ਸੁਆਲ-ਸੰਵਾਦ: ਰਵੀ ਸ਼ੰਕਰ ਦੇ ਮੁਲਕ ਵਿੱਚ ਨਿਵੇਦਤਾ ਮੈਨਨ ਦਾ ਕਸੂਰ

467475-nivedita-menon

ਦਲਜੀਤ ਅਮੀ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਲਗਾਤਾਰ ਚਰਚਾ ਵਿੱਚ ਹੈ। ਦੇਸ਼ ਧਰੋਹ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਯੂਨੀਵਰਸਿਟੀ ਨੇ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਦਿੱਲੀ ਵਿੱਚ ਆਲਮੀ ਸੱਭਿਆਚਾਰਕ ਮੇਲਾ (ਵਰਲਡ ਕਲਚਰਲ ਫੈਸਟੀਵਲ) ਹੋਇਆ ਜਿਸ ਦੇ ਇਸ਼ਤਿਹਾਰ ਜਵਾਹਰਲਾਲ ਨਹਿਰੂ ਯੂਨੀਵਰਸਿਟੀਆਂ ਦੀਆਂ ਕੰਧਾਂ ਉੱਤੇ ਵੀ ਲਗਾਏ ਗਏ। ਯੂਨੀਵਰਸਿਟੀ ਤੋਂ ਇਸ ਮੇਲੇ ਉੱਤੇ ਯਮੁਨਾ ਪਾਰ ਜਾਣ ਲਈ ਬੱਸਾਂ ਦਾ ਖ਼ਾਸ ਬੰਦੋਬਸਤ ਕੀਤਾ ਗਿਆ। ਇਸ ਬੰਦੋਬਸਤ ਦੀਆਂ ਤਫ਼ਸੀਲਾਂ ਇਸ਼ਤਿਹਾਰਾਂ ਵਿੱਚ ਦਰਜ ਸਨ।
ਇਸੇ ਦੌਰਾਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਰਾਸ਼ਟਰਵਾਦ ਉੱਤੇ ਖੁੱਲ੍ਹੀ ਜਮਾਤ ਚੱਲ ਰਹੀ ਹੈ। ਇਸ ਜਮਾਤ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਰ ਵਿਦਿਆਰਥੀਆਂ ਨੂੰ ਮੁਖ਼ਾਤਬ ਹੋ ਰਹੇ ਹਨ। ਇਸੇ ਜਮਾਤ ਵਿੱਚ ਨਿਵੇਦਿਤਾ ਨੇ ਤਕਰੀਰ ਕੀਤੀ ਸੀ ਕਿ ਮੁਲਕ ਅਤੇ ਸਮਾਜ ਦੇ ਨਾਲ-ਨਾਲ ਹਰ ਤਰ੍ਹਾਂ ਦੀ ਪਛਾਣ ਰੋਜ਼ਾਨਾ ਰਾਏਸ਼ੁਮਾਰੀ ਦੀ ਮੰਗ ਕਰਦੀ ਹੈ। ਜਦੋਂ ਉਹ ਰਾਏਸ਼ੁਮਾਰੀ ਵਰਗੇ ਸੁਆਲ ਨੂੰ ਲਿੰਗ ਦੀ ਪਛਾਣ ਤੋਂ ਸਮਾਜ ਦੇ ਵਿਹਾਰ ਰਾਹੀਂ ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਦੇ ਇਤਿਹਾਸ ਨਾਲ ਜੋੜਦੀ ਹੈ ਤਾਂ ਮੁਲਕ ਵਰਗੀ ਧਾਰਨਾ ਦਾ ਜਾਬਰ ਖ਼ਾਸਾ ਆਪਣੇ-ਆਪ ਉਜਾਗਰ ਹੋ ਜਾਂਦਾ ਹੈ। ਨਾਰੀਵਾਦੀ ਵਿਦਵਾਨ ਨਿਵੇਦਿਤਾ ਮੈਨਨ ਖ਼ਿਲਾਫ਼ ਦੇਸ਼ ਧਰੋਹ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਇਸੇ ਨਿਵੇਦਿਤਾ ਮੈਨਨ ਖ਼ਿਲਾਫ਼ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁੰਨ ਨਾਅਰੇ ਲਗਾਉਂਦੇ ਹਨ – ਨਿਵੇਦਿਤਾ ਮੈਨਨ ਮੁਰਦਾਬਾਦ, ਨਕਸਲਵਾਦੀ ਅਧਿਆਪਕ ਮੁਰਦਾਬਾਦ। ਜਦੋਂ ਨਿਵੇਦਿਤਾ ਮੈਨਨ ਨੂੰ ਨਕਸਲਵਾਦੀ ਕਹਿ ਕੇ ਦੇਸ਼ ਧਰੋਹੀ ਸਾਬਤ ਕੀਤਾ ਜਾ ਰਿਹਾ ਹੈ ਤਾਂ ਵਰਲਡ ਕਲਚਰਲ ਫੈਸਟੀਬਲ ਦਾ ਪ੍ਰਬੰਧਕ ਰਵੀ ਸ਼ੰਕਰ ਰਾਜਸਥਾਨ ਦੇ ਇੱਕ ਸਕੂਲ ਵਿੱਚ ਸਮਾਗਮ ਦੌਰਾਨ ਕਹਿੰਦਾ ਹੈ ਕਿ ਸਰਕਾਰੀ ਸਕੂਲ ਨਕਸਲਵਾਦੀ ਪੈਦਾ ਕਰਦੇ ਹਨ। ਰਵੀ ਸ਼ੰਕਰ ਸਲਾਹ ਦਿੰਦਾ ਹੈ ਕਿ ਸਰਕਾਰੀ ਸਕੂਲ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿੱਚ ਪੜ੍ਹਨ ਵਾਲੇ ਨਕਸਲਵਾਦੀ ਬਣ ਜਾਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਥਾਂ ਨਿੱਜੀ ਸਕੂਲ ਹੋਣੇ ਚਾਹੀਦੇ ਹਨ।
ਜਵਾਹਰਲਾਲ ਯੂਨੀਵਰਸਿਟੀ ਅਤੇ ਰਵੀ ਸ਼ੰਕਰ ਦੇ ਸਮਾਗਮ ਦਾ ਆਪਸੀ ਰਿਸ਼ਤਾ ਸਿਰਫ਼ ਨਕਸਲਵਾਦੀ ਸ਼ਬਦ ਜਾਂ ਸਮਾਗਮ ਦੇ ਇਸ਼ਤਿਹਾਰਾਂ ਤੱਕ ਮਹਿਦੂਦ ਨਹੀਂ ਹੈ। ਮੌਜੂਦਾ ਦੌਰ ਦੀ ਪੇਚੀਦਗੀ ਨੂੰ ਸਮਝਣ ਲਈ ਇਸ ਰਿਸ਼ਤੇ ਨੂੰ ਬਾਰੀਕੀ ਨਾਲ ਸਮਝਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਰਵੀ ਸ਼ੰਕਰ ਦੇ ਸਮਾਗਮ ਦੀ ਤਫ਼ਸੀਲ ਨੂੰ ਸਮਝ ਲੈਣਾ ਲਾਜ਼ਮੀ ਹੈ। ਰਵੀ ਸ਼ੰਕਰ ਦੀ ਸੰਸਥਾ ਦਾ ਨਾਮ ਆਰਟ ਆਫ਼ ਲਿਵਿੰਗ ਹੈ ਜਿਸ ਨੇ ਆਪਣੇ ੩੫ ਸਾਲ ਪੂਰੇ ਹੋਣ ਦੇ ਮੌਕੇ ਇਹ ਸਮਾਗਮ ਕੀਤਾ ਹੈ। ਇਹ ਸਮਾਗਮ ਯਮੁਨਾ ਦੇ ਕੰਢੇ ਹੜ੍ਹਾਂ ਦੀ ਜੱਦ ਵਿੱਚ ਰਹਿੰਦੇ ਇਲਾਕੇ ਵਿੱਚ ਕੀਤਾ ਗਿਆ। ਇਸ ਸਮਾਗਮ ਲਈ ਇੱਕ ਹਜ਼ਾਰ ਏਕੜ ਦੀ ਜ਼ਮੀਨ ਦਿੱਤੀ ਗਈ ਜਿਸ ਉੱਤੇ ਛੋਟੇ ਕਿਸਾਨ ਠੇਕੇ ਉੱਤੇ ਸਬਜ਼ੀ ਬੀਜਦੇ ਹਨ। ਇਸ ਇਲਾਕੇ ਨੂੰ ਸਮਾਗਮ ਲਾਇਕ ਬਣਾਉਣ ਲਈ ਲੋੜੀਂਦਾ ਕਰਾਹ ਫੇਰਿਆ ਗਿਆ। ਸਮਾਗਮ ਦੀ ਸਹੂਲਤ ਲਈ ਯਮੁਨਾ ਉੱਤੇ ਦੋ ਆਰਜ਼ੀ ਪੁਲ ਫ਼ੌਜ ਨੇ ਬਣਾਏ। ਇਸ ਸਮਾਗਮ ਦੀ ਸੁਰੱਖਿਆ ਲਈ ਪੰਜ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਪ੍ਰਬੰਧਕਾਂ ਦੇ ਦਾਅਵੇ ਮੁਤਾਬਕ ਤਕਰੀਬਨ ੩੫ ਲੱਖ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਤਕਰੀਬਨ ੩੫ ਹਜ਼ਾਰ ਕਲਾਕਾਰਾਂ ਨੇ ਪੇਸ਼ਕਾਰੀਆਂ ਕੀਤੀਆਂ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੇ ਤਕਰੀਰਾਂ ਕੀਤੀਆਂ। ਅਜਿਹੇ ਸਮਾਗਮ ਲਈ ਲੋੜੀਂਦੀਆਂ ਪ੍ਰਵਾਨਗੀਆਂ ਲਗਾਤਾਰ ਚਰਚਾ ਵਿੱਚ ਰਹੀਆਂ।
ਇਸ ਸਮਾਗਮ ਦਾ ਮਕਸਦ ‘ਕੌਮਾਂਤਰੀ ਅਮਨ, ਆਲਮੀ ਭਾਈਚਾਰਾ ਅਤੇ (ਐਥੀਕਲ ਬਿਜਨਸ) ਸਿਧਾਂਤਕ ਕਾਰੋਬਾਰ’ ਕਰਾਰ ਦਿੱਤਾ ਗਿਆ ਸੀ। ਸਮਾਗਮ ਦੇ ਆਮਦਨ-ਖ਼ਰਚ ਦਾ ਸੋਮਾ ਜਾਣਕਾਰੀ ਦੇ ਘੇਰੇ ਵਿੱਚੋਂ ਬਾਹਰ ਹੈ। ਉਨ੍ਹਾਂ ਨੇ ਗੋਲ-ਮੋਲ ਲਿਖਿਆ ਹੈ ਕਿ ਇਹ ‘ਲੋਕ ਨੇ ਲੋਕਾਂ ਲਈ ਖ਼ਰਚਾ ਕੀਤਾ’ ਹੈ। ਸਮਾਗਮ ਦੀ ਚਮਕ-ਦਮਕ ਅਤੇ ਸ਼ਾਨੋ-ਸ਼ੌਕਤ ਦਾ ਅੰਦਾਜ਼ਾ ਕੁਝ ਤੱਥਾਂ ਤੋਂ ਲੱਗਦਾ ਹੈ। ਬਿਰਜੂ ਮਹਾਰਾਜ ਦੀ ਅਗਵਾਈ ਵਿੱਚ ਇੱਕ ਹਜ਼ਾਰ ਕਥਕ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ। ਇੱਕ ਹਜ਼ਾਰ ਕਲਾਕਾਰਾਂ ਨੇ ਰਵਿੰਦਰਨਾਥ ਟੈਗੋਰ ਦਾ ਕਲਾਮ ਪੇਸ਼ ਕੀਤਾ।
ਇਹ ਸਮਾਗਮ ਕਰਨ ਲਈ ਚੌਗਿਰਦਾ, ਬਿਜਲੀ, ਪਾਣੀ, ਸੀਵਰੇਜ ਅਤੇ ਸੁਰੱਖਿਆ ਸਮੇਤ ਬਹੁਤ ਸਾਰੇ ਮਹਿਕਮਿਆਂ ਦੀ ਪ੍ਰਵਾਨਗੀ ਲੋੜੀਂਦੀ ਹੈ। ਤਿੰਨ ਸਾਲ ਪਹਿਲਾਂ ਭਾਰਤ-ਜਰਮਨ ਦੇ ਸਾਂਝੇ ਯਮੁਨਾ-ਅਲਬੀ ਆਰਟ ਪ੍ਰੋਜੈਕਟ ਲਈ ਤਿੰਨ ਏਕੜ ਥਾਂ ਦੀ ਪ੍ਰਵਾਨਗੀ ਲਈ ਪੂਰਾ ਸਾਲ ਲੱਗਿਆ ਸੀ। ਹੁਣ ਇੱਕ ਹਜ਼ਾਰ ਏਕੜ ਉੱਤੇ ਸਮਾਗਮ ਕਰਨ ਦੀ ਪ੍ਰਵਾਨਗੀ ਹੱਥੋ-ਹੱਥ ਦੇ ਦਿੱਤੀ ਗਈ। ਪਿਛਲੇ ਦਿਨਾਂ ਵਿੱਚ ਆਲਮੀ ਪੱਧਰ ਦੇ ਸਭ ਤੋਂ ਮਕਬੂਲ ਹਾਸਰਸ ਕਲਾਕਾਰ ਜੈਰੀ ਸ਼ੈਨਫੀਲਡ ਨੇ ਮੁੰਬਈ ਵਿੱਚ ਪੇਸ਼ਕਾਰੀ ਕਰਨੀ ਸੀ। ਇਸ ਸਮਾਗਮ ਦੀ ਪ੍ਰਵਾਨਗੀ ਦੋ ਦਿਨ ਪਹਿਲਾਂ ਰੱਦ ਕਰ ਦਿੱਤੀ ਗਈ। ਉਹ ਅੱਸੀ ਕਲਾਕਾਰਾਂ ਦਾ ਜੱਥਾ ਅਤੇ ਕਿੱਥੇ ਰਵੀ ਸ਼ੰਕਰ ਦੇ ੩੫ ਹਜ਼ਾਰ ਕਲਾਕਾਰ। ਰਵੀ ਸ਼ੰਕਰ ਦੇ ਸਮਾਗਮ ਉੱਤੇ ਬਹੁਤ ਸਾਰੇ ਸੁਆਲ ਅਤੇ ਸਰਕਾਰੀ ਮਹਿਕਮਿਆਂ ਨੂੰ ਇਤਰਾਜ਼ ਹੋਣ ਦੇ ਬਾਵਜੂਦ ਇਹ ਸਮਾਗਮ ਕੀਤਾ ਗਿਆ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਇਸ ਸਮਾਗਮ ਦੇ ਪ੍ਰਬੰਧਕਾਂ ਉੱਤੇ ਚੌਗਿਰਦੇ ਨੂੰ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਪੰਜ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਰਵੀ ਸ਼ੰਕਰ ਨੇ ਬਿਆਨ ਦਿੱਤਾ ਕਿ ਉਹ ਜੇਲ੍ਹ ਜਾਣ ਨੂੰ ਤਿਆਰ ਹੈ ਪਰ ਜੁਰਮਾਨੇ ਵਿੱਚ ਧੇਲਾ ਨਹੀਂ ਦੇਵੇਗਾ। ਸਰਕਾਰੀ ਮਹਿਕਮੇ ਨਾਲ ਇਸ ਤਰ੍ਹਾਂ ਦੇ ਵਿਵਹਾਰ ਤੋਂ ਬਾਅਦ ਰਵੀ ਸ਼ੰਕਰ ਇਹ ਸਮਾਗਮ ਧੜ੍ਹੱਲੇ ਨਾਲ ਕਰਦਾ ਹੈ। ਉਸ ਦੀ ਇਸ ਮੂੰਹਜ਼ੋਰੀ ਦਾ ਰਾਜ਼ ਕੀ ਹੈ? ਇਹ ਵੱਖਰੀ ਗੱਲ ਹੈ ਕਿ ਉਹ ਇਸ ਜੁਰਮਾਨੇ ਵਿੱਚੋਂ ਪੱਚੀ ਲੱਖ ਰੁਪਏ ਜਮਾਂ ਕਰਵਾ ਦਿੰਦੇ ਹਨ।
ਇਹ ਇੱਕ ਨਿੱਜੀ ਸੰਸਥਾ ਦਾ ਸਮਾਗਮ ਸੀ। ਇਸ ਸਮਾਗਮ ਦੇ ਮਾਮਲੇ ਵਿੱਚ ਲੋੜੀਂਦੀਆਂ ਪ੍ਰਵਾਨਗੀਆਂ ਨੂੰ ਦਰਕਿਨਾਰ ਕੀਤੇ ਜਾਣ ਦਾ ਮਸਲਾ ਕੇਂਦਰ ਅਤੇ ਦਿੱਲੀ ਸਰਕਾਰ ਦੀ ਸ਼ਮੂਲੀਅਤ ਨਾਲ ਸਮਝ ਆਉਂਦਾ ਹੈ।ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਸਭ ਨੂੰ ਸੀ। ਇਸ ਸ਼ਮੂਲੀਅਤ ਦੇ ਪਤਾ ਲੱਗਣ ਨਾਲ ਹੀ ਸਰਕਾਰੀ ਮਹਿਕਮਿਆਂ ਨੂੰ ਇਸ਼ਾਰਾ ਮਿਲ ਜਾਂਦਾ ਹੈ ਕਿ ਇਹ ਸਮਾਗਮ ਹਰ ਹਾਲਤ ਵਿੱਚ ਹੋਣਾ ਚਾਹੀਦਾ ਹੈ। ਇਸ ਦੇ ਬਾਅਦ ਜਦੋਂ ਸਮਾਗਮ ਉੱਤੇ ਸੁਆਲ ਹੁੰਦੇ ਹਨ ਤਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਪਣੀ ਸ਼ਮੂਲੀਅਤ ਰੱਦ ਕਰ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਸਮਾਗਮ ਵਿੱਚ ਉਦਘਾਟਨੀ ਤਕਰੀਰ ਦਿੱਤੀ ਅਤੇ ਇਸ ਨੂੰ ‘ਸੱਭਿਅਚਾਰਾਂ ਦਾ ਮਹਾਕੁੰਭ’ ਕਰਾਰ ਦਿੱਤਾ। ਇਸ ਤੋਂ ਬਾਅਦ ਬਾਕੀ ਮੰਤਰੀਆਂ ਨੇ ਇਸੇ ਤਰਜ਼ ਉੱਤੇ ਬਿਆਨ ਦਿੱਤੇ ਜਾਂ ਤਕਰੀਰਾਂ ਕੀਤੀਆਂ।
ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਨਕਈਆ ਨਾਇਡੂ ਨੇ ਜੁਆਬੀ ਹਮਲਾ ਸ਼ੁਰੂ ਕੀਤਾ, “ਯਮੁਨਾ ਨੂੰ ਦੇਖੋ। ਇਹ ਸਾਫ਼, ਹਰੀ-ਭਰੀ ਅਤੇ ਸ਼ਾਂਤ ਵਗਦੀ ਹੈ। ਕੁਝ ਦਿਮਾਗ਼ ਪਲੀਤ ਹੋਏ-ਹੋਏ ਹਨ। ਮੈਂ ਆਸ ਕਰਦਾ ਹਾਂ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਉਨ੍ਹਾਂ ਨੂੰ ਵੀ ਠੀਕ ਕਰ ਦੇਣਗੀਆਂ।” ਵਿੱਤ ਮੰਤਰੀ ਅਰੁਨ ਜੇਤਲੀ ਨੇ ਰਵੀ ਸ਼ੰਕਰ ਨੂੰ ਵਧਾਈ ਦਿੱਤੀ, “ਮੈਂ ਅਜਿਹਾ ਸੰਗਮ ਕਦੇ ਨਹੀਂ ਦੇਖਿਆ। ਇਹ ਭਾਰਤੀਆਂ ਦੀ ਮਾਣ ਦੀ ਗੱਲ ਹੈ ਜੋ ਸ਼੍ਰੀ ਸ਼੍ਰੀ ਨੇ ਕਰ ਦਿਖਾਇਆ ਹੈ।” ਭਾਜਪਾ ਦੇ ਮੁਖੀ ਅਮਿਤ ਸ਼ਾਹ ਨੇ ਸੋਵੀਨਾਰ ਜਾਰੀ ਕੀਤਾ ਅਤੇ ਆਰਟ ਆਫ਼ ਲਿਵਿੰਗ ਦੇ ੩੫ ਸਾਲਾਂ ਦੇ ਸਫ਼ਰ ਨੂੰ ‘ਮਨੁੱਖਤਾ ਦੀ ਸੇਵਾ’ ਕਰਾਰ ਦਿੰਦਿਆਂ ਕਿਹਾ , “ਤੁਸੀਂ ਦਹਾਕਿਆਂ ਬੱਧੀ ਮੁਲਕਾਂ ਅਤੇ ਲੋਕਾਂ ਨੂੰ ਜੋੜਨ ਦਾ ਕੰਮ ਕਾਮਯਾਬੀ ਨਾਲ ਕੀਤਾ ਹੈ। ਇਹ ਆਲਮੀ ਸੱਭਿਆਚਾਰਕ ਮੇਲਾ ਇਸ ਕਾਮਯਾਬੀ ਦੀ ਗਵਾਹੀ ਭਰਦਾ ਹੈ।” ਇਨ੍ਹਾਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਗਿਆਨ ਅਤੇ ਤਕਨੀਕ ਮੰਤਰੀ ਹਰਸ਼ ਵਰਧਨ, ਰੇਲ ਮੰਤਰੀ ਸੁਰੇਸ਼ ਪ੍ਰਭੂ ਅਤੇ ਬਿਜਲੀ ਮੰਤਰੀ ਪੀਯੂਸ਼ ਗੋਇਲ ਸਮੇਤ ਹੋਰ ਮੰਤਰੀਆਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਆਖ਼ਰ ਰਵੀ ਸ਼ੰਕਰ ਨੇ ਧੰਨਵਾਦੀ ਸ਼ਬਦ ਕਹੇ, “ਅਸੀਂ ਸਾਰੇ ਇਕਰਾਰ ਕਰਦੇ ਹਾਂ ਕਿ ਸੜਕਾਂ ਉੱਤੇ ਥੁੱਕ ਨਹੀਂ ਸੁੱਟਾਂਗੇ। ਅਸੀਂ ਕਿਤੇ ਕਚਰਾ ਨਹੀਂ ਸੁੱਟਾਂਗੇ। ਅਸੀਂ ਯਮੁਨਾ ਨੂੰ ਸਾਫ਼ ਰੱਖਾਂਗੇ। ਇਹ ਸਾਡਾ ਸਾਂਝਾ ਟੀਚਾ ਹੈ।”
ਹੁਣ ਇਹ ਦੇਖਣਾ ਬਣਦਾ ਹੈ ਕਿ ਕਾਨੂੰਨ ਨਾਲ ਟਕਰਾਅ ਵਿੱਚ ਆਏ ਸਮਾਗਮ ਉੱਤੇ ਇਸ ਤਰ੍ਹਾਂ ਦੀ ਸਰਕਾਰੀ ਸ਼ਮੂਲੀਅਤ ਕੀ ਸੁਨੇਹਾ ਦਿੰਦੀ ਹੈ? ਕਾਇਦੇ ਅਤੇ ਸਰਕਾਰੀ ਸਲੀਕੇ ਮੁਤਾਬਕ ਸਰਕਾਰੀ ਨੁਮਾਇੰਦਿਆਂ ਦੀ ਸ਼ਮੂਲੀਅਤ ਵਿੱਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਮਾਗਮ ਜਾਂ ਪ੍ਰਬੰਧਕ ਦਾ ਕਾਨੂੰਨ ਨਾਲ ਕੋਈ ਟਕਰਾਅ ਨਹੀਂ ਹੈ। ਚੰਡੀਗੜ੍ਹ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਕ ਹੋਟਲ ਉੱਤੇ ਜਾਣਾ ਇਸ ਲਈ ਰੱਦ ਕੀਤਾ ਸੀ ਕਿ ਹੋਟਲ ਖ਼ਿਲਾਫ਼ ਚੰਡੀਗੜ੍ਹ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਸੀ। ਜੇ ਕੈਨੇਡਾ ਦਾ ਪ੍ਰਧਾਨ ਮੰਤਰੀ ਭਾਰਤੀ ਕਾਨੂੰਨ ਦਾ ਧਿਆਨ ਰੱਖਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਕੀ ਦਰਸਾਉਂਦੀ ਹੈ? ਇਸ ਦਾ ਸਾਫ਼ ਸੁਨੇਹਾ ਹੈ ਕਿ ਰਵੀ ਸ਼ੰਕਰ ਦਾ ਸਮਾਗਮ ਕਿਸੇ ਵੀ ਕਾਨੂੰਨ ਜਾਂ ਸਰਕਾਰੀ ਮਹਿਕਮਿਆਂ ਤੋਂ ਵੱਡਾ ਹੈ।
ਜਦੋਂ ਸਰਕਾਰ ਅਤੇ ਭਾਜਪਾ ਰਵੀ ਸ਼ੰਕਰ ਦੇ ਸਮਾਗਮ ਨੂੰ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦਾ ਨੁਮਾਇੰਦਾ ਬਣਾਉਣ ਲਈ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗਦੇ ਹਨ ਤਾਂ ਇਹ ਉਨ੍ਹਾਂ ਦਾ ਸਿਆਸੀ ਖ਼ਾਸਾ ਉਜਾਗਰ ਕਰਦੇ ਹਨ। ਇਸ ਸਮਾਗਮ ਵਿੱਚ ਬਹੁਤ ਸਾਰੇ ਮੁਲਕਾਂ ਦੇ ਕਾਰੋਬਾਰੀ, ਫ਼ੌਜੀ ਅਤੇ ਧਾਰਮਿਕ ਨੁਮਾਇੰਦੇ ਆਉਂਦੇ ਹਨ। ਵੱਡੀ ਗਿਣਤੀ ਵਿੱਚ ਸਾਈਬਰ ਮਾਹਰਾਂ ਦੀ ਸ਼ਮੂਲੀਅਤ ਆਪਣੇ-ਆਪ ਵਿੱਚ ਕਈ ਇਸ਼ਾਰੇ ਕਰਦੀ ਹੈ। ਇਹ ਸਰਕਾਰ ਸ਼ਰਧਾ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੰਦੀ ਹੈ ਅਤੇ ਮੁਲਕ ਤੋਂ ਲੈ ਕੇ ਦੇਸ਼ ਭਗਤੀ ਦੀ ਵਿਆਖਿਆ ਸ਼ਰਧਾਮਈ ਢੰਗ ਨਾਲ ਕਰਦੀ ਹੈ। ਇਸ ਲਿਹਾਜ਼ ਨਾਲ ਰਵੀ ਸ਼ੰਕਰ ਮੌਜੂਦਾ ਸਰਕਾਰ ਦੇ ਰਾਜ ਗੁਰੂਆਂ ਵਿੱਚੋਂ ਇੱਕ ਹਨ। ਉਹ ਸਭ ਦੇ ਭਲੇ ਦੀ ਸਿੱਖਿਆ ਦਿੰਦਾ ਹੋਇਆ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਅਤੇ ਨਿੱਜੀ ਸਕੂਲਾਂ ਦੀ ਵਕਾਲਤ ਕਰਦਾ ਹੈ।ਇਹੋ ਰਵੀ ਸ਼ੰਕਰ ਪਹਿਲਾਂ ਕਸ਼ਮੀਰੀਆਂ ਅਤੇ ਸਰਕਾਰ ਵਿਚਕਾਰ ਅਤੇ ਬਾਅਦ ਵਿੱਚ ਨਕਸਲਵਾਦੀਆਂ ਅਤੇ ਸਰਕਾਰ ਵਿਚਕਾਰ ਸਾਲਸੀ ਬਣਨ ਦੀ ਤਜਵੀਜ਼ ਪੇਸ਼ ਕਰ ਚੁੱਕਿਆ ਹੈ। ਹੁਣ ਇਸ ਸਮਾਗਮ ਵਿੱਚ ਉਸ ਨੇ ਯਮੁਨਾ ਦੀ ਸਫ਼ਾਈ ਨੂੰ ਸਾਂਝੀ ਜ਼ਿੰਮੇਵਾਰੀ ਕਰਾਰ ਦੇ ਕੇ ਆਪਣੇ-ਆਪ ਨੂੰ ਸਰਕਾਰ ਅਤੇ ਆਵਾਮ ਵਿਚਕਾਰ ਚੌਗਿਰਦਾ ਸਾਲਸੀ ਥਾਪ ਲਿਆ ਹੈ। ਉਸ ਦਾ ਕਾਰੋਬਾਰ ਦੁਨੀਆਂ ਵਿੱਚ ‘ਮੇਡ ਇੰਨ ਇੰਡੀਆ’ ਦੀ ਨਿਰੋਲ ਮਿਸਾਲ ਹੈ। ਧਰਮ, ਸਰਕਾਰ ਅਤੇ ਪੂੰਜੀਵਾਦ ਦਾ ਇਹੋ ਗੱਠਜੋੜ ਮੌਜੂਦਾ ਸਰਕਾਰ ਦਾ ਖ਼ਾਸਾ ਹੈ।
ਸਰਕਾਰ ਨੇ ਰਵੀ ਸ਼ੰਕਰ ਦੇ ਸਮਾਗਮ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਇਸ ਮੁਲਕ ਦੀ ਪਤਵੰਤਾਸ਼ਾਹੀ ਵਿੱਚ ਦਰਜਾਬੰਦੀ ਕਿਵੇਂ ਤੈਅ ਹੁੰਦੀ ਹੈ। ਇੱਕ ਪਾਸੇ ਗ਼ਰੀਬਾਂ ਦੇ ਸਕੂਲਾਂ ਨੂੰ ਬੰਦ ਕਰਨ ਦੀ ਵਕਾਲਤ ਕਰਨ ਵਾਲਿਆਂ ਦੇ ਗ਼ੈਰ-ਕਾਨੂੰਨੀ ਸਮਾਗਮਾਂ ਨੂੰ ਸਰਕਾਰੀ ਸਰਪ੍ਰਸਤੀ ਮਿਲ ਰਹੀ ਹੈ ਅਤੇ ਦੂਜੇ ਪਾਸੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਘੇਰਾਬੰਦੀ ਹੋ ਰਹੀ ਹੈ। ਇਹ ਇੰਦਰਾ ਗਾਂਧੀ ਦੇ ‘ਗ਼ਰੀਬੀ ਹਟਾਓ’ ਦੇ ਨਾਅਰੇ ਨਾਲ ਜੁੜੀ ‘ਗ਼ਰੀਬ ਹਟਾਉਣ’ ਦੀ ਵਿਉਂਤਬੰਦੀ ਦੀ ਭਾਜਪਾਈ ਵੰਨਗੀ ਹੈ ਕਿ ਜੇ ਪੜ੍ਹਿਆ ਲਿਖਿਆ ਸੁਆਲ ਕਰਦਾ ਹੈ ਤਾਂ ਸਕੂਲ ਬੰਦ ਕਰ ਦਿਓ ਜਾਂ ਯੂਨੀਵਰਸਿਟੀ ਵਿੱਚ ਆਉਣ ਦਾ ਰਾਹ ਬੰਦ ਕਰ ਦਿਓ। ਰਵੀ ਸ਼ੰਕਰ ਵਰਗੇ ਰਾਜ ਗੁਰੂਆਂ ਦੀ ਰਹਿਨੁਮਾਈ ਵਿੱਚ ਚੱਲ ਰਹੇ ਮੁਲਕ ਵਿੱਚ ਨਿਵੇਦਤਾ ਮੈਨਨ ਨੂੰ ਦੇਸ਼ ਧਰੋਹੀ ਕਰਾਰ ਦਿੱਤਾ ਜਾਣਾ ਕੋਈ ਅੱਲੋਕਾਰੀ ਗੱਲ ਤਾਂ ਨਹੀਂ ਹੈ! ਉਹ ਪਿਤਾਪੁਰਖ਼ੀ ਕਦਰਾਂ-ਕੀਮਤਾਂ ਅਤੇ ਮਰਦਾਵੇਂ ਗ਼ਲਬੇ ਉੱਤੇ ਸੁਆਲ ਕਰਨ ਦੀ ਵਕਾਲਤ ਕਰਦੀ ਹੈ ਪਰ ਸਰਕਾਰ ਸ਼ਰਧਾ ਨੂੰ ਦੇਸ਼ ਭਗਤੀ ਦਾ ਮੰਤਰ ਮੰਨਦੀ ਹੈ। ਨਿਵੇਦਿਤਾ ਸਮਾਜ ਦੇ ਮਰਦਾਵੇਂ ਖ਼ਾਸੇ ਨੂੰ ਧਰਮ, ਨਿਜ਼ਾਮ ਅਤੇ ਸਰਕਾਰ ਦੇ ਗ਼ਾਲਬ ਖ਼ਾਸੇ ਨਾਲ ਜੋੜਦੀ ਹੈ ਪਰ ਸਰਕਾਰ ‘ਭਾਰਤ ਮਾਂ’ ਦੇ ਹਵਾਲੇ ਨਾਲ ‘ਮਮਤਾ’ ਵਰਗੀ ਭਾਵਨਾ ਨੂੰ ਆਪਣੇ ਗ਼ਲਬੇ ਨੂੰ ਕਾਇਮ ਰੱਖਣ ਲਈ ਵਰਤਦੀ ਹੈ। ਇਸ ਹਾਲਤ ਵਿੱਚ ਨਿਵੇਦਤਾ ਮੈਨਨ ਦੀਆਂ ਗੱਲਾਂ ਵਿੱਚੋਂ ਕਿਸੇ ਗਲੀਲੀਓ ਦੇ ਨਕਸ਼ ਕਿਉਂ ਉੱਘੜਦੇ ਹਨ?

(ਇਹ ਲੇਖ ਪੰਜਾਬ ਟਾਈਮਜ਼ ਦੇ 18 ਮਾਰਚ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s