ਸੁਆਲ-ਸੰਵਾਦ: ਰਾਮਦੇਵ ਦਾ ਪਤਾਂਜਲੀ ਯੋਗ ਅਤੇ ਦੇਸ਼-ਭਗਤੀ ਦਾ ਪਸ਼ੂਬਲ

nit-srinagar-students-image-975-568ਦਲਜੀਤ ਅਮੀ
ਟੀ-ਟਵੰਟੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਨੇ ਇੰਡੀਆ ਦੀ ਕ੍ਰਿਕਟ ਟੀਮ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸ ਖੇਡ ਮੁਕਾਬਲੇ ਵਿੱਚੋਂ ਉਪਜੇ ਜਸ਼ਨ ਅਤੇ ਅਫ਼ਸੋਸ ਦਾ ਮੁਕਾਬਲਾ ਨੈਸ਼ਨਲ ਇੰਸਟੀਟਿਉਟ ਆਫ਼ ਟੈਕਨੋਲੋਜੀ ਸ਼੍ਰੀਨਗਰ ਵਿੱਚ ਖੇਡਿਆ ਗਿਆ। ਦੂਜੇ ਮੁਕਾਬਲੇ ਦੇ ਖਿਡਾਰੀ ਅਤੇ ਦਰਸ਼ਕ ਕਿਸੇ ਖੇਡ ਨੇਮ ਨਾਲ ਨਹੀਂ ਸਗੋਂ ਖੇਡ-ਵਿਰੋਧੀ ਰਾਸ਼ਟਰਵਾਦੀ ਖ਼ਾਸੇ ਨਾਲ ਬੱਝੇ ਹੋਏ ਹਨ। ਕ੍ਰਿਕਟ ਨੂੰ ਭਾਰਤ ਵਿੱਚ ਰਾਸ਼ਟਰੀ ਧਰਮ ਕਿਹਾ ਜਾਂਦਾ ਹੈ। ਇੱਕ ਖੇਡ ਦਾ ਧਰਮ ਹੋ ਜਾਣਾ ਆਪਣੇ-ਆਪ ਵਿੱਚ ਆਪਾ-ਵਿਰੋਧੀ ਮਸਲਾ ਹੈ। ਖੇਡ ਦਾ ਖ਼ਾਸਾ ਬੰਦੇ ਦਾ ਬਾਹਰਮੁਖੀ ਵਿਕਾਸ ਹੈ ਅਤੇ ਧਰਮ ਦਾ ਖ਼ਾਸਾ ਅੰਦਰਮੁਖੀ ਸ਼ਰਧਾ ਉੱਤੇ ਟਿਕਿਆ ਹੋਇਆ ਹੈ ਜੋ ਬਾਹਰਮੁਖੀ ਹੁੰਦੀ ਸਾਰ ਹਮਲਾਵਰ ਹੋ ਜਾਂਦੀ ਹੈ। ਖੇਡ ਮਨੁੱਖ ਨੂੰ ਬਰਾਬਰੀ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਖੁੱਲ੍ਹਨਜ਼ਰੀ ਦਾ ਪਸਾਰਾ ਕਰਦੀ ਹੈ ਪਰ ਧਰਮ ਆਪੋ-ਆਪਣੇ ਪੈਰੋਕਾਰਾਂ ਨੂੰ ਸਰਵਉੱਤਮ ਕਰਾਰ ਦਿੰਦੇ ਹੋਏ ਆਪਣੇ-ਪਰਾਏ ਵਿੱਚ ਨਿਖੇੜਾ ਕਰਨਾ ਸਿਖਾਉਂਦਾ ਹੈ। ਮੌਜੂਦਾ ਦੌਰ ਵਿੱਚ ਖੇਡ ਪ੍ਰਬੰਧ ਮੁਨਾਫ਼ਾਖ਼ੋਰੀ ਅਤੇ ਧਰਮ ਕੱਟੜਵਾਦੀ ਰਾਸ਼ਟਰਵਾਦ ਨਾਲ ਜੋਟੀ ਪਾ ਚੁੱਕਿਆ ਹੈ।
ਆਧੁਨਿਕ ਖੇਡ ਮੁਕਾਬਲਿਆਂ ਦੀ ਅਹਿਮੀਅਤ ਹੀ ਕੱਟੜਵਾਦੀ ਦੇਸ਼-ਭਗਤੀ ਨੂੰ ਠੰਢਾ ਕਰਨ ਵਿੱਚ ਨਿਹਿਤ ਹੈ। ਇਹ ਵੱਖਰੀ ਗੱਲ ਹੈ ਕਿ ਖੇਡ ਮੁਕਾਬਲੇ ਦੇਸ਼ ਭਗਤੀ ਦੀ ਕੱਟੜਤਾ ਦਾ ਮੁਜ਼ਾਹਰਾ ਬਣ ਰਹੇ ਹਨ। ਕੌਮਾਂਤਰੀ ਖੇਡ ਪ੍ਰੰਬਧਕਾਂ ਅਤੇ ਖੇਡ ਪ੍ਰਬੰਧਕੀ ਅਦਾਰਿਆਂ ਦੀ ਸਾਖ਼ ਕਈ ਮੁਲਕਾਂ ਦੀਆਂ ਸਰਕਾਰਾਂ ਤੋਂ ਵੱਡੀ ਹੋ ਗਈ ਹੈ। ਇਨ੍ਹਾਂ ਖੇਡ ਮੁਕਾਬਲਿਆਂ ਰਾਹੀਂ ਬਹੁਤ ਸਾਰੀ ਸਿਆਸੀ-ਵਿੱਤੀ ਸੌਦੇਬਾਜ਼ੀ ਹੁੰਦੀ ਹੈ। ਗ਼ਰੀਬ ਮੁਲਕਾਂ ਵਿੱਚ ਅਮੀਰ ਮੁਲਕਾਂ ਨਾਲੋਂ ਬਿਹਤਰ ਖੇਡ-ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਕਰਜ਼ਾ ਅਤੇ ਹਰ ਤਰ੍ਹਾਂ ਦਾ ਬੋਝ ਆਵਾਮ ਉੱਤੇ ਪੈਂਦਾ ਹੈ ਅਤੇ ਕਾਰਪੋਰੇਟ ਵੱਡੀਆਂ ਕਮਾਈਆਂ ਕਰਦੇ ਹਨ। ਇਸ ਵੇਲੇ ਮਹਾਰਾਸ਼ਟਰ, ਕਰਨਾਟਕ, ਉਡੀਸਾ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਿਆਨਕ ਸੋਕਾ ਪਿਆ ਹੋਇਆ ਹੈ ਪਰ ਹਰੇ ਘਾਹ ਉੱਤੇ ਇੰਡੀਅਨ ਪ੍ਰੀਮੀਅਰ ਲੀਗ ਖੇਡੀ ਜਾ ਰਹੀ ਹੈ। ਇੱਕ ਪਾਸੇ ਲੋਕ ਅਤੇ ਪਸ਼ੂ-ਪੰਛੀ ਪਾਣੀ ਦੀ ਥੁੜ੍ਹ ਕਾਰਨ ਹਿਜਰਤ ਕਰਨ ਲਈ ਮਜਬੂਰ ਹਨ ਅਤੇ ਦੂਜੇ ਪਾਸੇ ਇੰਡੀਅਨ ਪ੍ਰੀਮੀਅਰ ਲੀਗ ਲਈ ਪਾਣੀ ਦੀ ਕੋਈ ਕਮੀ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ ਕੰਪਨੀਆਂ ਦਾ ਖੇਡ ਮੁਕਾਬਲਾ ਹੈ ਜਿਸ ਉੱਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਬੇਇੰਤਹਾ ਖ਼ਰਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਬੰਦੋਬਸਤ ਸ਼੍ਰੀ ਸ਼੍ਰੀ ਰਵੀ ਸ਼ੰਕਰ, ਗੁਰਮੀਤ ਰਾਮ ਰਹੀਮ, ਰਾਮਦੇਵ ਅਤੇ ਆਸਾਰਾਮ ਵਰਗਿਆਂ ਦੇ ਸਮਾਗਮਾਂ ਮੌਕੇ ਵੀ ਕੀਤੇ ਜਾਂਦੇ ਹਨ। ਪਾਣੀ ਦੀ ਬੇਇੰਤਹਾ ਵਰਤੋਂ ਕਰਨ ਵਾਲੀਆਂ ਕਾਰਪੋਰੇਟ ਕੰਪਨੀਆਂ ਕਿੱਲਤ ਮਾਰੇ ਇਲਾਕਿਆਂ ਵਿੱਚ ਸੋਕਾ ਪਾਉਣ ਕਾਰਨ ਲਗਾਤਾਰ ਆਵਾਮੀ ਰੋਹ ਦਾ ਸ਼ਿਕਾਰ ਰਹੀਆਂ ਹਨ।
ਇਸ ਸਮੁੱਚੇ ਗੱਠਜੋੜ ਨੂੰ ਸ਼੍ਰੀਨਗਰ ਦੇ ਨੈਸ਼ਨਲ ਇੰਸਟੀਟਿਉੂਟ ਆਫ਼ ਟੈਕਨੋਲੋਜੀ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ। ਮੁਕਾਮੀ ਵਿਦਿਆਰਥੀਆਂ ਨੇ ਇੰਡੀਅਨ ਕ੍ਰਿਕਟ ਟੀਮ ਦੀ ਹਾਰ ਉੱਤੇ ਖ਼ੁਸ਼ੀ ਮਨਾਈ ਅਤੇ ਦੂਜੇ ਪਾਸਿਓਂ ਗ਼ੈਰ-ਕਸ਼ਮੀਰੀ ਵਿਦਿਆਰਥੀਆਂ ਨੇ ਇਤਰਾਜ਼ ਕੀਤਾ। ਇਸ ਟਕਰਾਅ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋਏ। ਦੂਜੇ ਦਿਨ ਗ਼ੈਰ-ਕਸ਼ਮੀਰੀ ਵਿਦਿਆਰਥੀਆਂ ਨੇ ਅਦਾਰੇ ਵਿੱਚ ਤਿਰੰਗਾ ਝੰਡਾ ਫਹਿਰਾ ਕੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ‘ਹਿੰਦੋਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਵਾਲੇ ਵਿਦਿਆਰਥੀਆਂ ਦੇ ਪੱਖ ਵਿੱਚ ਭਾਜਪਾ ਦੇ ਮੈਂਬਰ ਪਾਰਲੀਮੈਂਟ ਤਰੁਨ ਵਿਜੇ ਦਾ ਬਿਆਨ ਆਇਆ ਕਿ ਦੇਸ਼-ਭਗਤ ਵਿਦਿਆਰਥੀ ਨੇ ਤਿਰੰਗਾ ਲਹਿਰਾ ਕੇ ਦੇਸ਼ ਧਰੋਹੀਆਂ ਨੂੰ ਚੰਗਾ ਸਬਕ ਸਿਖਾਇਆ ਹੈ।
ਕਸ਼ਮੀਰ ਵਿੱਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਮੁਕਾਮੀ ਵਸੋਂ ਲਈ ਭਾਰਤ ਖ਼ਿਲਾਫ਼ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦਾ ਮੌਕਾ ਬਣਦਾ ਹੈ। ਜੇ ਕਸ਼ਮੀਰੀ ਲੱਕੜੀ ਦੇ ਬਣੇ ਬੱਲਿਆਂ ਦੇ ਇਸ਼ਤਿਹਾਰ ਦੇਖੇ ਜਾਣ ਤਾਂ ਕਸ਼ਮੀਰ ਦੀਆਂ ਸੜਕਾਂ ਉੱਤੇ ਇੰਡੀਆ ਅਤੇ ਪਾਕਿਸਤਾਨ ਦੇ ਖਿਡਾਰੀਆਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ। ਭਾਰਤੀ ਖਿਡਾਰੀ ਉਨ੍ਹਾਂ ਦੇ ਵਪਾਰ ਅਤੇ ਪਾਕਿਸਤਾਨੀ ਖਿਡਾਰੀ ਉਨ੍ਹਾਂ ਦੇ ਜਜ਼ਬਾਤ ਦੇ ਦੂਤ ਬਣਦੇ ਹਨ। ਜੇ ਇਸ ਸਿਆਸੀ ਮਾਹੌਲ ਨੂੰ ਦੂਰੋਂ ਸਮਝਣ ਦਾ ਉਪਰਾਲਾ ਕੀਤਾ ਜਾਵੇ ਤਾਂ ਖੇਡ ਪ੍ਰੇਮੀ ਆਪਣੀ ਪਸੰਦ ਮੁਤਾਬਕ ਆਪਣੀ ਟੀਮ ਜਾਂ ਖਿਡਾਰੀ ਦੀ ਹੌਸਲਾ-ਅਫ਼ਜਾਈ ਕਰਦੇ ਹਨ। ਖੇਡ ਦਾ ਮਤਲਬ ਹੀ ਖੇਡ ਹੈ ਅਤੇ ਤਵੱਕੋ ਕੀਤੀ ਜਾਂਦੀ ਹੈ ਕਿ ਚੰਗੀ ਖੇਡ ਦੀ ਸਿਫ਼ਤ ਕੀਤੀ ਜਾਵੇ। ਜੇ ਅਜਿਹਾ ਨਾ ਹੋਵੇ ਤਾਂ ਦੱਖਣੀ ਏਸ਼ੀਆ ਵਿੱਚ ਫੁੱਟਬਾਲ ਦੀਆਂ ਇੰਗਲਿਸ਼, ਸਪੈਨਿਸ਼, ਜਰਮਨ, ਇਟਾਲੀਅਨ ਲੀਗਾਂ ਅਤੇ ਪ੍ਰੀਮੀਅਰ ਚੈਂਪੀਅਨਸ਼ਿਪ ਦਾ ਪ੍ਰਸਾਰਨ ਕਿਉਂ ਕੀਤਾ ਜਾਵੇ? ਇਸੇ ਤਰ੍ਹਾਂ ਅਮਰੀਕਾ ਦੀ ਬਾਸਕਟਬਾਲ ਅਤੇ ਬੇਸਬਾਲ ਜਾਂ ਕੌਮਾਂਤਰੀ ਪੇਸ਼ੇਵਰ ਮੁੱਕੇਬਾਜ਼ੀ ਨਾਲ ਦੱਖਣੀ ਏਸ਼ੀਆਈ ਦਰਸ਼ਕਾਂ ਦਾ ਕੀ ਰਿਸ਼ਤਾ ਬਣਦਾ ਹੈ?
ਜਦੋਂ ਭਾਰਤ-ਪਾਕਿਸਤਾਨ ਵਿਚਕਾਰ ਖੇਡ ਮੁਕਾਬਲਿਆਂ ਦਾ ਸੁਆਲ ਆਉਂਦਾ ਹੈ ਤਾਂ ਮੈਦਾਨ ਤੋਂ ਬਾਹਰ ਖੇਡ-ਭਾਵਨਾ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਦੋਵਾਂ ਮੁਲਕਾਂ ਵਿੱਚੋਂ ਕਦੇ ਇਹ ਬਿਆਨ ਨਹੀਂ ਆਉਂਦਾ ਕਿ ਖੇਡ-ਖੇਡ ਹੈ ਅਤੇ ਇਸ ਦਾ ਆਨੰਦ ਮਾਣੋ। ਇਸ ਦੇ ਉਲਟ ਖੇਡਾਂ ਦਾ ਹੋਣਾ ਹੀ ਸਿਆਸੀ ਫ਼ੈਸਲਾ ਹੁੰਦਾ ਹੈ ਜਿਸ ਉੱਤੇ ਕਾਰਪੋਰੇਟ ਤੋਂ ਜ਼ਿਆਦਾ ਕੋਈ ਅਸਰਅੰਦਾਜ਼ ਨਹੀਂ ਹੁੰਦਾ। ਸ਼੍ਰੀਨਗਰ ਦੇ ਮਾਮਲੇ ਵਿੱਚ ਭਾਜਪਾ ਦੇ ਹੱਥ ਕੁਝ ਬੰਨ੍ਹੇ ਹੋਏ ਸਨ ਕਿਉਂਕਿ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਦੀ ਪੀ.ਡੀ.ਪੀ. ਨਾਲ ਸਾਂਝੀ ਸਰਕਾਰ ਹੈ। ਇਸ ਕਾਰਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਮਾਮਲੇ ਵਿੱਚ ਦੇਸ਼-ਧਰੋਹੀ ਅਤੇ ਅਤਿਵਾਦ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਮੰਤਰੀਆਂ ਅਤੇ ਆਗੂਆਂ ਨੇ ਪਾਸਾ ਵੱਟ ਲਿਆ ਪਰ ਦੂਜੇ ਦਰਜੇ ਦੇ ਆਗੂਆਂ ਅਤੇ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ।

ਭਗਤ ਸਿੰਘ ਕ੍ਰਾਂਤੀ ਸੈਨਾ ਦੇ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੇ ਵੱਖ-ਵੱਖ ਅਦਾਰਿਆਂ ਦੇ ਸੌ ਵਿਦਿਆਰਥੀਆਂ ਨਾਲ ਗੁਰਦੁਆਰਾ ਰਕਾਬ ਗੰਜ ਤੋਂ ਗਰੁੱਪ ਆਫ਼ ਸਿਟੀਜ਼ਨਜ਼ ਦੇ ਨਾਮ ਉੱਤੇ ਸ਼੍ਰੀਨਗਰ ਨੂੰ ਤਿਰੰਗਾ ਯਾਤਰਾ ਸ਼ੁਰੂ ਕਰ ਦਿੱਤੀ। ਇਸ ਯਾਤਰਾ ਨੂੰ ਲਖਣਪੁਰ ਵਿੱਚ ਰੋਕਿਆ ਗਿਆ ਪਰ ਤੇਜਿੰਦਰਪਾਲ ਸਿੰਘ ਬੱਗਾ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ। ਤੇਜਿੰਦਰਪਾਲ ਆਪਣੀ ਜਥੇਬੰਦੀ ਭਗਤ ਸਿੰਘ ਕ੍ਰਾਂਤੀ ਸੈਨਾ ਸਮੇਤ ਕਸ਼ਮੀਰ ਦੇ ਹਵਾਲੇ ਨਾਲ ਚਰਚਾ ਵਿੱਚ ਰਿਹਾ ਹੈ। ਇਸ ਨੇ ਵਕੀਲ ਪ੍ਰਸ਼ਾਂਤ ਭੂਸ਼ਨ, ਸਈਅਦ ਅਲੀ ਸ਼ਾਹ ਗ਼ਿਲਾਨੀ, ਮੀਰਵਾਇਜ਼, ਉਮਰ ਫਾਰੂਕੀ ਅਤੇ ਅਰੁਨਧਿਤੀ ਰਾਏ ਉੱਤੇ ਹਮਲੇ ਕੀਤੇ ਹਨ। ਉਸ ਵੇਲੇ ਇਸ ਨੇ ਭਾਜਪਾ ਤੋਂ ਨਿਖੇੜਾ ਕੀਤਾ ਸੀ ਪਰ ਦਰਅਸਲ ਇਹ ਮੋਦੀਵਾਦ ਦੇ ਪਸਾਰੇ ਲਈ ਟੀ-ਸ਼ਰਟ, ਕੌਮਿਕਸ ਅਤੇ ਗੇਮਸ ਬਣਾਉਂਦਾ/ਵੇਚਦਾ ਹੈ। ਇਸ ਦੀ ਰਾਮਦੇਵ, ਅੱਨਾ ਹਜ਼ਾਰੇ ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਨੇੜਤਾ ਦੀਆਂ ਤਸਵੀਰਾਂ ਇੰਟਰਨੈੱਟ ਉੱਤੇ ਘੁੰਮਦੀਆਂ ਰਹੀਆਂ ਹਨ। ਸੁਆਲ ਸਿਰਫ਼ ਤੇਜਿੰਦਰਪਾਲ ਬੱਗਾ ਦੀ ਸਿਆਸਤ ਦਾ ਨਹੀਂ ਹੈ ਸਗੋਂ ਇਸ ਦੇ ਭਾਜਪਾ ਅਤੇ ਮੁਲਕ ਵਿੱਚ ਪਸਰੇ ਸ਼ਰਧਾ ਦੇ ਕਾਰੋਬਾਰ ਨਾਲ ਰਿਸ਼ਤੇ ਦਾ ਹੈ।

ਇੱਕ ਪਾਸੇ ਰਾਮਦੇਵ ਸ਼ਰੇਆਮ ਧਮਕੀ ਦਿੰਦਾ ਹੈ ਕਿ ਜੇ ਕਾਨੂੰਨ ਦੀ ਪਾਬੰਦੀ ਨਾ ਹੋਵੇ ਤਾਂ ਉਹ ਭਾਰਤ ਮਾਤਾ ਦਾ ਅਪਮਾਨ ਕਰਨ ਕਰਨ ਵਾਲਿਆਂ ਦੇ ਲੱਖਾਂ ਸਿਰ ਕਲਮ ਕਰ ਸਕਦੇ ਹਨ। ਸ਼੍ਰੀ ਸ਼੍ਰੀ ਰਵੀ ਸ਼ੰਕਰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਵਕਾਲਤ ਕਰਦੇ ਹਨ ਕਿ ਇਹ ਨਕਸਲੀ ਪੈਦਾ ਕਰਦੇ ਹਨ। ਇਹ ਤਿੰਨੇ ਨਰਿੰਦਰ ਮੋਦੀ ਦੇ ਪੱਕੇ ਭਗਤ ਹਨ ਅਤੇ ਉਨ੍ਹਾਂ ਉੱਤੇ ਕੋਈ ਸੁਆਲ ਨਹੀਂ ਸੁਣ ਸਕਦੇ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਰਚੇ ਪੰਚਜੰਨਿਆ ਦੇ ਦਹਾਕਿਆਂ ਬੱਧੀ ਸੰਪਾਦਕ ਰਹੇ ਤਰੁਨ ਵਿਜੇ ਦੀ ਬੋਲੀ ਇਨ੍ਹਾਂ ਨਾਲ ਮਿਲਦੀ ਹੈ। ਇਸ ਗੱਠਜੋੜ ਦੀਆਂ ਅਗਲੀਆਂ-ਪਿਛਲੀਆਂ ਸੰਗਲੀਆਂ ਭਾਜਪਾ-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮੁੱਚੇ ਲਾਣੇ ਨਾਲ ਮਿਲਦੀਆਂ ਹਨ। ਇਹ ਲਾਣਾ ਹਰ ਮਸਲੇ ਵਿੱਚ ਤਿਰੰਗਾ, ਦੇਸ਼-ਭਗਤੀ, ਭਾਰਤ ਮਾਤਾ ਅਤੇ ਧਰਮ ਦੀ ਰਾਖੀ ਨੂੰ ਲੈ ਆਉਂਦਾ ਹੈ। ਇਸ ਦੇ ਨਾਲ ਹੀ ਦੂਜੀ ਧਿਰ ਨੂੰ ਦੇਸ਼-ਧਰੋਹੀ, ਅਤਿਵਾਦੀ, ਵੱਖਵਾਦੀ, ਜੱਹਾਦੀ, ਨਕਸਲਵਾਦੀ ਅਤੇ ਮਾਓਵਾਦੀ ਕਰਾਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਲੱਖਾਂ ਸਿਰ ਤਾਂ ਸਿਰਫ਼ ਕਾਨੂੰਨ ਕਾਰਨ ਕਲਮ ਹੋਣ ਤੋਂ ਬਚ ਜਾਂਦੇ ਹਨ। ਇਸੇ ਕਾਨੂੰਨ ਦੇ ਹਵਾਲੇ ਨਾਲ ਤਾਂ ਤਰੁਨ ਵਿਜੇ ਨੇ ਦਾਦਰੀ ਵਿੱਚ ਇਖ਼ਲਾਕ ਦੇ ਕਤਲ ਤੋਂ ਬਾਅਦ ਲਿਖਿਆ ਸੀ ਕਿ ਮਹਿਜ ਗਾਂ-ਮਾਸ ਦਾ ਸ਼ੱਕ ਹੋਣ ਕਾਰਨ ਕਿਸੇ ਦਾ ਕਤਲ ਗ਼ਲਤ ਹੈ। ਮਤਲਬ ਸਾਫ਼ ਹੈ ਕਿ ਜੇ ਗਾਂ-ਮਾਸ ਹੋਵੇ ਤਾਂ ਕਤਲ ਜਾਇਜ਼ ਹੈ ਅਤੇ ਕੋਈ ਕਾਨੂੰਨ ਮਾਅਨੇ ਨਹੀਂ ਰੱਖਦਾ। ਜਦੋਂ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਉੱਤੇ ਹਮਲੇ ਹੁੰਦੇ ਹਨ ਤਾਂ ਇਹ ਸਮੁੱਚਾ ਲਾਣਾ ਚੁੱਪ ਰਹਿੰਦਾ ਹੈ।
ਸ਼੍ਰੀਨਗਰ ਦੇ ਨੈਸ਼ਨਲ ਇੰਸਟੀਟਿਉਟ ਆਫ਼ ਟੈਕਨੋਲੋਜੀ ਵਿੱਚ ਗ਼ੈਰ-ਕਸ਼ਮੀਰੀ ਵਿਦਿਆਰਥੀ ਆਪਣੀ ਸੁਰੱਖਿਆ ਲਈ ਖ਼ਤਰਾ ਮਹਿਸੂਸ ਕਰਦੇ ਹਨ। ਇਹ ਖ਼ਬਰਾਂ ਅਖ਼ਬਾਰਾਂ ਵਿੱਚ ਨਸ਼ਰ ਹੋਈਆਂ ਹਨ। ਭਾਜਪਾ ਪਹਿਲਾਂ ਹੀ ਸਾਰੇ ਵਿਦਿਅਕ ਅਦਾਰਿਆਂ ਨੂੰ ਥਾਣੇ ਜਾਂ ਛਾਉਣੀਆਂ ਬਣਾ ਦੇਣਾ ਚਾਹੁੰਦੀ ਹੈ। ਗ਼ੈਰ-ਕਸ਼ਮੀਰੀਆਂ ਦੀਆਂ ਮੰਗੀਆਂ ਗਈਆਂ ਮੰਗਾਂ ਬਹੁਤ ਦਿਲਚਸਪ ਹਨ। ਉਨ੍ਹਾਂ ਦੀ ਇਹ ਮੰਗ ਮੰਨ ਲਈ ਗਈ ਹੈ ਕਿ ਕੁੜੀਆਂ ਆਪਣੇ ਹੋਸਟਲਾਂ ਤੋਂ ਬਿਨਾਂ ਇਜਾਜ਼ਤ ਬਾਹਰ ਜਾ ਸਕਣਗੀਆਂ ਅਤੇ ਬਾਹਰ ਰਹਿ ਸਕਣ ਵਾਲੇ ਸਮੇਂ ਵਿੱਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ। ਕੁੜੀਆਂ ਨੂੰ ਹੋਸਟਲਾਂ ਵਿੱਚ ਤਾੜਿਆ ਨਹੀਂ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਤੁਰਨ-ਫਿਰਨ ਦੀ ਆਜ਼ਾਦੀ ਵਿੱਚ ਕੋਈ ਖ਼ਲਲ ਨਹੀਂ ਹੋਣਾ ਚਾਹੀਦਾ ਪਰ ਸ਼੍ਰੀਨਗਰ ਦੇ ਹਵਾਲੇ ਨਾਲ ਇਸ ਦਾ ਅਰਥ ਕੁਝ ਹੋਰ ਬਣਦਾ ਹੈ। ਜੇ ਸੁਰੱਖਿਆ ਨੂੰ ਖ਼ਤਰਾ ਹੈ ਤਾਂ ਇੱਕ ਘੰਟਾ ਵਾਧੂ ਬਾਹਰ ਰਹਿਣ ਦੀ ਮੰਗ ਕਿੱਥੋਂ ਆਉਂਦੀ ਹੈ? ਇਸ ਦਾ ਮਤਲਬ ਸਾਫ਼ ਹੈ ਕਿ ਸੁਰੱਖਿਆ ਵਾਲੀ ਦਲੀਲ ਨਾਲ ਘਰਾਂ ਦੇ ਨੇੜਲੇ ਅਦਾਰਿਆਂ ਵਿੱਚ ਤਬਾਦਲੇ ਦੀ ਮੰਗ ਪੇਸ਼ ਹੋ ਸਕਦੀ ਹੈ। ਭਾਜਪਾ ਭਾਵੇਂ ਤਬਾਦਲੇ ਦੀ ਮੰਗ ਦੀ ਹਮਾਇਤ ਨਾ ਕਰੇ ਪਰ ਸੁਰੱਖਿਆ ਵਾਲੀ ਦਲੀਲ ਉਨ੍ਹਾਂ ਦੀ ਸਿਆਸਤ ਨੂੰ ਰਾਸ ਆਉਂਦੀ ਹੈ। ਦੂਜੀ ਮੰਗ ਇਹ ਮੰਨੀ ਗਈ ਹੈ ਕਿ ਹੋਸਟਲਾਂ ਵਿੱਚ ਸਾਰੇ ਤਿਉਹਾਰ ਮਨਾਉਣ ਦੀ ਇਜਾਜ਼ਤ ਹੋਵੇਗੀ। ਇਹ ਕਿਸੇ ਅਖ਼ਬਾਰ ਵਿੱਚ ਨਹੀਂ ਲਿਖਿਆ ਗਿਆ ਕਿ ਪਹਿਲਾਂ ਤਿਉਹਾਰ ਮਨਾਉਣ ਦੀ ਪਾਬੰਦੀ ਸੀ ਜਾਂ ਨਹੀਂ?
ਜੇ ਭਾਜਪਾ ਦੀ ਜੰਮੂ-ਕਸ਼ਮੀਰ ਵਿੱਚ ਸਰਕਾਰ ਨਾ ਹੁੰਦੀ ਤਾਂ ਇਸ ਦੀਆਂ ਜਥੇਬੰਦੀਆਂ ਨੇ ਇਸ ਨੂੰ ਬਹੁਤ ਵੱਡਾ ਮੁੱਦਾ ਬਣਾਉਣਾ ਸੀ। ਇਸ ਦਾ ਮਤਲਬ ਇਹ ਨਹੀਂ ਕਿ ਹੁਣ ਇਹ ਮੁੱਦਾ ਭਾਜਪਾ ਦੀ ਸਿਆਸਤ ਤੋਂ ਬਾਹਰ ਹੈ। ਇਹ ਬਿਲਕੁਲ ਭਾਜਪਾਈ ਸਿਆਸਤ ਦਾ ਹਿੱਸਾ ਹੈ। ਉਨ੍ਹਾਂ ਨੇ ਸਰਕਾਰ ਨਾ ਹੋਣ ਦੀ ਹਾਲਤ ਵਿੱਚ ਜੋ ਮੰਗ ਕਰਨੀ ਸੀ ਉਹ ਹੁਣ ਲਾਗੂ ਕਰ ਲਈ ਗਈ ਹੈ। ਵਿਦਿਅਕ ਅਦਾਰਿਆਂ ਨੂੰ ‘ਦੇਸ਼-ਭਗਤੀ’ ਦੇ ਇਜ਼ਹਾਰ ਤੱਕ ਮਹਿਦੂਦ ਕਰ ਕੇ ਛਾਉਣੀਆਂ ਜਾਂ ਥਾਣਿਆਂ ਵਿੱਚ ਤਬਦੀਲ ਕਰਨ ਦਾ ਕੀ ਮਤਲਬ ਹੈ? ਭਾਜਪਾ ਦੀ ਸਿਆਸਤ ਨੂੰ ਮੌਜੂਦਾ ਮਾਹੌਲ ਬਹੁਤ ਰਾਸ ਆਇਆ ਹੈ। ਨੌਜਵਾਨ ਤਬਕੇ ਦੀ ਬੇਚੈਨੀ ਨੂੰ ਹਮਲਾਵਰ ‘ਦੇਸ਼-ਭਗਤੀ’ ਅਤੇ ‘ਧਰਮ ਦੀ ਸੇਵਾ’ ਦਾ ਰਾਹ ਮਿਲ ਗਿਆ ਹੈ ਤਾਂ ਕਾਨੂੰਨ, ਇਖ਼ਲਾਕ, ਸਿਧਾਂਤ ਅਤੇ ਹਕੂਕ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ? ਇਸ ਦੌਰ ਵਿੱਚ ਮੁਲਕ ਦੇ ਗੁਰੂ ਦਰਅਸਲ ਰਾਮਦੇਵ ਹੀ ਹਨ ਜੋ ਪਤਾਂਜਲੀ ਦੇ ਮੰਤਰ ਨੂੰ ਯੋਗ-ਆਸਣਾਂ ਅਤੇ ਜੜੀਆਂ-ਬੂਟੀਆਂ ਵਜੋਂ ਵੇਚ ਰਹੇ ਹਨ। ਉਹ ਸਰੀਰ ਦੀ ਤੰਦਰੁਸਤੀ ਉੱਤੇ ਤਵੱਜੋ ਦਿੰਦੇ ਹਨ ਅਤੇ ਦਿਮਾਗ਼ ਦੀ ਥਾਂ ਪਸ਼ੂਬਲ ਦੀ ਵਰਤੋਂ ਦਾ ਪਾਠ ਪੜ੍ਹਾ ਰਹੇ ਹਨ। ਕੀ ਪਤਾਂਜਲੀ ਨੇ ਇਹ ਨਹੀਂ ਪੜ੍ਹਾਇਆ ਸੀ ਕਿ ਤੰਦਰੁਸਤ ਮਨੁੱਖ ਸੋਚ-ਵਿਚਾਰ ਨਾਲ ਫ਼ੈਸਲੇ ਲੈਣ ਦੇ ਸਮਰੱਥ ਹੁੰਦਾ ਹੈ? ਇਹ ਰਾਮਦੇਵ ਦਾ ਯੋਗਾ ਕੀ ਹੈ ਜੋ ਕਾਨੂੰਨ ਕਾਰਨ ਆਪਣੇ ਅੰਦਰਲੇ ਪਸ਼ੂ ਨੂੰ ਸੰਗਲ ਪਾਉਣ ਲਈ ਮਜਬੂਰ ਹੋਇਆ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 15 ਅਪਰੈਲ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s