ਸੁਆਲ-ਸੰਵਾਦ: ‘ਉਡਤਾ ਪੰਜਾਬ’ ਦੀ ਏਕਤਾ ਅਤੇ ਪੰਜਾਬ ਦਾ ਖਿੰਡਾਰਾ

udta7_1461335231_725x725

ਦਲਜੀਤ ਅਮੀ
‘ਉਡਤਾ ਪੰਜਾਬ’ ਸ਼ਾਇਦ ਫਿਲਮ ਇਤਿਹਾਸ ਦੇ ਸਭ ਤੋਂ ਵੱਡੇ ਬੇਦਾਅਵੇ ਨਾਲ ਸ਼ੁਰੂ ਹੁੰਦੀ ਹੈ। ਲੰਮੀ ਇਬਾਰਤ ਵਾਲਾ ਬੇਦਾਅਵਾ ਲੰਮਾ ਸਮਾਂ ਪਰਦੇ ਉੱਤੇ ਰਹਿੰਦਾ ਹੈ। ਇਸ ਬੇਦਾਅਵੇ ਵਿੱਚ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੀ ਸੁਝਾਈ ਹੋਈ ਇਹ ਸਤਰ ਸ਼ਾਮਿਲ ਹੈ, “ਅਸੀਂ ਸਰਕਾਰ ਅਤੇ ਪੁਲਿਸ ਰਾਹੀਂ ਨਸ਼ਿਆਂ ਖ਼ਿਲਾਫ਼ ਵਿੱਢੀ ਲੜਾਈ ਦੀ ਤਸਦੀਕ ਕਰਦੇ ਹਾਂ। ਇਸ ਬੀਮਾਰੀ ਖ਼ਿਲਾਫ਼ ਲੜਾਈ ਨੂੰ ਸਮੁੱਚੇ ਮੁਲਕ ਦੇ ਏਕੇ ਤੋਂ ਬਿਨਾਂ ਨਹੀਂ ਜਿੱਤਿਆ ਜਾ ਸਕਦਾ।” ਇਸ ਦੇ ਨਾਲ ਹੀ ਇਹ ਸਾਫ਼ ਕੀਤਾ ਜਾਂਦਾ ਹੈ ਕਿ ਇਸ ਫ਼ਿਲਮ ਦੇ ਸਾਰੇ ਪਾਤਰ ਅਤੇ ਘਟਨਾਵਾਂ ਕਾਲਪਨਿਕ ਹਨ ਜਿਨ੍ਹਾਂ ਦਾ ਹਕੀਕਤ ਨਾਲ ਕਿਸੇ ਤਰ੍ਹਾਂ ਦਾ ਮੇਲ ਮਹਿਜ ਮੌਕਾ-ਮੇਲ ਹੈ। ਇਸ ਤੋਂ ਬਾਅਦ ਪੂਰੀ ਫ਼ਿਲਮ ਇਨ੍ਹਾਂ ਬੇਦਾਅਵਿਆਂ ਵਿੱਚ ਢੁਕਣ ਦੀ ਮਸ਼ਕ ਬਣਦੀ ਜਾਪਦੀ ਹੈ। ਪਹਿਲੇ ਦ੍ਰਿਸ਼ ਵਿੱਚ ਪਾਕਿਸਤਾਨ ਦੀ ਜ਼ਮੀਨ ਤੋਂ ਇੱਕ ਚੱਪਣੀ (ਡਿਸਕਸ) ਸੁਟਾਵਾ ਤਸਕਰਾਂ ਦੀ ਟੋਲੀ ਨਾਲ ਮਿਲ ਕੇ ਤਿੰਨ ਕਿਲੋ ਕੋਕੀਨ ਦੀ ਥੈਲੀ ਕੌਮਾਂਤਰੀ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਿੱਚ ਸੁੱਟਦਾ ਹੈ। ਇਹ ਥੈਲੀ ਹਵਾ ਵਿੱਚ ਰੁਕ ਜਾਂਦੀ ਹੈ ਅਤੇ ਇਸ ਦੇ ਉੱਤੇ ਫ਼ਿਲਮ ਦਾ ਨਾਮ ਉਭਰਦਾ ਹੈ, ‘ਉਡਤਾ ਪੰਜਾਬ’।
ਇਹ ਦ੍ਰਿਸ਼ ਦੋਵਾਂ ਬੇਦਾਅਵਿਆਂ ਦੇ ਘੇਰੇ ਅੰਦਰੋਂ ਕੀਤੀ ਦਾਅਵੇਦਾਰੀ ਹੈ। ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਅਤੇ ਸਰਹੱਦੀ ਤਾਰ ਦੇ ਉਪਰੋਂ ਆ ਰਿਹਾ ਹੈ। ਇਹ ਦ੍ਰਿਸ਼ ਕਾਲਪਨਿਕ ਵੀ ਹੈ ਅਤੇ ਇਸ ਨਾਲ ਭਾਰਤੀ ਸਰਕਾਰ ਅਤੇ ਪੁਲਿਸ ਦੇ ਪੱਖ ਵਿੱਚ ਜੁੱਟ ਬਣਨ ਦਾ ਮੁੱਢ ਵੀ ਬੰਨ੍ਹਿਆ ਜਾਂਦਾ ਹੈ। ਅਸਲ ਵਿੱਚ ਸਰਹੱਦੀ ਤਾਰ ਅਤੇ ਸਰਹੱਦ ਵਿੱਚ ਚੋਖਾ ਫ਼ਾਸਲਾ ਹੈ। ਤਾਰ ਤੋਂ ਪਾਰ ਭਾਰਤੀ ਕਿਸਾਨ ਖੇਤੀ ਕਰਨ ਜਾਂਦੇ ਹਨ। ਤਾਰ ਤੋਂ ਪਾਰ ਕੋਈ ਉਸਾਰੀ ਜਾਂ ਰਿਹਾਇਸ਼ ਨਹੀਂ ਹੈ। ਤਾਰ ਤੋਂ ਪਾਰ ਜਾਣ ਦਾ ਕੰਮ ਨੀਮ ਫ਼ੌਜੀ ਦਲਾਂ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਹੋ ਸਕਦਾ। ਤਾਰ ਤੋਂ ਪਾਰ ਤਕਰੀਬਨ ਇੱਕ ਕਿਲੋਮੀਟਰ ਦਾ ਇਲਾਕਾ ਭਾਰਤ ਦਾ ਹੈ। ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਨੋ ਮੈਨ ਲੈਂਡ’ ਹੈ ਅਤੇ ਇਸ ਦੇ ਵਿਚਕਾਰੋਂ ਕੌਮਾਂਤਰੀ ਸਰਹੱਦ ਗੁਜ਼ਰਦੀ ਹੈ। ਤਾਰ ਦੇ ਨਾਲ ਸੀਮਾ ਸੁਰੱਖਿਆ ਬਲ ਦੇ ਮਚਾਨ ਹਨ ਅਤੇ ਦੋਵੇਂ ਪਾਸੇ ਗਸ਼ਤ ਲਈ ਰਾਹ ਬਣੇ ਹੋਏ ਹਨ। ਤਾਰ ਦੇ ਆਲੇ-ਦੁਆਲੇ ਮੱਸਿਆ ਦੀ ਰਾਤ ਨੂੰ ਦਿਨ ਚੜ੍ਹਾ ਦੇਣ ਵਾਲੀਆਂ ਬੱਤੀਆਂ ਦਾ ਇੰਤਜ਼ਾਮ ਹੈ। ਇਹ ਬੱਤੀਆਂ ਰਾਤ ਨੂੰ ਜਗਦੀਆਂ ਹਨ। ਤਾਰ ਤੋਂ ਪਾਰ ਭਾਰਤੀ ਕਿਸਾਨਾਂ ਨੂੰ ਗੰਨਾ-ਮੱਕੀ-ਬਾਜਰਾ ਵਰਗੀਆਂ ਉੱਚੀਆਂ ਫ਼ਸਲਾਂ ਬੀਜਣ ਦੀ ਮਨਾਹੀ ਹੈ।

ਇਸ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਤੋਂ ਤਾਰ ਦੇ ਲਾਗੇ ਆਉਣ ਲਈ ਹਨੇਰੇ, ਫ਼ਸਲਾਂ ਜਾਂ ਇਮਾਰਤਾਂ ਦੀ ਕੋਈ ਓਟ ਨਹੀਂ ਹੈ। ਜੇ ਪਾਕਿਸਤਾਨ ਵਿੱਚੋਂ ਤਿੰਨ ਕਿਲੋ ਕੋਕੀਨ ਭਾਰਤ ਵਿੱਚ ਸੁੱਟਣੀ ਹੋਵੇ ਤਾਂ ਦੁਨੀਆਂ ਦਾ ਕੌਮਾਂਤਰੀ ਰਿਕਾਰਡ ਧਾਰੀ ਚੱਪਣੀ ਸੁਟਾਵਾ ਵੀ ਇਹ ਕੰਮ ਨਹੀਂ ਕਰ ਸਕਦਾ। ਇਹ ਫ਼ਾਸਲਾ ਘੱਟੋ-ਘੱਟ ਇੱਕ ਕਿਲੋਮੀਟਰ ਬਣਦਾ ਹੈ ਪਰ ਚੱਪਣੀ ਸੁੱਟਣ ਦਾ ਕੌਮਾਂਰਤੀ ਰਿਕਾਰਡ 74.08 ਮੀਟਰ ਹੈ ਜਿਸ ਦੇ ਲਾਗੇ 1986 ਤੋਂ ਬਾਅਦ ਕੋਈ ਸੁਟਾਵਾ ਨਹੀਂ ਪਹੁੰਚਿਆ। ਮਰਦਾਂ ਦੇ ਮੁਕਾਬਲੇ ਵਿੱਚ ਵਰਤੀ ਜਾਂਦੀ ਚੱਪਣੀ ਦਾ ਵਜ਼ਨ ਦੋ ਕਿਲੋ ਹੁੰਦਾ ਹੈ। ਇਹ ਸੁਆਲ ਜਾਇਜ਼ ਹੈ ਕਿ ਫ਼ਿਲਮਸਾਜ਼ ਕੋਲ ਤਖ਼ਲੀਕੀ ਖੁੱਲ੍ਹ ਹੁੰਦੀ ਹੈ ਅਤੇ ਪੜਚੋਲ ਵੇਲੇ ਇਸ ਤਰ੍ਹਾਂ ਦੀ ਤੱਥ-ਮੁਲਕ ਜਾਣਕਾਰੀ ਬੇਮਾਅਨਾ ਹੈ। ਇਸੇ ਦਲੀਲ ਦਾ ਦੂਜਾ ਪਾਸਾ ਹੈ ਕਿ ਇਸੇ ਤਖ਼ਲੀਕੀ ਖੁੱਲ੍ਹ ਨੇ ਮਿਸਾਲਿਆ ਬਣ ਕੇ ਹਕੀਕਤ ਦੀ ਪੜਚੋਲ ਦਾ ਸਬੱਬ ਬਣਨਾ ਹੈ। ‘ਉਡਤਾ ਪੰਜਾਬ’ ਬਾਰੇ ਤਾਂ ਸਮੁੱਚੀ ਬਹਿਸ ਹੀ ਪੰਜਾਬ ਦੀ ਮੌਜੂਦਾ ਹਾਲਾਤ ਨਾਲ ਜੋੜ ਕੇ ਹੋ ਰਹੀ ਹੈ।

ਫ਼ਿਲਮ ਦੇ ਤਕਨੀਕੀ ਮਿਆਰ ਬਾਬਤ ਜ਼ਿਆਦਾ ਬਹਿਸ ਦੀ ਗੁੰਜਾਇਸ਼ ਨਹੀਂ ਹੈ। ਅਦਾਕਾਰੀ ਪੱਖੋਂ ਕਰੀਨਾ ਕਪੂਰ, ਦਿਲਜੀਤ ਦੁਸਾਂਝ, ਆਲਿਆ ਭੱਟ ਅਤੇ ਕਮਲ ਤਿਵਾੜੀ ਸਮੇਤ ਫ਼ਿਲਮ ਦੇ ਜ਼ਿਆਦਾਤਰ ਅਦਾਕਾਰਾਂ ਦੀ ਸਮਰੱਥਾ ਬਾਰੇ ਪਸੰਦ-ਨਾਪਸੰਦ ਦੇ ਬਾਵਜੂਦ ਕਿਸੇ ਨੂੰ ਕੋਈ ਸ਼ੱਕ ਨਹੀਂ ਹੋ ਸਕਦਾ। ਅਨੁਰਾਗ ਕਸ਼ਿਅਪ ਅਤੇ ਏਕਤਾ ਕਪੂਰ ਦੀ ਜੋੜੀ ਫ਼ਿਲਮ ਸਨਅਤ ਵਿੱਚ ਤਕਨੀਕੀ ਮੁਹਾਰਤ ਨੂੰ ਜੋੜਨ ਦੇ ਸਮਰੱਥ ਹੈ। ਉਨ੍ਹਾਂ ਦੀ ਸਮਰੱਥਾ ਦੀ ਨੁਮਾਇਸ਼ ‘ਉਡਤਾ ਪੰਜਾਬ’ ਵਿੱਚ ਹੁੰਦੀ ਹੈ। ਸੁਆਲ ਉਨ੍ਹਾਂ ਦੇ ਵਿਸ਼ੇ ਬਾਬਤ ਹੈ। ਅਨੁਰਾਗ ਅਤੇ ਏਕਤਾ ਨੇ ਕ੍ਰਮਵਾਰ ਫ਼ਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਕਾਇਮ ਕੀਤੀ ਹੈ। ਏਕਤਾ ਕਪੂਰ ਦੇ ਟੈਲੀਵਿਜ਼ਨ ਸੀਰੀਅਲ ਘਰਾਂ ਵਿੱਚ ਬਾਜ਼ਾਰ ਲਗਾਉਣ ਅਤੇ ਕਹਾਣੀ ਅੰਦਰ ਇਸ਼ਤਿਹਾਰ ਸਜਾਉਣ ਲਈ ਜਾਣੇ ਜਾਂਦੇ ਹਨ। ਉਸ ਦੇ ਕਿਰਦਾਰ ਖੁੰਦਕ ਅਤੇ ਹਿਰਸ ਦੇ ਧਾਰਨੀ ਹਨ। ਉਸ ਨੂੰ ਕਿਸੇ ਕਿਰਦਾਰ ਦੀ ਪਾਕੀਜ਼ਗੀ ਨਾਪਸੰਦ ਹੈ। ਏਕਤਾ ਕਪੂਰ ਦੇ ਜ਼ਨਾਨਾ-ਮਰਦਾਨਾ ਕਿਰਦਾਰਾਂ ਨੂੰ ਵਸਤਾਂ ਚਲਾਉਂਦੀਆਂ ਹਨ ਅਤੇ ਹਰ ਤਰ੍ਹਾਂ ਦੀ ਸੌਦੇਬਾਜ਼ੀ ਸੱਸ-ਬਹੂ ਦੇ ਰਿਸ਼ਤਿਆਂ ਰਾਹੀਂ ਕੀਤੀ ਜਾਂਦੀ ਹੈ।

ਦੂਜੇ ਪਾਸੇ ਅਨੁਰਾਗ ਕਸ਼ਿਅਪ ਦੀਆਂ ਫ਼ਿਲਮਾਂ ਛੋਟੇ ਸ਼ਹਿਰਾਂ, ਤੰਗ ਇਲਾਕਿਆਂ, ਭੀੜ ਅਤੇ ਖਰਵੀ ਬੋਲੀ ਵਿੱਚੋਂ ਬੰਦੇ ਦੀ ਬਦਸੂਰਤੀ ਦੀ ਨੁਮਾਇਸ਼ ਕਰਦੀਆਂ ਹਨ। ਉਸ ਦੀ ਦਲੀਲ ਹੈ ਕਿ ਉਸ ਦੀਆਂ ਫ਼ਿਲਮਾਂ ਸਮਾਜਿਕ-ਸਿਆਸੀ ਮਨਾਹੀਆਂ ਦਾ ਘੇਰਾ ਤੋੜ ਕੇ ਹਨੇਰੀਆਂ ਕੰਦਰਾਂ ਦੀ ਅਸਲੀਅਤ ਪੇਸ਼ ਕਰਦੀਆਂ ਹਨ। ਉਸ ਦੇ ਕਿਰਦਾਰ ਹਿੰਸਾ ਨੂੰ ਰੋਟੀ ਖਾਣ ਜਿਹਾ ਸਹਿਜ ਕਾਰਜ ਬਣਾ ਦਿੰਦੇ ਹਨ। ਉਸ ਦੇ ਕਿਰਦਾਰਾਂ ਦੀ ਬੋਲੀ ਵਿੱਚੋਂ ਨਰਮੀ, ਨਿੱਘ ਅਤੇ ਸਲੀਕਾ ਮਨਫ਼ੀ ਹੈ। ਉਨ੍ਹਾਂ ਦੀ ਸਾਹ ਰਗ ਵਿੱਚੋਂ ਗਾਲਾਂ ਨਿਕਲਦੀਆਂ ਹਨ। ਇਹ ਦਲੀਲ ਲਗਾਤਾਰ ਦਿੱਤੀ ਜਾਂਦੀ ਰਹੀ ਹੈ ਕਿ ਗਾਲਾਂ ਸਮਾਜ ਦੀ ਹਕੀਕਤ ਹਨ ਅਤੇ ਇਨ੍ਹਾਂ ਨੂੰ ਸਾਹਿਤ ਅਤੇ ਸਿਰਜਣਾ ਦੀ ਕਿਸੇ ਵਿਧਾ ਵਿੱਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਇਹ ਦਲੀਲ ਰਾਹੀ ਮਾਸੂਮ ਰਜ਼ਾ ਨੇ ਆਪਣੇ ਨਾਵਲ ‘ਓਸ ਕੀ ਬੂੰਦ’ ਦੀ ਭੂਮਿਕਾ ਵਿੱਚ ਦਿੱਤੀ ਹੈ ਕਿ ਉਹ ਹਿਟਲਰ ਬਣ ਕੇ ਕਿਰਦਾਰਾਂ ਦੇ ਮੂੰਹ ਵਿੱਚ ਆਈਆਂ ਗਾਲਾਂ ਉੱਤੇ ਪਾਬੰਦੀ ਨਹੀਂ ਲਗਾ ਸਕਦੇ। ਇਸ ਦਲੀਲ ਨੂੰ ਅਨੁਰਾਗ ਕਸ਼ਿਅਪ ਦੀਆਂ ਫ਼ਿਲਮਾਂ ਤੱਕ ਸਮਝਣਾ ਅਹਿਮ ਹੈ। ਅਨੁਰਾਗ ਕਸ਼ਿਅਪ ਦਾ ਹਰ ਕਿਰਦਾਰ ਨੇਮ ਨਾਲ ਗਾਲਾਂ ਦਿੰਦਾ ਹੈ। ਗਾਲਾਂ ਉਨ੍ਹਾਂ ਦੀ ਤਰਜ਼ਿ-ਜ਼ਿੰਦਗੀ ਹਨ। ਅਨੁਰਾਗ ਦੀਆਂ ਫ਼ਿਲਮਾਂ ਵਿੱਚ ਗਾਲਾਂ ਕਿਸੇ ਖਿੱਝ ਜਾਂ ਗੁੱਸੇ ਜਾਂ ਪਿਆਰ ਦੀ ਨੁਮਾਇੰਦਗੀ ਨਹੀਂ ਕਰਦੀਆਂ। ਉਸ ਦੀ ਦਲੀਲ ਸੜਕਾਂ ਅਤੇ ਗਲੀਆਂ ਵਿੱਚ ਸੁਣਾਈ ਦਿੰਦੀਆਂ ਗਾਲਾਂ ਨਾਲ ਜੁੜੀ ਹੋਈ ਹੈ। ਦਰਅਸਲ ਅਸੀਂ ਸਮਾਜਿਕ ਜੀਅ ਵਜੋਂ ਬੇਨਾਮ ਜਾਂ ਅਣਜਾਣ ਲੋਕਾਂ ਦੀਆਂ ਗਾਲਾਂ ਸੁਣਦੇ ਹਾਂ ਪਰ ਅਨੁਰਾਗ ਦੀਆਂ ਫ਼ਿਲਮਾਂ ਵਿੱਚ ਇਹ ਰੁਝਾਨ ਬਾਨਾਮ ਅਤੇ ਜਾਣਕਾਰ ਘੇਰੇ ਦਾ ਹਿੱਸਾ ਹੋ ਜਾਂਦਾ ਹੈ। ਸਮਾਜ ਵਿੱਚ ਸੁਆਲ ਗਾਲਾਂ ਕੱਢਣ ਵਾਲੇ ਬੇਨਾਮ ਜੀਅ ਤੱਕ ਪਹੁੰਚ ਦਾ ਹੈ ਪਰ ਅਨੁਰਾਗ ਗਾਲਾਂ ਕੱਢਣ ਵਾਲੇ ਬੇਨਾਮ ਨੂੰ ਜਾਣ-ਪਛਾਣ ਦੇ ਘੇਰੇ ਵਿੱਚ ਲਿਆ ਕੇ ਜਾਇਜ਼ ਕਰਾਰ ਦਿੰਦਾ ਹੈ। ਉਸ ਦੀਆਂ ਫ਼ਿਲਮਾਂ ਬੇਮੁਹਾਰ ਹਿੰਸਾ ਅਤੇ ਬੇਲਗ਼ਾਮ ਜੁਆਨ ਉੱਤੇ ਸੁਆਲ ਕਰਨ ਵਾਲੀ ਹਰ ਥਾਂ ਜਾਂ ਅਦਾਰੇ ਜਾਂ ਕਿਰਦਾਰ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਅਨੁਰਾਗ ਦੀ ਕਾਮਯਾਬੀ ਪਰਦੇ ਉੱਤੇ ਪੇਸ਼ ਕੀਤੀ ਬੇਕਿਰਕ ਹਿੰਸਾ ਅਤੇ ਬੇਲਗ਼ਾਮ ਬੋਲੀ ਦੇ ਸਦਮੇ ਨਾਲ ਜੁੜੀ ਹੋਈ ਹੈ।

‘ਉਡਤਾ ਪੰਜਾਬ’ ਰਾਹੀਂ ਅਨੁਰਾਗ ਕਸ਼ਿਅਪ ਅਤੇ ਏਕਤਾ ਕਪੂਰ ਦਾ ਗੱਠਜੋੜ ਨਸ਼ਿਆਂ ਦੇ ਵਪਾਰ ਵਿੱਚੋਂ ਫ਼ਿਲਮੀ ਕਹਾਣੀ ਉਸਾਰਦਾ ਹੈ ਜੋ ਮੌਜੂਦਾ ਦੌਰ ਦੇ ਹਾਲਾਤ ਵਿੱਚ ਉਨ੍ਹਾਂ ਦੀ ਅਜ਼ਮਾਈਆਂ ਹੋਈਆਂ ਜੁਗਤਾਂ ਦਾ ਕਾਰਗਰ ਅਖਾੜਾ ਬਣਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਅਭਿਸ਼ੇਕ ਚੌਬੇ ਦੀ ਹੈ, ਅਨੁਰਾਗ ਜਾਂ ਏਕਤਾ ਦੀ ਨਹੀਂ। ਇਹ ਇਤਰਾਜ਼ ਦਰੁਸਤ ਹੈ ਪਰ ਅਨੁਰਾਗ ਅਤੇ ਏਕਤਾ ਦੇ ਤਖ਼ਲੀਕੀ ਗੁਣ ‘ਉਡਤਾ ਪੰਜਾਬ’ ਰਾਹੀਂ ਵਪਾਰਕ ਸਫ਼ਰ ਤੈਅ ਕਰਦੇ ਹਨ। ਅਭਿਸ਼ੇਕ ਚੌਬੇ ਦੀ ਫ਼ਿਲਮ ਅਨੁਰਾਗ ਅਤੇ ਏਕਤਾ ਦੇ ਨਿਵੇਕਲੇ ਚੌਖਟਿਆਂ ਵਿੱਚ ਪੂਰੀ ਉਤਰਦੀ ਹੈ। ਸਰਪ੍ਰਸਤੀ ਅਤੇ ਰਵਾਇਤ ਪੱਖੋਂ ਇਹ ਅਨੁਰਾਗ ਅਤੇ ਏਕਤਾ ਦੀ ਫ਼ਿਲਮ ਬਣਦੀ ਹੈ। ਟੈਲੀਵਿਜ਼ਨ ਲੜੀਵਾਰਾਂ ਵਿੱਚ ਗਹਿਣੇ, ਸਾੜੀਆਂ ਅਤੇ ਸੁਰਖ਼ੀਆਂ-ਬਿੰਦੀਆਂ ਦਾ ਇਸ਼ਤਿਹਾਰ ਕਰਨ ਤੋਂ ਬਾਅਦ ਏਕਤਾ ਕਪੂਰ ਫ਼ਿਲਮ ਵਿੱਚ ‘ਵਟਸਅੱਪ’ ਅਤੇ ‘ਕੈਫੇ ਕੌਫੀ ਡੇਅ’ ਵਰਗੀਆਂ ਕੰਪਨੀਆਂ ਲਈ ਇਸ਼ਤਿਹਾਰੀ ਥਾਂ ਸਿਰਜਦੀ ਹੈ। ਅਨੁਰਾਗ ਆਪਣੀਆਂ ਫ਼ਿਲਮਾਂ ‘ਪਾਂਚ’ ਅਤੇ ‘ਗੈਂਗਸ ਆਫ਼ ਵਾਸੇਪੁਰ’ ਦੀ ਲੜੀ ਨੂੰ ‘ਉਡਤਾ ਪੰਜਾਬ’ ਨਾਲ ਅੱਗੇ ਤੋਰਦਾ ਜਾਪਦਾ ਹੈ।

ਅਨੁਰਾਗ ਅਤੇ ਏਕਤਾ ਦੇ ਕਿਰਦਾਰ ਵੇਗ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਵੇਗ ਨਿੱਜੀ ਹੈ। ਇਹ ਵੇਗ ਕਿਸੇ ਨਾਲ ਸਾਂਝ ਜਾਂ ਜੋੜ ਨਹੀਂ ਭਾਲਦਾ। ‘ਉਡਤਾ ਪੰਜਾਬ’ ਦੇ ਸਾਰੇ ਕਿਰਦਾਰ ਆਪਣੇ ਵੇਗ ਵਿੱਚ ਹਨ। ਉਹ ਆਪਣੀ ਇਕੱਲਤਾ, ਨਾਕਾਮਯਾਬੀ, ਗ਼ੁਰਬਤ ਜਾਂ ਸਿਆਸਤ ਦਾ ਤੋੜ ਨਸ਼ਿਆਂ ਦੇ ਵਪਾਰ ਜਾਂ ਵਰਤੋਂ ਵਿੱਚ ਵੇਖਦੇ ਹਨ। ਉਹ ਆਪ ਸਹੇੜੀ ਅੱਗ ਵਿੱਚੋਂ ਆਪਣੇ-ਆਪ ਨੂੰ ਬਚਾਉਣ ਲਈ ਹੱਥ-ਪੈਰ ਮਾਰਦੇ ਹਨ। ਇਹ ਫ਼ਿਲਮ ਅਨੁਰਾਗ ਕਸ਼ਿਅਪ ਦੇ ਅੰਦਾਜ਼ ਵਿੱਚ ਗਾਲਾਂ ਅਤੇ ਹਿੰਸਾ ਉੱਤੇ ਟੇਕ ਰੱਖਦੀ ਹੈ। ਗਾਲਾਂ ਹਿੰਸਾ ਦਾ ਸਭ ਤੋਂ ਸੂਖ਼ਮ ਅਤੇ ਬੇਲਿਹਾਜ ਹਥਿਆਰ ਬਣਦੀਆਂ ਹਨ। ਏਕਤਾ ਕਪੂਰ ਦੇ ਅੰਦਾਜ਼ ਵਿੱਚ ਸਾਰੇ ਕਿਰਦਾਰ ਹਿਰਸ, ਬੇਵਿਸਾਹੀ ਅਤੇ ਖੁੰਦਕ ਦਾ ਆਸਰਾ ਭਾਲਦੇ ਹਨ। ਆਪਣੇ ਬੇਦਾਅਵੇ ਮੁਤਾਬਕ ਫ਼ਿਲਮ ਭਾਈ ਦੇ ਨਸ਼ੇੜੀ ਹੋ ਜਾਣ ਕਾਰਨ ‘ਅੱਖਾਂ ਖੋਲ੍ਹਣ’ ਵਾਲੇ ਪੁਲਿਸ ਅਫ਼ਸਰ, ਚੰਗਿਆਈ ਨਾਲ ਭਰੀ ਪਰ ਇਕੱਲੀ ਡਾਕਟਰ ਅਤੇ ਹਾਲਾਤ ਤੋਂ ਬਦਜਨ ਹਾਕੀ ਖਿਡਾਰਨ ਦੀਆਂ ਕਹਾਣੀਆਂ ਨੂੰ ਅਨੁਰਾਗ-ਏਕਤਾ ਰਾਹਾਂ ਉੱਤੇ ਤੋਰਦੀ ਹੈ। ਬੇਦਾਅਵੇ ਨਾਲ ਸੱਚੀ ਰਹਿੰਦੀ ਹੋਈ ਫ਼ਿਲਮ ਨਸ਼ਿਆਂ ਦੇ ਵਪਾਰ ਦੀ ਸਿਆਸੀ ਸਰਪ੍ਰਸਤੀ ਬੇਪਰਦ ਹੋਣ ਅਤੇ ਪੁਲਿਸ ਦੀ ਜਾਂਚ ਸ਼ੁਰੂ ਹੋਣ ਨਾਲ ਖ਼ਤਮ ਹੁੰਦੀ ਹੈ। ਇਸੇ ਤੋਂ ਸਾਫ਼ ਹੁੰਦਾ ਹੈ ਕਿ ਅਦਾਲਤ ਦੀ ਫ਼ਿਲਮ ਬੋਰਡ ਨੂੰ ਦਿੱਤੀ ਹਦਾਇਤ ‘ਪ੍ਰਭੂਸੱਤਾ ਜਾਂ ਅਖੰਡਤਾ’ ਵਾਲੀ ਦਲੀਲ ਕਿੰਨੀ ਅਹਿਮ ਹੈ। ਅਦਾਲਤ ਨੇ ਕਿਹਾ ਸੀ, “ਫ਼ਿਲਮ ਮੁਲਕ ਦੀ ਪ੍ਰਭੂਸੱਤਾ ਜਾਂ ਅਖੰਡਤਾ ਉੱਤੇ ਕੋਈ ਸੁਆਲ ਨਹੀਂ ਕਰਦੀ।” ਫ਼ਿਲਮ ਇਸ ਦਲੀਲ ਉੱਤੇ ਖ਼ਰੀ ਉਤਰਦੀ ਹੈ। ਇਹ ਸਰਕਾਰ ਅਤੇ ਪੁਲਿਸ ਦੀਆਂ ਕਾਲੀਆਂ ਭੇਡਾਂ ਤੱਕ ਮਹਿਦੂਦ ਰਹਿੰਦੀ ਹੋਈ ਆਵਾਮ ਅੰਦਰਲੀ ਬਦਸੂਰਤੀ ਦੀ ਨੁਮਾਇਸ਼ ਲਗਾਉਂਦੀ ਹੈ। ਦਰਸ਼ਕਾਂ ਨੂੰ ਗਾਲਕੋਸ਼ ਦਾ ਤੋਹਫ਼ਾ ਦਿੰਦੀ ਹੈ ਅਤੇ ਬੇਕਿਰਕ ਹਿੰਸਾ ਦੀ ਬੇਸੁਆਦੀ ਨਾਲ ਭਰ ਦਿੰਦੀ ਹੈ।

‘ਉਡਤਾ ਪੰਜਾਬ’ ਦੀ ਪੰਜਾਬ ਦੀ ਮੌਜੂਦਾ ਹਾਲਾਤ ਨਾਲ ਜੋੜ ਕੇ ਪੜਚੋਲ ਜ਼ਰੂਰੀ ਹੈ। ਤਕਨੀਕੀ ਅਤੇ ਤਾਇਨਾਤੀ ਪੱਖੋਂ ਦੁਨੀਆਂ ਦੀ ਸਭ ਤੋਂ ਔਖੀ ਸਰਹੱਦ ਤੋਂ ਨਸ਼ੇ ਦਾ ਵਪਾਰ ਕਿਵੇਂ ਚੱਲਦਾ ਹੈ? ਪੰਜਾਬ ਸਰਕਾਰ ਦੇ ਕਈ ਨੁਮਾਇੰਦੇ ਵਾਰ-ਵਾਰ ਕਹਿੰਦੇ ਹਨ ਕਿ ਇਸ ਨੂੰ ਰੋਕਣਾ ਕੇਂਦਰ ਸਰਕਾਰ ਦੇ ਹੱਥ ਹੈ ਕਿਉਂਕਿ ਕੇਂਦਰੀ ਨੀਮ ਫ਼ੌਜੀ ਬਲ ਕੇਂਦਰੀ ਗ੍ਰਹਿ ਮੰਤਰਾਲੇ ਹੇਠ ਹਨ। ਦੁਨੀਆਂ ਭਰ ਦੇ ਅਧਿਐਨ ਦਰਸਾ ਰਹੇ ਹਨ ਕਿ ਸੁਰੱਖਿਆ ਅਤੇ ਖ਼ੂਫ਼ੀਆ ਏਜੰਸੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਨਸ਼ਿਆਂ ਦਾ ਕੌਮਾਂਤਰੀ ਵਪਾਰ ਨਹੀਂ ਹੋ ਸਕਦਾ। ‘ਉਡਤਾ ਪੰਜਾਬ’ ਇਸ ਪੱਖ ਦੇ ਉੱਤੋਂ ਚੱਪਣੀ ਨਾਲ ਉਡਾਰੀ ਮਾਰ ਜਾਂਦੀ ਹੈ।
ਨਸ਼ੇ ਦਾ ਸਮਾਜਿਕ ਮਸਲਾ ਬਣ ਜਾਣ ਦੇ ਲੱਛਣ ਕੀ ਹਨ? ਨਸ਼ੇ ਕਰਨ ਵਾਲਿਆਂ/ਵਾਲੀਆਂ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਸਮਾਜ ਉੱਤੇ ਬੂਰਾ ਅਸਰ ਪੈ ਰਿਹਾ ਹੈ। ਆਵਾਮ ਦੀਆਂ ਮਨੁੱਖੀ ਸਮਰੱਥਾਵਾਂ ਅਜਾਈ ਜਾਂਦੀਆਂ ਹਨ। ਇਸ ਦੇ ਨਾਲ ਹੀ ਨਸ਼ਿਆਂ ਨੂੰ ਸਮਾਜਿਕ ਬੇਵਿਸਾਹੀ ਅਤੇ ਬੇਲਾਗਤਾ ਦੀ ਨਿਸ਼ਾਨੀ ਵਜੋਂ ਵੀ ਸਮਝਿਆ ਜਾਂਦਾ ਹੈ। ਜਦੋਂ ਨਸ਼ਾ ਥਕਾਵਟ ਉਤਾਰਨ ਅਤੇ ਦਿਲ-ਪਰਚਾਵੇ ਦੀਆਂ ਨਿੱਜੀ ਹਦੂਦ ਪਾਰ ਕਰ ਜਾਂਦਾ ਹੈ ਤਾਂ ਇਹ ਸਮਾਜਿਕ ਮਸਲਾ ਬਣਦਾ ਹੈ। ਇਸੇ ਲਈ ਨਸ਼ਿਆਂ ਨੂੰ ਸਮਾਜਿਕ ਅਤੇ ਸਿਆਸੀ ਮੁਹਾਜ ਤੋਂ ਮੁਖ਼ਾਤਬ ਹੋਣਾ ਜ਼ਰੂਰੀ ਬਣਦਾ ਹੈ। ਪੰਜਾਬ ਵਿੱਚ ਦੇਸੀ ਨਸ਼ਿਆਂ ਦੀ ਪੈਦਾਵਾਰ ਨਹੀਂ ਹੁੰਦੀ। ਸਿੰਥੈਟਿਕ ਨਸ਼ਿਆਂ ਦਾ ਕਾਰੋਬਾਰ ਅਤੇ ਕੌਮਾਂਤਰੀ ਤਸਕਰੀ ਸਿਆਸੀ, ਸਰਕਾਰੀ ਅਤੇ ਨਿਜ਼ਾਮ ਦੀ ਮਿਲੀਭੁਗਤ ਤੋਂ ਬਿਨਾਂ ਹੋ ਨਹੀਂ ਸਕਦੀ। ਇਸ ਗੱਠਜੋੜ ਨੂੰ ਪਾਂਡੀਆਂ ਤੋਂ ਲੈ ਕੇ ਖ਼ਪਤਕਾਰਾਂ ਦੀ ਲੋੜ ਹੈ ਅਤੇ ਇਸ ਦੀ ਆਪਣੀ ਹਾਲਤ ਨਸ਼ੇਖ਼ੋਰ ਆਵਾਮ ਨਾਲ ਮਜ਼ਬੂਤ ਹੁੰਦੀ ਹੈ।

‘ਉਡਤਾ ਪੰਜਾਬ’ ਨਸ਼ਿਆਂ ਦੇ ਵਪਾਰ ਨੂੰ ਇਸ ਗੱਠਜੋੜ ਵਜੋਂ ਨਾ ਸਮਝਣ ਦੇ ਬੇਦਾਅਵੇ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਨਾਲ ਤੋੜ ਤੱਕ ਨਿਭਦੀ ਹੈ। ਇਸ ਫ਼ਿਲਮ ਦਾ ਪੰਜਾਬ ਵਿੱਚ ਨਸ਼ਿਆਂ ਦੀ ਮਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਨੁਰਾਗ-ਏਕਤਾ ਦੀ ਜੋੜੀ ਨੂੰ ਮੌਜੂਦਾ ਪੰਜਾਬ ਵਿੱਚੋਂ ਆਪਣੀ ਮੁਹਾਰਤ ਦਰਸਾਉਣ ਵਾਲੀ ਫ਼ਿਲਮੀ ਕਹਾਣੀ ਮਿਲੀ ਹੈ। ਇਸ ਕਹਾਣੀ ਵਿੱਚ ਉਨ੍ਹਾਂ ਨੇ ਆਪਣੇ ਨਿਵਕਲੇਪਣ ਦੀ ਪੁੱਠ ਚੜ੍ਹਾਈ ਹੈ ਅਤੇ ਸਿਆਸੀ ਮਾਹੌਲ ਨੇ ਇਸ ਦੇ ਇਸ਼ਤਿਹਾਰ ਦਾ ਕੰਮ ਕੀਤਾ ਹੈ। ਪੰਜਾਬ ਸਰਕਾਰ ਅਤੇ ਸਮੂਹ ਸਿਆਸੀ ਪਾਰਟੀਆਂ ਆਪਣੀ ਸਿਆਸੀ ਅਚਵੀ ਕਾਰਨ ‘ਉਡਤਾ ਪੰਜਾਬ’ ਦੁਆਲੇ ਲਾਮਬੰਦੀ ਕਰ ਰਹੀਆਂ ਸਨ। ਫ਼ਿਲਮ ਨੇ ਨਾ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਹੱਥ ਫੜਨਾ ਹੈ ਅਤੇ ਨਾ ਹੁਕਮਰਾਨਾਂ ਦੀ ਡੁੱਬਦੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਕਰਨਾ ਹੈ। ਇਸ ਫ਼ਿਲਮ ਦੀ ਕਾਮਯਾਬੀ ਇਸ ਸੁਆਲ ਵਿੱਚ ਹੈ ਕਿ ਮੌਜੂਦਾ ਮਾਹੌਲ ਵਿੱਚ ਅਨੁਰਾਗ ਕਸ਼ਅਪ-ਏਕਤਾ ਕਪੂਰ ਦੀ ਜੋੜੀ ਸਾਰੀਆਂ ਸਿਆਸੀ ਧਿਰਾਂ ਨੂੰ ਟਿਕਟ ਖਿੜਕੀ ਦੇ ਬਾਹਰ ਕਿਵੇਂ ਜਥੇਬੰਦ ਕਰਦੀ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 24 ਜੂਨ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

3 thoughts on “ਸੁਆਲ-ਸੰਵਾਦ: ‘ਉਡਤਾ ਪੰਜਾਬ’ ਦੀ ਏਕਤਾ ਅਤੇ ਪੰਜਾਬ ਦਾ ਖਿੰਡਾਰਾ

  1. Kaafi hadd takk vadhiya analysis hai. Ih theek hi ikk masala film de sanche vich dhali hoyi hai Te punjab vich phail rahi drug addiction iss de plot da siraf vantage point hai, ultimate concern nahi. Par fer v kite kite iho jihiya spaces Te visual images aunde ne Jo film nu thorre sayane bandyan ch v parwangi dawaunde ne. Kul Mila ke ih ikk commercial film hai jisda Punjab de ajoke political questions nal koi bohta laaga dega nahi hai. Analysis is worth considering.

    ਪਸੰਦ ਕਰੋ

  2. ਦਲਜੀਤ ਅਮੀ ਜੀ ਤੁਸੀਂ ਵਧੀਆ ਸਮੀਖਿਆ ਕੀਤੀ ਹੈ ਪਰੰਤੂ ਇਹ ਇਕ ਪਾਸੜ ਸਮੀਖਿਆ ਵਧੇਰੇ ਜਾਪਦੀ ਹੈ। ਇਸ ਤਰਾਂ ਜਾਪਦਾ ਹੈ ਕਿ ਪੰਜਾਬ ਵਿਚ ਇਸ ਫਿਲਮ ‘ਤੇ ਪਾਬੰਦੀ ਲਾਉਣ ਵਾਲਿਆਂ ਦੇ ਵਿਚਾਰਾਂ ਵਾਂਗ ਤੁਸੀਂ ਵੀ ਇਸ ਨੂੰ ਹਰ ਪੱਖ ਤੋਂ ਨਿੰਦਣ ਤੱਕ ਚਲੇ ਗਏ। ਕਲਾ ਦੇ ਹਰ ਰੂਪ ਵਿਚ ਕਲਪਨਾ ਲਾਜ਼ਮੀ ਹੁੰਦੀ ਹੈ। ਤੁਹਾਡਾ ਇਹ ਇਤਰਾਜ਼ ਕਿ ਫਿਲਮ ਮੇਕਰ ਨਸ਼ੇ ਨੂੰ ਪਾਕਿਸਤਾਨ ਤੋਂ ਆਉਂਦਾ ਦਿਖਾਉਣ ਲਈ ਪਾਥੀ(ਡਿਸਕਸ) ਸੁੱਟਣ ਵਾਲਾ ਢੰਗ ਤਕਨੀਕੀ ਪੱਖ ਤੋਂ ਗਲਤ ਹੈ। ਜਦੋਂ ਅਸੀਂ ਬਹੁਤ ਸਾਰੀਆਂ ਫਿਲਮਾਂ ਵਿਚ ਅਜੇਹੇ ‘ਕੌਤਕ’ ਬਿਨਾਂ ਕਿਸੇ ਕਿੰਤੂ ਕਰੇ ਤੋਂ ਵੇਖਦੇ ਹਾਂ ਤਾਂ ਇਸਨੂੰ ਇਸ ਕਲਪਨਾ ਦਾ ਹਿੱਸਾ ਮੰਨ ਲੈਣਾ ਚਾਹੀਦਾ ਸੀ। ਕੋਈ ਵੀ ਫਿਲਮ ਮੇਕਰ ਪਾਕਿਸਤਾਨ ਤੋਂ ਨਸ਼ੇ ਦੀ ਤਸਕਰੀ ਨੂੰ ਵਿਖਾਉਣ ਲਈ ਆਪਣੇ ਆਪਣੇ ਢੰਗਾਂ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ। ਜੇਕਰ ਕਿਸੇ ਫਿਲਮ ਵਿਚ ਪਾਕਿਸਤਾਨੀ ਫੌਜ ਦੀ ਭਾਰਤੀ ਫੌਜ ਨਾਲ ਲੜਾਈ ਵਖਾਈ ਜਾਵੇ ਤਾਂ ਅਸੀਂ ਇਹ ਕਿੰਤੂ ਕਰ ਸਕਦੇ ਹਾਂ ਕਿ ਇਹ ਤਾਂ ਨਾਂ ਹੀ ਪਾਕਿਸਤਾਨੀ ਫੌਜੀ ਹਨ ਤੇ ਨਾ ਹੀ ਪਾਕਿਸਤਾਨ ਦੀ ਇਹ ਧਰਤੀ ਹੈ। ਸਾਨੂੰ ਪਤਾ ਹੁੰਦਾ ਹੈ ਕਿ ਕੋਈ ਲੇਖਕ ਜਾਂ ਫਿਲਮਕਾਰ ਸਿੱਧੇ ਢੰਗ ਨਾਲ ਗੱਲ ਕਰਨ ਦੀ ਥਾਂ ਅਸਿੱਧੇ ਢੰਗ ਨਾਲ ਗੱਲ ਕਰ ਰਿਹਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਨਸ਼ਿਆਂ ਦੇ ਗਲਤ ਪ੍ਰਭਾਵ ਨੂੰ ਪੇਸ਼ ਕਰਕੇ ਅੰਤ ‘ਤੇ ਕਿਸੇ ਦਾ ਚੰਗਾ ਬਣਨ ਨੂੰ ਸੁਧਾਰਵਾਦ ਕਹਿੰਦੇ ਹਨ। ਇਸ ਸੁਧਾਰਵਾਦ ਨਾਲ ਕੋਈ ਨਸ਼ਾ ਨਹੀਂ ਛੱਡੇਗਾ। ਪਰ ਗੱਲ ਤਾਂ ਇਹ ਹੈ ਕਿ ਜਿੱਥੇ ਹੋਰ ਬਹੁਤ ਸਾਰੀਆਂ ਬਕਵਾਸ ਫਿਲਮਾਂ ਬਣ ਰਹੀਆਂ ਹਨ ਉਥੇ ਜੇ ਕੋਈ ਇਹੋ ਜਿਹੇ ਗੰਭੀਰ ਮੁੱਦੇ ‘ਤੇ ਫਿਲਮਾਂ ਬਣਾਉਂਦਾ ਹੈ ਤਾਂ ਉਸਦੇ ਕੰਮ ਨੂੰ ਹੱਲਾਸ਼ੇਰੀ ਦਿੰਦੇ ਹੋਏ ਛੋਟੀਆਂ-ਮੋਟੀਆਂ ਗਲਤੀਆਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਇਥੇ ਹਰ ਵਰਤਾਰਾ ਰੋਟੀ ਨਾਲ ਜੁੜਿਆ ਹੋਇਆ ਹੈ ਇਸ ਲਈ ਤੁਹਾਡਾ ਇਹ ਇਤਰਾਜ਼ ਕਿ ਇਹਨਾਂ ਨੇ ਪੈਸੇ ਲਈ ਫਿਲਮ ਬਣਾਈ ਹੈ ਵੀ ਨਿਰਮੂਲ ਹੈ।
    ਜਿਥੋਂ ਤਕ ਇਸ ਵਿਚਲੀਆਂ ਗਾਲਾਂ ਦਾ ਸੰਬੰਧ ਹੈ ਤਾਂ ਇਸ ਗੱਲ ਨਾਲ ਤਾਂ ਤੁਸੀਂ ਵੀ ਸਹਿਮਤ ਹੋਵੋਗੇ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਘਰਾਂ ਵਿਚ ਗਾਲਾਂ ਆਮ ਕੱਢੀਆਂ ਜਾਂਦੀਆਂ ਹਨ। ਇਸ ਵਿਚ ਬੇਨਾਮ ਜਾਂ ਜਾਣਕਾਰ ਦਾ ਮਸਲਾ ਨਹੀਂ। ਮਸਲਾ ਤਾਂ ਇਹ ਹੈ ਕਿ ਹਰ ਇਕ ਦੇ ਮੂੰਹ ‘ਤੇ ਗਾਲ ਹੈ। ਜਦੋਂ ਵੀ ਕੋਈ ਘਰਾਂ ਵਿਚ ਗਾਲਾਂ ਕੱਢਦਾ ਹੈ ਤਾਂ ਉਹ ਇਹ ਨਹੀਂ ਦੇਖਦਾ ਕਿ ਇਹਨਾਂ ਨੂੰ ਘਰ ਦੀਆਂ ਔਰਤਾਂ ਵੀ ਸੁਣਦੀਆਂ ਹੋਣਗੀਆਂ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਾਗੀਰੂ ਸਮਾਜ ਵਿਚ ਔਰਤ ਨੂੰ ਸਰੀਰਕ ਤਸੱਦਦ ਦੇ ਨਾਲ ਨਾਲ ਗਾਲਾਂ ਵੀ ਖਾਣੀਆਂ ਪੈਂਦੀਆਂ ਸਨ। ਸੋ ਇਸ ਗੱਲ ਕਰਕੇ ਇਸਦੀ ਨਿੰਦਾ ਕਰਨਾ ਆਪਣੇ ਪੱਧਰ ਤੋਂ ਛੋਟੀ ਗੱਲ ਕਰਨ ਹੋਵੇਗਾ। ਬਾਕੀ ਪੰਜਾਬ ਦੇ ਬੁੱਧੀਜੀਵੀ ਵਰਗ ਨੂੰ ਇਹ ਭਲੀਭਾਂਤ ਪਤਾ ਹੈ ਕਿ ਪੰਜਾਬ ਵਿਚ ਨਸ਼ੇ ਕਿਉਂ ਨਹੀਂ ਰੁਕਦੇ, ਸ਼ਰਾਬ, ਤੰਬਾਕੂ ‘ਤੇ ਪਾਬੰਦੀ ਕਿਉਂ ਨਹੀਂ ਲੱਗਦੀ ? ਹਰਿੰਦਰ

    ਪਸੰਦ ਕਰੋ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s