ਸੁਆਲ-ਸੰਵਾਦ: ਮੁਆਫ਼ੀ ਦੇ ਦੌਰ ਵਿੱਚ ਰੂਮ ਸਾਗਰ ਵਿੱਚ ਡੁੱਬਦੀ ਵਿਰਾਸਤ

whitsuit
ਦਲਜੀਤ ਅਮੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੇ ਨੁਮਾਇੰਦੇ ਵਜੋਂ ਕੋਮਾਗਾਟਾ ਮਾਰੂ ਦੇ ਸਾਕੇ ਲਈ ਮੁਆਫ਼ੀ ਮੰਗੀ ਹੈ। ਕੋਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ 1914 ਵਿੱਚ ਕੈਨੇਡਾ ਦੀ ਧਰਤੀ ਉੱਤੇ ਪੈਰ ਪਾਉਣ ਤੋਂ ਮਨ੍ਹਾਂ ਕੀਤਾ ਗਿਆ ਸੀ ਅਤੇ ਨਤੀਜੇ ਵਜੋਂ ਮੁਸਾਫ਼ਰਾਂ ਭਰੇ ਸਮੁੰਦਰੀ ਜਹਾਜ਼ ਨੂੰ ਵਾਪਸ ਭੇਜਿਆ ਗਿਆ ਸੀ। ਕੋਮਾਗਾਟਾ ਮਾਰੂ ਦੇ ਬਾਈ ਮੁਸਾਫ਼ਰਾਂ ਨੂੰ ਕਲਕੱਤੇ ਦੇ ਬਜਬਜ ਘਾਟ ਉੱਤੇ ਅੰਗਰੇਜ਼ ਬਸਤਾਨਾਂ ਨੇ ਗੋਲੀ ਨਾਲ ਮਾਰ ਦਿੱਤਾ ਸੀ। ਇਸ ਸਮੁੱਚੇ ਸਾਕੇ ਵਿੱਚ ਗੋਰੀ ਨਸਲ ਅਤੇ ਬਸਤਾਨੀ ਗ਼ਲਬੇ ਦੀਆਂ ਧਾਰਨਾਵਾਂ ਅਹਿਮ ਸਨ। ਇੱਕ ਪਾਸੇ ਕੈਨੇਡਾ ਵਿੱਚ ਗੋਰੀ ਨਸਲ ਦੀ ਸੁੱਚ ਕਾਇਮ ਰੱਖਣ ਦਾ ਸੁਆਲ ਸੀ ਅਤੇ ਦੂਜੇ ਪਾਸੇ ਅੰਗਰੇਜ਼ ਸਾਮਰਾਜ ਦੀ ਰਈਅਤ ਉੱਤੇ ਗ਼ਲਬਾ ਕਰਨ ਦਾ ਸੁਆਲ ਸੀ। ਹੁਣ ਇਸ ਸਾਕੇ ਲਈ ਕੈਨੇਡਾ ਦੀ ਸੰਸਦ ਵਿੱਚ ਮੁਆਫ਼ੀ ਮੰਗੀ ਗਈ ਹੈ। ਉਸ ਵੇਲੇ ਕੋਮਾਗਾਟਾ ਮਾਰੂ ਨੂੰ ਵਾਪਸ ਭੇਜਣ ਵਾਲੇ ਫ਼ੌਜੀ ਰਸਾਲਿਆਂ ਵਿੱਚ ‘ਦ ਡਿਉਕ ਔਫ਼ ਕਨਾਉਟ’ਜ਼ ਓਨ ਰਾਈਫ਼ਲਜ਼’ ਦਾ ਛੇ ਨੰਬਰ ਰਸਾਲਾ ਸ਼ਾਮਿਲ ਸੀ। ਮੌਜੂਦਾ ਕੈਨੇਡਾ ਸਰਕਾਰ ਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸੇ ਰਸਾਲੇ ਵਿੱਚ ਟਰੂਪਰ ਤੋਂ ਲੈਫ਼ਟੀਨੈੱਟ ਕਰਨਲ ਤੱਕ ਦੇ ਅਹੁਦਿਆਂ ਉੱਤੇ ਤਾਇਨਾਤ ਰਿਹਾ ਹੈ। ਹਰਜੀਤ ਸੱਜਣ ਨੂੰ ਬਦਲੇ ਮਾਹੌਲ ਅਤੇ ਮੌਜੂਦਾ ਕੈਨੇਡਾ ਦੇ ਨੁਮਾਇੰਦੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਸ ਵੇਲੇ ਕੈਨੇਡਾ ਗੋਰੀ ਨਸਲ ਦੇ ਗ਼ਲਬੇ ਦੀ ਵਕਾਲਤ ਕਰਦਾ ਸੀ ਅਤੇ ਹੁਣ ਨਸਲੀ ਵੰਨ-ਸਵੰਨਤਾ ਦਾ ਕਦਰਦਾਨ ਅਖਵਾਉਂਦਾ ਹੈ।
ਕੋਮਾਗਾਟਾ ਮਾਰੂ ਸਾਕੇ ਦੀ ਮੁਆਫ਼ੀ ਨੂੰ ਕਈ ਹਵਾਲਿਆਂ ਨਾਲ ਵੇਖਿਆ ਜਾ ਰਿਹਾ ਹੈ। ਇਹ ਕੈਨੇਡਾ ਵਿੱਚ ਨਸਲੀ ਵੰਨ-ਸਵੰਨਤਾ ਵਾਲੇ ਨਿਜ਼ਾਮ ਦੇ ਖ਼ਾਸੇ ਨਾਲ ਮੇਲ ਖਾਂਦੀ ਕਾਰਵਾਈ ਹੈ। ਇਹ ਕੈਨੇਡਾ ਵਿੱਚ ਆਵਾਸੀਆਂ/ਪੰਜਾਬੀਆਂ/ਸਿੱਖਾਂ ਦੇ ਵਧ ਰਹੇ ਅਸਰ ਦਾ ਨਤੀਜਾ ਹੈ। ਕੋਮਾਗਾਟਾ ਮਾਰੂ ਸਾਕੇ ਦੀ ਮੁਆਫ਼ੀ ਨੂੰ ਮੂਲਵਾਸੀਆਂ ਤੋਂ ਮੰਗੀ ਗਈ ਮੁਆਫ਼ੀ ਦੀ ਕੜੀ ਵਜੋਂ ਵੇਖਿਆ ਜਾ ਸਕਦਾ ਹੈ। ਪੂਰੀ ਦੁਨੀਆਂ ਵਿੱਚ ਅਜਿਹੀਆਂ ਮੁਆਫ਼ੀਆਂ ਦੀ ਮੰਗ ਕਈ ਨਸਲ-ਘਾਤ, ਵਿਤਕਰੇ ਅਤੇ ਜੰਗੀ ਅਪਰਾਧਾਂ ਕਾਰਨ ਹੋ ਰਹੀ ਹੈ। ਆਸਟਰੇਲੀਆ ਨੇ ਮੂਲਵਾਸੀਆਂ ਨਾਲ ਵਿਤਕਰੇ ਦੀ ਮੁਆਫ਼ੀ ਮੰਗੀ ਹੈ। ਜਾਪਾਨ ਤੋਂ ਅਜਿਹੀ ਮੁਆਫ਼ੀ ਦੀ ਮੰਗ ਕੋਰੀਆ ਵਿੱਚੋਂ ਲਗਾਤਾਰ ਉਭਰਦੀ ਹੈ। ਇਸ ਤੋਂ ਇਲਾਵਾ ਕੋਮਾਗਾਟਾ ਮਾਰੂ ਦੀ ਮੁਆਫ਼ੀ ਦੀ ਆਪਣੀ ਸਿਆਸਤ ਹੈ ਜੋ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਸ ਮੁਆਫ਼ੀ ਦੇ ਹਵਾਲੇ ਨਾਲ ਕਈ ਤਰ੍ਹਾਂ ਦੀਆਂ ਟਿੱਪਣੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਟਿੱਪਣੀਆਂ ਨੂੰ ਖ਼ੁਸ਼ੀ, ਪ੍ਰਾਪਤੀ ਜਾਂ ਨਸਲੀ ਸਿਆਸਤ ਦੇ ਖ਼ਾਨਿਆਂ ਵਿੱਚ ਵੰਡਿਆ ਜਾ ਰਿਹਾ ਹੈ। ਉਂਝ ਇਹ ਮੁਆਫ਼ੀ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ ਸਗੋਂ ਇਹ ਚਰਚਾ ਅਤੇ ਪਹਿਲਕਦਮੀਆਂ ਦੇ ਕਈ ਪੜਾਵਾਂ ਵਿੱਚੋਂ ਨਿਕਲੀ ਹੈ। ਇਸ ਚਰਚਾ ਵਿੱਚ ਕੈਨੇਡਾ ਦੀਆਂ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਸ਼ਾਮਿਲ ਰਹੀਆਂ ਹਨ। ਪਿਛਲੇ ਟੋਰੀ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਇੱਕ ਸਮਾਗਮ ਉੱਤੇ ਮੁਆਫ਼ੀ ਮੰਗੀ ਸੀ। ਉਸ ਤੋਂ ਬਾਅਦ ਕਈ ਜਥੇਬੰਦੀਆਂ ਵਿੱਚ ਬਹਿਸ ਸੀ ਕਿ ਉਸ ਨੂੰ ਮੁਆਫ਼ੀ ਮੰਨਿਆ ਜਾਵੇ ਜਾਂ ਰਸਮੀ ਮੁਆਫ਼ੀ ਦੀ ਮੰਗ ਕਾਇਮ ਰੱਖੀ ਜਾਵੇ। ਇਨ੍ਹਾਂ ਹਾਲਾਤ ਵਿੱਚ ਕੈਨੇਡਾ ਦੀ ਸਰਕਾਰ ਨੇ ਕੋਮਾਗਾਟਾ ਮਾਰੂ ਸਾਕੇ ਦੀ ਸ਼ਤਾਬਦੀ ਮਨਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ। ਇਸ ਸਾਕੇ ਦੇ ਅਧਿਐਨ ਅਤੇ ਯਾਦਗਾਰੀ ਸਮਾਗਮਾਂ ਉੱਤੇ ਚੋਖਾ ਸਰਕਾਰੀ ਖ਼ਰਚ ਕੀਤਾ ਗਿਆ। ਇਹ ਇਸ਼ਾਰੇ ਸਾਫ਼ ਸਨ ਕਿ ਰਸਮੀ ਮੁਆਫ਼ੀ ਮੰਗਣ ਵਿੱਚ ਕਿਸੇ ਵੀ ਸਿਆਸੀ ਧਿਰ ਦੀ ਸਰਕਾਰ ਨੂੰ ਕੋਈ ਔਖ ਨਹੀਂ ਹੋਣ ਵਾਲੀ।

ਹੁਣ ਸੁਆਲ ਆਉਂਦਾ ਹੈ ਕਿ ਇਸ ਵੇਲੇ ਇਸ ਮੁਆਫ਼ੀ ਦੇ ਕੀ ਮਾਅਨੇ ਹਨ? ਇਸ ਮਾਮਲੇ ਵਿੱਚ ਪੰਜਾਬੀ ਪਰਵਾਸੀਆਂ ਦੀ ਦੂਜੀ ਪੀੜ੍ਹੀ ਦੇ ਨੌਜਵਾਨ ਮੋ ਧਾਲੀਵਾਲ ਨੇ ਅਹਿਮ ਲੇਖ ਲਿਖਿਆ ਹੈ। ਮੋ ਧਾਲੀਵਾਲ ਕੈਨੇਡਾ ਵਿੱਚ ਕੋਮਾਗਾਟਾ ਮਾਰੂ ਨਾਲ ਜੁੜੇ ਸ਼ਹਿਰ ਵੈਨਕੂਬਰ ਵਿੱਚ ਸਕਾਈਰੌਕਟ ਨਾਮ ਦੀ ਕੰਪਨੀ ਚਲਾਉਂਦਾ ਹੈ। ਮੋ ਦੀ ਦਲੀਲ ਹੈ ਕਿ ਟਰੂਡੋ ਨੂੰ ਮੁਆਫ਼ੀ ਮੰਗ ਕੇ ਨਹੀਂ ਸਾਰਨਾ ਚਾਹੀਦਾ ਸਗੋਂ ਨਸਲੀ ਵੰਨ-ਸਵੰਨਤਾ ਵਾਲੇ ਇਤਿਹਾਸ ਨੂੰ ਸਮਝਣ ਅਤੇ ਕੈਨੇਡਾ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਿਹਤਰ ਮਾਹੌਲ ਦੇਣ ਬਾਬਤ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ। ਮੋ ਦੀ ਸਮੁੱਚੀ ਦਲੀਲ ਪੰਜਾਬੀ ਬਰਾਦਰੀ ਦੇ ਹਵਾਲੇ ਨਾਲ ਕੈਨੇਡਾ ਦੇ ਇਤਿਹਾਸ ਨੂੰ ਗੋਰਿਆਂ ਦੀ ਨਸਲੀ ਸਰਦਾਰੀ ਵਿੱਚੋਂ ਬਾਹਰ ਕੱਢਣ ਦੀ ਵਕਾਲਤ ਕਰਦੀ ਹੈ। ਉਹ ਇਸ ਮੁਆਫ਼ੀ ਤੋਂ ਬਾਅਦ ਕੋਮਾਗਾਟਾ ਮਾਰੂ ਦੇ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾ ਕੇ ਭੁੱਲ ਜਾਣ ਦੀ ਥਾਂ ਯਾਦ ਰੱਖਣ ਦੀ ਤਾਕੀਦ ਕਰਦਾ ਹੈ। ਮੋ ਮੁਤਾਬਕ ਕੋਮਾਗਾਟਾ ਮਾਰੂ ਵਾਲੀ ਸਿਆਸਤ ਹੁਣ ਵੀ ਕਿਸੇ ਨਾ ਕਿਸੇ ਰੂਪ ਵਿੱਚ ਹੁੰਦੀ ਹੈ ਅਤੇ ਉਸ ਵੇਲੇ ਦੀ ਸੋਚ ਵਾਲਿਆਂ ਦੀ ਮੌਜੂਦਾ ਦੌਰ ਦੇ ਕੈਨੇਡਾ ਵਿੱਚ ਘਾਟ ਨਹੀਂ ਹੈ।

ਮੋ ਆਪਣੇ ਲੇਖ ਵਿੱਚ ਇਸ ਮੁਆਫ਼ੀ ਦੇ ਪੱਖ ਅਤੇ ਵਿਰੋਧ ਵਾਲੀਆਂ ਦੋ ਧਿਰਾਂ ਨੂੰ ਮੁਖ਼ਾਤਬ ਹੁੰਦਾ ਹੈ ਅਤੇ ਦੋਵਾਂ ਧਿਰਾਂ ਨੇ ਮੋ ਦੇ ਲੇਖ ਉੱਤੇ ਟਿੱਪਣੀਆਂ ਕੀਤੀਆਂ ਹਨ। ਮੁਆਫ਼ੀ ਦੇ ਪੱਖ ਵਾਲੀਆਂ ਦਲੀਲਾਂ ਤਾਂ ਪੰਜਾਬੀ ਦੇ ਅਖ਼ਬਾਰਾਂ ਵਿੱਚ ਲਗਾਤਾਰ ਛਪੀਆਂ ਹਨ ਅਤੇ ਟੈਲੀਵਿਜ਼ਨਾਂ ਉੱਤੇ ਨਸ਼ਰ ਹੋਈਆਂ ਹਨ। ਇਸ ਦੇ ਵਿਰੋਧ ਵਾਲੀਆਂ ਟਿੱਪਣੀਆਂ ਨੂੰ ਨਸਲਵਾਦ ਕਹਿ ਕੇ ਰੱਦ ਕਰ ਦਿੱਤਾ ਗਿਆ ਹੈ। ਮੋ ਦੇ ਲੇਖ ਉੱਤੇ ਆਈਆਂ ਕੁਝ ਟਿੱਪਣੀਆਂ ਦਾ ਜ਼ਿਕਰ ਜ਼ਰੂਰੀ ਹੈ। ਗੈਰੀ ਬਰੂਨਟ ਦੀ ਟਿੱਪਣੀ ਹੈ ਕਿ ਇਹ ਵੋਟ ਸਿਆਸਤ ਹੈ, “ਜੇ ਅਜਨਬੀਆਂ ਦੀ ਭਰੀ ਬਸ ਮੇਰੇ ਦਰਵਾਜ਼ੇ ਉੱਤੇ ਆ ਜਾਵੇਗੀ ਤਾਂ ਮੈਂ ਕਿਸੇ ਵੀ ਕੀਮਤ ਉੱਤੇ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦੇਵਾਂਗਾ। … ਅਸੀਂ ਆਪਣੀ ਗ਼ਲਤੀਆਂ ਦਰੁਸਤ ਕਰਨ ਲਈ ਵੱਡੀ ਗਿਣਤੀ ਵਿੱਚ ਪਨਾਹਗ਼ੀਰਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ। ਹੁਣ ਇਸ ਤੋਂ ਅੱਗੇ ਵਧਣਾ ਚਾਹੀਦਾ ਹੈ ਅਤੇ ਮੁਫ਼ਤਖ਼ੋਰੀ ਦੀ ਝਾਕ ਬੰਦ ਹੋਣੀ ਚਾਹੀਦੀ ਹੈ।” ਰੌਸ ਨਿਕੋਲ ਦੀ ਟਿੱਪਣੀ ਕੈਨੇਡਾ ਦੇ ਸਿੱਖ ਆਵਾਸੀਆਂ ਨੂੰ ਮੁਖ਼ਾਤਬ ਹੈ, “ਇੱਕ ਮੁਆਫ਼ੀ ਸਿੱਖ ਇੰਤਹਾ-ਪਸੰਦਾਂ ਨੂੰ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਸਰਕਾਰੀ ਮੁਲਾਜ਼ਮ ਹੌਪਕਿਨਸਨ ਦਾ ਕਤਲ ਕੀਤਾ ਸੀ ਅਤੇ ਬਾਅਦ ਵਿੱਚ ਉਸ ਦੀ ਕਾਰਵਾਈ ਨੂੰ ਵਡਿਆਇਆ ਸੀ। ਉਹ ਏਅਰ ਇੰਡੀਆ ਵਿੱਚ 329 ਕੈਨੇਡੀਅਨਾਂ ਦੇ ਕਤਲ ਵਾਲੇ ਮਾਮਲੇ ਵਿੱਚ ਮੁਲਜ਼ਮ ਪਰਮਾਰ ਦੀਆਂ ਫੋਟੋਆਂ ਵੈਸਾਖੀ ਦੀਆਂ ਝਾਕੀਆਂ ਵਿੱਚ ਸਜਾਈ ਫਿਰਦੇ ਹਨ। ਉਸ ਕਤਲ ਕਾਂਡ ਦੇ ਪੀੜਤ ਹਾਲੇ ਵੀ ਜਿਊਂਦੇ ਹਨ। ਇਹ ਮੁਆਫ਼ੀ ਇਤਿਹਾਸਕ ਸੋਧਵਾਦ ਦੇ ਨਿਘਾਰ ਦਾ ਸਿਰਾ ਹੈ ਅਤੇ ਵੋਟਾਂ ਪੱਕੀਆਂ ਕਰਨ ਦੀ ਸ਼ਰਮਨਾਕ ਮਸ਼ਕ ਹੈ।” ਮੋ ਦੇ ਖ਼ਦਸ਼ੇ ਨੂੰ ਰੱਦ ਕਰਦੀ ਹੋਈ ਮੁਆਫ਼ੀ ਦੇ ਪੱਖ ਵਿੱਚ ਦਲੀਲ ਸੀਮੋਨ ਰਾਏ ਨੇ ਦਿੱਤੀ ਹੈ, “ਇਹ ਮੁਲਕ ਪਿਛਲੀਆਂ ਚੋਣਾਂ ਤੋਂ ਬਾਅਦ ਬਹੁਤ ਬਦਲ ਗਿਆ ਹੈ। ਕੈਨੇਡਾ ਵਿੱਚ ਚੋਣਾਂ ਜਿੱਤਣ ਵਾਲੇ ਸਿੱਖਾਂ ਦੀ ਚੋਖੀ ਗਿਣਤੀ ਹੈ। ਤੁਹਾਨੂੰ ਲੱਗਦਾ ਹੈ ਕਿ ਉਹ ਕੋਮਾਗਾਟਾ ਮਾਰੂ ਵਰਗਾ ਸਾਕਾ ਮੁੜ ਕੇ ਹੋਣ ਦੇਣਗੇ? ਨਹੀਂ। ਟਰੂਡੋ ਕੋਮਾਗਾਟਾ ਮਾਰੂ ਵਰਗੀ ਵਾਰਦਾਤ ਹੋਣ ਦੇਵੇਗਾ? ਨਹੀਂ। ਮੇਰੇ ਮੁਤਾਬਕ ਜਸਟਿਨ ਨੇ ਹਾਉਸ ਆਫ਼ ਕੌਮਨਜ਼ ਵਿੱਚ ਸਰਕਾਰ ਵਜੋਂ ਮੁਆਫ਼ੀ ਮੰਗ ਕੇ ਢੁਕਵਾਂ ਕੰਮ ਕੀਤਾ ਹੈ। ਮੁਆਫ਼ੀ ਨਾਲ ਪੁਰਾਣੇ ਜ਼ਖ਼ਮ ਭਰਨ ਦਾ ਕਾਰਜ ਸ਼ੁਰੂ ਹੋ ਗਿਆ ਹੈ।”

ਇਨ੍ਹਾਂ ਸਾਰੀਆਂ ਦਲੀਲਾਂ ਵਿਚਲੀ ਸਿਆਸਤ ਸਾਫ਼ ਉਘੜਦੀ ਹੈ ਪਰ ਇਨ੍ਹਾਂ ਨੂੰ ਮੁੱਢੋਂ ਰੱਦ ਨਹੀਂ ਕੀਤਾ ਜਾ ਸਕਦਾ। ਮੁਆਫ਼ੀ ਮੰਗਣ ਦਾ ਅਜਿਹਾ ਕਾਰਜ ਕਦੇ ਵੀ ਮਹਿਜ਼ ਘਟਨਾ ਜਾਂ ਇੱਕ ਪਾਸੜ ਨਹੀਂ ਹੁੰਦਾ। ਮੁਆਫ਼ੀ ਦੋ ਧਿਰਾਂ ਦੀ ਸੁਲਾਹ-ਸਫ਼ਾਈ ਉੱਤੇ ਰਸਮੀ ਮੋਹਰ ਦਾ ਕੰਮ ਕਰਦੀ ਹੈ। ਬੀਤੇ ਨੂੰ ਨਾ ਦੁਹਰਾਉਣ ਖ਼ਿਲਾਫ਼ ਪੇਸ਼ਬੰਦੀਆਂ ਅਤੇ ਇੱਕ-ਦੂਜੇ ਨੂੰ ਇੱਜ਼ਤ ਦੇਣ ਦਾ ਵਾਅਦਾ ਅਹਿਮ ਹੁੰਦਾ ਹੈ। ਹੁਣ ਇਹ ਸੁਆਲ ਕਿੰਨਾ ਵੀ ਪਰੇਸ਼ਾਨ ਕਰਨ ਵਾਲਾ ਜਾਂ ਇਤਿਹਾਸ ਦੀ ਪੰਜਾਬੀ ਜਾਂ ਸਿੱਖ ਸਮਝ ਨੂੰ ਹਿਲਾ ਦੇਣ ਵਾਲਾ ਹੋਵੇ ਪਰ ਹੌਪਕਿਨਸਨ ਦੇ ਕਤਲ ਦੀ ਨਵੀਂ ਵਿਆਖਿਆ ਕਰਨੀ ਪਵੇਗੀ। ਇਸ ਸੁਆਲ ਨੂੰ ਮੁਆਫ਼ੀ ਦੀ ਵਕਾਲਤ ਕਰਨ ਵਾਲਾ ਪੰਜਾਬੀ/ਸਿੱਖ ਭਾਈਚਾਰਾ ਕਿਵੇਂ ਨਜ਼ਰ-ਅੰਦਾਜ਼ ਕਰ ਸਕਦਾ ਹੈ?

ਮੋ ਧਾਲੀਵਾਲ ਦੀ ਦਲੀਲ ਵਧੇਰੇ ਪੜਚੋਲ ਦੀ ਮੰਗ ਕਰਦੀ ਹੈ। ਕੋਮਾਗਾਟਾ ਮਾਰੂ ਦੀ ਕਹਾਣੀ ਨੂੰ ਜੇ ਪੰਜਾਬੀ, ਸਿੱਖ ਜਾਂ ਕੈਨੇਡਾ ਦੀ ਕਹਾਣੀ ਤੱਕ ਮਹਿਦੂਦ ਕਰ ਲਿਆ ਜਾਵੇ ਤਾਂ ਇਸ ਨੂੰ ਮੋ ਧਾਲੀਵਾਲ ਦੀ ਦਲੀਲ ਦੇ ਘੇਰੇ ਵਿੱਚ ਨਜਿੱਠਿਆ ਜਾ ਸਕਦਾ ਹੈ। ਜੇ ਇਸ ਨੂੰ ਬਸਤਾਨ ਸੋਚ, ਨਸਲਵਾਦੀ ਸਿਆਸਤ ਅਤੇ ਸਾਮਰਾਜੀ ਮੁਹਿੰਮਾਂ ਦੇ ਹਵਾਲੇ ਨਾਲ ਵੇਖਿਆ ਜਾਵੇ ਤਾਂ ਸੁਆਲ ਕੁਝ ਹੋਰ ਬਣਦੇ ਹਨ। ਕੋਮਾਗਾਟਾ ਮਾਰੂ ਕੈਨੇਡਾ ਦੇ ਸਮੁੰਦਰੀ ਤਟਾਂ ਉੱਤੇ ਪਹੁੰਚਣ ਵਾਲੇ ਬਹੁਤ ਸਾਰੇ ਜਾਪਾਨੀ ਅਤੇ ਚੀਨੀ ਜਹਾਜ਼ਾਂ ਵਿੱਚੋਂ ਇੱਕ ਸੀ। ਕੈਨੇਡਾ ਦੇ ਕਾਨੂੰਨ ਤਹਿਤ ਉਨ੍ਹਾਂ ਸਭ ਨਾਲ ਬਦਸਲੂਕੀ ਹੋਈ। ਦੂਜਾ ਪੱਖ ਬਸਤਾਨ ਮੁਲਕਾਂ ਦੀ ਲੁੱਟ ਅਤੇ ਪੈਦਾ ਕੀਤੀ ਬੇਚੈਨੀ ਅਤੇ ਬੇਜ਼ਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ, ਜ਼ਿੰਦਗੀ ਦੇ ਬਿਹਤਰ ਮੌਕਿਆਂ, ਖ਼ੁਸ਼ਹਾਲੀ ਅਤੇ ਬੰਦਖਲਾਸੀ ਦੀ ਭਾਲ ਵਿੱਚ ਅਜਨਬੀ ਮੁਲਕਾਂ ਵਿੱਚ ਧੱਕਿਆ। ਇਸ ਤੋਂ ਇਲਾਵਾ ਜਗਿਆਸਾ, ਜਾਗਰੁਕਤਾ, ਨਵੇਂ ਦਿੱਸਹੱਦਿਆਂ ਦੀ ਭਾਲ ਅਤੇ ਨਵੇਂ ਗਿਆਨ-ਵਿਗਿਆਨ ਨਾਲ ਜੁੜਨ ਦਾ ਤਰਦੱਦ ਵੀ ਬੰਦੇ ਨੂੰ ਇੱਕ ਮੁਲਕ ਤੋਂ ਦੂਜੇ ਵਿੱਚ ਤੋਰੀ ਫਿਰਿਆ ਹੈ। ਕੋਮਾਗਾਟਾ ਮਾਰੂ ਦੇ ਮੁਸਾਫ਼ਰ ਇਨ੍ਹਾਂ ਦੇ ਹਮਸਫ਼ਰ ਸਨ।

ਮੋ ਧਾਲੀਵਾਲ ਬਿਹਤਰ ਕੈਨੇਡਾ ਦੀ ਉਸਾਰੀ ਲਈ ਇਤਿਹਾਸ ਦੇ ਪੁਰਾਣੇ ਰੁਝਾਨ ਦੀ ਮੌਜੂਦਾ ਦੌਰ ਵਿੱਚ ਸ਼ਨਾਖ਼ਤ ਕਰਨ ਦੀ ਦਲੀਲ ਦਿੰਦੇ ਹਨ। ਇਹ ਦਲੀਲ ਕੈਨੇਡਾ ਤੱਕ ਜਾਂ ਕੋਮਾਗਾਟਾ ਮਾਰੂ ਤੱਕ ਮਹਿਦੂਦ ਹੋਣੀ ਕਿਉਂ ਲਾਜ਼ਮੀ ਹੈ? ਕੈਨੇਡਾ ਦਾ ਕੋਮਾਗਾਟਾ ਮਾਰੂ ਦੇ ਮੁਸਾਫ਼ਰਾਂ ਨਾਲ ਵਿਹਾਰ ਉਨ੍ਹਾਂ ਦੀ ਬਸਤਾਨ ਸੋਚ ਦੀ ਨੁਮਾਇੰਦਗੀ ਕਰਦਾ ਸੀ। ਮੌਜੂਦਾ ਦੌਰ ਵਿੱਚ ਕੈਨੇਡਾ ਦੀ ਸਾਮਰਾਜੀ ਮੁੰਹਿਮਾਂ ਬਾਰੇ ਕੀ ਸੋਚ ਹੈ? ਕੀ ਕੈਨੇਡਾ ਅਮਰੀਕਾ ਅਤੇ ਨਾਟੋ ਦੀਆਂ ਅਗਵਾਈਆਂ ਵਿੱਚ ਚੱਲਦੀਆਂ ਜੰਗੀ ਮੁਹਿੰਮਾਂ ਵਿੱਚ ਸ਼ਰੀਕ ਨਹੀਂ ਹੈ? ਪਹਿਲਾਂ ਇਹ ਗੋਰਿਆਂ ਦੀਆਂ ਨਸਲੀ ਜੰਗਾਂ ਸਨ ਅਤੇ ਹੁਣ ਇਨ੍ਹਾਂ ਜੰਗਾਂ ਵਿੱਚ ਉਨ੍ਹਾਂ ਦੀਆਂ ਫ਼ੌਜਾਂ ਵਿੱਚ ਨਸਲੀ ਵੰਨ-ਸਵੰਨਤਾ ਝਲਕਦੀ ਹੈ। ਅਫ਼ਗ਼ਾਨੀਆਂ ਦੀ ਸ਼ਮੂਲੀਅਤ ਨਾਲ ਅਫ਼ਗ਼ਾਨਿਸਤਾਨ ਉੱਤੇ ਹਮਲਾ ਕਰਨ ਵਾਲੀ ਨਾਟੋ ਫ਼ੌਜ ਦੀ ਨਸਲੀ ਵੰਨ-ਸਵੰਨਤਾ ਤਾਂ  ਕਾਇਮ ਹੋ ਜਾਂਦੀ ਹੈ ਪਰ ਇਸ ਦਾ ਸਾਮਰਾਜੀ ਖ਼ਾਸਾ ਤਬਦੀਲ ਨਹੀਂ ਹੋ ਜਾਂਦਾ।

ਪੰਜਾਬੀ ਹੋਣ ਕਾਰਨ ਹਰਜੀਤ ਸੱਜਣ ਅਫ਼ਗ਼ਾਨਿਸਤਾਨ ਵਿੱਚ ਮੁਕਾਮੀ ਬੋਲੀਆਂ ਸਮਝਣ ਅਤੇ ਬੋਲਣ ਲੱਗਦਾ ਹੈ ਤਾਂ ਨਾਟੋ ਦੀ ਨਸਲੀ ਵੰਨ-ਸਵੰਨਤਾ ਦਾ ਪੁਖ਼ਤਾ ਸਬੂਤ ਮਿਲਦਾ ਹੈ ਪਰ ਇਸੇ ਨਾਲ ਉਨ੍ਹਾਂ ਦੀ ਖ਼ੂੰਖ਼ਾਰ ਜੰਗ ਤਾਂ ਅਣਹੱਕੀ ਤੋਂ ਹੱਕੀ ਨਹੀਂ ਹੋ ਜਾਂਦੀ। ਜੇ ਕੋਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੀ ਨੁਮਾਇੰਦਗੀ ਕਰਨ ਵਾਲਾ ਕੋਈ ‘ਦ ਡਿਉਕ ਔਫ਼ ਕਨਾਉਟ’ਜ਼ ਓਨ ਰਾਈਫ਼ਲਜ਼’ ਦੇ ਛੇ ਨੰਬਰ ਰਸਾਲੇ ਦਾ ਜਰਨੈਲ ਬਣ ਜਾਂਦਾ ਹੈ ਤਾਂ ਇਸ ਨਾਲ ਕੈਨੇਡਾ ਦਾ ਫ਼ੌਜੀ ਖ਼ਾਸਾ ਤਾਂ ਤਬਦੀਲ ਨਹੀਂ ਹੁੰਦਾ। ਬਸਤਾਨਾਂ ਦੀਆਂ ਫ਼ੌਜਾਂ ਵਿੱਚ ਸਾਮਰਾਜੀ ਜੰਗਾਂ ਲੜਨ ਵਾਲੇ ਆਪਣੇ ਜੱਦੀ ਮੁਲਕਾਂ ਦੇ ਪਿਆਰੇ ਤਾਂ ਹਨ ਪਰ ਸ਼ਹੀਦ ਜਾਂ ਬਹਾਦਰ ਨਹੀਂ ਹਨ। ਉਨ੍ਹਾਂ ਦੀਆਂ ਜੰਗੀ ਪ੍ਰਾਪਤੀਆਂ ਬਸਤਾਨਾਂ ਦੇ ਖ਼ਾਤੇ ਪੈਂਦੀਆਂ ਹਨ। ਮੌਜੂਦਾ ਦੌਰ ਦੇ ਸਾਮਰਾਜ ਨੇ ਆਪਣੇ ਨਿਸ਼ਾਨੇ ਉੱਤੇ ਆਏ ਮੁਲਕਾਂ ਵਿੱਚ ਜੰਗਾਂ, ਖ਼ਾਨਾਜੰਗੀ, ਥੁੜ੍ਹਾਂ, ਬੀਮਾਰੀਆਂ ਅਤੇ ਬੇਚੈਨੀ ਨੂੰ ਬੇਮੁਹਾਰ ਕਰਨ ਦਾ ਕੰਮ ਕੀਤਾ ਹੈ। ਪੂਰੀ ਦੁਨੀਆਂ ਵਿੱਚੋਂ ਲੋਕ ਆਪਣੀ ਜਾਨ ਦਾ ਖੌਂਅ ਸਹੇੜ ਕੇ ਹਿਜਰਤ ਕਰਨ ਲਈ ਮਜਬੂਰ ਹੋਏ ਹਨ। ਕੋਮਾਗਾਟਾ ਮਾਰੂ ਦੀ ਵਿਰਾਸਤ ਇਸ ਵੇਲੇ ਏਸ਼ੀਆ, ਅਫ਼ਰੀਕਾ ਅਤੇ ਯੂਰਪ ਵਿਚਕਾਰ ਰੂਮ ਸਾਗਰ ਵਿੱਚ ਡਿੱਕੇ-ਡੋਲੇ ਖਾ ਰਹੀ ਹੈ। ਨਾਟੋ ਅਤੇ ਯੂਰਪੀ ਯੂਨੀਅਨ ਇਨ੍ਹਾਂ ਜਹਾਜ਼ਾਂ ਨੂੰ ਕੰਢੇ ਲੱਗਣ ਤੋਂ ਰੋਕਣ ਲਈ ਤਾਲਮੇਲ ਕਰਦੇ ਹਨ ਪਰ ਆਪ ਹੀ ਇਨ੍ਹਾਂ ਵਿੱਚ ਸਵਾਰ ਮੁਸਾਫ਼ਰਾਂ ਦੇ ਜੱਦੀ ਮੁਲਕਾਂ ਵਿੱਚ ਹਾਲਾਤ ਨੂੰ ਬਦ ਤੋਂ ਬਦਤਰ ਕਰਨ ਵਿੱਚ ਹਿੱਸਾ ਪਾ ਰਹੇ ਹਨ।

ਇਸ ਦੌਰਾਨ ਯੂਰਪੀ ਅਤੇ ਉੱਤਰੀ ਅਮਰੀਕੀ ਮੁਲਕਾਂ ਨੇ ਬਹੁਤ ਸਾਰੇ ਪਨਾਹਗ਼ੀਰਾਂ ਨੂੰ ਪਨਾਹ ਦਿੱਤੀ ਹੈ। ਇਹ ਸੁਆਲ ਨਜ਼ਰ-ਅੰਦਾਜ਼ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਪਨਾਹਗ਼ੀਰ ਹੋਣ ਵਿੱਚ ਇਨ੍ਹਾਂ ਮੁਲਕਾਂ ਦੀਆਂ ਵਿਦੇਸ਼ ਨੀਤੀਆਂ, ਜੰਗੀ ਮੁਹਿੰਮਾਂ ਅਤੇ ਵਪਾਰ ਨੀਤੀਆਂ ਨੇ ਕਿੰਨਾ ਹਿੱਸਾ ਪਾਇਆ ਹੈ। ਬਹੁਤ ਸਾਰੇ ਪਨਾਹਗ਼ੀਰ ਸੂਈ ਦੇ ਨੱਕੇ ਵਿੱਚੋਂ ਨਿਕਲ ਕੇ ਉੱਤਰੀ ਅਮਰੀਕਾ ਜਾਂ ਯੂਰਪ ਵਿੱਚ ਰੁਤਬੇ ਹਾਸਲ ਕਰ ਲੈਣਗੇ। ਆਖ਼ਰ ਇਹ ਆਪਣੇ ਮੁਲਕਾਂ ਦਾ ਬਿਹਤਰੀਨ ਮਨੁੱਖੀ ਵਸੀਲਾ ਹਨ ਜੋ ਸਾਮਰਾਜੀ ਮੁਲਕਾਂ ਨੇ ‘ਪਰਉਪਕਾਰੀ ਪਨਾਹਗੀਰ/ਆਵਾਸੀ ਨੀਤੀਆਂ’ ਰਾਹੀਂ ਲੁੱਟ ਲਿਆ ਹੈ। ਇਸੇ ਸੂਈ ਦੇ ਨੱਕੇ ਵਿੱਚੋਂ ਨਿਕਲ ਕੇ ਹਰਜੀਤ ਸੱਜਣ ਨਾਟੋ ਫ਼ੌਜਾਂ ਦਾ ਬੋਸਨੀਆ-ਹਰਜ਼ੀਗੋਵੀਨਾ ਅਤੇ ਅਫ਼ਗ਼ਾਨਿਸਤਾਨ ਵਿੱਚ ਜਰਨੈਲ ਰਿਹਾ ਹੈ। ਬੋਸਨੀਆ-ਹਰਜ਼ੀਗੋਵੀਨਾ ਅਤੇ ਅਫ਼ਗ਼ਾਨਿਸਤਾਨ ਵਿੱਚ ਹੋਏ ਜੰਗੀ ਜੁਰਮਾਂ ਵਿੱਚ ਉਸ ਦੀ ਹਿੱਸੇਦਾਰੀ ਲਾਸਾਨੀ ਹੈ। ਇਹ ਸੁਆਲ ਤਾਂ ਪੁੱਛਿਆ ਜਾਣਾ ਬਣਦਾ ਹੈ ਕਿ ਬੋਸਨੀਆ-ਹਰਜ਼ੀਗੋਵੀਨਾ ਅਤੇ ਅਫ਼ਗ਼ਾਨਿਸਤਾਨ ਦੇ ਜੰਗੀ ਜੁਰਮਾਂ ਨਾਲ ਕੋਮਾਗਾਟਾ ਮਾਰੂ ਦੀ ਵਿਰਾਸਤ ਦਾ ਕਿਸ ਤਰ੍ਹਾਂ ਦਾ ਸੰਵਾਦ ਹੋ ਸਕਦਾ ਹੈ। ਜੇ ਕੋਮਾਗਾਟਾ ਮਾਰੂ ਦਾ ਕੋਈ ਨਸਲੀ ਨੁਮਾਇੰਦਾ ਸਾਮਰਾਜ ਦੀ ਵਕਾਲਤ ਕਰਨ ਲੱਗਿਆ ਹੈ ਤਾਂ ਇਸ ਨਾਲ ਰੂਮ ਸਾਗਰ ਪਾਰ ਕਰਨ ਦੇ ਤਸ਼ੱਦਦ ਅਤੇ ਅਫ਼ਗ਼ਾਨਿਸਤਾਨ ਨੂੰ ਡਰੋਨ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲ ਜਾਂਦੀ। ਕੈਨੇਡਾ ਦੇ ਨਾਗਰਿਕ ਆਪਣੇ ਕਾਨੂੰਨ ਤਹਿਤ 1914 ਵਿੱਚ ਵੀ ਮੂੰਹ-ਜ਼ੋਰ ਸਨ ਅਤੇ 2016 ਵਿੱਚ ਵੀ ਮੂੰਹ-ਜ਼ੋਰ ਹਨ। ਉਸ ਵੇਲੇ ਸੁਆਲ ਕੈਨੇਡਾ ਜਾਂ ਗੋਰੀ ਨਸਲ ਜਾਂ ਬਸਤਾਨ ਮੁਲਕਾਂ ਦੇ ਦੂਜੇ ਮੁਲਕਾਂ ਜਾਂ ਉਨ੍ਹਾਂ ਦੇ ਸ਼ਹਿਰੀਆਂ ਨਾਲ ਵਿਹਾਰ ਦਾ ਸੀ। ਸੁਆਲ ਇਸ ਵੇਲੇ ਵੀ ਨਸਲੀ ਵੰਨ-ਸਵੰਨਤਾ ਵਾਲੇ ਕੈਨੇਡਾ ਦੇ ਦੂਜੇ ਮੁਲਕਾਂ ਅਤੇ ਉਨ੍ਹਾਂ ਦੇ ਸ਼ਹਿਰੀਆਂ ਨਾਲ ਵਿਹਾਰ ਦਾ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 27 ਮਈ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s