਵਾਲਿਆਂ ਨੂੰ ਉਸਦੀ ਜਥੇਬੰਦੀ ਨਾਲ਼ ਹੀ ਨਫਰਤ ਜਾਂ ਇਤਰਾਜ ਹੈ ਤਾਂ ਜਥੇਬੰਦੀ ਨਾਲ਼ ਜੁੜੇ ਬਾਕੀ ਨੌਜਵਾਨਾਂ ਬਾਰੇ ਉਹ ਚੁੱਪ ਕਿਉਂ ਹਨ? ਅਨੇਕਾਂ ਹੋਰ ਵੀ ਨੌਜਵਾਨ ਮੁੰਡੇ-ਕੁੜੀਆਂ ਹਨ ਜੋ ਨਵਕਰਨ ਵਾਂਗ ਆਪਣਾ ਘਰ-ਪਰਿਵਾਰ ਪਿੱਛੇ ਛੱਡ ਕੇ ਲਹਿਰ ਵਿੱਚ ਆਏ ਹਨ, ਅਨੇਕਾਂ ਹੋਰ ਨੌਜਵਾਨ ਘਰ-ਪਰਿਵਾਰ ਛੱਡਣ ਲਈ ਤਿਆਰ ਬੈਠੇ ਹਨ ਤੇ ਅਨੇਕਾਂ ਨਾਲ਼ ਆਪਣਾ ਘਰ-ਪਰਿਵਾਰ ਚਲਾਉਂਦੇ ਹੋਏ ਕੰਮ ਕਰ ਰਹੇ ਹਨ। ਇਹਨਾਂ ਵਿੱਚ ਵੀ 18-24 ਸਾਲ ਦੇ ਨੌਜਵਾਨ ਕਾਫੀ ਹਨ। ਇਹਨਾਂ ਤੋਂ ਵੱਖੋ-ਵੱਖਰੇ ਕਿੱਤਿਆਂ ਵਿੱਚ ਲੱਗੇ ਕਬੀਲਦਾਰ ਲੋਕ ਹਨ ਜੋ ਆਪਣੇ ਬੱਚਿਆਂ ਨੂੰ ਵੀ ਇਸ ਲਹਿਰ ਦਾ ਹਿੱਸਾ ਬਣਾਉਣ ਲਈ ਤਿਆਰ ਬੈਠੇ ਹਨ। ਇਹਨਾਂ ਸਭ ਬਾਰੇ ਇਹ ਸਵਾਲਾਂ ਦੇ ਝੰਡਾਬਰਦਾਰ ਚੁੱਪ ਕਿਉਂ ਹਨ? ਇਹਨਾਂ ਨੂੰ ਮਿਲ ਕੇ ਕਿਉਂ ਨਹੀਂ ਸਮਝਾਉਂਦੇ? ਇਹਨਾਂ ਦੀ ਜਿੰਦਗੀ ਬਚਾਉਣ ਲਈ ਆਪਣੇ ਸੁਰੱਖਿਅਤ ਘੁਰਨਿਆਂ ਵਿੱਚੋਂ ਬਾਹਰ ਆਉਣ ਲਈ ਕਿਉਂ ਤਿਆਰ ਨਹੀਂ?

  ਪਸੰਦ ਕਰੋ

 7. ਸਿਸਟਮ ਨੂੰ ਬਦਲਨ ਲਈ.ਲਾਮਬੰਦੀਆਂ ਤੇ ਸੰਘਰਸ਼ ਹੀ ਕਾਰਗਰ ਨੇ ਖੁਦਕੁਸ਼ੀਆਂ ਨਹੀਂ ਪਰ ਏਹੋ ਜਿਹੇ ਦੁਖਾਂਤ ਬਹੁਤ ਸਾਰੇ ਸਵਾਲ ਜਰੂਰ ਪੈਂਦਾ ਕਰ ਜਾਂਦੇ ਨੇ ਤੇ ਜਬਾਬੁ ਵੀ ਛੱਤ ਨਾਲ਼ ਲਟਕਦੀ ਲਾਸ਼ ਵਾਂਗ ਉਵੇਂ ਹੀ ਲਟਕਦੇ ਰਹਿੰਦੇ ਨੇ

  …ਗੁਰਦੀਪ ਦੁਸਾਂਝ.

  ਪਸੰਦ ਕਰੋ

 8. ਇਹ ਗੱਲ ਬੇਸੁਆਦੀ ਲੱਗ ਸਕਦੀ ਹੈ ਪਰ ਰੋਹਿਤ ਦੀ ਖੁਦਕੁਸ਼ੀ ਦੀ ਤੁਲਨਾ ਨਵਕਰਨ ਦੀ ਖੁਦਕੁਸ਼ੀ ਨਾਲ ਕਰਨਾ ਠੀਕ ਨਹੀਂ। ਬੇਸ਼ੱਕ ਖੁਦਕੁਸ਼ੀ ਤਾਂ ਖੁਦਕੁਸ਼ੀ ਹੀ ਹੈ ਪਰ ਰੋਹਿਤ ਦਾ ਸੁਸਾਈਡ ਨੋਟ, ਜੋ ਕਿ ਉਸ ਦੀ ਸਾਹਿਤਕ ਸਮਝ ਦਾ ਨਮੂਨਾ ਵੀ ਹੈ, ਉਸ ਦੀ ਰਾਜਨੀਤਿਕ ਤੇ ਸਮਾਜਿਕ ਪਹਿਚਾਣ ਤੋਂ ਅੱਗੇ ਜਾ ਕੇ ਮਨੁੱਖ ਨਾਲ ਹੋ ਰਹੇ ਧੱਕੇ ਦੀ ਗੱਲ ਕਰਦਾ ਹੈ।

  “The value of a man was reduced to his immediate identity and nearest possibility. To a vote. To a number. To a thing. Never was a man treated as a mind. As a glorious thing made up of star dust. In very field, in studies, in streets, in politics, and in dying and living”.

  ਨਵਕਰਨ ਦੀ ਖੁਦਕੁਸ਼ੀ ਨੂੰ ਸਮਝਣ ਲਈ ਪੰਜਾਬ ਵਿਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੀ ਉਸ ਰਾਜਨੀਤੀ ਨੂੰ ਨੰਗਾ ਕਰਨਾ ਪਊ ਜਿਹੜੀ ਖੁਦਕੁਸ਼ੀਆਂ ਦੇ ਸਿਰ ਤੇ ਹੀ ਚੱਲ ਰਹੀ ਹੈ। ਜਦੋਂ ਖੁਦਕੁਸ਼ੀਆਂ ਨੂੰ ਤੁਹਾਡੀ ਰਾਜਨੀਤੀ ਤੁਹਾਡੇ ਘੜੇ ਭਾਸ਼ਣਾਂ, ਲੇਖਾਂ, ਕਹਾਣੀਆਂ, ਕਵਿਤਾਵਾਂ ਵਿਚ ਗਲੈਮਰਾਈਜ ਕਰਦੀ ਹੈ ਤਾਂ ਤੁਹਾਨੂੰ ਜਿੰਦਗੀ ਦੀ ਉਮੀਦ ਨਹੀਂ ਰੱਖਣੀ ਚਾਹੀਦੀ।
  ਨਵਕਰਨ ਜਿਸ ਰਾਜਨੀਤੀ ਦਾ ਵਿਦਿਆਰਥੀ ਸੀ, ਉਹ ਰਾਜਨੀਤੀ ਉਸ ਦੀ ਮੌਤ ਦਾ ਆਰਥਿਕ ਮੁਆਵਜ਼ਾ ਤਾਂ ਮੰਗ ਸਕਦੀ ਹੈ ਪਰ ਰੋਹਿਤ ਵਾਂਗ ਇਹ ਗੱਲ ਨਹੀਂ ਸਮਝਾ ਸਕਦੀ ਕਿ ਅਸੀਂ ਸਾਰੇ ਤਾਰਿਆਂ ਦੀ ਧੂੜ ਤੋਂ ਬਣੀ ਕੋਈ ਸ਼ਾਨਦਾਰ ਚੀਜ਼ ਹਾਂ।
  ਹਰ ਗੱਲ ਨੂੰ ਗਲੋਬਲਾਈਜ ਕਰਕੇ ਗਲੈਮਰਾਈਜਡ ਵਿਸ਼ਲੇਸ਼ਣ ਕਰਨਾ ਉਸੇ ਰਾਜਨੀਤੀ ਦਾ ਹਿੱਸਾ ਹੈ ਜਿਸਦਾ ਨਵਕਰਨ ਸ਼ਿਕਾਰ ਹੋਇਆ ਹੈ।

  ਪਸੰਦ ਕਰੋ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s