ਸੁਆਲ-ਸੰਵਾਦ: ਬੇਦਾਅਵਾ ਲਿਖ ਗਏ ਇਨਕਲਾਬੀ ਨਾਲ ਸੁਆਲ-ਜੁਆਬ

com2bsatnam2bjangalnama2b1

ਦਲਜੀਤ ਅਮੀ

ਸਤਨਾਮ ਦੇ ਤੁਰ ਜਾਣ ਦਾ ਫ਼ੈਸਲਾ ਸੋਗ਼ਵਾਰ ਹੈ। ਜੰਗਲਨਾਮਾ ਵਰਗੀ ਕਿਤਾਬ ਲਿਖਣ ਵਾਲਾ ਅਤੇ ਸਪਾਰਟਕਸ ਵਰਗੇ ਨਾਵਲ ਦਾ ਤਰਜਮਾ ਕਰਨ ਵਾਲਾ ਸਤਨਾਮ ਜ਼ਿੰਦਗੀ ਨੂੰ ਬੇਦਾਅਵਾ ਦੇ ਗਿਆ। ਸੰਜੇ ਕਾਕ ਦੀ ਦਸਤਾਵੇਜ਼ੀ ਫ਼ਿਲਮ ‘ਮਾਟੀ ਕੇ ਲਾਲ’ ਵਿੱਚ ਪਾਸ਼ ਦੀ ਕਵਿਤਾ ਸੁਣਾ ਕੇ ਉਹ ਕੈਮਰੇ ਵਿੱਚ ਝਾਕਦਾ ਹੈ ਅਤੇ ਆਪਣੀ ਸਹਿਮਤੀ ਜਤਾਉਂਦਾ ਹੈ। ਉਸ ਦੇ ਮੂੰਹ ਉੱਤੇ ਮੁਸਕਰਾਹਟ ਫ਼ੈਲਦੀ ਹੈ। ਦੇਸ਼ ਧਰੋਹ ਦੀ ਧਾਰਨਾ ਦੀ ਗੱਲ ਕਰਦਿਆਂ ਕੈਮਰੇ ਵਿੱਚ ਦੇਖਦਾ ਹੈ ਤਾਂ ਉਸ ਦਾ ਸਮੁੱਚਾ ਬੁੱਤ ਨਾਬਰੀ ਦਾ ਨੁਮਾਇੰਦਾ ਬਣ ਜਾਂਦਾ ਹੈ। ਨਿਜ਼ਾਮ ਦੇ ਖ਼ਿਲਾਫ਼ ਨਾਬਰੀ ਕਰਨ ਵਾਲਾ ਸਤਨਾਮ ਆਪਣੇ ਇਸੇ ਖ਼ਾਸੇ ਤਹਿਤ ਜ਼ਿੰਦਗੀ ਨੂੰ ਮੁਖ਼ਾਤਬ ਹੁੰਦਾ ਹੈ। ਜਦੋਂ ਹਰ ਤਰ੍ਹਾਂ ਦੀ ਨਾਬਰੀ ਦੇ ਨਾਲ ਹਰ ਤਰ੍ਹਾਂ ਦੇ ਸੁਆਲਾਂ ਨੂੰ ਦੇਸ਼ ਧਰੋਹ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਸਤਨਾਮ ਦਾ ਤੁਰ ਜਾਣਾ ਮੌਜੂਦਾ ਦੌਰ ਦੀ ਬੇਕਿਰਕ ਹਿੰਸਾ ਨੂੰ ਬੇਪਰਦ ਕਰਦਾ ਜਾਪਦਾ ਹੈ। ਇਹ ਸੁਆਲ ਪੁੱਛਿਆ ਜਾਣਾ ਲਾਜ਼ਮੀ ਹੈ ਕਿ ਸਤਨਾਮ ਵਰਗਾ ਬੰਦਾ ਖ਼ੁਦਕੁਸ਼ੀ ਕਿਉਂ ਕਰਦਾ ਹੈ? ਇਸ ਖ਼ੁਦਕੁਸ਼ੀ ਲਈ ਜੁਆਬਦੇਹੀ ਕਿਸ ਦੀ ਬਣਦੀ ਹੈ ਅਤੇ ਪੜਚੋਲ ਦੀ ਜ਼ਿੰਮੇਵਾਰੀ ਕਿਨ੍ਹਾਂ ਸਿਰ ਪੈਂਦੀ ਹੈ?

ਸਤਨਾਮ ਤਕਰੀਬਨ ਚਾਲੀ ਸਾਲ ਕੁਲਵਕਤੀ ਇਨਕਲਾਬੀ ਵਜੋਂ ਯੁੱਗ ਪਲਟਾਉਣ ਵਿੱਚ ਮਸਰੂਫ਼ ਰਿਹਾ। ਉਸ ਨੇ ਯੁੱਗ ਪਲਟਾਉਣ ਲਈ ਲਾਮਬੰਦੀ ਕਰਨ ਵਿੱਚ ਹਿੱਸਾ ਪਾਇਆ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਇਨਕਲਾਬ ਦੀ ਰਾਹ ਉੱਤੇ ਤੋਰਿਆ। ਇਨਕਲਾਬ ਦੀ ਰਾਹ ਤੁਰਿਆਂ ਦੀ ਹੌਸਲਾ-ਅਫ਼ਜਾਈ ਕੀਤੀ। ਇਨਕਲਾਬ ਦੀ ਰਾਹ ਤੋਂ ਪਰਤ ਗਏ ਸਾਥੀਆਂ ਨਾਲ ਸੁਹਿਰਦ ਰਿਸ਼ਤਾ ਕਾਇਮ ਰੱਖਿਆ। ਉਸ ਦੀ ਮਿਲਣਸਾਰਤਾ ਅਤੇ ਨਿੱਘੇ ਸੁਭਾਅ ਦੀ ਬਾਤਾਂ ਉਸ ਦੇ ਸਾਥੀ, ਸ਼ਰੀਕ ਅਤੇ ਵਿਰੋਧੀ ਪਾਉਂਦੇ ਹਨ। ਉਸ ਦੇ ਸਾਥੀ ਦੱਸਦੇ ਹਨ ਕਿ ਉਹ ਆਪਣੀ ਦਲੀਲ ਨੂੰ ਸਾਫ਼ ਸ਼ਬਦਾਂ ਵਿੱਚ ਪੇਸ਼ ਕਰਦਾ ਸੀ ਅਤੇ ਸੰਜੀਦਗੀ ਨਾਲ ਟਕਰਾਵੀਂ ਦਲੀਲ ਸੁਣ ਸਕਦਾ ਸੀ। ਉਸ ਦੀ ਜਗਿਆਸਾ ਅਤੇ ਜਾਗਰੁਕਤਾ ਦਾ ਸਬੂਤ ਉਸ ਦੀਆਂ ਲਿਖਤਾਂ ਹਨ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਇਨਕਲਾਬੀ ਸਿਆਸਤ ਵਿੱਚ ਚਾਰ ਦਹਾਕੇ ਤੱਕ ਸਰਗਰਮ ਰਹਿਣਾ ਦ੍ਰਿੜ੍ਹਤਾ ਅਤੇ ਸਿਦਕਦਿਲੀ ਦੀ ਮੰਗ ਕਰਦਾ ਹੈ। ਇਸ ਦੌਰਾਨ ਨਿਜ਼ਾਮ ਦੇ ਹਰ ਪੱਖ ਦੀ ਪੜਚੋਲ ਹੋਣੀ ਲਾਜ਼ਮੀ ਹੈ। ਜੇ ਨਿਜ਼ਾਮ ਦੇ ਸਿਆਸੀ, ਜਮਾਤੀ ਅਤੇ ਜਾਤੀ ਢਾਂਚੇ ਦੀ ਪੜਚੋਲ ਲਾਜ਼ਮੀ ਹੈ ਤਾਂ ਸਮਾਜ ਅਤੇ ਭਾਵੁਕ ਨਿਜ਼ਾਮ ਦੀਆਂ ਪਰਤਾਂ ਫਰੋਲਣੀਆਂ ਵੀ ਜ਼ਰੂਰੀ ਹਨ।

ਇਸੇ ਪੜਚੋਲ ਦੇ ਨਤੀਜੇ ਵਜੋਂ ਇਨਕਲਾਬੀ ਸਮਾਜ ਦਾ ਸੁਫ਼ਨਾ ਸਿਰਜਿਆ ਜਾਂਦਾ ਹੈ। ਬੇਬਾਕੀ ਨਾਲ ਨਿਜ਼ਾਮ ਦੀ ਪੜਚੋਲ ਵਿੱਚ ਲੱਗਿਆ ਕਾਰਕੁੰਨ ਆਪਣੇ-ਆਪ ਨੂੰ ਆਪਣੇ ਸਿਧਾਂਤ ਮੁਤਾਬਕ ਤਬਦੀਲ ਕਰਦਾ ਹੈ। ਇਸੇ ਦੌਰਾਨ ਇਨਕਲਾਬੀ ਕਾਰਕੁੰਨ ਨੇ ਸਭ ਤੋਂ ਮੁਸ਼ਕਲ ਤਵਾਜ਼ਨ ਕਾਇਮ ਰੱਖਣਾ ਹੁੰਦਾ ਹੈ। ਇੱਕ ਪਾਸੇ ਇਨਕਲਾਬੀ ਸਮਾਜ ਦਾ ਸੁਫ਼ਨਾ ਹੁੰਦਾ ਹੈ ਅਤੇ ਦੂਜੇ ਪਾਸੇ ਮੌਜੂਦਾ ਸਮਾਜ ਵਿੱਚ ਵਿਚਰਨਾ ਹੁੰਦਾ ਹੈ। ਇਹੋ ਤਵਾਜ਼ਨ ਬਹੁਤ ਸਾਰੇ ਕਾਰਕੁੰਨਾਂ ਅਤੇ ਜਥੇਬੰਦੀਆਂ ਵਿਚਕਾਰ ਤਣਾਅ ਤੋਂ ਟਕਰਾਅ ਦਾ ਸਬੱਬ ਬਣਦਾ ਹੈ। ਇਨਕਲਾਬੀ ਦੇ ਰਾਹ ਵਿੱਚ ਅਜਿਹੇ ਬਹੁਤ ਮੌਕੇ ਆਉਂਦੇ ਹਨ ਜਦੋਂ ਉਹ ਆਪਣੀ ਹੀ ਜਥੇਬੰਦੀ ਨਾਲ ਆਹਮਣੇ-ਸਾਹਮਣੇ ਹੁੰਦਾ ਹੈ। ਇਨ੍ਹਾਂ ਕਾਰਨਾਂ ਨਾਲ ਹੀ ਜਥੇਬੰਦੀਆਂ ਵਿੱਚ ਫੁੱਟਾਂ ਪੈਂਦੀਆਂ ਹਨ ਅਤੇ ਕਾਰਕੁੰਨਾਂ ਦਾ ਮੋਹਭੰਗ ਹੁੰਦਾ ਹੈ।

ਇਹ ਇਨਕਲਾਬੀ ਲਹਿਰਾਂ ਦਾ ਸਭ ਤੋਂ ਪੇਚੀਦਾ ਅਤੇ ਤਕਲੀਫ਼ਦੇਹ ਪੱਖ ਹੈ। ਜਦੋਂ ਕੋਈ ਯੁੱਗ ਪਲਟਾਉਣ ਦੇ ਰਾਹ ਤੁਰਦਾ ਹੈ ਤਾਂ ਉਸ ਦੇ ਅੰਦਰ ਤਾਂ ਯੁੱਗ ਪਲਟਣਾ ਸ਼ੁਰੂ ਹੋ ਜਾਂਦਾ ਹੈ। ਯੁੱਗ ਪਲਟਾਉਣ ਲਈ ਜੁੜੇ ਮੇਲ ਵਿੱਚ ਵੀ ਯੁੱਗ ਪਲਟਣਾ ਸ਼ੁਰੂ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੀ ਤਰਜ਼ਿ-ਜ਼ਿੰਦਗੀ ਬਦਲਦੀ ਹੈ। ਉਸ ਦਾ ਸਮਾਜਿਕ ਵਿਹਾਰ ਅਤੇ ਭਾਵੁਕ ਸੰਸਾਰ ਬਦਲਦਾ ਹੈ। ਇਸ ਤੋਂ ਬਾਅਦ ਜੇ ਕੋਈ ਕਾਰਕੁੰਨ ਆਪਣੇ ਸਾਥੀਆਂ ਦੀ ਡਾਰ ਵਿੱਚੋਂ ਕਿਸੇ ਵੀ ਕਾਰਨ ਵਿਛੜ ਜਾਂਦਾ ਹੈ ਤਾਂ ਉਸੇ ਥਾਂ ਵਸਣ ਦਾ ਔਖਾ ਸੁਆਲ ਸਾਹਮਣੇ ਆਉਂਦਾ ਹੈ ਜਿਸ ਥਾਂ ਤੋਂ ਉਜੜਣ ਦਾ ਸਚੇਤ ਫ਼ੈਸਲਾ ਕੀਤਾ ਹੁੰਦਾ ਹੈ। ਇਨਕਲਾਬ ਤੋਂ ਪਹਿਲਾਂ ਘਰਾਂ ਨੂੰ ਪਰਤਦਾ ਰਾਹ ਕਿਸੇ ਵਿਰਲੇ ਲਈ ਹੀ ਸਾਜ਼ਗ਼ਾਰ ਰਹਿੰਦਾ ਹੈ। ਜਦੋਂ ਕੋਈ ਇਨਕਲਾਬੀ ਜੇਲ੍ਹ ਵਿੱਚੋਂ ਪਰਤਦਾ ਹੈ ਤਾਂ ਉਸ ਦੀ ਮੁੜ-ਬਹਾਲੀ ਅਹਿਮ ਸੁਆਲ ਬਣਦੀ ਹੈ। ਜੇਲ੍ਹ ਯਾਤਰਾ ਤੋਂ ਬਾਅਦ ਜਥੇਬੰਦੀ ਨਾਲ ਨਵੇਂ ਸਿਰੇ ਤੋਂ ਪੁਰਾਣਾ ਰਿਸ਼ਤਾ ਬਣਨਾ ਮੁਸ਼ਕਲ ਹੁੰਦਾ ਹੈ। ਬਦਲੇ ਮਾਹੌਲ ਅਤੇ ਪੁਰਾਣੀ ਤਰਜ਼ਿ-ਜ਼ਿੰਦਗੀ ਵਿਚਕਾਰ ਪੈਦਾ ਹੋਇਆ ਤਣਾਅ ਕਿੰਨੇ ਬੰਦਿਆਂ ਨੂੰ ਡੋਬੂ ਪਾਉਂਦਾ ਹੈ। ਜਥੇਬੰਦੀਆਂ ਨਾਲ ਕਲੇਸ਼ ਵਿੱਚ ਆਏ ਕਾਰਕੁੰਨਾਂ ਦਾ ਤਜਰਬਾ ਇਸ ਤੋਂ ਵੱਖਰਾ ਨਹੀਂ ਹੈ। ਜਦੋਂ ਬੀਮਾਰ ਕਾਰਕੁੰਨ ਨੂੰ ਘਰਦਿਆਂ ਦੇ ਆਸਰੇ ਛੱਡ ਦਿੱਤਾ ਜਾਂਦਾ ਹੈ ਤਾਂ ਹਾਲਾਤ ਇਸੇ ਤਰ੍ਹਾਂ ਦੇ ਹੁੰਦੇ ਹਨ। ਜਦੋਂ ਆਪਣੇ ਪਰਿਵਾਰ ਦੇ ਬੀਮਾਰ ਜੀਅ ਦਾ ਧਿਆਨ ਰੱਖਣ ਲਈ ਕਾਰਕੁੰਨਾਂ ਨੂੰ ਜਥੇਬੰਦੀਆਂ ਦੇ ਕੰਮਾਂ ਤੋਂ ਸੁਰਖ਼ਰੂ ਕੀਤਾ ਜਾਂਦਾ ਹੈ ਤਾਂ ਰਿਸ਼ਤਿਆਂ ਦੀ ਪੇਚੀਦਗੀ ਸਾਹਮਣੇ ਆਉਂਦੀ ਹੈ। ਕਦੇ ਰੱਦ ਜਾਂ ਨਜ਼ਰ-ਅੰਦਾਜ਼ ਕੀਤੇ ਰਿਸ਼ਤੇ ਨਵੇਂ ਮਾਹੌਲ ਵਿੱਚ ਆਪਣੀਆਂ ਸ਼ਰਤਾਂ ਤੈਅ ਕਰਦੇ ਹਨ। ਇਸ ਤਰ੍ਹਾਂ ਉਜੜਨ-ਵਸਣ ਦਾ ਤਜਰਬਾ ਕਦੇ ਵੀ ਖ਼ੁਸ਼ਗਵਾਰ ਨਹੀਂ ਹੁੰਦਾ।

ਜਦੋਂ ਇਨਕਲਾਬੀ ਸਿਆਸਤ ਵਿੱਚ ਇਹ ਸਭ ਕੁਝ ਹੋਣਾ ਹੈ ਤਾਂ ਇਸ ਖ਼ਿਲਾਫ਼ ਪੇਸ਼ਬੰਦੀਆਂ ਕਰਨੀਆਂ ਕਿਸ ਦੀ ਜ਼ਿੰਮੇਵਾਰੀ ਹੈ? ਜਦੋਂ ਯੁੱਗ ਪਲਟਾਉਣ ਵਿੱਚ ਮਸਰੂਫ਼ ਕਾਰਕੁੰਨ ਇਨਕਲਾਬ ਤੋਂ ਪਹਿਲਾਂ ਘਰਾਂ ਨੂੰ ਪਰਤਦੇ ਹਨ ਤਾਂ ਵਿਰਲੇ ਹੀ ਇਸ ਜ਼ਿੰਦਗੀ ਨਾਲ ਸਿੱਝਣ ਦਾ ਹੁਨਰ ਸਿੱਖ ਪਾਉਂਦੇ ਹਨ। ਕੁਝ ਨਿਘਾਰ ਦਾ ਸ਼ਿਕਾਰ ਹੁੰਦੇ ਹਨ ਪਰ ਜ਼ਿਆਦਾਤਰ ਸਿਹਤਮੰਦ ਰੁਝੇਵਾਂ ਅਤੇ ਨਿੱਘਾ ਮਾਹੌਲ ਸਿਰਜਣ ਲਈ ਸੰਘਰਸ਼ ਕਰਦੇ ਹਨ। ਇਨ੍ਹਾਂ ਹਾਲਾਤ ਵਿੱਚ ਜਥੇਬੰਦੀਆਂ ਉੱਤੇ ਦਾਅਵੇਦਾਰੀਆਂ ਖ਼ਤਮ ਹੋ ਜਾਂਦੀਆਂ ਹਨ ਅਤੇ ਨਵੀਆਂ ਮੁਲਾਹਜ਼ੇਦਾਰੀਆਂ ਵਿੱਚ ਭਰੋਸਾ ਕਾਇਮ ਕਰਨਾ ਸੁਖਾਲਾ ਨਹੀਂ ਹੁੰਦਾ। ਇਸੇ ਦੌਰਾਨ ਕਾਰਕੁੰਨ ਆਪਣੇ ਅੰਦਰਲੀ ਟੁੱਟ-ਭੱਜ ਨੂੰ ਮੁਖ਼ਾਤਬ ਹੁੰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦਾ ਬੌਧਿਕ, ਭਾਵੁਕ ਅਤੇ ਮਨੁੱਖੀ ਵਿਕਾਸ ਕਿਸ ਤਰ੍ਹਾਂ ਦਾ ਹੋਇਆ ਹੈ। ਕਈ ਵਾਰ ਭਾਵੁਕ ਵਿਕਾਸ ਬੌਧਿਕ ਵਿਕਾਸ ਦੇ ਹਾਣ ਦਾ ਨਹੀਂ ਹੁੰਦਾ ਅਤੇ ਕਈ ਵਾਰ ਮਨੁੱਖੀ ਵਿਕਾਸ ਬੌਧਿਕ ਵਿਕਾਸ ਦੇ ਸਾਹਮਣੇ ਊਣਾ ਰਹਿ ਜਾਂਦਾ ਹੈ। ਇਸ ਹਾਲਤ ਨੂੰ ਸਮਝਣ ਲਈ ਮੌਜੂਦਾ ਨਿਜ਼ਾਮ ਦਾ ਸਮਾਜਿਕ ਢਾਂਚਾ ਅਤੇ ਡਾਕਟਰੀ ਹੁਨਰ ਨਾਕਾਫ਼ੀ ਸਾਬਤ ਹੁੰਦਾ ਹੈ। ਇਨ੍ਹਾਂ ਹਾਲਾਤ ਵਿੱਚ ਕਿਸੇ ਤਰ੍ਹਾਂ ਦਾ ਮਸ਼ਵਰਾ ਜਾਂ ਧਰਵਾਸਾ ਡੋਬੇ ਦਾ ਸ਼ਿਕਾਰ ਹੋਏ ਬੰਦੇ ਦੇ ਕੰਮ ਨਹੀਂ ਆਉਂਦਾ। ਉਸ ਦਾ ਮਾਹੌਲ ਬਦਲਣ ਜਿੰਨੇ ਸਾਧਨ ਨਹੀਂ ਜੁਟਦੇ ਅਤੇ ਧਿਆਨ ਵਟਾਉਣ ਜਿੰਨਾ ਰੁਝੇਵਾਂ ਨਹੀਂ ਬਣਦਾ।

ਇਸ ਤੋਂ ਬਾਅਦ ਇਹ ਲੱਗ ਸਕਦਾ ਹੈ ਕਿ ਅਜਿਹੇ ਬੰਦੇ ਨੂੰ ਬਚਾਇਆ ਨਹੀਂ ਜਾ ਸਕਦਾ। ਦਰਅਸਲ ਇਸ ਬੰਦੇ ਨੂੰ ਬਚਾਉਣਾ ਮੌਜੂਦਾ ਨਿਜ਼ਾਮ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਉਹ ਤਾਂ ਇਸ ਬੰਦੇ ਦੀ ਮੌਤ ਵਿੱਚੋਂ ਆਪਣੀ ਅਹਿਮੀਅਤ ਲੱਭਦਾ ਹੈ। ਇਸੇ ਲਈ ਸਤਨਾਮ ਦੀ ਖ਼ੁਦਕੁਸ਼ੀ ਵਿੱਚੋਂ ‘ਅਧਿਆਤਮ’ ਅਤੇ ‘ਧਰਮ’ ਦੀ ਬਿਹਤਰੀ ਦੀ ਦਾਅਵੇਦਾਰੀ ਕੀਤੀ ਜਾ ਰਹੀ ਹੈ। ਇਹ ਦਾਅਵੇਦਾਰੀ ਹਰ ਸੁਆਲ ਨੂੰ ਦੇਸ਼ ਧਰੋਹ ਕਰਾਰ ਦੇਣ ਵਾਲੀ ਮੌਜੂਦਾ ਸਿਆਸੀ ਨਿਜ਼ਾਮ ਦੀ ਦਲੀਲ ਨਾਲ ਮੇਲ ਖਾਂਦੀ ਹੈ। ਯੁੱਗ ਪਲਟਾਉਣ ਵਿੱਚ ਮਸਰੂਫ਼ ਬੰਦੇ ਦੀ ਹਰ ਨਾਕਾਮਯਾਬੀ ਉੱਤੇ ਸ਼ਰਧਾ ਦੀ ਜਿੱਤ ਦਾ ਪਰਚਮ ਲਹਿਰਾਇਆ ਜਾਂਦਾ ਹੈ। ਮਨੁੱਖਤਾ ਦੇ ਭਲੇ ਦਾ ਦਾਅਵਾ ਕਰਨ ਵਾਲੇ ਅਧਿਆਤਮਵਾਦੀ ਦੂਜਿਆਂ ਦੇ ਮਾਤਮ ਵਿੱਚੋਂ ਆਪਣੀ ਖ਼ੁਸ਼ੀ ਦਾ ਦਾਅਵਾ ਕਰਦੇ ਹਨ। ਸਤਨਾਮ ਦਾ ਫ਼ੈਸਲਾ ਇਨਕਲਾਬੀ ਸਿਆਸਤ ਅਤੇ ਇਨਕਲਾਬੀ ਤਬਕਿਆਂ ਦੀ ਨਾਕਾਮਯਾਬੀ ਤਾਂ ਹੈ। ਇਸ ਨਾਕਾਮਯਾਬੀ ਦੇ ਸੋਗ ਵਿੱਚ ਇਹ ਸੋਚਣਾ ਬਣਦਾ ਹੈ ਕਿ ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਾਂ ਦੇ ਦਿਲਾਂ ਦੀ ਥਾਹ ਪਾਉਣ ਦਾ ਕੰਮ ਮੌਜੂਦਾ ਸਿਆਸੀ-ਸਮਾਜਿਕ ਨਿਜ਼ਾਮ ਉੱਤੇ ਨਹੀਂ ਛੱਡਿਆ ਜਾ ਸਕਦਾ। ਸਤਨਾਮ ਦੇ ਹਵਾਲੇ ਨਾਲ ਪੁੱਛੇ ਜਾ ਰਹੇ ਸੁਆਲ ਭਾਵੇਂ ਕਿਸੇ ਵੀ ਮਕਸਦ ਨਾਲ ਪੁੱਛੇ ਜਾ ਰਹੇ ਹੋਣ ਪਰ ਇਨ੍ਹਾਂ ਨੂੰ ਮੁਖ਼ਾਤਬ ਹੋਣਾ ਲਾਜ਼ਮੀ ਹੈ। ਪੰਜਾਬੀ ਪਾਠਕ ਨੂੰ ਸਪਾਰਟਕਸ ਦੇਣ ਵਾਲੇ ਸਤਨਾਮ ਨੇ ਜ਼ਿੰਦਗੀ ਨੂੰ ਬੇਦਾਅਵਾ ਦਿੱਤਾ ਹੈ ਤਾਂ ਇਸ ਨਾਕਾਮਯਾਬੀ ਦੀ ਪੜਚੋਲ ਮੁਆਫ਼ੀ ਮੰਗ ਕੇ ਸ਼ੁਰੂ ਹੋਣੀ ਚਾਹੀਦੀ ਹੈ। ਰੋਹਿਤ ਵੇਮੂਲਾ ਤੋਂ ਬਾਅਦ ਨਵਕਰਨ ਅਤੇ ਹੁਣ ਸਤਨਾਮ ਇੱਕੋ ਲੜੀ ਦੀਆਂ ਕੜੀਆਂ ਜਾਪਦੇ ਹਨ ਅਤੇ ਇਸ ਲੜੀ ਨੂੰ ਰੋਕਣਾ ਯੁੱਗ ਪਲਟਾਉਣ ਤੋਂ ਛੋਟਾ ਕਾਰਜ ਨਹੀਂ ਹੈ। ਸਤਨਾਮ ਨੂੰ ਸੁਆਲ ਪੁੱਛੇ ਜਾਣੇ ਚਾਹੀਦੇ ਹਨ ਅਤੇ ਉਸ ਦੇ ਸੁਆਲਾਂ ਨੂੰ ਮੁਖ਼ਾਤਬ ਹੋਣਾ ਬਣਦਾ ਹੈ। ਉਸ ਦੀ ਚੁੱਪ ਨੂੰ ਮੁਖ਼ਾਤਬ ਹੋਣਾ ਲਾਜ਼ਮੀ ਹੈ। ਉਹ ਪਾਸ਼ ਦੀ ਕਵਿਤਾ ਪੜ੍ਹ ਕੇ ਸਾਡੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਪਣਾ ਖ਼ਾਸਾ ਬਿਆਨ ਕਰ ਰਿਹਾ ਹੈ …।

(ਇਹ ਲੇਖ ਪੰਜਾਬ ਟਾਈਮਜ਼ ਦੇ 6 ਮਈ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

2 thoughts on “ਸੁਆਲ-ਸੰਵਾਦ: ਬੇਦਾਅਵਾ ਲਿਖ ਗਏ ਇਨਕਲਾਬੀ ਨਾਲ ਸੁਆਲ-ਜੁਆਬ

  1. ਸੁਆਲ ਉਠਾਓਣ ਓਤੇ ਇਕ ਸ਼ਾਜਿਸ਼ੀ ਚੁਪ ਪਸਰ ਜਾਂਦੀ ਹੈ ਸਚਮੁਚ ਇਨਕਲਾਬ ਦੇ ਸਫਰ ਤੋ ਘਰਾਂ ਨੂਂ ਪਰਤਣਾ ਸੌਖਾ ਨਹੀਂ ਹੁਂਦਾ ਪਰ ਇਸ ਦੀ ਜ਼ਰੂਰਤ ਕਿਉ ਪੈਂਦੀ ਏ ਇਸ ਸੁਆਲ ਨੂਂ ਮੁਖਾਤਿਬ ਹੋਣ ਦੀ ਜ਼ਰੂਰਤ ਹੈ

    ਪਸੰਦ ਕਰੋ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s