ਸੁਆਲ-ਸੰਵਾਦ: ‘ਦਿੱਲੀ ਤੋਂ ਪਾੜੋ ਅਤੇ ਸਮੁੱਚੇ ਮੁਲਕ ਵਿੱਚ ਮਾਰੋ’ ਦਾ ਭਾਜਪਾਈ ਮੰਤਰ

Yechury addresses mediaਦਲਜੀਤ ਅਮੀ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਹਵਾਲੇ ਨਾਲ ਖੱਬੇ ਪੱਖੀ ਸਿਆਸਤ ਦੀ ਵੰਨ-ਸਵੰਨਤਾ ਉਨ੍ਹਾਂ ਦੇ ਪਾਰਟੀ ਪਰਚਿਆਂ ਅਤੇ ਕਾਲਜਾਂ-ਯੂਨੀਵਰਸਿਟੀਆਂ ਤੋਂ ਬਾਹਰ ਆਈ ਹੈ। ਬਹੁਤ ਸਾਲਾਂ ਤੱਕ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਖੱਬੇ-ਪੱਖੀਆਂ ਅੰਦਰਲੀ ਸਖ਼ਤ ਮੁਕਾਬਲੇ ਵਾਲੀ ਸਿਆਸਤ ਦਾ ਅਖਾੜਾ ਰਹੀ ਹੈ। ਇਹੋ ਮੁਕਾਬਲਾ ਨਾਅਰਿਆਂ ਤੋਂ ਲੈ ਕੇ ਕੰਧ ਪੋਸਟਰਾਂ ਵਿੱਚ ਝਲਕਦਾ ਰਿਹਾ ਹੈ। ਹਰ ਸਮਝ ਨਾਲ ਜੁੜੇ ਸਰਗਰਮ ਕਾਰਕੁੰਨ, ਹਮਾਇਤੀ ਅਤੇ ਹਮਦਰਦ ਆਪਣੀ ਦਲੀਲ ਪੇਸ਼ ਕਰਦੇ ਰਹੇ ਹਨ ਅਤੇ ਦੂਜੇ ਦੀਆਂ ਦਲੀਲਾਂ ਰੱਦ ਕਰਦੇ ਰਹੇ ਹਨ।
ਪੂੰਜੀਵਾਦੀ ਨੀਤੀਆਂ ਅਤੇ ਫ਼ਿਰਕੂ ਸਿਆਸਤ ਖ਼ਿਲਾਫ਼ ਸਾਂਝੀ ਸਰਗਰਮੀ ਹੁੰਦੀ ਰਹੀ ਹੈ ਪਰ ਇਸ ਸਰਗਰਮੀ ਦੇ ਰੂਪ ਅਤੇ ਮਸਲਿਆਂ ਦੀ ਸਮਝ ਬਾਬਤ ਇਤਫ਼ਰਕੇ ਰਹੇ ਹਨ। ਨਤੀਜੇ ਵਜੋਂ ਸੰਸਦੀ ਖੱਬੇ-ਪੱਖੀਆਂ ਧਿਰਾਂ ਨੂੰ ਪੂੰਜੀਵਾਦੀ ਦੇ ਖੱਬੇ-ਦਲਾਲ ਕਰਾਰ ਦਿੱਤਾ ਜਾਂਦਾ ਰਿਹਾ ਹੈ ਅਤੇ ਹਥਿਆਰਬੰਦ ਨਕਸਲਵਾਦੀ ਧਿਰਾਂ ਨੂੰ ਅਰਾਜਕਤਾਵਾਦੀ ਜਾਂ ਅਤਿਵਾਦੀ ਗਰਦਾਨਿਆ ਜਾਂਦਾ ਰਿਹਾ ਹੈ। ਨਕਸਲਵਾਦੀ ਧਾਰਾ ਤੋਂ ਸੰਸਦੀ ਧਾਰਾ ਵਿੱਚ ਆਉਣ ਵਾਲੇ ਆਪਣੇ-ਆਪ ਨੂੰ ਦੋਵਾਂ ਤੋਂ ਬਿਹਤਰ ਕਰਾਰ ਦਿੰਦੇ ਰਹੇ ਹਨ ਅਤੇ ਦੋਵਾਂ ਦੀ ਤਿੱਖੀ ਆਲੋਚਨਾ ਦਾ ਸ਼ਿਕਾਰ ਹੁੰਦੇ ਰਹੇ ਹਨ। ਸਿਧਾਂਤਕ ਇਤਫ਼ਰਕੇ ਇਨ੍ਹਾਂ ਮੋਟੀਆਂ ਧਾਰਨਾਵਾਂ ਅਤੇ ਧਾਰਾਵਾਂ ਤੋਂ ਜ਼ਿਆਦਾ ਰਹੇ ਹਨ।

ਸਾਰੀਆਂ ਧਿਰਾਂ ਦੀ ਪੂੰਜੀਵਾਦ ਦੀ ਵਿਆਖਿਆ ਦੇ ਨਾਲ ਜਾਤ-ਸਮਾਜ ਦੀ ਸਮਝ ਉੱਤੇ ਸੁਆਲ ਹੁੰਦੇ ਰਹੇ ਹਨ। ਇਸ ਦੇ ਨਤੀਜੇ ਵਜੋਂ ਖੱਬੀਆਂ ਪਾਰਟੀਆਂ ਅੰਦਰਲੇ ਬ੍ਰਾਹਮਣਵਾਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਤ-ਜਮਾਤ ਦੇ ਤਵਾਜ਼ਨ ਨੂੰ ਅਹਿਮ ਮੰਨਿਆ ਗਿਆ ਹੈ। ਇਸੇ ਤਰ੍ਹਾਂ ਦੀ ਬਹਿਸ ਨਾਰੀਵਾਦੀ ਸੁਆਲਾਂ ਅਤੇ ਸੋਚ ਬਾਬਤ ਰਹੀ ਹੈ। ਇਨ੍ਹਾਂ ਸੁਆਲਾਂ ਨਾਲ ਜੋੜ ਕੇ ਖੱਬੇ-ਪੱਖੀ ਧਿਰਾਂ ਵਿੱਚ ਪਿਤਾਪੁਰਖ਼ੀ ਰੁਝਾਨ ਦੀ ਸ਼ਨਾਖ਼ਤ ਕਰਨ ਅਤੇ ਮਰਦਾਵੇਂ ਖ਼ਾਸੇ ਨੂੰ ਮੁਖ਼ਾਤਬ ਹੋਣ ਦੀ ਬਹਿਸ ਚੱਲੀ ਹੈ। ਕੌਮੀਅਤਾਂ ਦੇ ਮਸਲਿਆਂ ਅਤੇ ਉਨ੍ਹਾਂ ਦੀਆਂ ਲਹਿਰਾਂ ਬਾਬਤ ਲਗਾਤਾਰ ਬਹਿਸ ਹੁੰਦੀ ਰਹੀ ਹੈ। ਇਹ ਸੁਆਲ ਅਹਿਮ ਰਹੇ ਹਨ ਕਿ ਕਿਹੜੀ ਲਹਿਰ ਦਾ ਖ਼ਾਸਾ ਕੀ ਹੈ ਅਤੇ ਉਸ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੋਣਾ ਚਾਹੀਦਾ ਹੈ। ਕੁਝ ਧਿਰਾਂ ਲਈ ਮੁਲਕ ਦੀ ‘ਏਕਤਾ ਅਤੇ ਅਖੰਡਤਾ’ ਦਾ ਮੁੱਦਾ ਅੰਤਿਮ ਸੱਚ ਹੋ ਗਿਆ ਹੈ ਪਰ ਕੁਝ ਧਿਰਾਂ ਮੁਲਕ ਨੂੰ ਸੱਭਿਆਚਾਰ ਅਤੇ ਕੌਮੀਅਤ ਨਾਲ ਜੋੜ ਕੇ ਇਤਿਹਾਸ ਦੀ ਉਪਜ ਮੰਨਦੀਆਂ ਹਨ ਜੋ ਹਰ ਹਾਲਾਤ ਵਿੱਚ ਪੜਚੋਲ ਅਤੇ ਵਿਆਖਿਆ ਦੀ ਮੰਗ ਕਰਦਾ ਹੈ। ਇਸੇ ਸਮਝ ਤਹਿਤ ਵੱਖ-ਵੱਖ ਲਹਿਰਾਂ ਨਾਲ ਖੱਬੇ-ਪੱਖੀਆਂ ਦਾ ਰਿਸ਼ਤਾ ਬਹੁਤ ਸੂਖ਼ਮ ਤਵਾਜ਼ਨ ਦੀ ਮੰਗ ਕਰਦਾ ਰਿਹਾ ਹੈ ਜਿਸ ਦੇ ਹਾਲਾਤ ਮੁਤਾਬਕ ਕਿਸੇ ਪਾਸੇ ਵੀ ਉਲਾਰ ਹੋਣ ਦਾ ਖ਼ਦਸ਼ਾ ਕਾਇਮ ਰਿਹਾ ਹੈ।

ਇਸ ਬਹਿਸ ਦੀ ਆਪਣੀ ਅਹਿਮੀਅਤ ਹੈ ਕਿਉਂਕਿ ਕੋਈ ਸੋਚ ਜਾਂ ਸਿਧਾਂਤ ਖੜ੍ਹੋਤ ਵਿੱਚ ਨਹੀਂ ਰਹਿ ਸਕਦਾ। ਇਸੇ ਬਹਿਸ ਦੇ ਸਿੱਟੇ ਤਿੱਖੇ ਸੰਵਾਦ ਅਤੇ ਸਿਧਾਂਤਕ ਹਮਲਿਆਂ ਤੋਂ ਅੱਗੇ ਜਾ ਕੇ ਹਿੰਸਕ ਰੂਪ ਧਾਰਦੇ ਰਹੇ ਹਨ। ਸਿਆਸੀ ਧਿਰਾਂ ਅੰਦਰ ਖਰੇ ਇਨਕਲਾਬੀ ਕਹਾਉਣ ਅਤੇ ਦੂਜੀਆਂ ਧਿਰਾਂ ਨੂੰ ਸੋਧਵਾਦੀ ਜਾਂ ਪੂੰਜੀਵਾਦੀਆਂ ਦੇ ਦਲਾਲ ਜਾਂ ਤਰ੍ਹਾਂ-ਤਰ੍ਹਾਂ ਦੇ ਵਿਸ਼ੇਸ਼ਣ ਨਾਲ ਨਿਵਾਜਣ ਦੀ ਲੰਮੀ ਰਵਾਇਤ ਹੈ। ਇਨ੍ਹਾਂ ਰਵਾਇਤਾਂ ਦੇ ਨਤੀਜੇ ਵਜੋਂ ਕਈ ਪਹਾੜਾਨੁਮਾ ਧਾਰਨਾਵਾਂ ਬਣੀਆਂ ਹੋਈਆਂ ਹਨ ਜੋ ਹਰ ਫੁੱਟ ਜਾਂ ਕਿਸੇ ਸਾਥੀ ਦੇ ਨਿਖੇੜਾ ਕਰਨ ਮੌਕੇ ਪੜ੍ਹੀਆਂ ਜਾਂਦੀਆਂ ਹਨ। ਕੁਝ ਧਿਰਾਂ ਨੇ ਇੱਕ-ਦੂਜੇ ਨੂੰ ਅਛੂਤ ਕਰਾਰ ਦਿੱਤਾ ਹੋਇਆ ਹੈ ਅਤੇ ਇਨ੍ਹਾਂ ਦੀ ਇੱਕ-ਦੂਜੇ ਬਾਰੇ ਦਲੀਲ ਤਕਰੀਬਨ ਹਰ ਮੌਕੇ ਸਲੀਕੇ ਜਾਂ ਸ਼ਬਦਾਂ ਦੇ ਸੰਜਮ ਤੋਂ ਬਾਹਰ ਜਾਣ ਦੀ ਕਾਹਲ ਵਿੱਚ ਰਹਿੰਦੀ ਹੈ। ਨਤੀਜੇ ਵਜੋਂ ਮੁਕਾਬਲੇ ਵਾਲਾ ਰਿਸ਼ਤਾ ਖ਼ੋਰੀ-ਸ਼ਰੀਕਾਂ ਜਾਂ ਮੂੰਹਜ਼ੋਰ ਦੁਸ਼ਮਣਾਂ ਵਾਲਾ ਹੋ ਗਿਆ ਹੈ।

ਇਨ੍ਹਾਂ ਬਹਿਸਾਂ, ਦਲੀਲਾਂ ਅਤੇ ਮੁੱਦਿਆਂ ਦੀ ਬਹੁਤ ਅਹਿਮੀਅਤ ਹੈ। ਇਨ੍ਹਾਂ ਦਾ ਕੋਈ ਅੰਤਿਮ ਸੱਚ ਵਰਗਾ ਹੱਲ ਨਹੀਂ ਨਿਕਲ ਸਕਦਾ ਪਰ ਬਿਹਤਰ ਹੱਲ ਹੋ ਸਕਦਾ ਹੈ ਜੋ ਸਦਾ ਹੋਰ ਬਿਹਤਰ ਹੋਣ ਦੀ ਮੰਗ ਕਰਦਾ ਰਹੇਗਾ। ਜਦੋਂ ਹਰ ਮੁੱਦੇ ਉੱਤੇ ਹਰ ਵੇਲੇ ਅਤੇ ਹਰ ਹਾਲਾਤ ਵਿੱਚ ਵਿਚਾਰ ਕਰਨ ਵਿੱਚ ਕੋਈ ਸਿਧਾਂਤਕ ਰੁਕਾਵਟ ਨਹੀਂ ਹੈ ਤਾਂ ਸੰਵਾਦ ਦੀ ਗੁੰਜਾਇਸ਼ ਬਣ ਜਾਂਦੀ ਹੈ। ਸੱਜੇ-ਪੱਖੀ ਸਿਆਸਤ ਲਈ ਬਹੁਤ ਸਾਰੇ ਮੁੱਦੇ ਸ਼ਰਧਾ ਜਾਂ ਅੰਤਿਮ ਸੱਚ ਦੇ ਘੇਰੇ ਵਿੱਚ ਆਏ ਹੋ ਸਕਦੇ ਹਨ ਜਿਨ੍ਹਾਂ ਨੂੰ ਉਹ ਚਰਚਾ ਦੇ ਘੇਰੇ ਤੋਂ ਬਾਹਰ ਮੰਨਦੇ ਹਨ। ਇਹ ਬੰਦਿਸ਼ ਖੱਬੇ ਪੱਖੀਆਂ ਉੱਤੇ ਲਾਗੂ ਨਹੀਂ ਹੁੰਦੀ ਪਰ ਕਦੇ-ਕਦੇ ਉਹ ਆਪ ਹੀ ਇਸ ਘੇਰੇ ਵਿੱਚ ਆ ਜਾਂਦੇ ਹਨ। ਮੌਜੂਦਾ ਹਾਲਾਤ ਵਿੱਚ ਸੰਸਦੀ ਸਿਆਸਤ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਹੋ ਸਕਦੀਆਂ ਹਨ। ਇਹ ਸੁਆਲ ਤਾਂ ਕੀਤਾ ਜਾ ਸਕਦਾ ਹੈ ਕਿ ਕੀ ਇਨ੍ਹਾਂ ਮਜਬੂਰੀਆਂ ਦੇ ਘੇਰੇ ਵਿੱਚ ਰਹਿਣ ਨਾਲ ਸਿਆਸੀ ਜ਼ਮੀਨ ਵਿੱਚ ਵਾਧਾ ਹੁੰਦਾ ਹੈ ਜਾਂ ਜਿਉਂ ਦੀ ਤਿਉਂ ਹਾਲਤ ਕਾਇਮ ਰਹਿੰਦੀ ਹੈ? ਜੇ ਜ਼ਮੀਨ ਖੁੱਸ ਜਾਣ ਦਾ ਖ਼ਦਸ਼ਾ ਕਾਇਮ ਹੈ ਤਾਂ ਮਜਬੂਰੀਆਂ ਵਿੱਚ ਰਹਿਣ ਦਾ ਮਤਲਬ ਤਾਂ ਡੰਗ ਟਪਾਉਣਾ ਹੀ ਹੋ ਜਾਂਦਾ ਹੈ।

ਇਨ੍ਹਾਂ ਹਾਲਾਤ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਹਵਾਲੇ ਨਾਲ ਕੁਝ ਚਰਚਾ ਕਰਨੀ ਬਣਦੀ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਲੱਗੇ ਨਾਅਰਿਆਂ ਦੇ ਹਵਾਲੇ ਨਾਲ ਕਈ ਦਲੀਲਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨਾਅਰਿਆਂ ਦੇ ਸਬੂਤ ਅਤੇ ਗਵਾਹਾਂ ਦਾ ਮਾਮਲਾ ਆਪਣੀ ਥਾਂ ਹੈ ਪਰ ਸਿਆਸੀ ਦਲੀਲਾਂ ਆਪਣੀ ਥਾਂ ਹਨ। ਇਸ ਵੇਲੇ ਸੰਸਦੀ ਖੱਬੇ ਪੱਖੀ ਧਿਰਾਂ ਨੇ ਦਲੀਲ ਦਿੱਤੀ ਹੈ ਕਿ ‘ਨਿਰਦੋਸ਼’ ਕਨ੍ਹੱਈਆ ਕੁਮਾਰ ਨੂੰ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਨਿਰਦੋਸ਼ ਨੂੰ ਉਲਝਾਉਣ ਦੀ ਥਾਂ ‘ਅਸਲ’ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਵਿੱਚ ਕਾਨੂੰਨ ਮੁਤਾਬਕ ਦੇਸ਼ ਧਰੋਹ ਦਾ ਮਾਮਲਾ ਨਹੀਂ ਬਣਦਾ ਅਤੇ ਇਸ ਹਵਾਲੇ ਨਾਲ ਕਈ ਅਦਾਲਤੀ ਫ਼ੈਸਲਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਸੰਸਦੀ ਖੱਬੇ-ਪੱਖੀ ਧਿਰਾਂ ਇਹ ਪੈਂਤੜਾ ਲੈਣ ਤੋਂ ਗੁਰੇਜ਼ ਕਰਦੀਆਂ ਜਾਪਦੀਆਂ ਹਨ ਕਿ ਨਾਅਰਿਆਂ ਨਾਲ ਅਸਹਿਮਤੀ ਦੇ ਬਾਵਜੂਦ ਇਹ ਦੇਸ਼ ਧਰੋਹ ਦਾ ਮਾਮਲਾ ਨਹੀਂ ਬਣਦਾ।

ਦੂਜਾ ਸਿਧਾਂਤਕ ਮਸਲਾ ਹੈ ਜੋ ਖੱਬੇ-ਪੱਖੀਆਂ ਦੀ ਰਵਾਇਤ ਦਾ ਹਿੱਸਾ ਹੈ। ਜੇ ਕਿਸੇ ਨਾਅਰੇ ਨਾਲ ਅਸਹਿਮਤੀ ਹੋਵੇ ਤਾਂ ਇਸ ਨਾਲ ਨਾਅਰੇ ਲਗਾਉਣ ਵਾਲੇ ਦਾ ਹੱਕ ਰੱਦ ਨਹੀਂ ਹੋ ਜਾਂਦਾ। ਸੰਸਦੀ ਖੱਬੇ-ਪੱਖੀ ਧਿਰਾਂ ਇਸ ਸਿਧਾਂਤਕ ਪੱਖ ਨੂੰ ਨਜ਼ਰਅੰਦਾਜ਼ ਕਰਦੀਆਂ ਜਾਪਦੀਆਂ ਹਨ। ਕਾਨੂੰਨੀ ਅਤੇ ਸਿਧਾਂਤਕ ਪੱਖ ਨੂੰ ਨਜ਼ਰਅੰਦਾਜ਼ ਕਰਨ ਦਾ ਪਿਛੋਕੜ ਉਨ੍ਹਾਂ ਦੀ ਮੁਲਕ ਦੀ ਸਮਝ ਨਾਲ ਜੁੜਿਆ ਜਾਪਦਾ ਹੈ। ਇਸ ਤੋਂ ਬਾਅਦ ਉਨ੍ਹਾਂ ਲਈ ਮੁਲਕ ਦੀ ‘ਏਕਤਾ ਅਤੇ ਅਖੰਡਤਾ’ ਦਾ ਸੁਆਲ ‘ਅੰਤਿਮ ਸੱਚ’ ਵਾਂਗ ਪਾਕ-ਪਵਿੱਤਰ ਹੋ ਗਿਆ ਜਾਪਦਾ ਹੈ ਜੋ ਦਲੀਲ ਦੇ ਘੇਰੇ ਵਿੱਚੋਂ ਨਿਕਲ ਕੇ ਸ਼ਰਧਾਮਈ ਧਾਰਨਾ ਬਣ ਗਿਆ ਹੈ। ਉਨ੍ਹਾਂ ਨੂੰ ਭਾਜਪਾ ਦੀ ਬਹੁਗਿਣਤੀ ਵਾਲੀ ਸੰਸਦ ਅਤੇ ਮੌਜੂਦਾ ਹਾਲਾਤ ਵਿੱਚ ਇਨ੍ਹਾਂ ਪੱਖਾਂ ਉੱਤੇ ਬੋਚ ਕੇ ਚੱਲਣਾ ਅਹਿਮ ਲੱਗਦਾ ਹੈ।

ਇਸ ਹਾਲਤ ਦਾ ਦੂਜਾ ਪੱਖ ਭਾਜਪਾ ਦੀ ਸਿਆਸਤ ਹੈ। ਭਾਜਪਾ ਲਈ ਸਿਰਫ਼ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਸੁਆਲ ਨਹੀਂ ਹੈ। ਉਨ੍ਹਾਂ ਦੀ ਸਮਝ ਵਿੱਚ ਪੂਰਾ ਖੱਬੇ-ਪੱਖੀ ਖੇਮਾ ਦੁਸ਼ਮਣ ਜਮਾਤ ਦਾ ਹਿੱਸਾ ਹੈ। ਇਸ ਦੀਆਂ ਗਵਾਹੀਆਂ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਪੁਰਾਣੀਆਂ ਅਤੇ ਸੱਜਰੀਆਂ ਲਿਖਤਾਂ ਵਿੱਚੋਂ ਮਿਲਦੀਆਂ ਹਨ। ਉਨ੍ਹਾਂ ਨਾਲ ਜੁੜੀਆਂ ਜਥੇਬੰੰਦੀਆਂ ਦੇ ਬਿਆਨਾਂ ਤੋਂ ਇਹ ਸਮਝਣ ਲਈ ਵਿਦਵਾਨ ਹੋਣ ਦੀ ਜ਼ਰੂਰਤ ਨਹੀਂ ਹੈ। ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਮਝ ਕੁਝ ਵੀ ਹੋਵੇ ਪਰ ਉਸ ਤੋਂ ਬਾਹਰ ਉਨ੍ਹਾਂ ਦੀ ਸਮਝ ਬਿਲਕੁਲ ਸਾਫ਼ ਹੈ। ਇਸ ਵੇਲੇ ਦਿੱਲੀ ਦੀਆਂ ਸੜਕਾਂ ਉੱਤੇ ਲੱਗੇ ਇਸ਼ਤਿਹਾਰਾਂ ਵਿੱਚ ਉਹ ਖੱਬੇ-ਪੱਖੀਆਂ, ਅਤਿਵਾਦੀਆਂ, ਜੱਹਾਦੀਆਂ ਅਤੇ ਦੇਸ਼-ਧਰੋਹੀਆਂ ਨੂੰ ਇੱਕੋ ਅਰਥ ਨਾਲ ਜੋੜਦੇ ਹਨ।

ਭਾਜਪਾ ਅਤੇ ਸੰਘ ਦੀ ਸਿਆਸਤ ਇੱਕ ਪਾਸੇ ਸੰਸਦੀ ਖੱਬੇ-ਪੱਖੀਆਂ ਨੂੰ ਦੂਜੀਆਂ ਖੱਬੇ-ਪੱਖੀਆਂ ਨਾਲੋਂ ਨਿਖੇੜਨਾ ਚਾਹੁੰਦੀ ਹੈ ਪਰ ਦੂਜੇ ਪਾਸੇ ਸਿਆਸੀ ਪ੍ਰਚਾਰ ਵਿੱਚ ਉਨ੍ਹਾਂ ਨੂੰ ਇੱਕ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਹ ਕਿਹੜੀ ਖੱਬੇ-ਪੱਖੀ ਧਿਰ ਨਾਲ ਕੀ ਗੱਲ ਕਰ ਰਹੇ ਹਨ ਅਤੇ ਕਿਸ ਤਬਕੇ ਨੂੰ ਸੁਣਾ ਰਹੇ ਹਨ। ਖੱਬੇ-ਪੱਖੀ ਧਿਰਾਂ ਇਸ ਜਾਲ ਵਿੱਚ ਫਸਦੀਆਂ ਜਾਪਦੀਆਂ ਹਨ। ਸੰਸਦੀ ਖੱਬੇ-ਪੱਖੀ ਧਿਰਾਂ ਨੂੰ ਜਾਪਦਾ ਹੈ ਕਿ ਉਹ ਬਾਕੀ ਖੱਬੇ-ਪੱਖੀ ਧਿਰਾਂ ਨਾਲੋਂ ਨਿਖੇੜਾ ਕਰ ਕੇ ਆਪਣੀ ਸਿਆਸੀ ਜ਼ਮੀਨ ਬਚਾ ਲੈਣਗੇ। ਭਾਜਪਾ ਅਤੇ ਇਸ ਦੇ ਬੁਲਾਰਿਆਂ ਦੀਆਂ ਲਿਖਤਾਂ ਅਤੇ ਬਿਆਨ ਸਾਫ਼ ਕਰਦੇ ਹਨ ਕਿ ਸੰਸਦੀ ਖੱਬੇ-ਪੱਖੀ ਧਿਰਾਂ ਪਹਿਲਾਂ ਬਾਕੀ ਖੱਬੇ-ਪੱਖੀ ਧਿਰਾਂ ਦੇ ਨਿਖੇੜੇ ਦਾ ਸੰਦ ਬਣ ਸਕਦੀਆਂ ਹਨ ਪਰ ਬਾਅਦ ਵਿੱਚ ਇਨ੍ਹਾਂ ਦੀ ਵਾਰੀ ਹੈ। ਹੁਣ ਸੰਸਦੀ ਖੱਬੇ-ਪੱਖੀ ਧਿਰਾਂ ਨੇ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਆਪਣੀ ਵਾਰੀ ਦੀ ਉਡੀਕ ਕਰਨੀ ਹੈ ਜਾਂ ਡੰਗ ਟਪਾਉਣ ਦੀ ਥਾਂ ਸਿਧਾਂਤਕ ਪੈਂਤੜਾ ਅਖ਼ਤਿਆਰ ਕਰਨਾ ਹੈ। ਇਹ ਦਲੀਲ ਦੇ ਦੋਵੇਂ ਸਿਰੇ ਹੋ ਸਕਦੇ ਹਨ ਕਿ ‘ਦੂਜੀਆਂ ਖੱਬੇ-ਪੱਖੀ ਧਿਰਾਂ ਦਾ ਕੀਤਾ ਸੰਸਦੀ ਖੱਬੇ-ਪੱਖੀਆਂ ਨੂੰ ਭੁਗਤਣਾ’ ਪੈ ਰਿਹਾ ਹੈ ਜਾਂ ਸੰਸਦੀ ਖੱਬੇ-ਪੱਖੀਆਂ ਤੋਂ ਪਹਿਲਾਂ ਬਾਕੀ ਖੱਬੇ-ਪੱਖੀਆਂ ਦੀ ਵਾਰੀ ਆਈ ਹੈ। ਇਨ੍ਹਾਂ ਹਾਲਾਤ ਵਿੱਚ ਗ਼ੈਰ-ਸੰਸਦੀ ਖੱਬੇ-ਪੱਖੀ ਧਿਰਾਂ ਦੀ ਇਹ ਸੋਚ ਬਣਦੀ ਜਾਪਦੀ ਹੈ ਕਿ ਸੰਸਦੀ ਖੱਬੇ-ਪੱਖੀ ਧਿਰਾਂ ‘ਆਪਣੇ ਨਿਘਾਰ ਦੀ ਸਿਖ਼ਰ ਉੱਤੇ’ ਪਹੁੰਚ ਗਈਆਂ ਹਨ। ਉਨ੍ਹਾਂ ਨੂੰ ਆਪਣੀ ਸੋਚ ਇਨਕਲਾਬ ਦਾ ‘ਅੰਤਿਮ ਰਾਹ’ ਜਾਪਦੀ ਹੈ।

ਜਦੋਂ ਭਾਜਪਾ ਚੋਣ ਪ੍ਰਚਾਰ ਕਰੇਗੀ ਜਾਂ ਆਪਣੇ ਹਮਾਇਤੀਆਂ ਜਾਂ ਹਮਦਰਦਾਂ ਜਾਂ ਬੇਖ਼ਬਰ ਆਵਾਮ ਨੂੰ ਮੁਖ਼ਾਤਬ ਹੋਵੇਗੀ ਤਾਂ ਉਹ ਖੱਬੇ-ਪੱਖੀਆਂ ਦੀਆਂ ਵੱਖ-ਵੱਖ ਧਿਰਾਂ ਵਿੱਚ ਨਿਖੇੜਾ ਨਹੀਂ ਕਰੇਗੀ। ਉਨ੍ਹਾਂ ਦੀ ਦਲੀਲ ਸੰਸਦੀ ਖੱਬੇ-ਪੱਖੀਆਂ ਦੇ ਚੋਣ ਹਲਕਿਆਂ ਵਿੱਚ ਚੋਣ ਪ੍ਰਚਾਰ ਵਜੋਂ ਸੁਆਲ ਬਣ ਕੇ ਗੂੰਜੇਗੀ। ਖੱਬੇ-ਪੱਖੀਆਂ ਦੇ ਮਾਮਲੇ ਵਿੱਚ ਭਾਜਪਾ ‘ਦਿੱਲੀ ਤੋਂ ਪਾੜੋ ਅਤੇ ਸਮੁੱਚੇ ਮੁਲਕ ਵਿੱਚ ਮਾਰੋ’ ਦੀ ਸਿਆਸੀ ਖੇਡ ਖੇਡਣ ਹੋਈ ਲੱਗੀ ਹੈ। ਸਮੁੱਚੀਆਂ ਖੱਬੇ-ਪੱਖੀ ਧਿਰਾਂ ਵਿੱਚ ਏਕੇ ਦੀ ਗੱਲ ਤਾਂ ਨਿਰੀ ਖ਼ਾਮ-ਖ਼ਿਆਲੀ ਹੋਵੇਗੀ ਪਰ ‘ਘੱਟੋ-ਘੱਟ ਸਾਂਝੇ ਉਪਰਾਲੇ’ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਸ ਮਾਹੌਲ ਵਿੱਚ ਬਹੁਤ ਸਾਰੇ ਖ਼ਦਸ਼ੇ ਠੋਸ ਖ਼ਤਰਿਆਂ ਵਜੋਂ ਦਰਵਾਜ਼ੇ ਉੱਤੇ ਦਸਤਕ ਦੇ ਰਹੇ ਹਨ ਤਾਂ ਸੰਭਾਵਨਾਵਾਂ ਫਰੋਲਣ ਦੀ ਗੁੰਜ਼ਾਇਸ਼ ਵੀ ਕਾਇਮ ਹੈ। ਕਬੀਰ ਵਾਲੇ ਪਿਆਰ ਦੇ ਢਾਈ ਅੱਖਰਾਂ ਵਾਂਗ ਸਿਧਾਂਤਕ ਮੰਤਰ ਤਾਂ ਸੁਖਾਲਾ ਹੀ ਹੈ ਕਿ ਕੁਝ ਵੀ ‘ਅੰਤਿਮ ਸੱਚ’ ਨਹੀਂ ਹੁੰਦਾ ਅਤੇ ਨਾ ਹੀ ਮਨੁੱਖੀ ਉਪਰਾਲਾ ‘ਅੰਤਿਮ ਸੱਚ’ ਤੱਕ ਪਹੁੰਚਦਾ ਹੈ। ਬਿਹਤਰ ਸੱਚ ਦੀ ਭਾਲ ਹੀ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਜੋ ਹਰ ਰੋਜ਼ ਨਵਾਂ ਹੋ ਜਾਂਦਾ ਹੈ। ਜੇ ਖੱਬੇ ਪੱਖੀ ਬਿਹਤਰ ਸੱਚ ਦੀ ਭਾਲ ਵਿੱਚ ਹਨ ਤਾਂ ਉਨ੍ਹਾਂ ਨੂੰ ਆਪਣੇ ‘ਅੰਤਿਮ ਸੱਚ’ ਉੱਤੇ ਸਿਧਾਂਤ-ਮੁਖੀ ਜਾਂ ਘੱਟੋ-ਘੱਟ ਪੈਂਤੜਾ-ਮੁਖੀ ਵਿਚਾਰ ਤਾਂ ਕਰ ਹੀ ਲੈਣਾ ਚਾਹੀਦਾ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 4 ਮਾਰਚ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

One thought on “ਸੁਆਲ-ਸੰਵਾਦ: ‘ਦਿੱਲੀ ਤੋਂ ਪਾੜੋ ਅਤੇ ਸਮੁੱਚੇ ਮੁਲਕ ਵਿੱਚ ਮਾਰੋ’ ਦਾ ਭਾਜਪਾਈ ਮੰਤਰ

  1. ਲਾਲ ਲੰਗੋਟ ਬਨਾਮ ਖ਼ਾਕੀ ਨਿੱਕਰ
    ਖ਼ਾਕੀ ਨਿੱਕਰ ਕਹਿੰਦੀ ਐ ਕਿ ਖ਼ਾਕੀ ਜ਼ਿਆਦਾ ਖ਼ਾਕੀ ਹੈ
    ਲਾਲ ਲੰਗੋਟ ਕਹਿੰਦੈ ਐ ਕਿ ਲਾਲ ਜ਼ਿਆਦਾ ਲਾਲ ਹੈ
    ਰੌਲਾ ਇੱਥੇ ਹੀ ਨਹੀਂ ਮੁੱਕਦਾ
    ਖ਼ਾਕੀ ਨਿੱਕਰ ਕਹਿੰਦੀ ਐ, ਲਾਲ, ਐਨਾ ਲਾਲ ਕਿਉਂ ਐ?
    ਲਾਲ ਲੰਗੋਟ ਕਹਿੰਦੈ, ਖ਼ਾਕੀ, ਐਨੀ ਖ਼ਾਕੀ ਕਿਉਂ ਐ?
    ਰੌਲਾ ਇੱਥੇ ਵੀ ਨਹੀਂ ਮੁੱਕਦਾ
    ਖ਼ਾਕੀ ਨਿੱਕਰ ਕਹਿੰਦੀ ਐ, ਲਾਲ, ਖ਼ਾਕੀ ਹੋ ਜਾਵੇ
    ਲਾਲ ਲੰਗੋਟ ਕਹਿੰਦੈ, ਖ਼ਾਕੀ, ਲਾਲ ਹੋ ਜਾਵੇ
    ਰੌਲਾ ਹੋਰ ਵੀ ਵੱਧ ਜਾਂਦੈ
    ਖ਼ਾਕੀ ਨਿੱਕਰ ਕਹਿੰਦੀ ਐ, ਲਾਲ ਲੰਗੋਟ ਮਧੋਲ ਦਿੱਤਾ ਜਾਵੇ
    ਲਾਲ ਲੰਗੋਟ ਕਹਿੰਦੈ, ਖ਼ਾਕੀ ਨਿੱਕਰ ਵਿਚ ਅੱਗ ਲੱਗ ਜਾਵੇ
    ਰੌਲਾ ਇੰਨਾ ਵੱਧ ਗਿਆ ਹੈ
    ਦੇਸ਼ ਮਧੋਲਿਆ ਜਾ ਰਿਹੈ
    ਦੇਸ਼ ਵਿਚ ਅੱਗ ਲੱਗ ਗਈ ਐ
    ਹਰ ਪਾਸੇ ਖ਼ਾਕੀ ਵਿਛ ਗਈ ਐ
    ਧਰਤੀ ਲਾਲੋ, ਲਾਲ ਹੋ ਗਈ ਐ
    -ਦੀਪ

    ਪਸੰਦ ਕਰੋ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s