ਸੁਆਲ-ਸੰਵਾਦ: ਕਨ੍ਹੱਈਆ ਕੁਮਾਰ ਦਾ ਰੋਹਿਤ ਵੇਮੂਲਾ ਹੋਣ ਤੋਂ ਇਨਕਾਰ

ABVP Makes Comeback In JNU Elections 2015

ਦਲਜੀਤ ਅਮੀ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੀ ਦੇਸ਼ ਧਰੋਹ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰੀ ਨਾਲ ਵਿਦਿਅਕ ਅਦਾਰਿਆਂ ਅਤੇ ਮੌਜੂਦਾ ਸਰਕਾਰ ਵਿਚਲੇ ਰਿਸ਼ਤੇ ਦਾ ਖ਼ਾਸਾ ਹੋਰ ਉਘੜ ਆਇਆ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਆਪਣੀਆਂ ਵੰਨ-ਸਵੰਨੀਆਂ ਸਰਗਰਮੀਆਂ ਅਤੇ ਮਿਆਰੀ ਬਹਿਸਾਂ ਲਈ ਜਾਣੀ ਜਾਂਦੀ ਹੈ। ਇਸ ਯੂਨੀਵਰਸਿਟੀ ਨੇ ਹਰ ਦੌਰ ਦੀਆਂ ਸਰਕਾਰਾਂ ਨੂੰ ਔਖੇ ਸੁਆਲ ਪੁੱਛੇ ਹਨ ਅਤੇ ਉਨ੍ਹਾਂ ਸੁਆਲਾਂ ਨੂੰ ਵਿਦਿਅਕ ਅਦਾਰਿਆਂ ਤੋਂ ਜਨਤਕ ਮੰਚਾਂ ਅਤੇ ਸੱਤਾ ਦੇ ਗ਼ਲਿਆਰਿਆਂ ਤੱਕ ਪਹੁੰਚਦਾ ਕੀਤਾ ਹੈ। ਇਸੇ ਯੂਨੀਵਰਸਿਟੀ ਨੇ ਸਮਾਜਵਾਦ, ਮਨੁੱਖੀ ਬਰਾਬਰੀ ਅਤੇ ਸਮਾਜਿਕ ਇਨਸਾਫ਼ ਦੀਆਂ ਧਾਰਨਾਵਾਂ ਦੀ ਪਰਤ ਦਰ ਪਰਤ ਵਿਆਖਿਆ ਅਤੇ ਪੜਚੋਲ ਕੀਤੀ ਹੈ।
ਇਹ ਅਦਾਰਾ ਫ਼ਿਰਕੂ ਸਿਆਸਤ, ਹਿੰਸਾ, ਮੁਨਾਫ਼ਾਖ਼ੋਰੀ ਅਤੇ ਜਾਤੀ-ਜਮਾਤੀ ਲੁੱਟ ਖ਼ਿਲਾਫ਼ ਲੜਾਈ ਦਾ ਅਗਵਾਨ ਰਿਹਾ ਹੈ। ਇਸ ਅਦਾਰੇ ਦੀ ਖੁੱਲ੍ਹਦਿਲੀ ਅਤੇ ਖੁੱਲ੍ਹਨਜ਼ਰੀ ਹਰ ਤਰ੍ਹਾਂ ਦੇ ਵਿਚਾਰ ਨੂੰ ਥਾਂ ਦਿੰਦੀ ਹੈ ਅਤੇ ਹਰ ਵਿਚਾਰ ਉੱਤੇ ਸੁਆਲ ਕਰਨ ਦੀ ਗੁੰਜਾਇਸ਼ ਕਾਇਮ ਰੱਖਦੀ ਹੈ। ਇਹ ਹਰ ਤਰ੍ਹਾਂ ਦੇ ਫ਼ਲਸਫ਼ੇ ਦੇ ਚੌਖਟੇ ਵਿੱਚੋਂ ਸਮਾਜ ਨੂੰ ਵੇਖਣ, ਸਮਝਣ ਅਤੇ ਸੁਆਲ ਕਰਨ ਦਾ ਮੰਚ ਰਿਹਾ ਹੈ। ਇਸ ਅਦਾਰੇ ਨੇ ਇਹ ਸਾਬਤ ਕੀਤਾ ਹੈ ਕਿ ਫ਼ਲਸਫ਼ੇ ਦੇ ਚੌਖਟਿਆਂ ਦੀ ਮਲਕੀਅਤ ਸਿਆਸੀ ਪਾਰਟੀਆਂ ਦਾ ਸਰਮਾਇਆ ਨਹੀਂ ਹੈ ਸਗੋਂ ਇਹ ਸਮਾਜ-ਨਿਜ਼ਾਮ ਨੂੰ ਸਮਝਣ ਅਤੇ ਇਸ ਨੂੰ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨ ਦੀ ਲਗਾਤਾਰ ਚਲਦੀ ਮਸ਼ਕ ਹੈ।
ਇਹ ਅਦਾਰਾ ਮੌਜੂਦਾ ਕੇਂਦਰੀ ਸਰਕਾਰ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੀਆਂ ਜਥੇਬੰਦੀਆਂ ਦੇ ਨਿਸ਼ਾਨੇ ਉੱਤੇ ਰਿਹਾ ਹੈ। ਇਨ੍ਹਾਂ ਨੇ ਹਰ ਮੌਕੇ ਇਸ ਅਦਾਰੇ ਨੂੰ ਦੇਸ਼ ਧਰੋਹੀਆਂ, ਅਤਿਵਾਦੀਆਂ, ਜੱਹਾਦੀਆਂ, ਨਕਸਲਵਾਦੀਆਂ ਅਤੇ ਹਿੰਦੂ ਵਿਰੋਧੀਆਂ ਦਾ ਘੁਰਨਾ ਕਰਾਰ ਦਿੱਤਾ ਹੈ। ਦੂਜੇ ਪਾਸੇ ਵਿਦਿਅਕ ਅਦਾਰਿਆਂ ਵਿੱਚ ਆਪਣੀ ਵਿਚਾਰਧਾਰਾ ਦੇ ਬੰਦੇ ਮੁਖੀਆਂ ਵਜੋਂ ਲਗਾਉਣ ਅਤੇ ਇਨ੍ਹਾਂ ਅਦਾਰਿਆਂ ਦਾ ਮੁਹਾਣ ਬਦਲਣ ਦੀ ਮਸ਼ਕ ਲਗਾਤਾਰ ਜਾਰੀ ਹੈ। ਇਹ ਮਸ਼ਕ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਦੇ ਨਿਰਦੇਸ਼ਕ ਦੀ ਨਾਮਜ਼ਦਗੀ ਤੋਂ ਕੇਂਦਰੀ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਦੇ ਵਜੀਫ਼ੇ ਖ਼ਤਮ ਕਰਨ ਦੇ ਫ਼ੈਸਲੇ ਅਤੇ ਖੋਜ ਅਦਾਰਿਆਂ ਦੇ ਮੁਖੀਆਂ ਦੀਆਂ ਨਾਮਜ਼ਦਗੀਆਂ ਜਾਂ ਬਰਖ਼ਾਸਤਗੀਆਂ ਵਿੱਚੋਂ ਝਲਕਦੀ ਹੈ। ਇਸੇ ਕੜੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਮੌਜੂਦਾ ਘਟਨਾਕ੍ਰਮ ਆਉਂਦਾ ਹੈ। ਇਸ ਘਟਨਾਕ੍ਰਮ ਦੇ ਦੋ ਪੱਖ ਸਮਝਣੇ ਬਣਦੇ ਹਨ। ਇੱਕ ਪੱਖ ਤੱਥ-ਮੁਖੀ ਅਤੇ ਦੂਜਾ ਧਾਰਨਾ-ਮੁਖੀ ਹੈ। ਜਿੱਥੇ ਇਸ ਦੇ ਤੱਥਾਂ ਨੂੰ ਜਾਣਨਾ ਜ਼ਰੂਰੀ ਹੈ ਉੱਥੇ ਇਸ ਪਿੱਛੇ ਸਰਗਰਮ ਸੋਚ ਨੂੰ ਸਮਝਣਾ ਵੀ ਲਾਜ਼ਮੀ ਹੈ।
ਅਫ਼ਜ਼ਲ ਗੁਰੂ ਦੀ ਫ਼ਾਂਸੀ ਦੇ ਤੀਜੇ ਸਲਾਨਾ ਦਿਨ ਉੱਤੇ ਕੁਝ ਵਿਦਿਆਰਥੀਆਂ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਵਰਮਤੀ ਢਾਬੇ ਉੱਤੇ ਸਮਾਗਮ ਦਾ ਸੱਦਾ ਦਿੱਤਾ ਸੀ। ਇਸ ਸਮਾਗਮ ਦਾ ਸੱਦਾ ਯੂਨੀਵਰਸਿਟੀ ਦੀਆਂ ਅਹਿਮ ਥਾਂਵਾਂ ਉੱਤੇ ਚਿਪਕਾਇਆ ਗਿਆ ਸੀ। ਯੂਨੀਵਰਸਿਟੀ ਨੇ ਇਹ ਸਮਾਗਮ  ਕਰਨ ਦੀ ਲਿਖਤੀ ਪ੍ਰਵਾਨਗੀ ਦਿੱਤੀ ਸੀ ਪਰ ਤਕਰੀਬਨ ਅੱਧਾ ਘੰਟਾ ਪਹਿਲਾਂ ਐੱਸ.ਐੱਮ.ਐੱਸ. ਰਾਹੀਂ ਇਹ ਪ੍ਰਵਾਨਗੀ ਰੱਦ ਕਰ ਦਿੱਤੀ। ਇਸ ਸਮਾਗਮ ਦਾ ਸੱਦਾ ਕਿਸੇ ਜਥੇਬੰਦੀ ਨੇ ਨਹੀਂ ਦਿੱਤਾ ਸੀ ਸਗੋਂ ਸੱਦੇ ਉੱਤੇ ਨੌਂ ਵਿਦਿਆਰੀਆਂ ਦੇ ਨਾਮ ਲਿਖੇ ਹੋਏ ਸਨ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਰਵਾਇਤ ਮੁਤਾਬਕ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਵਿਦਿਆਰਥੀ ਯੂਨੀਅਨਾਂ ਨੇ ਸਮਾਗਮ ਦੀ ਹਰ ਹਾਲਤ ਵਿੱਚ ਹਮਾਇਤ ਕਰਨ ਦਾ ਫ਼ੈਸਲਾ ਕੀਤਾ। ਇੱਕ ਪਾਸੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਇਸ ਸਮਾਗਮ ਦਾ ਵਿਰੋਧ ਕਰ ਰਹੀ ਸੀ ਅਤੇ ਦੂਜੇ ਪਾਸੇ ਇਹ ਸਮਾਗਮ ਹੋ ਰਿਹਾ ਸੀ। ਦੋਵਾਂ ਨੂੰ ਇੱਕ-ਦੂਜੇ ਦੀ ਨਾਅਰੇਬਾਜ਼ੀ ਸੁਣਾਈ ਦਿੰਦੀ ਸੀ। ਜਦੋਂ ਇਸ ਸਮਾਗਮ ਤੋਂ ਬਾਅਦ ਜਲੂਸ ਸ਼ੁਰੂ ਹੋਇਆ ਤਾਂ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਨੇ ਇਸ ਨੂੰ ਰੋਕਣ ਦਾ ਉਪਰਾਲਾ ਕੀਤਾ ਅਤੇ ਤਕਰਾਰ ਹੋਈ। ਇਸੇ ਤਕਰਾਰ ਦੌਰਾਨ ਦੋਵਾਂ ਨੇ ਇੱਕ-ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਥਾਂ ਉੱਤੇ ਕੁਝ ਤੱਥ ਅਹਿਮ ਹਨ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਇਸ ਸਮਾਗਮ ਵਿੱਚ ਨਾ ਪ੍ਰਬੰਧਕ ਸਨ ਅਤੇ ਨਾ ਹੀ ਬੁਲਾਰੇ। ਉਹ ‘ਵਿਚਾਰ ਦੀ ਆਜ਼ਾਦੀ’ ਦੀ ਦਲੀਲ ਨਾਲ ਹਮਦਰਦ ਵਜੋਂ ਇਸ ਸਮਾਗਮ ਵਿੱਚ ਸ਼ਰੀਕ ਹੋਏ ਸਨ। ਉਨ੍ਹਾਂ ਦੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਹੈ ਜੋ ਭਾਰਤੀ ਇਤਿਹਾਸ ਦੀ ਸਭ ਤੋਂ ਪੁਰਾਣੀ ਵਿਦਿਆਰਥੀ ਜਥੇਬੰਦੀ ਹੈ। ਇਸ ਜਥੇਬੰਦੀ ਦੀ ਕੌਮੀ ਮੁਕਤੀ ਲਹਿਰ ਵਿੱਚ ਅਹਿਮ ਭੂਮਿਕਾ ਰਹੀ ਹੈ ਅਤੇ ਇਸ ਨੇ ਨਾਮੀ ਸਿਆਸੀ ਆਗੂ ਪੈਦਾ ਕੀਤੇ ਹਨ। ਇਹ ਭਾਰਤੀ ਕਮਿਊਨਿਸਟ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਹੈ। ਭਾਰਤੀ ਕਮਿਊਨਿਸਟ ਪਾਰਟੀ ਭਾਰਤੀ ਸੰਵਿਧਾਨ ਦੇ ਘੇਰੇ ਵਿੱਚ ਕੰਮ ਕਰਦੀ ਹੈ ਅਤੇ ਮੁਲਕ ਦੀ ਏਕਤਾ ਤੇ ਅਖੰਡਤਾ ਦੀ ਝੰਡਾਬਰਦਾਰ ਹੈ। ਇਸੇ ਸੋਚ ਦਾ ਪ੍ਰਗਟਾਵਾ ਕਨ੍ਹੱਈਆ ਕੁਮਾਰ ਦੀ ਤਕਰੀਰ ਵਿੱਚੋਂ ਵੀ ਹੁੰਦਾ ਹੈ। ਇਹ ਤਕਰੀਰ ਦਸ ਤਰੀਕ ਨੂੰ ਰੋਸ ਮੁਜ਼ਾਹਰੇ ਵਿੱਚ ਦਿੱਤੀ ਗਈ ਸੀ। ਦਸ ਫਰਵਰੀ ਨੂੰ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਨੇ ਉਪ-ਕੁਲਪਤੀ ਦੇ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰ ਕੇ ਮੰਗ ਕੀਤੀ ਕਿ ਮੁਲਕ ਵਿਰੋਧੀ ਨਾਅਰੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਬਾਕੀ ਜਥੇਬੰਦੀਆਂ ਅਤੇ ਵਿਦਿਆਰਥੀ ਯੂਨੀਅਨ ਨੇ ਭਾਜਪਾ ਦੀ ਸਰਪ੍ਰਸਤੀ ਵਿੱਚ ਯੂਨੀਵਰਸਿਟੀ ਦੇ ਮਾਹੌਲ ਨੂੰ ਖ਼ਰਾਬ ਕਰਨ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਜਿੱਥੇ ਕਨ੍ਹੱਈਆ ਕੁਮਾਰ ਨੇ ਤਕਰੀਰ ਕੀਤੀ। ਉਸ ਨੂੰ ਕੁਝ ਘੰਟਿਆਂ ਬਾਅਦ ਦੇਸ਼ ਧਰੋਹ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਜਦੋਂ ਕਨ੍ਹੱਈਆ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਦੀ ਹਮਾਇਤ ਵਿੱਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਹਮਲਾ ਕੀਤਾ ਗਿਆ। ਇਨ੍ਹਾਂ ਦੇ ਨਾਲ ਪੱਤਰਕਾਰਾਂ ਨੂੰ ਵੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਅਦਾਲਤ ਵਿੱਚ ਪਹਿਲਾਂ ਸਾਦਾ ਕੱਪੜਿਆਂ ਵਾਲਿਆਂ ਨੇ ਵਿਦਿਆਰਥੀਆਂ-ਅਧਿਆਪਕਾਂ ਨੂੰ ਧਮਕਾਇਆ ਅਤੇ ਬਾਅਦ ਵਿੱਚ ਵਕੀਲਾਂ ਵਾਲੇ ਕੋਟਾਂ ਵਾਲਿਆਂ ਨੇ ਹਮਲਾ ਕੀਤਾ। ਹਮਲਾ ਕਰਨ ਵਾਲਿਆਂ ਦੀਆਂ ਭਾਜਪਾ ਦੇ ਮੰਤਰੀਆਂ ਅਤੇ ਹੋਰ ਆਗੂਆਂ ਨਾਲ ਤਸਵੀਰਾਂ ਅਖ਼ਬਾਰਾਂ ਵਿੱਚ ਛਪ ਚੁੱਕੀਆਂ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।
ਇਸੇ ਦੌਰਾਨ ਤੇਰਾਂ ਫਰਵਰੀ ਨੂੰ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫ਼ਾਰ ਆਰਟਸ ਵਿੱਚ ਜਾ ਰਹੇ ਸੱਤ ਕਲਾਕਾਰਾਂ ਅਤੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੀ ਦਲੀਲ ਸੀ ਕਿ ਉਹ ‘ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਰਗੇ’ ਲੱਗਦੇ ਸਨ ਕਿਉਂਕਿ ਉਨ੍ਹਾਂ ਨੇ ਲੰਬੀਆਂ ਦਾਹੜੀਆਂ ਰੱਖੀਆਂ ਹੋਈਆਂ ਸਨ ਅਤੇ ਮੋਢਿਆਂ ਉੱਤੇ ਝੋਲੇ ਪਾਏ ਹੋਏ ਸਨ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਅਫ਼ਜ਼ਲ ਗੁਰੂ ਵਾਲੇ ਸਮਾਗਮ ਦੀ ਹਮਾਇਤ ਹਾਫ਼ਿਜ਼ ਸਈਦ ਨੇ ਕੀਤੀ ਸੀ। ਬਾਅਦ ਵਿੱਚ ਜਦੋਂ ਹਾਫ਼ਿਜ਼ ਸਈਦ ਦਾ ਬਿਆਨ ਆ ਗਿਆ ਤਾਂ ਗ੍ਰਹਿ ਮੰਤਰੀ ਪੱਲਾ ਝਾੜ ਗਏ। ਇਸੇ ਦੌਰਾਨ ਅਖ਼ਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਲਗਾਤਾਰ ਖੱਬੇਪੱਖੀ ਵਿਦਿਆਰਥੀ ਕਾਰਕੁੰਨਾਂ ਨੂੰ ਅਤਿਵਾਦੀ, ਨਕਸਲਵਾਦੀ ਅਤੇ ਜੱਹਾਦੀ ਕਰਾਰ ਦੇ ਰਹੀ ਹੈ। ਹੁਣ ਭਾਜਪਾਈ ਸਿਆਸਤ ਅਤੇ ਸਰਕਾਰ ਨੇ ਨਿਸ਼ਾਨਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨੂੰ ਬਣਾ ਲਿਆ ਹੈ। ਉਹ ਇਸ ਅਦਾਰੇ ਦੀਆਂ ਜਮਹੂਰੀ ਰਵਾਇਤਾਂ ਅਤੇ ਖੁੱਲ੍ਹਨਜ਼ਰੀ ਵਾਲੇ ਮਾਹੌਲ ਨੂੰ ਬਦਲਣਾ ਚਾਹੁੰਦੇ ਹਨ। ਉਹ ਆਪਣੀ ਅੰਨ੍ਹੀ ਦੇਸ਼-ਭਗਤੀ ਅਤੇ ਖੁੱਲ੍ਹਨਜ਼ਰੀ ਵਾਲੀਆਂ ਥਾਂਵਾਂ ਵਿੱਚ ਟਕਰਾਅ ਵੇਖਦੇ ਹਨ।
ਮੌਜੂਦਾ ਘਟਨਾਕ੍ਰਮ ਕਿਸੇ ਵੀ ਹਵਾਲੇ ਨਾਲ ਵਾਪਰ ਸਕਦਾ ਸੀ। ਭਾਜਪਾਈ ਆਪਣੀ ਪਸੰਦ ਦੇ ਉਪ-ਕੁਲਪਤੀ ਦੇ ਆਉਣ ਤੋਂ ਬਾਅਦ ਕਿਸੇ ਮੌਕੇ ਦੀ ਤਾਕ ਵਿੱਚ ਸਨ। ਇਸ ਤੋਂ ਪਹਿਲਾਂ ਕਈ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ ਕਿ ਉਨ੍ਹਾਂ ਦੀ ਵਿਦਿਆਰਥੀ ਜਥੇਬੰਦੀ ਦੀ ਹਰ ਸ਼ਿਕਾਇਤ ਨੂੰ ਅੰਤਿਮ ਸੱਚ ਮੰਨ ਕੇ ਕਾਰਵਾਈ ਕੀਤੀ ਜਾਂਦੀ ਹੈ। ਹੈਦਰਾਬਾਦ ਦੀ ਸੈਂਟਰਲ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਉੱਤੇ ਕੇਂਦਰੀ ਵਜ਼ੀਰਾਂ ਦਾ ਦਬਾਅ ਸਭ ਦੇ ਸਾਹਮਣੇ ਆ ਚੁੱਕਿਆ ਹੈ। ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਉਹ ਮਾਮਲਾ ਭਾਜਪਾ ਦੇ ਕਾਬੂ ਤੋਂ ਬਾਹਰ ਹੋ ਗਿਆ ਹੈ। ਇਸੇ ਤਰ੍ਹਾਂ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੀ ਸ਼ਿਕਾਇਤ ਕਾਰਨ ਪੰਜਾਬ ਯੂਨੀਵਰਸਿਟੀ ਨੂੰ ਕਈ ਮਹੀਨੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਸੰਘਰਸ਼ ਕਰਨਾ ਪਿਆ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਮੌਜੂਦਾ ਉਪ-ਕੁਲਪਤੀ ਜਗਦੀਸ਼ ਕੁਮਾਰ ਨੇ ਪੁਲਿਸ ਨੂੰ ‘ਜ਼ਰੂਰਤ ਮੁਤਾਬਕ ਅਤੇ ਜਦੋਂ ਢੁਕਵਾਂ ਸਮਝਿਆ ਜਾਵੇ’ ਤਾਂ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਹੈ। ਇਸ ਯੂਨੀਵਰਸਿਟੀ ਵਿੱਚ ਪੁਲਿਸ ਬਿਨਾਂ ਇਜਾਜ਼ਤ ਤੋਂ ਅੰਦਰ ਨਹੀਂ ਆ ਸਕਦੀ ਅਤੇ ਇਸ ਨੂੰ ਅਦਾਰੇ ਦੀ ਖ਼ੁਦਮੁਖ਼ਤਿਆਰੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਐਮਰਜੈਂਸੀ ਦੌਰਾਨ ਪੁਲਿਸ ਦੀ ਦਖ਼ਲਅੰਦਾਜ਼ੀ ਦਾ ਇਸ ਅਦਾਰੇ ਵਿੱਚ ਜ਼ਬਰਦਸਤ ਵਿਰੋਧ ਹੋਇਆ ਸੀ ਅਤੇ ਇੱਥੇ ਹਰ ਮਸਲੇ ਨੂੰ ਸੰਵਾਦ ਰਾਹੀਂ ਸੁਲਝਾਉਣ ਦੀ ਰਵਾਇਤ ਹੈ। ਇਸ ਅਦਾਰੇ ਵਿੱਚ ਤਿੱਖੀਆਂ ਬਹਿਸਾਂ ਲਗਾਤਾਰ ਹੁੰਦੀਆਂ ਹਨ ਪਰ ਇਸ ਦੇ ਬਾਵਜੂਦ ਇਹ ਸਭ ਤੋਂ ਜ਼ਿਆਦਾ ਹਿੰਸਾ-ਮੁਕਤ ਅਦਾਰਾ ਮੰਨਿਆ ਜਾਂਦਾ ਹੈ। ਪੁਲਿਸ ਨੂੰ ਇਸ ਤਰ੍ਹਾਂ ਦੀ ਬੇਸ਼ਰਤ ਇਜਾਜ਼ਤ ਦੇਣ ਦੇ ਕੀ ਮਾਅਨੇ ਹਨ? ਇਸੇ ਇਜਾਜ਼ਤ ਨਾਲ ਮੌਜੂਦਾ ਸਰਕਾਰ ਦੇ ਵਿਦਿਅਕ ਅਦਾਰਿਆਂ ਨਾਲ ਰਿਸ਼ਤੇ ਦੀਆਂ ਲੜੀਆਂ ਜੁੜ ਜਾਂਦੀਆਂ ਹਨ। ਭਾਜਪਾ ਦੀ ਵਿਦਿਆਰਥੀ ਜਥੇਬੰਦੀ ਲਗਾਤਾਰ ਭਾਰਤੀ ਫ਼ੌਜ ਦੇ ਜ਼ਿੰਦਾਬਾਦ ਹੋਣ ਦੇ ਨਾਅਰੇ ਲਗਾਉਂਦੀ ਹੈ ਅਤੇ ਉਨ੍ਹਾਂ ਦਾ ਲਗਾਇਆ ਉਪ-ਕੁਲਪਤੀ ਪੁਲਿਸ ਨੂੰ ਦਖ਼ਲੰਅਦਾਜ਼ੀ ਦੀ ਬੇਸ਼ਰਤ ਇਜਾਜ਼ਤ ਦਿੰਦਾ ਹੈ। ਇਹ ਮੁਲਕ ਨੂੰ ਪੁਲਿਸ ਰਾਜ ਬਣਾਉਣ ਦੀ ਕਾਰਵਾਈ ਨਹੀਂ ਤਾਂ ਹੋਰ ਕੀ ਹੈ? ਇਹ ਖੁੱਲ੍ਹਨਜ਼ਰੀ ਦੀ ਨੁਮਾਇੰਦਗੀ ਕਰਨ ਵਾਲੇ ਅਦਾਰੇ ਉੱਤੇ ਤਾਨਾਸ਼ਾਹੀ ਹਮਲਾ ਨਹੀਂ ਤਾਂ ਹੋਰ ਕੀ ਹੈ?
ਇਸ ਹਮਲੇ ਦੀ ਲੜੀ ਖੋਜਾਰਥੀਆਂ ਦੇ ਬੰਦ ਕੀਤੇ ਵਜ਼ੀਫ਼ਿਆਂ ਨਾਲ ਜੁੜਦੀ ਹੈ। ਇਨ੍ਹਾਂ ਵਜ਼ੀਫ਼ਿਆਂ ਨੇ ਇਸ ਮੁਲਕ ਦੇ ਗ਼ਰੀਬ-ਗ਼ੁਰਬੇ, ਕਬਾਇਲੀ-ਆਦਿਵਾਸੀ ਅਤੇ ਜਾਤੀ-ਜਮਾਤੀ ਪੌੜੀ ਦੇ ਹੇਠਲੇ ਡੰਡੇ ਉੱਤੇ ਬੈਠੇ ਬੰਦੇ ਨੂੰ ਖੁੱਲ੍ਹਨਜ਼ਰੀ ਵਾਲੇ ਅਦਾਰਿਆਂ ਵਿੱਚ ਪੜ੍ਹਨ ਅਤੇ ਵਿਗਸਣ ਦਾ ਮੌਕਾ ਦਿੱਤਾ ਹੈ। ਸਰਕਾਰੀ ਸਰਪ੍ਰਸਤੀ ਵਾਲਾ ਪੂੰਜੀਵਾਦ ਅਤੇ ਕੱਟੜਵਾਦ ਦਾ ਗੱਠਜੋੜ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਸਮਾਜਿਕ ਇਨਸਾਫ਼, ਖੁੱਲ੍ਹਨਜ਼ਰੀ ਅਤੇ ਖੁੱਲ੍ਹਦਿਲੀ ਵਾਲਾ ਸਮਾਜ ਉਸ ਦੀ ਸੋਚ ਅਤੇ ਕਾਰਗੁਜ਼ਾਰੀ ਉੱਤੇ ਸੁਆਲ ਕਰੇ। ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਕਨ੍ਹੱਈਆ ਕੁਮਾਰ ਪੜ੍ਹ ਲਿਖ ਕੇ ਬ੍ਰਾਹਮਣਵਾਦੀ ਸੱਭਿਆਚਾਰ ਦੇ ਖ਼ਾਤਮੇ ਅਤੇ  ਯੁੱਗ ਪਲਟਾਉਣ ਦਾ ਸੁਫ਼ਨਾ ਦੇਖੇ ਅਤੇ ਸੁਫ਼ਨਿਆਂ ਦੀ ਪੂਰਤੀ ਲਈ ਸਾਂਝੇ ਉਪਰਾਲੇ ਦਾ ਹਿੱਸਾ ਬਣੇ। ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਰੋਹਿਤ ਵੇਮੂਲਾ ਗ਼ੁਰਬਤ ਅਤੇ ਸਮਾਜਿਕ ਜ਼ਲਾਲਤ ਵਿੱਚੋਂ ਨਿਕਲ ਕੇ ‘ਠੇਸ ਦੇ ਅਹਿਸਾਸ ਤੋਂ ਬਚ ਕੇ ਪਿਆਰ’ ਕਰੇ। ਇਨ੍ਹਾਂ ਹਾਲਾਤ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਉੱਤੇ ਹੋ ਰਹੇ ਹਮਲੇ ਦਾ ਖ਼ਾਸਾ ਪਛਾਣਨਾ ਜ਼ਰੂਰੀ ਹੈ। ਕੀ ਇਹ ਵਿਕਾਸ ਦੇ ਪਰਦੇ ਹੇਠ ਬ੍ਰਾਹਮਣੀ ਕੱਟੜਵਾਦ ਅਤੇ ਬੇਕਿਰਕ ਪੂੰਜੀਵਾਦ ਦਾ ਖੁੱਲ੍ਹਨਜ਼ਰੀ ਅਤੇ ਇਨਸਾਫ਼ਪਸੰਦੀ ਖ਼ਿਲਾਫ਼ ਫ਼ੌਜੀ ਹਮਲਾ ਨਹੀਂ ਹੈ? ਇਹ ਪੁੱਛਣਾ ਕੁਥਾਂ ਨਹੀਂ ਹੋਵੇਗਾ ਕਿ ਕੀ ਕਨ੍ਹੱਈਆ ਕੁਮਾਰ ਨੂੰ ‘ਇੱਕ ਵੋਟ, ਇੱਕ ਹਿੰਦਸਾ ਜਾਂ ਕੋਈ ਬੇਜਾਨ ਸ਼ੈਅ’ ਤੱਕ ਮਹਿਦੂਦ ਹੋਣ ਤੋਂ ਇਨਕਾਰ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 19 ਫਰਵਰੀ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s