ਸੁਆਲ-ਸੰਵਾਦ: ਹਿਰਸ, ਹਵਸ ਅਤੇ ਬਦਲਾਖ਼ੋਰੀ ਦਾ ਬੋਲਬਾਲਾ

2016_4largeimg06_wednesday_2016_005515705ਦਲਜੀਤ ਅਮੀ

ਸਿੱਪੀ ਸਿੱਧੂ ਚੰਡੀਗੜ੍ਹ ਵਿੱਚ ਵਕਾਲਤ ਕਰਦਾ ਸੀ ਅਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਾ ਨਿਸ਼ਾਨੇਬਾਜ਼ ਸੀ। ਦੁਰਗਾ ਪ੍ਰਸਾਦ ਗੁਪਤਾ ਸ਼ਿਵ ਸੈਨਾ ਦਾ ਆਗੂ ਸੀ। ਚੰਦ ਕੌਰ ਨਾਮਧਾਰੀ ਫਿਰਕੇ ਦੇ ਸਾਬਕਾ ਮੁਖੀ ਦੀ ਜੀਵਨ ਸਾਥੀ ਅਤੇ ਮੌਜੂਦਾ ਮੁਖੀ ਦੀ ਤਾਈ ਸੀ। ਰਵੀ ਖ਼ਵਾਜ਼ਕੇ ਆਪਣੇ ਪਿੰਡ ਦਾ ਸਰਪੰਚ ਸੀ। ਜਸਵੀਰ ਸਿੰਘ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸੀ। ਅੰਮ੍ਰਿਤਪਾਲ ਕੌਰ ਬੈਲਜ਼ੀਅਮ ਤੋਂ ਪੰਜਾਬ ਆਈ ਪਰਵਾਸੀ ਪੰਜਾਬਣ ਸੀ। ਮਹਿੰਦਰਜੀਤ ਸਿੰਘ ਤਕਰੀਬਨ ਪੰਦਰਾਂ ਸਾਲਾਂ ਤੋਂ ਅਮਰੀਕਾ ਵਿੱਚ ਰਹਿੰਦਾ ਸੀ ਅਤੇ ਜਾਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਇਆ ਸੀ। ਇਨ੍ਹਾਂ ਸਾਰਿਆਂ ਦਾ ਆਪਸ ਵਿੱਚ ਕੋਈ ਰਾਬਤਾ ਨਹੀਂ ਸੀ। ਇਹ ਫਹਿਰਿਸਤ ਹੋਰ ਲੰਮੀ ਹੋ ਸਕਦੀ ਹੈ। ਇਨ੍ਹਾਂ ਦੇ ਕਤਲਾਂ ਦਾ ਸਮਾਂ ਤਕਰੀਬਨ ਚਾਰ ਸਾਲਾਂ ਅਤੇ ਸਥਾਨ ਸਮੁੱਚਾ ਪੰਜਾਬ ਹੈ। ਇਨ੍ਹਾਂ ਵਿੱਚ ਤਕਰੀਬਨ ਹਰ ਉਮਰ ਅਤੇ ਤਬਕੇ ਦੇ ਲੋਕਾਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਦੇ ਕਤਲ ਹੋਏ ਹਨ। ਹਰ ਕਤਲ ਦੀ ਆਪਣੀ ਕਹਾਣੀ ਹੈ। ਪੁਲਿਸ ਦੀਆਂ ਮਿਸਲਾਂ ਵਿੱਚ ਇਨ੍ਹਾਂ ਕਤਲਾਂ ਨਾਲ ਜੁੜੀ ਪੇਚੀਦਗੀ ਦਰਜ ਹੈ। ਇਨ੍ਹਾਂ ਕਤਲਾਂ ਪਿੱਛੇ ਨਾਕਾਮਯਾਬ ਇਸ਼ਕ ਦੀਆਂ ਕਹਾਣੀਆਂ ਹਨ, ਜਾਇਦਾਦ, ਕਾਰੋਬਾਰ ਅਤੇ ਅਹੁਦਿਆਂ ਦੇ ਝਗੜੇ ਹਨ, ਸਿਆਸੀ ਸ਼ਰੀਕਾ ਹੈ, ਪਿਤਾਪੁਰਖੀ ਨਾਫ਼ਰਮਾਨੀ ਦੀ ਸਜ਼ਾ ਹੈ। ਸਮਾਜ ਸ਼ਾਸਤਰੀ ਜ਼ਿਆਦਾ ਮੁਸ਼ੱਕਤ ਕੀਤੇ ਵਗੈਰ ਇਨ੍ਹਾਂ ਕਤਲਾਂ ਦੀ ਜਾਤੀ ਅਤੇ ਜਮਾਤੀ ਪੜਚੋਲ ਕਰ ਸਕਦੇ ਹਨ। ਜਾਪਦਾ ਇਹੋ ਹੈ ਕਿ ਹਰ ਜਾਤ ਅਤੇ ਜਮਾਤ ਦੇ ਮਕਤੂਲ/ਮਕਤੂਲਾ ਦੀ ਸ਼ਨਾਖ਼ਤ ਕੀਤੀ ਜਾ ਸਕਦੀ ਹੈ।

ਇਹ ਸਾਰੇ ਕਤਲਾਂ ਦੇ ਮਾਮਲੇ ਹਮੇਸ਼ਾ ਇਕੱਲੇ-ਇਕੱਲੇ ਚਰਚਾ ਵਿੱਚ ਆਉਂਦੇ ਹਨ। ਜ਼ਿਆਦਾਤਰ ਚਰਚਾ ਕਤਲ ਦੇ ਕਾਰਨਾਂ ਅਤੇ ਕਰਵਾਉਣ ਵਾਲਿਆਂ/ਵਾਲੀਆਂ ਜਾਂ ਪੁਲਿਸ ਕਾਰਵਾਈ ਤੱਕ ਮਹਿਦੂਦ ਰਹਿੰਦੀ ਹੈ। ਇਸ ਚਰਚਾ ਦੀ ਆਪਣੀ ਅਹਿਮੀਅਤ ਹੈ। ਇਸ ਤੋਂ ਬਿਨਾਂ ਇਨਸਾਫ਼ ਦਾ ਤਕਾਜ਼ਾ ਪੂਰਾ ਨਹੀਂ ਹੁੰਦਾ  ਅਤੇ ਕਾਨੂੰਨੀ ਕਾਰਵਾਈ ਅੱਗੇ ਨਹੀਂ ਤੁਰਦੀ। ਜ਼ਿਆਦਾਤਰ ਮਾਮਲਿਆਂ ਵਿੱਚ ਕਾਤਲ ਅਣਪਛਾਤੇ ਨੌਜਵਾਨ ਮੁੰਡੇ ਹਨ। ਕਤਲ ਦੀ ਸਾਜ਼ਿਸ਼ ਕਰਨ ਦੇ ਨਾਲ-ਨਾਲ ਅੰਜ਼ਾਮ ਦੇਣ ਵਿੱਚ ਕੁੜੀਆਂ ਗ਼ੈਰ-ਹਾਜ਼ਰ ਨਹੀਂ ਹਨ। ਤਕਰੀਬਨ ਸਾਰੇ ਮਾਮਲਿਆਂ ਵਿੱਚ ਮਕਤੂਲ ਜਾਂ ਮਕਤੂਲਾ ਨੂੰ ਨੇੜਿਓਂ ਗੋਲੀ ਮਾਰੀ ਗਈ ਹੈ ਅਤੇ ਕਾਤਲ ਫਰਾਰ ਹੋਣ ਵਿੱਚ ਕਾਮਯਾਬ ਹੋਏ ਹਨ। ਜ਼ਿਆਦਾਤਰ ਕਤਲਾਂ ਵਿੱਚ ਕਾਤਲਾਂ ਨੇ ਸਾਹਮਣੇ ਤੋਂ ਜਾਂ ਵੱਖੀ ਤੋਂ ਸਿਰ ਅਤੇ ਛਾਤੀ ਵਿੱਚ ਗੋਲੀਆਂ ਮਾਰੀਆਂ ਹਨ। ਕੁਝ ਮਾਮਲਿਆਂ ਵਿੱਚ ਕਾਤਲਾਂ ਦੀ ਕਾਰਵਾਈ ਜਾਂ ਸ਼ਨਾਖ਼ਤ ਕੈਮਰਿਆਂ ਵਿੱਚ ਦਰਜ ਹੋਈ ਹੈ। ਇਨ੍ਹਾਂ ਦੀ ਘਾਤਕ ਮਾਰ ਦਾ ਅੰਦਾਜ਼ਾ ਪੋਸਟਮਾਰਟਮ ਰਪਟਾਂ ਤੋਂ ਹੁੰਦਾ ਹੈ। ਜਿੱਥੇ ਸਿਰ ਜਾਂ ਹਿੱਕ ਵਿੱਚ ਇੱਕ ਜਾਂ ਦੋ ਗੋਲੀਆਂ ਮਾਰੀਆਂ ਗਈਆਂ ਹਨ, ਉੱਥੇ ਕਈ ਲਾਸ਼ਾਂ ਵਿੱਚ ਅੱਧੀ ਦਰਜਣ ਤੋਂ ਵੱਧ ਗੋਲੀਆਂ ਲੱਕ ਤੋਂ ਉਪਰਲੇ ਹਿੱਸੇ ਵਿੱਚੋਂ ਕੱਢੀਆਂ ਗਈਆਂ ਹਨ। ਕਈ ਮਾਮਲਿਆਂ ਵਿੱਚ ਕਾਤਲ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਦਰਜ ਹੋਏ ਹਨ। ਪੁਲਿਸ ਨੇ ਕਈ ਕਾਤਲਾਂ ਦੇ ਹੁਲੀਏ ਨਸ਼ਰ ਕੀਤੇ ਹਨ। ਜ਼ਿਆਦਾਤਰ ਕਾਤਲ ਵੀਹ ਤੋਂ ਤੀਹ ਸਾਲ ਦੇ ਸਿਹਤਮੰਦ ਮੁੰਡੇ ਹਨ ਜਿਨ੍ਹਾਂ ਦੀ ਫੁਰਤੀ ਅਤੇ ਬੇਕਿਰਕੀ ਕੈਮਰਿਆਂ ਤੋਂ ਲੈ ਕੇ ਪੁਲਿਸ ਦੀ ਮਿਸਲਾਂ ਵਿੱਚ ਦਰਜ ਹੈ। ਪੁਲਿਸ ਦੀਆਂ ਮਿਸਲਾਂ ਵਿੱਚ ਇਨ੍ਹਾਂ ਦੇ ਮਾਰੂ ਹਥਿਆਰਾਂ ਦੀਆਂ ਤਫ਼ਸੀਲਾਂ ਦਰਜ ਹਨ।

ਇਨ੍ਹਾਂ ਕਤਲਾਂ ਦੀਆਂ ਕਹਾਣੀਆਂ ਵਿੱਚ ਭਾਵੇਂ ਜਿੰਨੀ ਵੰਨ-ਸਵੰਨਤਾ ਹੋਵੇ ਪਰ ਕਾਤਲਾਂ ਅਤੇ ਕਤਲ ਦੇ ਤਰੀਕਿਆਂ ਵਿੱਚ ਕਈ ਤੰਦਾਂ ਸਾਂਝੀਆਂ ਹਨ। ਇਨ੍ਹਾਂ ਕਤਲਾਂ ਦੀ ਗੁੱਥੀ ਸੁਲਝਾਉਣ ਲਈ ਹਰ ਕਹਾਣੀ ਦੀ ਅਹਿਮੀਅਤ ਹੈ। ਇਹ ਸਾਰੇ ਕਤਲ ਪੰਜਾਬ ਦੀ ਧਰਤੀ ਉੱਤੇ ਹੋਏ ਹਨ ਅਤੇ ਕਤਲ ਪੰਜਾਬੀਆਂ ਦੇ ਹੋਏ ਹਨ। ਇਸ ਲਈ ਪੰਜਾਬ ਵਿੱਚ ਇਨ੍ਹਾਂ ਕਤਲਾਂ ਨੂੰ ਇੱਕ ਰੁਝਾਨ ਦੀ ਕੜੀ ਵਜੋਂ ਵੀ ਵੇਖਿਆ ਜਾਣਾ ਬਣਦਾ ਹੈ। ਉਂਝ ਇਹ ਰੁਝਾਨ ਸਿਰਫ਼ ਪੰਜਾਬ ਦੀ ਧਰਤੀ ਜਾਂ ਪੰਜਾਬੀਆਂ ਤੱਕ ਮਹਿਦੂਦ ਨਹੀਂ ਹੈ। ਇਸ ਲੇਖ ਦਾ ਬੁਨਿਆਦੀ ਸੁਆਲ ਪੂਰਬੀ ਪੰਜਾਬ ਦੀ ਧਰਤੀ ਤੱਕ ਮਹਿਦੂਦ ਹੈ। ਇਸ ਰੁਝਾਨ ਦੀ ਪੜਚੋਲ ਵਿੱਚ ਦੋ ਸੁਆਲ ਅਹਿਮ ਹਨ। ਇਹ ਮੁੰਡੇ ਕੌਣ ਹਨ ਜੋ ਬੇਕਿਰਕੀ ਨਾਲ ਕਤਲ ਕਰਦੇ ਹਨ? ਇਨ੍ਹਾਂ ਦੇ ਹੱਥਾਂ ਵਿੱਚ ਅਸਲਾ ਕਿੱਥੋਂ ਆਇਆ ਹੈ?

ਪਿਛਲੇ ਦਿਨਾਂ ਦੌਰਾਨ ਅਖ਼ਬਾਰਾਂ ਵਿੱਚ ਪੰਜਾਬ ਦੇ ਲਾਇਸੰਸੀ ਹਥਿਆਰਾਂ ਦੀਆਂ ਤਫ਼ਸੀਲਾਂ ਛਪੀਆਂ ਸਨ। ਪੰਜਾਬ ਵਿੱਚ ਹਥਿਆਰਾਂ ਦੀ ਵਧ ਰਹੀ ਗਿਣਤੀ ਉੱਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ। ਕਤਲਾਂ ਦਾ ਚਰਚਾ ਵਿੱਚ ਆਇਆ ਰੁਝਾਨ ਲਾਇਸੰਸੀ ਹਥਿਆਰਾਂ ਉੱਤੇ ਟੇਕ ਨਹੀਂ ਰੱਖਦਾ। ਇਹ ਕਤਲ ਅਚਾਨਕ ਹੋਈ ਲੜਾਈ ਵਿੱਚ ਤੱਤੇ-ਘਾਹ ਨਹੀਂ ਹੋਏ। ਇਹ ਮਿੱਥ ਕੇ ਘਾਤ ਲਗਾ ਕੇ ਕੀਤੇ ਗਏ ਹਨ। ਇਨ੍ਹਾਂ ਵਿੱਚ ਵਰਤਿਆ ਗਿਆ ਅਸਲਾ ਲਾਇਸੰਸੀ ਨਹੀਂ ਹੈ ਪਰ ਇਹ ਦੇਸੀ ਕੱਟੇ ਵੀ ਨਹੀਂ ਹਨ। ਇਹ ਮਿਆਰੀ ਮਾਅਰਕੇ ਵਾਲਾ ਜਾਂ ਵਿਦੇਸ਼ੀ ਅਸਲਾ ਹੈ। ਬਿਨਾਂ ਸ਼ੱਕ ਇਹ ਸਸਤਾ ਅਸਲਾ ਨਹੀਂ ਹੋ ਸਕਦਾ ਅਤੇ ਨਾ ਹੀ ਥੋਕ ਜਾਂ ਪਰਚੂਨ ਵਾਲੀ ਦੁਕਾਨ ਤੋਂ ਮਿਲ ਸਕਦਾ ਹੈ। ਇਹ ਅਸਲਾ ਆਇਆ ਕਿੱਥੋਂ ਹੈ? ਇਨ੍ਹਾਂ ਕਾਤਲਾਂ ਦੇ ਹੁਲੀਏ ਵਿੱਚ ਇੱਕ ਨਕਸ਼ ਸੁੱਖਾ ਕਾਹਲਵਾ ਦੇ ਉਭਰਦੇ ਹਨ। ਸੁੱਖੇ ਦਾ ਪਿਛਲੇ ਸਾਲ ਪੁਲਿਸ ਹਿਰਾਸਤ ਵਿੱਚ ਕਤਲ ਹੋਇਆ ਸੀ। ਪੁਲਿਸ ਦੀਆਂ ਗੱਡੀਆਂ ਵਿੱਚ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦੇ ਗਏ ਸੁੱਖੇ ਨੂੰ ਘੇਰ ਕੇ ਜਰਨੈਲੀ ਸੜਕ ਉੱਤੇ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸਨ। ਕਾਤਲਾਂ ਨੇ ਕਤਲ ਤੋਂ ਬਾਅਦ ਸੜਕ ਉੱਤੇ ਭੰਗੜਾ ਪਾਇਆ ਸੀ ਅਤੇ ਪੁਲਿਸ ਦੇ ਹਥਿਆਰ ਚੁੱਕ ਕੇ ਭੱਜ ਗਏ ਹਨ। ਕਾਤਲਾਂ ਨੇ ਕੁਝ ਦੂਰ ਜਾ ਕੇ ਪੁਲਿਸ ਦੇ ਹਥਿਆਰ ਸੁੱਟ ਦਿੱਤੇ ਸਨ। ਜਦੋਂ ਨਾਜਾਇਜ਼ ਅਸਲੇ ਨਾਲ ਕਤਲ ਕਰਨ ਵਾਲੇ ਪੁਲਿਸ ਦੇ ਹਥਿਆਰ ਸੁੱਟ ਜਾਂਦੇ ਹਨ ਤਾਂ ਇਸ ਦੇ ਕੀ ਮਾਅਨੇ ਬਣਦੇ ਹਨ? ਇਸ ਦਾ ਇੱਕ ਮਤਲਬ ਤਾਂ ਇਹੋ ਬਣਦਾ ਹੈ ਕਿ ਉਨ੍ਹਾਂ ਕੋਲ ਬਿਹਤਰ ਹਥਿਆਰ ਹਨ ਅਤੇ ਅਸਲੇ ਦੀ ਕੋਈ ਘਾਟ ਨਹੀਂ ਹੈ।

ਹਰ ਕਤਲ ਤੋਂ ਬਾਅਦ ਦੋ ਦੋ ਪੱਖ ਅਹਿਮ ਹੁੰਦੇ ਹਨ। ਕਤਲ ਨੂੰ ਕਿਸ ਨੇ ਅਤੇ ਕਿਉਂ ਕਰਵਾਇਆ ਹੈ? ਕਤਲ ਨੂੰ ਕਿਸ ਨੇ ਕੀਤਾ ਹੈ? ਹਰ ਵਾਰ ਕਈ ਕਾਤਲ ਢਾਣੀਆਂ ਦੇ ਨਾਮ ਆਉਂਦੇ ਹਨ ਜੋ ਭਾੜੇ ਉੱਤੇ ਕਤਲ ਕਰਦੀਆਂ ਹਨ। ਇਨ੍ਹਾਂ ਕਾਤਲ ਢਾਣੀਆਂ ਦੀਆਂ ਆਪਸੀ ਲੜਾਈਆਂ ਅਤੇ ਕਾਰੋਬਾਰੀ ਸਾਂਝ ਦੀਆਂ ਕਹਾਣੀਆਂ ਵੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਪੁਲਿਸ ਦੀਆਂ ਦਾਅਵੇਦਾਰੀਆਂ ਤੋਂ ਲੱਗਦੇ ਅੰਦਾਜ਼ੇ ਇਨ੍ਹਾਂ ਕਾਤਲ ਢਾਣੀਆਂ ਵਿੱਚ ਸਰਗਰਮ ਜੀਆਂ ਦੀ ਗਿਣਤੀ ਚਾਰ ਹਿੰਦਸਿਆਂ ਤੱਕ ਪਹੁੰਚਦੀ ਹੈ। ਜਿਸ ਤਰ੍ਹਾਂ ਇਹ ਕਤਲ ਕੀਤੇ ਗਏ ਹਨ ਉਸ ਤੋਂ ਇਨ੍ਹਾਂ ਕਾਤਲ ਢਾਣੀਆਂ ਦੇ ਘੇਰੇ ਦਾ ਧੁੰਦਲਾ ਜਿਹਾ ਨਕਸ਼ਾ ਉਭਰਦਾ ਹੈ। ਇਨ੍ਹਾਂ ਢਾਣੀਆਂ ਦੀ ਪਹੁੰਚ ਹਰ ਇਲਾਕੇ ਅਤੇ ਹਰ ਤਬਕੇ ਤੱਕ ਹੈ। ਕੁਝ ਗ੍ਰਿਫ਼ਤਾਰੀਆਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਨ੍ਹਾਂ ਦੀ ਭਰਤੀ ਵਿੱਚ ਹਰ ਇਲਾਕੇ ਅਤੇ ਹਰ ਤਬਕੇ ਦੇ ਮੁੰਡੇ-ਕੁੜੀਆਂ ਸ਼ਾਮਿਲ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਾਰੋਬਾਰ ਸਿਰਫ਼ ਕਤਲ ਨੂੰ ਅੰਜ਼ਾਮ ਦੇਣ ਵਾਲਿਆਂ ਰਾਹੀਂ ਨਹੀਂ ਚੱਲਦਾ। ਇਸ ਕਾਰੋਬਾਰ ਅੰਦਰ ਭਰਤੀ ਕਰਨ ਤੋਂ ਲੈ ਕੇ ਗਾਹਕ ਲੱਭਣ ਦਾ ਕੋਈ ਤਾਲਮੇਲ ਹੈ। ਸੌਦੇ ਕਰਨ ਤੋਂ ਅੰਜਾਮ ਦੇਣ ਅਤੇ ਤੈਅ ਰਕਮ ਦੀਆਂ ਜ਼ਾਮਨੀਆਂ ਭਰਨ ਜਾਂ ਵਸੂਲ ਕਰਨ ਦਾ ਤਾਣਾ-ਬਾਣਾ ਹੈ। ਇਸ ਕਾਰੋਬਾਰ ਵਿੱਚ ਇੱਕ ਬੰਦੇ ਦਾ ਦੂਜੇ ਨਾਲ ਰਾਬਤੇ ਭਾਵੇਂ ਕਿੰਨਾ ਵੀ ‘ਟਕਾ ਦੇਣ ਅਤੇ ਗਜ਼ ਪੜਵਾਉਣ’ ਵਰਗਾ ਕੋਰਾ-ਕਰਾਰਾ ਹੋਵੇ ਪਰ ਇਹ ਸੌਦਾ ਕਿਤੇ ਤਾਂ ਹੋਵੇਗਾ ਅਤੇ ਕੋਈ ਤਾਂ ਦੋ ਕੜੀਆਂ ਨੂੰ ਆਪਸ ਵਿੱਚ ਜੋੜੇਗਾ! ਕੋਈ ਤਾਂ ‘ਲੋੜਬੰਦ’ ਨੂੰ ‘ਸੇਵਾਦਾਰ’ ਨਾਲ ਜੋੜੇਗਾ! ਕਈ ਥਾਂ ਕੋਈ ਸਮਾਂ!

ਪੰਜਾਬ ਵਿੱਚ ਹਰ ਹਫ਼ਤੇ ਕੋਈ ਨਾ ਕੋਈ ਖ਼ਬਰ ਆਉਂਦੀ ਹੈ ਜਦੋਂ ਨੌਜਵਾਨਾਂ ਵਿੱਚ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ। ਇਹ ਗੋਲੀਆਂ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀ ਵੀ ਚਲਾਉਂਦੇ ਹਨ। ਇਸ ਤਰ੍ਹਾਂ ਗੋਲੀ ਚਲਾਉਣ ਦੀ ਸੱਜਰੀ ਮਿਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ। ਪੰਜਾਬ ਯੂਨੀਵਰਸਿਟੀ ਦੇ ਸਭ ਤੋਂ ਭੀੜ ਵਾਲੇ ਇਲਾਕੇ ਵਿੱਚ (ਸਟੂਡੈਂਟ ਸੈਂਟਰ ਤੋਂ ਲਾਇਬਰੇਰੀ ਵਿਚਕਾਰ) ਦੋ ਧੜਿਆਂ ਵਿੱਚ ਗੋਲੀ ਚੱਲੀ। ਖ਼ਬਰ ਸਿਰਫ਼ ਜ਼ਖ਼ਮੀ ਦੀਆਂ ਸੱਟਾਂ ਤੱਕ ਮਹਿਦੂਦ ਰਹੀ। ਜੇ ਗੋਲੀ ਚੱਲਣ ਦੇ ਕਾਰਨਾਂ ਜਾਂ ਮਾਮਲੇ ਦੀ ਤਫ਼ਸੀਲ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਵੇ ਤਾਂ ਇਸ ਦੇ ਕੀ ਮਾਅਨੇ ਹਨ? ਕੀ ਇਹ ਸਭ ਗੋਲੀਬਾਰੀ ਸੱਭਿਆਚਾਰ ਦਾ ਇਸ਼ਤਿਹਾਰ ਨਹੀਂ ਹੈ ਜੋ ਸਭ ਤੋਂ ਵਧੇਰੇ ਪ੍ਰਭਾਵ ਕਬੂਲ ਕਰਨ ਵਾਲੀ ਉਮਰ ਵਿੱਚੋਂ ਗੁਜ਼ਰਦੇ ਵਿਦਿਆਰਥੀਆਂ ਵਿਚਕਾਰ ਕੀਤਾ ਜਾ ਰਿਹਾ ਹੈ? ਕੀ ਇਹ ਭਰਤੀ ਕਰਨ ਜਾਂ ਗਾਹਕ ਲੱਭਣ ਦੀ ਮਸ਼ਕ ਨਹੀਂ ਹੈ? ਜੇ ਹਥਿਆਰ ਅਤੇ ਭਾੜੇ ਦਾ ਕਾਤਲ ਏਨਾ ਸਸਤਾ ਅਤੇ ਸੁਖਾਲਾ ਮਿਲਦਾ ਹੈ ਤਾਂ ਛੋਟੀ ਤੋਂ ਛੋਟੀ ਅਚਵੀ ਖ਼ਰੀਦਾਰ ਪੈਦਾ ਕਰ ਸਕਦੀ ਹੈ। ਇਹੋ ਅਚਵੀ ਬੰਦੇ ਨੂੰ ਕਾਤਲ ਹੋਣ ਦਾ ਰਾਹ ਦਰਸਾਉਂਦੀ ਹੈ ਅਤੇ ਇਹੋ ਬੰਦੇ ਨੂੰ ਬੇਕਿਰਕ ਹਥਿਆਰ ਦੀ ਮਾਰ ਵਿੱਚ ਲਿਆਉਂਦੀ ਹੈ।

ਇਹ ਧਾਰਨਾਵਾਂ ਮੁਕੰਮਲ ਰੂਪ ਵਿੱਚ ਬੇਮਾਅਨੇ ਜਾਪ ਸਕਦੀਆਂ ਹਨ ਪਰ ਸਮਾਜ ਵਿੱਚ ਅਜਿਹੀ ਸਰਗਰਮੀ ਨੂੰ ਨਜ਼ਰ-ਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ? ਜਦੋਂ ਸਮਾਜ ਨੂੰ ਖ਼ੌਫ਼ਜ਼ਦਾ ਕਰਨ ਵਾਲਾ ਇਹ ਰੁਝਾਨ ਪਸ਼ੂ ਬਿਰਤੀ ਨੂੰ ਉਕਸਾ ਰਿਹਾ ਹੈ ਤਾਂ ਸਿਆਸਤਦਾਨ, ਇੰਤਜਾਮੀਆ, ਪੱਤਰਕਾਰ, ਵਿਦਵਾਨ ਅਤੇ ਸਮਾਜਿਕ ਕਾਰਕੁੰਨ ਇਸ ਨੂੰ ਨਿੱਜੀ ਕਲੇਸ਼ਾਂ ਵਿੱਚੋਂ ਕਿਉਂ ਸਮਝਦੇ ਹਨ? ਕੀ ਸਮਾਜ ਦਾ ਕੋਈ ਮਹਿਰੂਮ ਤਬਕਾ ਇਸ ਰੁਝਾਨ ਰਾਹੀਂ ਇਨਸਾਫ਼ ਹਾਸਲ ਕਰ ਰਿਹਾ ਹੈ? ਕੀ ਸਮਾਜ ਦਾ ਕੋਈ ਮਹਿਰੂਮ ਤਬਕਾ ਨਿਜ਼ਾਮ ਅਤੇ ਸਰਕਾਰ ਤੋਂ ਅਵਾਜ਼ਾਰ ਹੋ ਕੇ ਭਾੜੇ ਦੇ ਕਾਤਲਾਂ ਦਾ ਸਹਾਰਾ ਲੈ ਰਿਹਾ ਹੈ? ਹੁਣ ਤੱਕ ਅਖ਼ਬਾਰਾਂ ਜਾਂ ਟੈਲੀਵਿਜ਼ਨ ਉੱਤੇ ਨਸ਼ਰ ਹੋਏ ਮਾਮਲਿਆਂ ਤੋਂ ਸਪਸ਼ਟ ਹੈ ਕਿ ਹਿਰਸ, ਹਵਸ ਅਤੇ ਬਦਲਾਖ਼ੋਰੀ ਦੀ ਜ਼ਮੀਨ ਉੱਤੇ ਭਾੜੇ ਦੇ ਕਾਤਲਾਂ ਨੂੰ ਰੁਜ਼ਗਾਰ ਮਿਲਿਆ ਹੈ। ਜੇ ਇਹ ਕਾਰੋਬਾਰ ਸਿਆਸੀ ਸਰਪ੍ਰਸਤੀ ਨਾਲ ਚੱਲ ਰਿਹਾ ਹੈ ਤਾਂ ਇਹ ਪੰਜਾਬੀ ਦਿਆਨਤਦਾਰ ਬੰਦੇ ਦੀ ਨਾਕਾਮਯਾਬੀ ਨੂੰ ਵੀ ਉਘਾੜਦਾ ਹੈ।

ਸਿਆਸਤਦਾਨਾਂ ਅਤੇ ਇੰਤਜਾਮੀਆ ਨੇ ਪੰਜਾਬੀ ਮੁੰਡਿਆਂ ਦੀ ਬੇਚੈਨੀ ਨੂੰ ਆਪਣੀ ਹਰ ਤਰ੍ਹਾਂ ਦੀ ਹਵਸ ਦੀ ਪੂਰਤੀ ਲਈ ਵਰਤਿਆ ਅਤੇ ਅੱਗੋਂ ਇਨ੍ਹਾਂ ਨੂੰ ਹਵਸ ਦੀਆਂ ਪਰਚੂਨ ਦੁਕਾਨਾਂ ਚਲਾਉਣ ਲਈ ਬੇਮੁਹਾਰ ਕਰ ਦਿੱਤਾ ਹੈ। ਇਸ ਰੁਝਾਨ ਦਾ ਦੂਜਾ ਪਾਸਾ ਸਾਹਿਤਕ, ਸਮਾਜਿਕ, ਧਾਰਮਿਕ ਅਤੇ ਵਿਦਿਅਕ ਅਦਾਰਿਆਂ ਨਾਲ ਜੁੜਦਾ ਹੈ। ਇਨ੍ਹਾਂ ਅਦਾਰਿਆਂ ਨੇ ਆਪਣੀਆਂ ਤਰੱਕੀਆਂ, ਨੌਕਰੀਆਂ, ਵਜ਼ੀਫ਼ਿਆਂ ਅਤੇ ਇਨਾਮਾਂ-ਸਨਮਾਨਾਂ ਲਈ ਆਵਾਮ ਅਤੇ ਨਿਜ਼ਾਮ ਵਿੱਚੋਂ ਆਪਣੀ ਧਿਰ ਦੀ ਚੋਣ ਕੀਤੀ ਹੈ। ਦੰਦਾਂ ਦਾ ਸਸਤਾ ਇਲਾਜ ਕਰਵਾਉਣ ਆਉਣ ਵਾਲੇ ਪਰਵਾਸੀ ਪੰਜਾਬੀਆਂ ਲਈ ਸ਼ਰੀਕਾਂ ਨਾਲ ਹਿਸਾਬ ਬਰਾਬਰ ਕਰਨ ਦੀਆਂ ਸਸਤੀਆਂ ਦੁਕਾਨਾਂ ਪੰਜਾਬ ਵਿੱਚ ਚੱਲ ਪਈਆਂ ਹਨ। ਕੋਈ ਖ਼ਰੀਦਾਰ ਇਸ ਦੁਕਾਨ ਨਾਲ ਜੁੜੇ ਖ਼ਦਸ਼ਿਆਂ ਤੋਂ ਬਾਹਰ ਨਹੀਂ ਹੈ। ਇਨ੍ਹਾਂ ਹਾਲਾਤ ਵਿੱਚ ਪੰਜਾਬ ਦੇ ਅਨਾਥ ਮੁੰਡੇ-ਕੁੜੀਆਂ ਪਸ਼ੂ ਬਿਰਤੀ ਵਿੱਚੋਂ ਆਪਣੀ ਬੇਚੈਨੀ ਦਾ ਹੱਲ ਲੱਭ ਰਹੇ ਹਨ ਤਾਂ ਕੋਈ ਬਜ਼ੁਰਗ, ਅਪਾਹਜ, ਜਾਇਦਾਦ ਅਤੇ ਬੱਚਾ ਮਹਿਫ਼ੂਜ ਨਹੀਂ ਹੈ। ਹਰ ਅਹਿਸਾਸ ਕਿਸੇ ਠੇਸ ਨੂੰ ਸੱਦਾ ਦੇਣ ਦਾ ਸਬੱਬ ਬਣ ਰਿਹਾ ਹੈ …। ਜਦੋਂ ਕੁਝ ਵੀ ਮਹਿਫ਼ੂਜ ਨਹੀਂ ਹੈ ਤਾਂ ਆਖ਼ਰੀ ਸੁਆਲ ਵਜੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਹਿਰਸ, ਹਵਸ ਅਤੇ ਬਦਲਾਖ਼ੋਰੀ ਦਾ ਬੋਲਬਾਲਾ ਮੌਜੂਦਾ ਨਿਜ਼ਾਮ ਅਤੇ ਸਰਕਾਰ ਦੇ ਖ਼ਾਸੇ ਨਾਲ ਮੇਲ ਕਿਉਂ ਖਾਂਦਾ ਜਾਪਦਾ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 29 ਅਪਰੈਲ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s