ਸੁਆਲ-ਸੰਵਾਦ: ਸ਼ਰਧਾ ਦੇ ਦੌਰ ਵਿੱਚ ਕਨ੍ਹੱਈਆ ਕੁਮਾਰ ਦੀ ਤਕਰੀਰ

kanhaiya-kumar2ਦਲਜੀਤ ਅਮੀ
ਭਾਰਤ ਵਿੱਚ ਸਿਆਸੀ ਚਰਚਾ ਦੇ ਮੰਚ ਉੱਤੇ ਇਸੇ ਵੇਲੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਹਿਮ ਕਿਰਦਾਰ ਹੈ। ਸ਼ਰਧਾ ਦੇ ਦੌਰ ਵਿੱਚ ਕਿਸੇ ਵਿਦਿਅਕ ਅਦਾਰੇ ਦਾ ਚਰਚਾ ਦਾ ਕੇਂਦਰ ਹੋਣਾ ਆਪਣੇ-ਆਪ ਵਿੱਚ ਅਹਿਮ ਘਟਨਾ ਹੋ ਜਾਂਦਾ ਹੈ। ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਦੀ ਗ੍ਰਿਫ਼ਤਾਰੀ ਅਤੇ ਬਾਅਦ ਵਿੱਚ ਆਰਜ਼ੀ ਜ਼ਮਾਨਤ ਮੀਡੀਆ ਦੀ ਦਿਲਚਸਪੀ ਦਾ ਸਬੱਬ ਬਣੀ ਹੈ। ਆਰਜ਼ੀ ਜ਼ਮਾਨਤ ਤੋਂ ਬਾਅਦ ਕਨ੍ਹੱਈਆ ਕੁਮਾਰ ਦੀ ਤਕਰੀਰ ਲਗਾਤਾਰ ਚਰਚਾ ਵਿੱਚ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਹ ਤਕਰੀਰ ਨਵੇਂ ਸਿਆਸੀ ਸੂਰਜ ਦੇ ਨਿਕਲਣ ਦਾ ਸੁਨੇਹਾ ਹੈ। ਬਹੁਤ ਸਾਰੇ ਵਿਦਵਾਨ ਇਸ ਨੂੰ ਵਕਤੀ ਉਭਾਰ ਕਰਾਰ ਦਿੰਦੇ ਹਨ। ਕੁਝ ਸਿਆਸੀ ਮਾਹਰ ਉਸ ਦੀ ਤਕਰੀਰ ਵਿੱਚ ਬਹੁਤ ਤਰ੍ਹਾਂ ਦੇ ਝੋਲ ਵੇਖਦੇ ਹਨ। ਕਨ੍ਹੱਈਆ ਕੁਮਾਰ ਦੀ ਤਕਰੀਰ ਦਾ ਸਮਾਂ, ਸਥਾਨ, ਵਿਸ਼ਾ, ਲਹਿਜ਼ਾ ਅਤੇ ਅੰਦਾਜ਼ ਉਸ ਨੂੰ ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਦੀ ਅਹਿਮ ਤਕਰੀਰ ਬਣਾ ਦਿੰਦੇ ਹਨ। ਇਸ ਦੀ ਇਤਿਹਾਸਕ ਅਹਿਮੀਅਤ ਬਾਰੇ ਤਾਂ ਲਗਾਤਾਰ ਬਹਿਸ ਹੁੰਦੀ ਰਹੇਗੀ ਪਰ ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਇਹ ਕਿਸੇ ਨੌਜਵਾਨ ਆਗੂ ਦੀ ਸਭ ਤੋਂ ਅਹਿਮ ਤਕਰੀਰ ਜਾਪਦੀ ਹੈ।
ਟੈਲੀਵਿਜ਼ਨ ਦੀ ਸਨਸਨੀ ਫੈਲਾਉਣ ਦੀ ਸਮਰੱਥਾ ਲਾਸਾਨੀ ਹੈ। ਕਿਸੇ ਅਸਲ ਜਾਂ ਖ਼ਿਆਲੀ ਘਟਨਾ ਨੂੰ ਵੱਡੀ ਜਾਂ ਛੋਟੀ ਬਣਾ ਕੇ ਅਹਿਸਾਸਿ-ਤਵਾਜ਼ਨ ਤੋਂ ਬਾਹਰ ਕੱਢ ਦੇਣਾ ਟੈਲੀਵਿਜ਼ਨ ਦਾ ਖ਼ਾਸਾ ਹੈ। ਕੁਝ ਸਾਲ ਪਹਿਲਾਂ ਹਰਿਆਣਾ ਵਿੱਚ ਇੱਕ ਪ੍ਰਿੰਸ ਨਾਮ ਦਾ ਬੱਚਾ ਜੁਲਾਈ 2006 ਦੌਰਾਨ ਬੋਰ-ਵੈੱਲ ਵਿੱਚ ਡਿੱਗ  ਗਿਆ ਸੀ ਤਾਂ ਮੀਡੀਆ ਨੇ ਕਈ ਦਿਨ ਅੱਖੀਂ ਦੇਖਿਆ ਹਾਲ ਨਸ਼ਰ ਕੀਤਾ ਸੀ। ਕਿਸੇ ਸਾਧੂ, ਸ਼ੋਭਨ ਸਰਕਾਰ ਨੇ ਅਕਤੂਬਰ 2013 ਵਿੱਚ ਮੁਲਕ ਦਾ ਕਰਜ਼ਾ ਉਤਾਰਨ ਲਈ ਲੋੜੀਂਦਾ ਸੋਨਾ ਧਰਤੀ ਵਿੱਚੋਂ ਲੱਭਣ ਦਾ ਸੁਫ਼ਨਾ ਦੇਖਿਆ ਤਾਂ ਸਾਰਾ ਮੀਡੀਆ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਉਨਾਓ ਦੇ ਪਿੰਡ ਸੰਘਰਾਮਪੁਰ ਵਿੱਚ ਮੌਕੇ ਦਾ ਗਵਾਹ ਬਣਨ/ਬਣਾਉਣ ਲਈ ਪੱਬਾਂ ਭਾਰ ਹੋ ਗਿਆ ਸੀ। ਨਵੰਬਰ 2014 ‘ਧਰਤੀ ਦੇ ਖ਼ਤਮ’ ਹੋਣ ਦਾ ਐਲਾਨ ਹੋਇਆ ਤਾਂ ਕੁਝ ਚੈਨਲ (ਵਿਸ਼ੇਸ਼ਕਰ ਜ਼ੀ ਟੈਲੀਵਿਜ਼ਨ) ਇਸੇ ਦੁਆਲੇ ਹੋ ਗਏ ਸਨ। ਇਸੇ ਤਰ੍ਹਾਂ 2011 ਵਿੱਚ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਲਹਿਰ ਨੇ ਦਿੱਲੀ ਵਿੱਚ ਮੁਕਾਮ ਕੀਤਾ ਤਾਂ ‘ਅੰਨਾ ਹੀ ਭਾਰਤ ਹੈ’ ਜਾਂ ‘ਭਾਰਤ ਅੰਨਾ ਹੈ’ ਜਾਂ ’ਮੈਂ’ਤੁਸੀਂ ਵੀ ਅੰਨਾ’ ਦੇ ਸਮੂਹ-ਗਾਣ ਵਿੱਚ ਮੀਡੀਆ ਨੇ ਇੱਕ-ਦੂਜੇ ਨੂੰ ਪਛਾੜਣ ਦੀ ਦੌੜ ਲਗਾ ਦਿੱਤੀ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ‘ਮੇਕ ਇੰਨ ਇੰਡੀਆ’ ਦੀਆਂ ਵਿਦੇਸ਼ੀ ਤਕਰੀਰਾਂ ਢੁੱਕਵੀਆਂ ਮਿਸਾਲਾਂ ਹਨ। ਦੇਸ਼-ਭਗਤੀ, ਅਤਿਵਾਦ ਜਾਂ ਔਰਤਾਂ ਖ਼ਿਲਾਫ਼ ਹਿੰਸਾ ਦੇ ਮਾਮਲੇ ਵਿੱਚ ਇਹ ਮਸ਼ਕ ਮੀਡੀਆ ਲਗਾਤਾਰ ਕਰਦਾ ਰਹਿੰਦਾ ਹੈ।
ਮੀਡੀਆ ਦਾ ਇਹੋ ਖ਼ਾਸਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਹਵਾਲੇ ਨਾਲ ਨਜ਼ਰ ਆਉਂਦਾ ਹੈ। ਬਿਨਾਂ ਮਾਮਲੇ ਦੀ ਘੋਖ ਕੀਤਿਆਂ ਦੇਸ਼-ਧਰੋਹ, ਅਤਿਵਾਦ, ਵੱਖਵਾਦ ਅਤੇ ਨਕਸਲਵਾਦ ਦਾ ਸ਼ੋਰ ਖੜ੍ਹਾ ਕਰਨ ਲਈ ਜ਼ੀ ਟੈਲੀਵਿਜ਼ਨ ਅਤੇ ਟਾਈਮਜ਼ ਨਾਓ ਨੇ ਜਾਅਲੀ ਵੀਡੀਓ ਚਲਾਏ। ਇਸੇ ਉੱਤੇ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ। ਸ਼ਿਕਾਇਤ ਵਿੱਚ ਮੁਲਜ਼ਮ ਬਣਾਏ ਗਏ ਵਿਦਿਆਰਥੀਆਂ ਬਾਬਤ ਕੀਤੇ ਗਏ ਦਾਅਵਿਆਂ ਦੀ ਤੱਥਾਂ, ਸਬੂਤਾਂ ਜਾਂ ਗਵਾਹਾਂ ਨਾਲ ਹਮਾਇਤ ਕਰਨੀ ਮੁਸ਼ਕਲ ਸੀ। ਇਸ ਨਾਲ ਅਜਿਹਾ ਮਾਹੌਲ ਬਣਿਆ ਜਿਸ ਵਿੱਚ ਕਨ੍ਹੱਈਆ ਕੁਮਾਰ ਉੱਤੇ ਪੁਲਿਸ ਹਿਰਾਸਤ ਦੌਰਾਨ ਅਦਾਲਤ ਵਿੱਚ ਹਮਲਾ ਹੋਇਆ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਪੱਤਰਕਾਰਾਂ ਅਤੇ ਸਿਆਸੀ ਕਾਰਕੁੰਨਾਂ ਨੂੰ ਅਦਾਲਤ ਵਿੱਚ ਕੁੱਟਿਆ ਗਿਆ। ਕੁੱਟ-ਮਾਰ ਕਰਨ ਵਾਲਿਆਂ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲਿਆਂ ਦੀ ‘ਦੇਸ਼-ਭਗਤੀ’ ਨੂੰ ਨਸ਼ਰ ਕਰਨ ਲਈ ਫ਼ੌਜੀ, ਨੀਮ-ਫ਼ੌਜੀ ਅਤੇ ਪੁਲਿਸ ਦੀਆਂ ‘ਕੁਰਬਾਨੀਆਂ’ ਦਾ ਹਵਾਲਾ ਦਿੱਤਾ ਗਿਆ। ਵੱਖ-ਵੱਖ ਸ਼ਬਦਾਂ ਵਿੱਚ ਇਹ ਦਲੀਲ ਆਮ ਹੋ ਗਈ ਕਿ ‘ਫ਼ੌਜੀ ਸਰਹੱਦ ਉੱਤੇ ਮੁਲਕ ਦੀ ਰਾਖੀ ਲਈ ਜਾਨ ਕੁਰਬਾਨ ਕਰ ਦਿੰਦੇ ਹਨ, ਦੇਸ਼-ਧਰੋਹੀ ਸਰਕਾਰੀ ਪੈਸੇ ਉੱਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਅਤੇ ਮੁਲਕ ਦੇ ਟੁਕੜੇ ਕਰਨ ਦੀਆਂ ਸਾਜ਼ਿਸ਼ਾਂ ਕਰਦੇ ਹਨ।’
ਇਸ ਮਾਮਲੇ ਵਿੱਚ ਮੀਡੀਆ ਦੀ ਸਮੁੱਚੀ ਕਾਰਗ਼ੁਜ਼ਾਰੀ ਇਸ ਦੇ ਸਨਸਨੀ ਪੈਦਾ ਕਰਨ ਵਾਲੇ ਖ਼ਾਸੇ ਨਾਲ ਮੇਲ ਖਾਂਦੀ ਹੈ। ਮੀਡੀਆ ਦੀ ਤਕਨੀਕੀ ਮੁਹਾਰਤ ਅਤੇ ਪੇਸ਼ਕਾਰੀ ਦਾ ਹੁਨਰ ਹਰ ਖ਼ਬਰ ਉੱਤੇ ਲੱਗਦਾ ਹੈ। ਇਹ ਖ਼ਬਰ ਨੂੰ ਛੋਟੀ-ਵੱਡੀ ਜਾਂ ਅਹਿਸਾਸਿ-ਤਵਾਜ਼ਨ ਤੋਂ ਬਾਹਰ ਕੱਢਣ ਦੇ ਕੰਮ ਆਉਂਦਾ ਹੈ।

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਮਾਮਲੇ ਵਿੱਚ ਇਸੇ ਮੁਹਾਰਤ ਅਤੇ ਹੁਨਰ ਦੀ ਨੁਮਾਇਸ਼ ਦੇਖਣ ਨੂੰ ਮਿਲੀ। ਮੀਡੀਆ ਲਈ ਇਸ ਖ਼ਬਰ ਵਿੱਚ ਸਭ ਤੱਤ ਸਨ। ਦੇਸ਼-ਧਰੋਹ ਅਤੇ ਦੇਸ਼-ਭਗਤੀ ਦੀ ਸਨਸਨੀ ਸੀ। ਨੌਜਵਾਨ ਤਬਕੇ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ਼ਤਿਹਾਰ ਲਈ ਦਰਸ਼ਕ ਵਜੋਂ ਲੋੜੀਂਦਾ ਤਬਕਾ ਹਾਜ਼ਰ ਸੀ ਜਿਸ ਦੀ ਖ਼ਬਰ ਵਿੱਚ ਦਿਲਚਸਪੀ ਸੀ। ਇਹ ਵੱਖਰੀ ਗੱਲ ਹੈ ਕਿ ‘ਪੈਪਸੀ’ ਪਿਲਾ ਕੇ ਵਿਦਿਆਰਥੀਆਂ ਦੀ ਹੜਤਾਲ ਤੁੜਵਾਉਣ ਦਾ ਤਰੱਦਦ ਕਰਨ ਵਾਲੀ ਇਸ਼ਤਿਹਾਰ ਸਨਅਤ ਦੀ ਦਿਲਚਸਪੀ ਇਸ ਮਾਮਲੇ ਵਿੱਚ ਕਿਵੇਂ ਬਣਦੀ ਹੈ। ਇਸ਼ਤਿਹਾਰ ਵਿੱਚ ਵਰਤੀ ਗਈ ਜੁਗਤ ਦਾ ਸਿਆਸੀ ਰੂਪ ਮੀਡੀਆ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਪੇਸ਼ਕਾਰੀ ਵਿੱਚ ਝਲਕਦਾ ਸੀ। ਇਸ਼ਤਿਹਾਰ ਸਨਅਤ ਹਮੇਸ਼ਾਂ ਨੌਜਵਾਨਾਂ ਦਾ ਧਿਆਨ ਖਿੱਚਣ ਦੀ ਮਸ਼ਕ ਕਰਦੀ ਹੈ। ਇਸ ਮਾਮਲੇ ਵਿੱਚ ਨੌਜਵਾਨ ਤਬਕੇ ਦੀ ਸਰਗਰਮੀ ਸੀ ਅਤੇ ਸਮੁੱਚੇ ਮਸਲੇ ਦੀ ਦਿਲਚਸਪੀ ਇਸ ਨੂੰ ਸਰਗਰਮੀ ਜਾਂ ਵਿਦਿਆਰਥੀਆਂ ਜਾਂ ਦਿੱਲੀ ਦੇ ਘੇਰੇ ਤੋਂ ਬਾਹਰ ਲਿਜਾ ਰਹੀ ਸੀ। ਇਸ ਤੋਂ ਬਾਅਦ ਮੀਡੀਆ ਦੀ ਸ਼ਹਿਰੀ ਮੱਧਵਰਗ ਨਾਲ ਜਮਾਤੀ ਸਾਂਝ ਹੈ। ਜ਼ਿਆਦਾਤਰ ਪੱਤਰਕਾਰ ਆਪਣੇ-ਆਪ ਨੂੰ ਸ਼ਹਿਰੀ-ਨੌਜਵਾਨ-ਸਰਗਰਮ-ਵਿਦਿਆਰਥੀ ਤਬਕੇ ਨਾਲ ਜੋੜਦੇ ਹਨ। ‘ਆਪਣੇ ਵਰਗਿਆਂ’ ਦੀ ਖ਼ਬਰ ਵਿੱਚ ਦਿਲਚਸਪੀ ਹੋਣ ਨੂੰ ਪੱਤਰਕਾਰ ਵੀ ਸੁਭਾਵਿਕ ਮੰਨਦੇ ਹਨ। ਅੰਨਾ ਹਜ਼ਾਰੇ ਦੀ ਮੁਹਿੰਮ ਵਿੱਚ ਇਸ ‘ਆਪਣੇ ਵਰਗਿਆਂ’ ਵਾਲੇ ਪੱਖ ਦਾ ਬਹੁਤ ਯੋਗਦਾਨ ਸੀ। ਇਸ ਤੋਂ ਬਾਅਦ ਮੀਡੀਆ ਦੀ ਸਹੂਲਤ ਦਾ ਸੁਆਲ ਹੈ; ਮੀਡੀਆ ਆਪਣੇ ਖ਼ਰਚੇ ਘਟਾਉਣ ਅਤੇ ਦਰਸ਼ਕ ਵਧਾਉਣ ਦੀ ਮਸ਼ਕ ਲਗਾਤਾਰ ਕਰਦਾ ਹੈ। ਨਤੀਜੇ ਵਜੋਂ ਜ਼ਿਆਦਾਤਰ ਖ਼ਬਰਾਂ ਸ਼ਹਿਰ ਜਾਂ ਮਹਾਨਗਰ ਮੁਖੀ ਰਹਿੰਦੀਆਂ ਹਨ ਜਿਸ ਨਾਲ ਖ਼ਬਰ ਤੱਕ ਪਹੁੰਚਣ ਜਾਂ ਲਿਆਉਣ ਦਾ ਸਮੁੱਚਾ ਤਰੱਦਦ ਬਚ ਜਾਂਦਾ ਹੈ। ਇਹ ਸਮੁੱਚਾ ਮਾਮਲਾ ਦਿੱਲੀ ਵਿੱਚ ਸੀ ਜੋ ਮੀਡੀਆ ਦਾ ਘਰ ਹੈ ਸੋ ਮੀਡੀਆ ਲਈ ‘ਘਰੋਂ ਕੰਮ ਕਰਨ’ ਦੀ ਸਹੂਲਤ ਬਣ ਆਈ ਸੀ।
ਇਨ੍ਹਾਂ ਸਾਰੇ ਤੱਤਾਂ ਤੋਂ ਬਾਅਦ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਾਲਾ ਮਾਮਲਾ ਨਿਆਰਾ ਹੈ। ਇਸ ਵਾਰ ਪਹਿਲੀ ਵਾਰ ਮੀਡੀਆ ਵਿੱਚ ਵਿਚਾਰਕ ਪਾੜਾ ਸਾਫ਼ ਨਜ਼ਰ ਆਇਆ। ਸਨਸਨੀ ਅਤੇ ਸੰਜੀਦਗੀ ਵਿੱਚ ਫ਼ਰਕ ਨਜ਼ਰ ਆਇਆ। ਆਮ ਤੌਰ ਉੱਤੇ ਮੀਡੀਆ ਇੱਕ-ਦੂਜੇ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜਾਂ ਦਬੀ ਸੁਰ ਵਿੱਚ ਪਾਸਾ ਵੱਟ ਜਾਂਦਾ ਹੈ। ਇਸ ਵਾਰ ਦੇਸ਼-ਭਗਤੀ ਅਤੇ ਦੇਸ਼-ਧਰੋਹ ਦੇ ਨਾਮ ਉੱਤੇ ਤਿੱਖੀ ਤਕਰਾਰ ਸਾਹਮਣੇ ਆਈ। ਕੁਝ ਟੈਲੀਵਿਜ਼ਨ ਚੈਨਲਾਂ ਦਾ ਜਾਅਲੀ ਵੀਡੀਓ ਚਲਾਉਣ ਕਾਰਨ ਦੂਜੇ ਚੈਨਲਾਂ ਨੇ ਤਿੱਖਾ ਵਿਰੋਧ ਕੀਤਾ। ਰਵੀਸ਼ ਕੁਮਾਰ ਨੇ ਮੀਡੀਆ ਦੇ ਸਮੁੱਚੇ ਮਾਮਲੇ ਨੂੰ ਆਤਮ-ਪੜਚੋਲ ਤੱਕ ਲਿਜਾਣ ਦਾ ਉਪਰਾਲਾ ਕੀਤਾ। ਇਸ ਵਾਰ ਮਾਮਲਾ ਨਿਰੋਲ ਸਨਸਨੀ ਜਾਂ ਭ੍ਰਿਸ਼ਟਾਚਾਰ ਜਾਂ ਸਰਕਾਰੀ ਪ੍ਰਚਾਰ ਜਾਂ ‘ਮੇਕ ਇੰਨ ਇੰਡੀਆ’ ਦੀ ਵਿਦੇਸ਼ੀ ਤਕਰੀਰ ਜਾਂ ‘ਮਨ ਕੀ ਬਾਤ’ ਦਾ ਨਹੀਂ ਸੀ। ਬਾਕੀ ਸਾਰੇ ਤੱਤਾਂ ਨਾਲ ਇਹ ਸਿਆਸੀ ਮਾਮਲਾ ਸੀ। ਇਸ ਵਿੱਚ ਪਿੰ੍ਰਸ ਦੀ ਕਹਾਣੀ ਵਿਚਲਾ ਤੱਤ ਹੈ ਪਰ ਇਸ ਵਾਰ ਉਹ ਬੇਵੱਸ ਜੁਆਕ ਨਹੀਂ ਸਗੋਂ ਸਚੇਤ ਨੌਜਵਾਨ ਹੈ। ਉਸ ਵਿੱਚ ਨਰਿੰਦਰ ਮੋਦੀ ਵਾਂਗ ਤਕਰੀਰ ਦਾ ਹੁਨਰ ਹੈ ਪਰ ਉਹ ਸਰਕਾਰ ਦੀ ਥਾਂ ਆਵਾਮ ਦੇ ਪੱਖ ਵਿੱਚ ਹੈ। ਕਨ੍ਹੱਈਆ ਕੁਮਾਰ ਦੀ ਤਕਰੀਰ ਦਾ ਸਮਾਂ ਟੈਲੀਵਿਜ਼ਨ ਦਾ ‘ਪਰਾਇਮ ਟਾਈਮ’ ਹੈ ਪਰ ਉਸ ਨੇ ਇਸ ਵਿੱਚ ਇਸ਼ਤਿਹਾਰ ਦੀ ਗੁੰਜ਼ਾਇਸ਼ ਨਹੀਂ ਛੱਡੀ। ਅਜਿਹੀਆਂ ਨਿਰਵਿਘਨ ਤਸਵੀਰਾਂ ਸਰਕਾਰੀ ਸਿਆਸਤਦਾਨਾਂ ਜਾਂ ਧਰਮ ਪ੍ਰਚਾਰਕਾਂ ਦੀਆਂ ਹੀ ਦੇਖਣ ਨੂੰ ਮਿਲਦੀਆਂ ਹਨ ਅਤੇ ਉਨ੍ਹਾਂ ਤਸਵੀਰਾਂ ਦਾ ਅਰਥਚਾਰਾ ਸਰਕਾਰੀ ਖ਼ਜ਼ਾਨੇ, ਸਰਕਾਰੀ/ਸਿਆਸੀ ਸਰਪ੍ਰਸਤੀ ਵਾਲੇ ਕਾਰੋਬਾਰ ਜਾਂ ਸ਼ਰਧਾ ਦੇ ਵਪਾਰ ਨਾਲ ਜੁੜਦਾ ਹੈ। ਕਨ੍ਹੱਈਆ ਦੀ ਤਕਰੀਰ ਇਨ੍ਹਾਂ ਸਾਰੀਆਂ ਵਿੱਤੀ ਧਾਰਨਾਵਾਂ ਨੂੰ ਪਲਟਣ ਵਿੱਚ ਕਾਮਯਾਬ ਹੋਈ ਹੈ।
ਵਿਵਾਦ ਦਾ ਸਬੱਬ ਬਣੇ ਸਮਾਗਮ ਤੋਂ ਲੈ ਕੇ ਕਨ੍ਹੱਈਆ ਕੁਮਾਰ ਦੀ ਆਰਜ਼ੀ ਜ਼ਮਾਨਤ ਮਿਲਣ ਤੱਕ ਮੀਡੀਆ ਨੇ ਵੇਗ ਖੜ੍ਹਾ ਕਰ ਦਿੱਤਾ ਜੋ ਖੜ੍ਹੇ ਪੈਰ ਰਾਤ ਦੇ ਪਹਿਲੇ ਪਹਿਰ ਵਿੱਚ ਬੋਚਣਾ ਮੁਸ਼ਕਲ ਸੀ। ਇਸੇ ਬੇਕਾਬੂ ਵੇਗ ਦੌਰਾਨ ਕਨ੍ਹੱਈਆ ਦੀ ਤਕਰੀਰ ਦਾ ਸਮਾਂ ਸੀ ਜੋ ਮੀਡੀਆ ਦੀਆਂ ਸਾਰੀਆਂ ਗਿਣਤੀਆਂ-ਮਿਣਤੀਆਂ ਨੂੰ ਬੇਮਾਅਨਾ ਕਰਨ ਦਾ ਨਿਆਰਾ ਸਬੱਬ ਹੋ ਨਿਬੜਿਆ। ਇਸ ਤੋਂ ਬਾਅਦ ਮੀਡੀਆ ਸਿਰਫ਼ ਕਨ੍ਹੱਈਆ ਕੁਮਾਰ ਦੇ ਅਕਸ ਨੂੰ ਧੁੰਧਲਾ ਕਰਨ ਦਾ ਤਰਦੱਦ ਕਰ ਸਕਦਾ ਸੀ ਪਰ ਇਸ ਲਈ ਵੀ ਅਗਲੀ ਸਵੇਰ ਦੀ ਉਡੀਕ ਕਰਨੀ ਪੈਣੀ ਸੀ। ਇਸ ਤਰ੍ਹਾਂ ਕਨ੍ਹੱਈਆ ਦੀ ਤਕਰੀਰ ਨੂੰ ਪੂਰੀ ਰਾਤ ਉੱਤੇ ਰਾਜ ਕਰਨ ਤੋਂ ਰੋਕਣਾ ਮੀਡੀਆ ਦੇ ਵੱਸੋਂ-ਬਾਹਰ ਸੀ।
ਇਸ ਤਕਰੀਰ ਨੂੰ ਟੈਲੀਵਿਜ਼ਨ ਦੇ ਹਵਾਲੇ ਨਾਲ ਨਿਆਰੇ ਮਾਮਲੇ ਵਜੋਂ ਹੀ ਵੇਖਿਆ ਜਾ ਸਕਦਾ ਹੈ। ਇਸ ਨੂੰ ਨੇਮ ਨਹੀਂ ਬਣਾਇਆ ਜਾ ਸਕਦਾ। ਇਸ ਮੌਕੇ ਉੱਤੇ ਕਨ੍ਹੱਈਆ ਕੁਮਾਰ ਨੇ ਬਹੁਤ ਸਾਰੇ ਸੁਆਲ ਹਵਾ ਵਿੱਚ ਉਛਾਲ ਦਿੱਤੇ ਹਨ ਜੋ ਕੁਝ ਦਿਨ ਹੁਕਮਰਾਨ ਧਿਰ ਦੇ ਬੁਲਾਰਿਆਂ ਲਈ ਟੈਲੀਵਿਜ਼ਨ ਸਟੂਡੀਓ ਵਿੱਚ ਪਸ਼ੇਮਾਨੀ ਦਾ ਸਬੱਬ ਬਣੇ। ਇਸ ਤੋਂ ਜ਼ਿਆਦਾ ਇਸ ਤਕਰੀਰ ਦੇ ਕੀ ਮਾਅਨੇ ਹਨ? ਇਸ ਤਕਰੀਰ ਨਾਲ ਆਵਾਮ ਦੀ ਬੰਦ-ਖ਼ਲਾਸੀ ਅਤੇ ਸਿਆਸੀ ਵੰਨ-ਸਵੰਨਤਾ ਦੇ ਸੁਆਲ ਕਿਵੇਂ ਜੁੜਦੇ ਹਨ? ਇਸ ਤਕਰੀਰ ਦੀਆਂ ਕੀ ਪ੍ਰਾਪਤੀਆਂ ਹਨ ਅਤੇ ਇਸ ਵਿੱਚ ਕੀ ਝੋਲਾਂ ਹਨ? ਇਨ੍ਹਾਂ ਸਾਰੇ ਸੁਆਲਾਂ ਨੂੰ ਪੁੱਛਣਾ ਅਤੇ ਇਨ੍ਹਾਂ ਦੇ ਜੁਆਬ ਦੇਣਾ ਸਿਰਫ਼ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਰਵਾਇਤ ਨੂੰ ਅੱਗੇ ਤੋਰਨ ਦਾ ਸੁਆਲ ਨਹੀਂ ਹੈ। ਇਹ ਆਵਾਮੀ ਮਸਲਿਆਂ ਉੱਤੇ ਸੰਵਾਦ ਨੂੰ ਜਾਰੀ ਰੱਖਣ ਦਾ ਸੁਆਲ ਹੈ। ਕਨ੍ਹੱਈਆ ਕੁਮਾਰ ਨੇ ਸ਼ਰਧਾ ਦੇ ਦੌਰ ਵਿੱਚ ਦਲੀਲ ਨਾਲ ਮੀਡੀਆ-ਇਸ਼ਤਿਹਾਰ-ਸਰਕਾਰ-ਸਿਆਸਤ ਦੇ ਸਨਸਨੀ-ਤੰਤਰ ਵਿੱਚ ਪਾੜ ਪਾਇਆ ਹੈ। ਇਹ ਪਾੜ ਭਾਵੇਂ ਕਿੰਨਾ ਵੀ ਵਕਤੀ ਹੋਵੇ ਪਰ ਕਨ੍ਹੱਈਆ ਕੁਮਾਰ ਦੀ ਤਕਰੀਰ ਇਤਿਹਾਸ ਦਾ ਅਹਿਮ ਹਿੱਸਾ ਰਹੇਗੀ। ਇਹ ਤਕਰੀਰ ਸ਼ਰਧਾ ਦੇ ਘੇਰੇ ਵਿੱਚ ਨਹੀਂ ਰਹਿ ਸਕਦੀ। ਇਸ ਤਕਰੀਰ ਦੀ ਅਹਿਮੀਅਤ ਜੇ ਸੁਆਲ ਉਛਾਲਣ ਵਿੱਚ ਹੈ ਤਾਂ ਸੁਆਲਾਂ ਨੂੰ ਸੱਦਾ ਦੇਣ ਵਿੱਚ ਵੀ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 11 ਮਾਰਚ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s