ਸੁਆਲ-ਸੰਵਾਦ: ਸ਼ਰਧਾ ਦੀ ਲਾਮਬੰਦੀ ਅਤੇ ਵਿਦਿਅਕ ਅਦਾਰਿਆਂ ਦੀ ਘੇਰਾਬੰਦੀ

hcui-kbfc-621x414livemint

ਦਲਜੀਤ ਅਮੀ
ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਉੱਪ-ਕੁਲਪਤੀ ਪ੍ਰੋ. ਅੱਪਾ ਰਾਓ ਨੇ ਜਿਨ੍ਹਾਂ ਹਾਲਾਤ ਅਤੇ ਜਿਸ ਤਰ੍ਹਾਂ ਛੁੱਟੀ ਤੋਂ ਬਾਅਦ ਆਪਣਾ ਅਹੁਦਾ ਸੰਭਾਲਿਆ ਹੈ ਉਹ ਆਪਣੇ-ਆਪ ਵਿੱਚ ਮਿਸਾਲ ਹੈ। ਪ੍ਰੋ. ਅੱਪਾ ਰਾਓ ਖ਼ਿਲਾਫ਼ ਅਦਾਲਤੀ ਜਾਂਚ ਚੱਲ ਰਹੀ ਹੈ ਅਤੇ ਉਹ ਰੋਹਿਤ ਵੇਮੂਲਾ ਦੀ ਖ਼ੁਦਕੁਸ਼ੀ ਵਾਲੇ ਮਾਮਲੇ ਵਿੱਚ ਮੁੱਖ ਮੁਲਜ਼ਮ ਹਨ। ਰੋਹਿਥ ਵੇਮੂਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਪ੍ਰੋ. ਅੱਪਾ ਰਾਓ ਛੁੱਟੀ ਉੱਤੇ ਚਲੇ ਗਏ ਸਨ ਅਤੇ ਹੁਣ ਉਨ੍ਹਾਂ ਨੇ ਆਪਣੇ ਦਫ਼ਤਰ ਦਾ ਕੰਮ ਸੰਭਾਲ ਲਿਆ ਹੈ। ਜਿਉਂ ਹੀ ਵਿਦਿਆਰਥੀਆਂ ਨੂੰ ਪ੍ਰੋ. ਅੱਪਾ ਰਾਓ ਦੇ ਵਾਪਸ ਪਰਤਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਿਸ ਨੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕੀਤਾ। ਪੁਲਿਸ ਦੀ ਖਿੱਚ-ਧੂਹ ਦੇ ਵੀਡੀਓ ਅਤੇ ਤਸਵੀਰਾਂ ਇੰਟਰਨੈੱਟ ਉੱਤੇ ਦੇਖੀਆਂ ਜਾ ਸਕਦੀਆਂ ਹਨ। ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੀ ਯੂਨੀਵਰਸਿਟੀ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਤਕਰੀਬਨ ਇੱਕ ਦਿਨ ਲਈ ਬਾਹਰ ਅਤੇ ਅੰਦਰਲਾ ਹਰ ਸੰਪਰਕ ਤੋੜ ਦਿੱਤਾ ਗਿਆ। ਯੂਨੀਵਰਸਿਟੀ ਦਾ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਅੰਦਰ ਰੋਟੀ-ਪਾਣੀ ਤੱਕ ਦੀ ਕਿੱਲਤ ਆਈ। ਯੂਨੀਵਰਸਿਟੀ ਦੇ ਦੋ ਅਧਿਆਪਕਾਂ ਸਮੇਤ ੨੫ ਵਿਦਿਆਰਥੀਆਂ ਦੀ ਜ਼ਮਾਨਤ ਹੋਈ ਅਤੇ ਉਨ੍ਹਾਂ ਨੂੰ ਥਾਣੇ ਵਿੱਚ ਹਫ਼ਤਾਵਾਰੀ ਹਾਜ਼ਰੀ ਲਗਾਉਣ ਲਈ ਕਿਹਾ ਗਿਆ ਹੈ।
ਹੈਦਰਾਬਾਦ ਯੂਨੀਵਰਸਿਟੀ ਵਿੱਚ ਉੱਪ-ਕੁਲਪਤੀ ਪ੍ਰੋ. ਅੱਪਾ ਰਾਓ ਨੂੰ ਇਸ ਦਲੀਲ ਨਾਲ ਛੁੱਟੀ ਉੱਤੇ ਭੇਜਿਆ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਜਾਂਚ ਨੂੰ ਸਹਿਯੋਗ ਦੇਣ ਲਈ ਉਨ੍ਹਾਂ ਦਾ ਅਹੁਦੇ ਤੋਂ ਦੂਰ ਰਹਿਣਾ ਅਹਿਮ ਹੈ। ਇਸ ਤਰ੍ਹਾਂ ਦੀ ਛੁੱਟੀ ਦਾ ਮਤਲਬ ਇਹੋ ਹੁੰਦਾ ਹੈ ਕਿ ਗਵਾਹਾਂ ਉੱਤੇ ਦਬਾਅ ਨਾ ਪਵੇ ਅਤੇ ਮੁਲਜ਼ਮ ਸਬੂਤਾਂ ਨੂੰ ਖੁਰਦ-ਬੁਰਦ ਨਾ ਕਰ ਸਕੇ। ਇਹ ਸਮਝਣ ਲਈ ਮਾਹਰ ਹੋਣ ਦੀ ਲੋੜ ਨਹੀਂ ਕਿ ਯੂਨੀਵਰਸਿਟੀ ਦਾ ਉੱਪ-ਕੁਲਪਤੀ ਆਪਣੇ ਖ਼ਿਲਾਫ਼ ਹੋ ਰਹੀ ਜਾਂਚ ਵਿੱਚ ਇਹ ਦੋਵੇਂ ਦਖ਼ਲ-ਅੰਦਾਜ਼ੀਆਂ ਕਰਨ ਦੀ ਹਾਲਤ ਵਿੱਚ ਹੈ। ਹੁਣ ਤੱਕ ਸਾਹਮਣੇ ਆਏ ਤੱਥਾਂ ਅਤੇ ਨਸ਼ਰ ਹੋਈਆਂ ਖ਼ਬਰਾਂ ਮੁਤਾਬਕ ਪ੍ਰੋ. ਅੱਪਾ ਰਾਓ ਦੇ ਛੁੱਟੀ ਤੋਂ ਪਰਤ ਕੇ ਅਹੁਦਾ ਸੰਭਾਲਣ ਦੀ ਜਾਣਕਾਰੀ ਕਾਰਜਕਾਰੀ ਉੱਪ-ਕੁਲਪਤੀ ਤੱਕ ਨੂੰ ਨਹੀਂ ਸੀ ਪਰ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁੰਨਾਂ ਨੂੰ ਪੂਰੀ ਤਫ਼ਸੀਲ ਪਤਾ ਸੀ। ਨਸ਼ਰ ਹੋਈ ਤਫ਼ਸੀਲ ਦਰਸਾਉਂਦੀ ਹੈ ਕਿ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਅਤੇ ਪੁਲਿਸ ਨੇ ਇਸ ਕਾਰਵਾਈ ਦੀ ਵਿਉਂਤਬੰਦੀ ਵਿੱਚ ਸਰਗਰਮ ਹਿੱਸਾ ਪਾਇਆ ਹੈ। ਇਨ੍ਹਾਂ ਹਾਲਾਤ ਵਿੱਚ ਇਹ ਅਹੁਦਾ ਸੰਭਾਲਣਾ ਨਹੀਂ ਸਗੋਂ ਵਰਦੀ ਅਤੇ ਬੇਵਰਦੀ ਤਾਕਤ ਨਾਲ ਕਬਜ਼ਾ ਲੈਣ ਦੀ ਕਾਰਵਾਈ ਹੈ।

ਪੁਲਿਸ ਅਤੇ ਭਾਜਪਾ ਦੀਆਂ ਹਮਾਇਤੀ ਜਥੇਬੰਦੀਆਂ ਦੀ ਜ਼ੋਰ-ਜਬਰੀ ਨਾਲ ਵਿਦਿਅਕ ਅਦਾਰੇ ਦੇ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਪ੍ਰੋ. ਅੱਪਾ ਰਾਓ ਪਹਿਲੇ ਸੱਜਣ ਨਹੀਂ ਹਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਵਿਰੋਧ ਦੇ ਬਾਵਜੂਦ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਟਿਉਟ ਦੇ ਨਿਰਦੇਸ਼ਕ ਵਜੋਂ ਗਜੇਂਦਰ ਚੌਹਾਨ ਨੇ ਇਸੇ ਤਰ੍ਹਾਂ ਅਹੁਦਾ ਸੰਭਾਲਿਆ ਸੀ। ਜਮਹੂਰੀਅਤ ਲਈ ਇਸ ਤੋਂ ਵਧੇਰੇ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਵਿਦਿਅਕ ਅਦਾਰਿਆਂ ਦੇ ਮੁਖੀ ਪੁਲਿਸ ਅਤੇ ਸਿਆਸੀ ਸਰਪ੍ਰਸਤੀ ਵਾਲੀਆਂ ਮੂੰਹਜ਼ੋਰ ਜਥੇਬੰਦੀਆਂ ਦੇ ਜ਼ੋਰ ਆਪੋ-ਆਪਣੇ ਅਹੁਦੇ ਸੰਭਾਲ ਰਹੇ ਹਨ। ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਟਿਉਟ ਪੁਣੇ ਤੋਂ ਲੈ ਕੇ ਆਈ.ਆਈ.ਟੀ. ਮਦਰਾਸ, ਇਲਾਹਾਬਾਦ ਤੋਂ ਲੈ ਕੇ ਕਾਲੀਕਟ, ਯੂਨੀਵਰਸਿਟੀਆਂ ਦੇ ਖੋਜਾਰਥੀਆਂ ਦੇ  ਵਜ਼ੀਫ਼ੇ ਬੰਦ ਕਰਨ ਤੋਂ ਲੈ ਕੇ ਦਲਿਤ ਵਿਦਿਆਰਥੀਆਂ ਨਾਲ ਵਿਤਕਰੇ ਦੇ ਮਸਲਿਆਂ, ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਤੋਂ ਲੈ ਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੱਕ ਸਾਰੇ ਵਿਦਿਅਕ ਅਦਾਰੇ ਇਸ ਵੇਲੇ ਤਕਰੀਬਨ ਜੰਗ ਦਾ ਅਖਾੜਾ ਬਣੇ ਹੋਏ ਹਨ। ਇੱਕ ਪਾਸੇ ਸਰਕਾਰੀ ਅਤੇ ਸਿਆਸੀ ਸਰਪ੍ਰਸਤੀ ਵਾਲਾ ਗ਼ੈਰ-ਸਰਕਾਰੀ ਜਬਰ ਅਤੇ ਦੂਜੇ ਪਾਸੇ ਇਨ੍ਹਾਂ ਵਧੀਕੀਆਂ ਦਾ ਵਿਰੋਧ ਮੌਜੂਦਾ ਦੌਰ ਦੇ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ।

ਇਸ ਸਾਰੇ ਰੁਝਾਨ ਦੌਰਾਨ ਭਾਜਪਾ ਅਤੇ ਇਸ ਦੀਆਂ ਹਮਾਇਤੀ ਜਥੇਬੰਦੀਆਂ ਨੇ ਵਿਦਿਆਰਥੀਆਂ ਦੇ ਰੋਹ ਅਤੇ ਵਿਦਿਅਕ ਅਦਾਰਿਆਂ ਦੀ ਘੇਰਾਬੰਦੀ ਕੀਤੀ ਹੈ। ਇਨ੍ਹਾਂ ਅਦਾਰਿਆਂ ਅਤੇ ਵਿਦਿਆਰਥੀਆਂ ਦਾ ਕੰਮ ਬਰੀਕੀ ਅਤੇ ਰਮਜ਼ ਨਾਲ ਖੋਜ ਕਰਨਾ ਹੈ ਪਰ ਭਾਜਪਾਈ ਜਥੇਬੰਦੀਆਂ ਨੇ ਮੁਲਕ ਅਤੇ ਧਰਮ ਦੇ ਨਾਮ ਉੱਤੇ ਭਾਵੁਕਤਾ ਦਾ ਸਹਾਰਾ ਲਿਆ ਹੈ। ਵਿਦਿਆਰਥੀ ਗਜੇਂਦਰ ਚੌਹਾਨ ਦੀ ਯੋਗਤਾ ਉੱਤੇ ਸੁਆਲ ਕਰਦੇ ਹਨ ਤਾਂ ਭਾਜਪਾਈ ਜਥੇਬੰਦੀਆਂ ਉਨ੍ਹਾਂ ਨੂੰ ਜੱਹਾਦੀ, ਨਕਸਲਵਾਦੀ, ਮਾਓਵਾਦੀ ਅਤੇ ਅਤਿਵਾਦੀ ਕਰਾਰ ਦਿੰਦੀਆਂ ਹਨ। ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਦਲਿਤ ਵਿਦਿਆਰਥੀਆਂ ਦੀ ਬਰਾਬਰੀ ਅਤੇ ਮਨੁੱਖਾ ਸ਼ਾਨ ਦਾ ਸੁਆਲ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਧਰੋਹੀ ਕਰਾਰ ਦਿੱਤਾ ਜਾਂਦਾ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚੋਂ ਮੌਜੂਦਾ ਦੌਰ ਦੇ ਅਫ਼ਜ਼ਲ ਅਤੇ ਕਸ਼ਮੀਰ ਵਰਗੇ ਅਹਿਮ ਮੁੱਦਿਆਂ ਉੱਤੇ ਸੁਆਲ ਹੁੰਦਾ ਹੈ ਤਾਂ ਪੂਰੇ ਅਦਾਰੇ ਨੂੰ ਦੇਸ਼ ਧਰੋਹੀਆਂ ਦਾ ਅੱਡਾ ਕਰਾਰ ਦਿੱਤਾ ਜਾਂਦਾ ਹੈ ਅਤੇ ਇਸ ਦੀਆਂ ਤਾਰਾਂ ਅਤਿਵਾਦੀ ਜਥੇਬੰਦੀਆਂ ਨਾਲ ਜੋੜੀਆਂ ਜਾਂਦੀਆਂ ਹਨ। ਇਸ ਅਦਾਰੇ ਨੂੰ ਬੰਦ ਕਰਨ ਦੀ ਵਕਾਲਤ ਕੀਤੀ ਜਾਂਦੀ ਹੈ ਅਤੇ ਕੁਝ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਤਕਰੀਰਾਂ ਦੇ ਚੋਣਵੇਂ ਹਿੱਸਿਆਂ ਦੇ ਹਵਾਲੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ।

ਇਸ ਸਾਰੇ ਰੁਝਾਨ ਦੀਆਂ ਕੁਝ ਕੜੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਹਿਲੀ ਕੜੀ ਭਾਜਪਾ ਦੀ ਵਿਦਿਅਕ ਅਦਾਰਿਆਂ ਬਾਬਤ ਸਮਝ ਨਾਲ ਜੁੜਦੀ ਹੈ। ਦੂਜੀ ਕੜੀ ਭਾਜਪਾ ਦੀ ਇਨ੍ਹਾਂ ਅਦਾਰਿਆਂ ਬਾਬਤ ਨਾਗਪੁਰ ਅਤੇ ਆਵਾਮ ਨੂੰ ਜੋੜਨ ਵਾਲੀ ਹੈ। ਭਾਜਪਾ ਜਦੋਂ ਇਨ੍ਹਾਂ ਵਿਦਿਅਕ ਅਦਾਰਿਆਂ ਜਾਂ ਵਿਦਿਆਰਥੀਆਂ ਬਾਬਤ ਬਿਆਨ ਦਿੰਦੀ ਹੈ ਤਾਂ ਉਸ ਦੀ ਸੋਚ ਜਾਂ ਤਵੱਕੋ ਸਮਝ ਆਉਂਦੀ ਹੈ। ਇੱਕ ਪਾਸੇ ਉਨ੍ਹਾਂ ਦੀ ਮੁਲਕ, ਸਮਾਜ ਅਤੇ ਧਰਮ ਦੀ ਸਮਝ ਹੈ ਅਤੇ ਦੂਜੇ ਪਾਸੇ ਇਸ ਸਮਝ ਨੂੰ ਲਾਗੂ ਕਰਨ ਦੀ ਜੁਗਤ ਹੈ। ਭਾਜਪਾ ਅਤੇ ਇਸ ਦੀਆਂ ਹਮਾਇਤੀ ਜਥੇਬੰਦੀਆਂ ਜਦੋਂ ਆਪਣੇ ਫ਼ੈਸਲਿਆਂ ਉੱਤੇ ਸੁਆਲ ਕਰ ਰਹੇ ਵਿਦਿਆਰਥੀਆਂ ਨੂੰ ਦੇਸ਼ ਧਰੋਹੀ, ਅਤਿਵਾਦੀ, ਨਕਸਲਵਾਦੀ, ਮਾਓਵਾਦੀ, ਜੱਹਾਦੀ ਜਾਂ ਵੱਖਵਾਦੀ ਕਰਾਰ ਦਿੰਦੇ ਹਨ ਤਾਂ ਇਹ ਵਿਦਿਅਕ ਅਦਾਰਿਆਂ ਅਤੇ ਵਿਦਿਆ ਬਾਰੇ ਆਪਣੀ ਸਮਝ ਦਾ ਇਜ਼ਹਾਰ ਕਰਦੇ ਹਨ। ਇਹ ਸਰਕਾਰੀ ਅਤੇ ਸਿਆਸੀ ਹੁਕਮਾਂ ਉੱਤੇ ਬਿਨਾਂ ਸੋਚ-ਵਿਚਾਰ ਕੀਤੇ ਫੁੱਲ ਚੜ੍ਹਾਉਣ ਵਾਲੇ ਅਦਾਰਿਆਂ ਅਤੇ ਵਿਦਿਆਰਥੀਆਂ ਦੀ ਤਵੱਕੋ ਕਰਦੇ ਹਨ। ਇਹ ਵਿਦਿਆ, ਵਿਦਿਆਰਥੀਆਂ ਅਤੇ ਵਿਦਿਅਕ ਅਦਾਰਿਆਂ ਨੂੰ ਸੁਆਲ ਦੀ ਥਾਂ ਸ਼ਰਧਾ ਨਾਲ ਜੋੜਨਾ ਚਾਹੁੰਦੇ ਹਨ। ਇਸ ਤਵੱਕੋ ਦਾ ਦੂਜਾ ਪੱਖ ਵਿਦਿਆਰਥੀਆਂ, ਵਿਦਿਅਕ ਅਦਾਰਿਆਂ ਅਤੇ ਸਿਆਸਤ ਦੇ ਰਿਸ਼ਤਿਆਂ ਨਾਲ ਜੁੜਦਾ ਹੈ। ਭਾਜਪਾ ਦੇ ਆਗੂ, ਮੰਤਰੀ ਅਤੇ ਇਨ੍ਹਾਂ ਦੇ ਬਣਾਏ ਵਿਦਿਅਕ ਅਦਾਰਿਆਂ ਦੇ ਮੁਖੀ (ਪ੍ਰੋ. ਅੱਪਾ ਰਾਓ) ਬਿਆਨ ਦਿੰਦੇ ਹਨ ਕਿ ਵਿਦਿਆਰਥੀਆਂ ਨੂੰ ਸਿਆਸਤ ਛੱਡ ਕੇ ਪੜ੍ਹਾਈ ਉੱਤੇ ਧਿਆਨ ਦੇਣਾ ਚਾਹੀਦਾ ਹੈ।

ਇਹ ਸਲਾਹ ਦੇਣ ਵਾਲੇ ਸਿਆਸਤਦਾਨ ਅਤੇ ਵਿਦਵਾਨ ਆਪ ਅਖ਼ਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੀ ਸਰਪ੍ਰਸਤੀ ਕਰਦੇ ਹਨ। ਇਹ ਵਿਦਿਆਰਥੀ ਜਥੇਬੰਦੀ ਇਸ ਵੇਲੇ ਵਿਦਿਅਕ ਅਦਾਰਿਆਂ ਬਾਬਤ ਫ਼ੈਸਲੇ ਕਰ ਰਹੀ ਹੈ। ਇਸ ਦੇ ਕਾਰਕੁੰਨਾਂ ਦੀਆਂ ਕੀਤੀਆਂ ਸ਼ਿਕਾਇਤਾਂ ਉੱਤੇ ਤੁਰੰਤ ਕਾਰਵਾਈ ਹੁੰਦੀ ਹੈ। ਇਨ੍ਹਾਂ ਦੀਆਂ ਸ਼ਿਕਾਇਤਾਂ ਇੱਕ ਤਰ੍ਹਾਂ ਦੇ ਸਰਕਾਰੀ ਹੁਕਮ ਹੋ ਗਈਆਂ ਹਨ। ਇਹ ਵਿਦਿਆਰਥੀ ਜਥੇਬੰਦੀ ਸਰਕਾਰੀ ਨੀਤੀਆਂ ਜਾਂ ਫ਼ੈਸਲਿਆਂ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਤੇ ਹਮਲੇ ਕਰਦੀ ਹੈ। ਪਿਛਲੇ ਦਿਨਾਂ ਵਿੱਚ ਪ੍ਰੋ. ਅੱਪਾ ਰਾਓ ਨੂੰ ਛੁੱਟੀ ਤੋਂ ਪਰਤ ਕੇ ਅਹੁਦਾ ਸੰਭਾਲਣ ਦੀ ਕਾਰਵਾਈ ਵਿੱਚ ਅਖ਼ਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਨੇ ਧਿਰ ਵਜੋਂ ਕੰਮ ਕੀਤਾ ਹੈ। ਇਸ ਜਥੇਬੰਦੀ ਨਾਲ ਮਿਲ ਕੇ ਭਾਜਪਾ ਦੀਆਂ ਬਾਕੀ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਰੋਸ-ਮੁਜ਼ਾਹਰੇ ਕਰ ਰਹੇ ਵਿਦਿਆਰਥੀਆਂ ਉੱਤੇ ਹਮਲੇ ਕੀਤੇ ਹਨ। ਵਜ਼ੀਫ਼ੇ ਬੰਦ ਕੀਤੇ ਜਾਣ ਖ਼ਿਲਾਫ਼ ਕੀਤੇ ਮੁਜ਼ਾਹਰਿਆਂ ਉੱਤੇ ਪੁਲਿਸ ਨਾਲ ਮਿਲ ਕੇ ਇਨ੍ਹਾਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਦੀ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ਉੱਤੇ ਮੌਜੂਦ ਹਨ। ਜਦੋਂ ਸਿਆਸਤਦਾਨ ਵਿਦਿਆਰਥੀਆਂ ਨੂੰ ਪੜ੍ਹਣ ਦੀ ਸਲਾਹ ਦਿੰਦੇ ਹਨ ਤਾਂ ਉਹ ਸਾਫ਼ ਕਹਿ ਰਹੇ ਹਨ ਕਿ ‘ਧੀਏ ਨੀ ਤੂੰ ਕੰਨ ਧਰ, ਨੂੰਹੇ ਨੀ ਤੂੰ ਕੰਮ ਕਰ।’ ਉਹ ਇੱਕ ਪਾਸੇ ਸਿਆਸਤ ਨੂੰ ਗੰਦੀ ਖੇਡ ਕਰਾਰ ਦੇ ਰਹੇ ਹਨ ਅਤੇ ਦੂਜੇ ਪਾਸੇ ਆਪਣੀ ਜਥੇਬੰਦੀਆਂ ਨਾਲ ਜੁੜੇ ਵਿਦਿਆਰਥੀਆਂ ਦੀ ਸ਼ਰਧਾ ਨਾਲ ਸਰਪ੍ਰਸਤੀ ਕਰ ਰਹੇ ਹਨ। ਉਨ੍ਹਾਂ ਦੀ ਸਮਝ ਸਾਫ਼ ਹੈ ਕਿ ‘ਸਿਆਸਤ ਗੰਦੀ ਖੇਡ ਹੈ ਅਤੇ ਤੁਸੀਂ ਇਸ ਵਿੱਚ ਹੱਥ ਗੰਦੇ ਨਾ ਕਰੋ, ਅਸੀਂ ਇਸ ਗੰਦ ਨੂੰ ਕਾਇਮ ਰੱਖਾਂਗੇ ਅਤੇ ਆਪਣੀ ਖੇਡ ਖੇਡਾਂਗੇ ਜੋ ਤੁਹਾਡੀ ਜ਼ਿੰਦਗੀ ਦੇ ਫ਼ੈਸਲੇ ਕਰੇਗੀ’।

ਭਾਜਪਾ ਦੀ ਇਸ ਸਮਝ ਨੂੰ ਲਾਗੂ ਕਰਨ ਵੇਲੇ ਨਾਗਪੁਰ ਅਤੇ ਆਵਾਮ ਨੂੰ ਜੋੜਨ ਵਾਲੀ ਕੜੀ ਦੀ ਚਰਚਾ ਅਹਿਮ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦਫ਼ਤਰ ਨਾਗਪੁਰ ਤੋਂ ਚੱਲਦਾ ਹੈ ਅਤੇ ਉਸੇ ਦਫ਼ਤਰ ਨੂੰ ਭਾਜਪਾ ਆਪਣੀ ਸੋਚ ਦੇ ਸੋਮੇ ਵਜੋਂ ਵੇਖਦੀ ਹੈ। ਸੰਘ ਭਾਰਤ ਨੂੰ ਹਿੰਦੂ ਮੁਲਕ ਮੰਨਦਾ ਹੈ ਅਤੇ ਇਸ ਦੇ ਖ਼ਾਸੇ ਵਿੱਚੋਂ ਹਰ ਗ਼ੈਰ-ਹਿੰਦੂ ਅਸਰ ਨੂੰ ਮਨਫ਼ੀ ਕਰਨਾ ਚਾਹੁੰਦਾ ਹੈ ਜਾਂ ਘੱਟੋ-ਘੱਟ ਰੱਦ ਕਰਨਾ ਚਾਹੁੰਦਾ ਹੈ। ਇਸ ਸੋਚ ਤਹਿਤ ਸਮਾਜ ਅਤੇ ਮੁਲਕ ਨੂੰ ਆਪਣੇ ਅਤੇ ਪਰਾਏ ਵਿੱਚ ਵੰਡ ਕੇ ਰੱਖਣਾ ਇਸ ਦੀ ਸਿਆਸਤ ਦੀ ਅਹਿਮ ਤੰਦ ਹੈ। ਸੰਘ ਧਰਮ ਦੇ ਨਾਮ ਉੱਤੇ ਮੁਲਕ ਚਲਾਉਂਦਾ ਹੈ ਅਤੇ ਦੁਸ਼ਮਣ ਕਰਾਰ ਦਿੱਤੇ ਗਏ ‘ਮੁਲਕਵਾਸੀ’ ਜਾਂ ‘ਵਿਦੇਸ਼ੀ’ ਨਾਲ ਬੇਕਿਰਕ ਵਿਹਾਰ ਦੀ ਵਕਾਲਤ ਕਰਦਾ ਹੈ। ਉਹ ਇੱਕ ਪਾਸੇ ਗ਼ੈਰ-ਹਿੰਦੂਆਂ ਨੂੰ ਵਿਦੇਸ਼ੀ ਕਰਾਰ ਦਿੰਦਾ ਹੈ ਅਤੇ ਦੂਜੇ ਪਾਸੇ ਮਾਕਰਸਵਾਦ ਜਾਂ ਬਰਾਬਰੀ ਜਾਂ ਸਮਾਜਵਾਦ ਦੀ ਵਕਾਲਤ ਕਰਨ ਵਾਲਿਆਂ ਨੂੰ ਵਿਦੇਸ਼ੀ ਗ਼ਰਦਾਨਦਾ ਹੈ। ਇਸੇ ਵਿਦੇਸ਼ੀ ਨੂੰ ਲੋੜ ਪੈਣ ਉੱਤੇ ਉਹ ਅਤਿਵਾਦੀ, ਜੱਹਾਦੀ, ਵੱਖਵਾਦੀ, ਨਕਸਲਵਾਦੀ, ਮਾਓਵਾਦੀ ਅਤੇ ਦੇਸ਼ ਧਰੋਹੀ ਕਰਾਰ ਦਿੰਦਾ ਹੈ। ਇਸ ਪ੍ਰਚਾਰ ਨੂੰ ਆਵਾਮ ਤੱਕ ਲਿਜਾਣ ਲਈ ਸੰਘ ਕੋਲ ਸਾਧਨ ਹਨ ਅਤੇ ਗ਼ੁਰਬਤ ਅਤੇ ਜ਼ਹਾਲਤ ਨਾਲ ਭਰਿਆ ਸਾਜ਼ਗ਼ਾਰ ਮਾਹੌਲ ਹੈ। ਇਸ ਮਾਹੌਲ ਵਿੱਚ ਅਫ਼ਵਾਹਾਂ ਫੈਲਾਉਣਾ ਸੁਖਾਲਾ ਹੈ ਅਤੇ ਕੱਟੜਪੰਥੀ ਜਥੇਬੰਦੀਆਂ ‘ਧਰਮ/ਪੰਥ ਨੂੰ ਖ਼ਤਰੇ’ ਦੀਆਂ ਅਫ਼ਵਾਹਾਂ ਫੈਲਾਉਣ ਵਿੱਚ ਮੁਹਾਰਤ ਵੀ ਰੱਖਦੀਆਂ ਹਨ। ਜਦੋਂ ਧਰਮ ਅਤੇ ਮੁਲਕ ਨੂੰ ਇੱਕ ਕਰਾਰ ਦਿੱਤਾ ਜਾਂਦਾ ਹੈ ਤਾਂ ਗ਼ੁਰਬਤ ਅਤੇ ਜ਼ਹਾਲਤ ਦੀ ਮਾਰ ਹੇਠ ਆਏ ਸਮਾਜ ਵਿੱਚ ਦਲੀਲ ਦੀ ਗੁੰਜ਼ਾਇਸ਼ ਘਟ ਜਾਂਦੀ ਹੈ। ਇਸ ਮਾਹੌਲ ਵਿੱਚ ਭਾਜਪਾ ਨੇ ਆਪਣੀ ਸਮਝ ਨੂੰ ਲਾਗੂ ਕਰਨ ਲਈ ਕਾਰਗਰ ਜੁਗਤ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਲਈ ਇਸ ਤੱਥ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਰਜ ਕੀਤੇ ਮਾਮਲਿਆਂ ਦਾ ਅਦਾਲਤ ਵਿੱਚ ਕੀ ਫ਼ੈਸਲਾ ਆਉਂਦਾ ਹੈ ਜਾਂ ਉਸ ਮਸਲੇ ਨਾਲ ਜੁੜੇ ਤੱਥ ਕੀ ਕਹਾਣੀ ਕਹਿੰਦੇ ਹਨ। ਉਨ੍ਹਾਂ ਲਈ ਇਹ ਮਾਅਨੇ ਰੱਖਦਾ ਹੈ ਕਿ ਵਿਦਿਅਕ ਅਦਾਰਿਆਂ ਦੇ ਸੁਆਲ ਕਰਨ ਵਾਲੇ ਖ਼ਾਸੇ ਖ਼ਿਲਾਫ਼ ਸ਼ਰਧਾਮਈ ਸ਼ਹਿਰੀਆਂ ਨੂੰ ਕਿਵੇਂ ਬੀੜਿਆ ਜਾ ਸਕਦਾ ਹੈ।

ਦਿੱਲੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਬਾਹਰ ਹਰ ਰੇਹੜੀ, ਫੜੀ ਅਤੇ ਠੇਲੇ ਵਾਲਾ, ਹਰ ਦੁਕਾਨਦਾਰ, ਕਾਰੋਬਾਰੀ ਅਤੇ ਟੈਕਸੀ/ਆਟੋ ਵਾਲਾ ਦੇਸ਼ ਧਰੋਹੀ ਅਤੇ ਅਤਿਵਾਦ ਵਰਗੇ ਸ਼ਬਦਾਂ ਦੀ ਬੋਲੀ ਸਮਝਦਾ ਹੈ। ਭਾਜਪਾ ਨੇ ਨਾਗਪੁਰ ਦੀ ਸਿੱਖਿਆ ਉੱਤੇ ਚਲਦੇ ਹੋਏ ਵਿਦਿਅਕ ਅਦਾਰਿਆਂ ਦੇ ਦਲੀਲ ਵਾਲੇ ਖ਼ਾਸੇ ਨੂੰ ਆਵਾਮ ਦੇ ਸ਼ਰਧਾ ਵਾਲੇ ਖ਼ਾਸੇ ਦੇ ਖ਼ਿਲਾਫ਼ ਬੀੜਿਆ ਹੈ। ਇਸ ਪਾਲਾਬੰਦੀ ਵਿੱਚ ਮੁਨਾਫ਼ਾਖ਼ੋਰ ਕਾਰਪੋਰੇਟ, ਸ਼ਰਧਾ ਦਾ ਕਾਰੋਬਾਰ ਅਤੇ ਫ਼ੌਜ-ਪੁਲਿਸ ਨੂੰ ਸਮਾਜਿਕ ਇਨਸਾਫ਼ ਅਤੇ ਵਿਗਿਆਨਕ ਸੋਚ ਦੇ ਖ਼ਿਲਾਫ਼ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਲਾਮਬੰਦੀ ਦਾ ਸਾਜ਼ਗਾਰ ਮਾਹੌਲ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਆਖ਼ਰ ਆਵਾਮ ਨੂੰ ਵਿਦਿਅਕ ਅਦਾਰਿਆਂ ਤੋਂ ਬਾਹਰ ਰੱਖ ਕੇ ਹੀ ਤਾਂ ਵਿਦਿਅਕ ਅਦਾਰਿਆਂ ਨੂੰ ‘ਪਰਾਏ’ ਕਰਾਰ ਦਿੱਤਾ ਜਾ ਸਕਿਆ ਹੈ। ਵਿਦਿਅਕ ਅਦਾਰਿਆਂ ਤੋਂ ਬਾਹਰ ਰੱਖਣ ਦੇ ਨਾਲ-ਨਾਲ ਵਿਦਿਆ ਦੇ ਮਿਆਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਸ ਨੇ ਅੱਧਪੜ੍ਹ ਲੋਕਾਈ ਨੂੰ ਹਊਮੈਂ ਨਾਲ ਨਿਵਾਜਿਆ ਹੈ। ਇਸ ਅੱਧਪੜ੍ਹਤਾ ਨਾਲ ਸ਼ਰਧਾ ਦਾ ਜ਼ਿਆਦਾ ਪਸਾਰਾ ਹੋ ਸਕਦਾ ਹੈ। ਇਨ੍ਹਾਂ ਹਾਲਾਤ ਵਿੱਚ ਵਿਦਿਅਕ ਅਦਾਰਿਆਂ ਦੀ ਲੜਾਈ ਵਿਦਿਅਕ ਅਦਾਰਿਆਂ ਵਿੱਚੋਂ ਕਾਮਯਾਬੀ ਨਾਲ ਨਹੀਂ ਲੜੀ ਜਾ ਸਕਦੀ। ਜੇ ਵਿਦਿਅਕ ਅਦਾਰੇ ਆਪਣੀ ਵਿਦਿਆ ਸਮੇਤ ਆਵਾਮ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਤਾਂ ਸ਼ਰਧਾ ਅਤੇ ਬ੍ਰਾਹਮਣਵਾਦੀ ਦੇਸ਼ ਭਗਤੀ ਦੇ ਹੱਲੇ ਖ਼ਿਲਾਫ਼ ਟਿਕਿਆ ਜਾ ਸਕਦਾ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 1 ਅਪਰੈਲ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s