ਸੁਆਲ-ਸੰਵਾਦ: ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ?

navkaranਦਲਜੀਤ ਅਮੀ
ਰੋਹਿਤ ਵੇਮੁਲਾ ਤੋਂ ਬਾਅਦ ਨਵਕਰਨ ਦੀ ਖ਼ੁਦਕੁਸ਼ੀ ਸੋਗ਼ਵਾਰ ਹੈ। ਨਵਕਰਨ ਦੀ ਖ਼ੁਦਕੁਸ਼ੀ ਇੱਕ ਪਾਸੇ ਤਾਂ ਖ਼ੁਦਕੁਸ਼ੀਆਂ ਦੇ ਰੁਝਾਨ ਦੀ ਕੜੀ ਹੈ ਪਰ ਦੂਜੇ ਪਾਸੇ ਉਸ ਦੀ ਪਛਾਣ ਨਾਲ ਜੁੜ ਕੇ ਇਸੇ ਰੁਝਾਨ ਦਾ ਗੁੰਝਲਦਾਰ ਪੱਖ ਉਜਾਗਰ ਕਰਦੀ ਹੈ। ਨਵਕਰਨ ਇੱਕ ਕਮਿਉਨਿਸਟ ਧੜੇ (ਰੈਵੂਲੁਸ਼ਨਰੀ ਕਮਿਉਨਿਸਟ ਲੀਗ ਆਫ਼ ਇੰਡੀਆ ਜਾਂ ਆਰ.ਸੀ.ਐੱਲ.ਆਈ.) ਦਾ ਕੁੱਲਵਕਤੀ ਕਾਮਾ ਸੀ। ਉਸ ਦੀ ਉਮਰ 22 ਸਾਲਾਂ ਦੀ ਸੀ। ਰਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਰੋਸ ਮੁਜ਼ਾਹਰੇ ਦੀਆਂ ਤਸਵੀਰਾਂ ਫੇਸਬੁੱਕ ਉੱਤੇ ਨਵਕਰਨ ਦੀ ਆਖ਼ਰੀ ਪੋਸਟ ਹਨ। ਜਦੋਂ ਰੋਹਿਤ ਵੇਮੁਲਾ ਦੀ ਆਖ਼ਰੀ ਖ਼ਤ ਦੀ ਲਗਾਤਾਰ ਚਰਚਾ ਚੱਲ ਰਹੀ ਹੈ ਤਾਂ ਇਸੇ ਦੌਰਾਨ ਨਵਕਰਨ ਨੇ ਆਪਣੀ ਜ਼ਿੰਦਗੀ ਦੀ ਆਖ਼ਰੀ ਚਿੱਠੀ ਲਿਖੀ ਹੈ। ਰੋਹਿਤ ਵੇਮੁਲਾ ਵਾਂਗ ਨਵਕਰਨ ਵੀ ਆਪਣੀ ਚਿੱਠੀ ਵਿੱਚ ਕਿਸੇ ਨੂੰ ਮੁਖ਼ਾਤਬ ਨਹੀਂ ਅਤੇ ਅੰਤ ਵਿੱਚ ਉਸ ਨੇ ਆਪਣਾ ਨਾਮ ਨਹੀਂ ਲਿਖਿਆ। ਇਹ ਚਿੱਠੀ ਪੜ੍ਹਨਾ ਦਰਦਨਾਕ ਹੈ ਪਰ ਇਹ ਸਾਡੇ ਦੌਰ ਦੇ ਯੁੱਗ ਪਲਟਾਉਣ ਤੁਰੇ ਨੌਜਵਾਨ ਨੇ ਲਿਖੀ ਹੈ ਇਸ ਲਈ ਪੜ੍ਹਨੀ ਜ਼ਰੂਰੀ ਹੈ। ਟੁਕੜਿਆਂ ਵਿੱਚ ਲਿਖੀ ਇਸ ਚਿੱਠੀ ਦਾ ਉਤਾਰਾ ਇੰਝ ਹੈ।

ਸ਼ਾਇਦ ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ।

… ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ। ਪਰ ਆਪਣੇ ਅੰਦਰ ਦੋ ਚੀਜ਼ਾਂ ਨੂੰ ਸੰਭਾਲਦੇ ਹੁਣ ਮੈਂ ਹੰਭ  ਚੁੱਕਾ ਹਾਂ। ਜਿਨ੍ਹਾਂ ਲੋਕਾਂ ਨਾਲ ਮੈਂ ਤੁਰਿਆ ਸਾਂ ਮੇਰੇ ਵਿੱਚ ਉਨ੍ਹਾਂ ਵਰਗੀ ਚੰਗਿਆਈ ਨਹੀਂ। ਸ਼ਾਇਦ ਇਸੇ ਕਰ ਕੇ ਮੈਂ ਉਨ੍ਹਾਂ ਦਾ ਸਾਥ ਨਹੀਂ ਨਿਭਾ ਸਕਿਆ। ਦੋਸਤੋ ਮੈਨੂੰ ਮਾਫ਼ ਕਰ ਦੇਣਾ।

… ਅਤੇ ਇੱਕ ਨਿੱਕੀ ਜਿਹੀ ਪਿਆਰੀ ਜਿਹੀ ਰੂਹ ਤੋਂ ਵੀ ਮੈਂ ਮਾਫ਼ੀ ਮੰਗਦਾ … ਮੈਨੂੰ ਮਾਫ਼ ਕਰ ਦੇਣਾ … ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ …

ਅਲਵਿਦਾ,
ਮੈਂ ਇਹ ਫ਼ੈਸਲਾ ਆਪਣੀ ਖ਼ੁਦ ਦੀ ਕਮਜ਼ੋਰੀ ਕਰ ਕੇ ਲੈ ਰਿਹਾ ਹਾਂ। ਮੇਰੇ ਲਈ ਹੁਣ ਕਰਨ ਨੂੰ ਇਸ ਤੋਂ ਬਿਹਤਰ ਕੰਮ ਨਹੀਂ ਹੈ। ਹੋ ਸਕੇ ਤਾਂ ਮੇਰੇ ਬਾਰੇ ਸੋਚਣਾ ਤਾਂ ਜ਼ਰਾ ਰਿਆਇਤ ਨਾਲ …

ਇਸ ਚਿੱਠੀ ਦੇ ਸ਼ਬਦਾਂ ਵਿੱਚ ਬਹੁਤ ਵਿੱਥ ਹੈ ਜੋ ਪਾਠਕ ਨੂੰ ਪਰੇਸ਼ਾਨ ਕਰਦੀ ਹੈ। ਕੁਝ ਸ਼ਬਦਾਂ ਦੇ ਅਰਥ ਤਾਂ ਉਸ ਨਾਲ ਰੋਜ਼ਾਨਾ ਰਾਬਤੇ ਵਾਲਿਆਂ ਦੇ ਸਮਝ ਵਿੱਚ ਵਧੇਰੇ ਆ ਸਕਦੇ ਹਨ। ਚਿੱਠੀ ਦੱਸਦੀ ਹੈ ਕਿ ਉਹ ਆਪਣੇ ਸਾਥੀਆਂ ਵਰਗੀ ‘ਚੰਗਿਆਈ’ ਨਾ ਹੋਣ ਕਾਰਨ ਉਨ੍ਹਾਂ ਨਾਲ ‘ਨਿਭ ਨਹੀਂ ਸਕਿਆ’ ਅਤੇ ‘ਹੰਭ’ ਜਾਣ ਕਾਰਨ ਇਸ ਫ਼ੈਸਲੇ ਨੂੰ ਟਾਲਦਾ ਰਿਹਾ ਪਰ ਆਖ਼ਰ ਉਹ ‘ਅਟੱਲ’ ਪਲ ਆ ਗਿਆ ਜਦੋਂ ਉਸ ਨੇ ਆਪਣੀ ‘ਕਾਇਰਤਾ ਅਤੇ ਕਮਜ਼ੋਰੀ’ ਦੀ ਥਾਂ ਮੌਤ ਨੂੰ ਤਰਜੀਹ ਦਿੱਤੀ। ਚਿੱਠੀ ਦੇ ਸ਼ਬਦਾਂ ਵਿਚਲੀ ਵਿੱਥ ਤੋਂ ਬਿਨਾਂ ਇਸ ਵਿੱਚ ਨਵਕਰਨ ਦੇ ਕਿਰਦਾਰ ਦਾ ਇੱਕ ਪੱਖ ਬਹੁਤ ਸਾਫ਼ ਝਲਕਦਾ ਹੈ। ਉਹ ਬਹੁਤ ਬੋਚ ਕੇ ਲਿਖ ਰਿਹਾ ਹੈ। ਇੱਕ ਸੁਆਲ ਤਾਂ ਸਹਿਜ ਹੀ ਉਘੜ ਆਉਂਦਾ ਹੈ ਕਿ ਉਹ ਜਿਸ ਮਾਹੌਲ ਵਿੱਚ ਰਹਿ ਰਿਹਾ ਸੀ, ਉਸ ਵਿੱਚ ‘ਭਗੌੜਾ’ ਅਤੇ ‘ਗੱਦਾਰ’ ਸ਼ਬਦਾਂ ਦੀ ਵਰਤੋਂ ਕਿੰਝ ਹੁੰਦੀ ਹੈ?
ਰੋਹਿਤ ਵੇਮੁਲਾ ਦੀ ਚਿੱਠੀ ਉੱਤੇ ਬਹੁਤ ਚਰਚਾ ਹੋ ਰਹੀ ਹੈ। ਨਵਕਰਨ ਦੀ ਚਿੱਠੀ ਰੋਹਿਤ ਵੇਮੁਲਾ ਦੀ ਚਿੱਠੀ ਦੀ ਇੱਕ ਹੋਰ ਪੜ੍ਹਤ ਉਘਾੜਦੀ ਹੈ। ਦਰਅਸਲ ਇਨ੍ਹਾਂ ਚਿੱਠੀਆਂ ਦੀ ਸਾਂਝੀ ਤੰਦ ਇਨ੍ਹਾਂ ਦੋਵਾਂ ਦਾ ਸਰਗਰਮ ਕਾਰਕੁੰਨ ਹੋਣਾ ਹੈ। ਰੋਹਿਤ  ‘ਆਪਣੇ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਦੇ ਪਰਿਵਾਰ ਨੂੰ ਨਿਰਾਸ਼ ਕਰਨ ਲਈ ਮੁਆਫ਼ੀ ਮੰਗਦਾ’ ਹੈ ਅਤ ਨਵਕਰਨ ਆਪਣੇ ਸਾਥੀਆਂ ਤੋਂ ਮੌਤ ਤੋਂ ਬਾਅਦ ‘ਜ਼ਰਾ ਰਿਆਇਤ ਨਾਲ’ ਸੋਚਣ ਦੀ ਮੰਗ ਕਰਦਾ ਹੈ। ਰੋਹਿਤ ਲਿਖਦਾ ਹੈ, “ਲੋਕ ਮੈਨੂੰ ਡਰਪੋਕ ਕਰਾਰ ਦੇ ਸਕਦੇ ਹਨ। ਮੇਰੇ ਜਾਣ ਤੋਂ ਬਾਅਦ ਮੈਨੂੰ ਖ਼ੁਦਗਰਜ਼ ਜਾਂ ਮੂਰਖ਼ ਕਰਾਰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੈਨੂੰ ਬਾਅਦ ਵਿੱਚ ਕੀ ਕਹਿੰਦਾ ਹੈ।” ਨਵਕਰਨ ਲਿਖਦਾ ਹੈ, “ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ।” ਰੋਹਿਤ ਆਪਣੀ ਹਾਲਤ ਬਿਆਨ ਕਰਦਾ ਹੈ, “ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖ਼ਾਲੀ, ਆਪਣੇ-ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਵਿਦਾ ਹੁੰਦਾ ਹਾਂ।” ਨਵਕਰਨ ਇਸੇ ਲਿਖਤ ਦਾ ਅਗਲਾ ਫਿਕਰਾ ਲਿਖਦਾ ਜਾਪਦਾ ਹੈ, “ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ। … ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ।”
ਇਹ ਦੋਵੇਂ ਚਿੱਠੀਆਂ ਇੱਕੋ ਦੌਰ ਦੇ ਸਰਗਰਮ ਕਾਰਕੁੰਨਾਂ ਨੇ ਲਿਖੀਆਂ ਹਨ। ਇਹ ਦੋਵੇਂ ਆਖ਼ਰੀ ਵੇਲੇ ਤੱਕ ਆਪਣੀਆਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨ ਸਨ। ਦੋਵੇਂ ‘ਯੁੱਗ ਪਲਟਾਉਣ ਵਿੱਚ ਮਸਰੂਫ਼’ ਸਨ। ਯੁੱਗ ਪਲਟਾਉਣ ਤੋਂ ਬਿਹਤਰ ਸੁਫ਼ਨਾ ਜਾਂ ਜਿਊਣ ਦਾ ਕਾਰਨ ਕੀ ਹੋ ਸਕਦਾ ਹੈ? ਯੁੱਗ ਪਲਟਾਉਣ ਦਾ ਸੁਫ਼ਨਾ ਦਰਦਮੰਦੀ ਨਾਲ ਲਬਰੇਜ਼ ਜੀਆਂ ਨੂੰ ਹੀ ਆਉਂਦਾ ਹੈ। ਉਨ੍ਹਾਂ ਵਿੱਚੋਂ ਵਧੇਰੇ ਹਿੰਮਤ ਵਾਲੇ ਕੁੱਲਵਕਤੀ ਕਾਰਕੁੰਨ ਬਣਦੇ ਹਨ। ਇਹ ਗੱਲ ਤਾਂ ਨਿਜ਼ਾਮ ਵਿਰੁਧ ਚੱਲਦੀਆਂ ਯੁੱਗ ਪਲਟਾਉਣ ਦੇ ਸੁਫ਼ਨਿਆਂ ਵਾਲੀਆਂ ਤਮਾਮ ਲਹਿਰਾਂ ਬਾਬਤ ਮੰਨੀ ਜਾਂਦੀ ਹੈ ਕਿ ਕੁੱਲਵਕਤੀ ਕਾਰਕੁੰਨ ਸਮਾਜ ਦੀ ਮਲਾਈ ਹੁੰਦੇ ਹਨ। ਇਹ ਸੁਆਲ ਆਪਣੀ ਥਾਂ ਹੈ ਕਿ ਇਸ ਧਾਰਨਾ ਨੂੰ ਪੇਸ਼ ਕਰਨ ਦੀ ਸਿਆਸਤ ਕੀ ਹੈ?
ਜਦੋਂ ਕੋਈ ਜਥੇਬੰਦੀ ਜਾਂ ਲਹਿਰ ਯੁੱਗ ਪਲਟਾਉਣ ਜਾਂ ਨਿਜ਼ਾਮ ਬਦਲਣ ਦਾ ਦਾਅਵਾ ਕਰਦੀ ਹੈ ਤਾਂ ਉਸ ਦੀ ਹਕੂਮਤ ਦਾ ਘੇਰਾ ਹੁੰਦਾ ਹੈ। ਉਸ ਜਥੇਬੰਦੀ ਜਾਂ ਲਹਿਰ ਨੂੰ ਭਾਵੇਂ ਸਮੁੱਚੇ ਨਿਜ਼ਾਮ ਨੂੰ ਬਦਲਣ ਵਿੱਚ ਕਾਮਯਾਬੀ ਨਾ ਮਿਲੇ ਪਰ ਉਸ ਦਾ ਸਿੱਕਾ ਕਿਤੇ ਤਾਂ ਚੱਲਦਾ ਹੈ। ਕੁੱਲਵਕਤੀ ਕਾਰਕੁੰਨਾਂ ਵਿੱਚ ਤਾਂ ਉਨ੍ਹਾਂ ਦਾ ਆਪਣਾ ਸਿੱਕਾ ਚੱਲਦਾ ਹੈ। ਜੇ ਕੁੱਲਵਕਤੀਆਂ ਉੱਤੇ ਗ਼ਾਲਬ ਨਿਜ਼ਾਮ ਦਾ ਅਸਰ ਮਾਅਨੇ ਰੱਖਦਾ ਹੈ ਤਾਂ ਜਥੇਬੰਦੀਆਂ ਦੀ ਹਕੂਮਤ ਵੀ ਮਾਅਨੇ ਰੱਖਦੀ ਹੈ। ਨਵਾਂ ਮਨੁੱਖ ਸਿਰਜਣ ਦਾ ਸੁਫ਼ਨਾ ਇੱਕ ਸੋਚ ਦੇ ਜੀਆਂ ਦੇ ਆਪਸੀ ਵਿਹਾਰ ਵਿੱਚੋਂ ਨਕਸ਼ ਨਿਖਾਰਦਾ ਹੈ। ਇਹ ਸੁਆਲ ਮਾਅਨੇ ਰੱਖਦਾ ਹੈ ਕਿ ਯੁੱਗ ਪਲਟਾਉਣ ਦਾ ਸੁਫ਼ਨਾ ਮੌਜੂਦਾ ਨਿਜ਼ਾਮ ਦੇ ਨਿਘਾਰ ਦਾ ਸ਼ਿਕਾਰ ਹੋਏ ਮਨੁੱਖ ਦਾ ਇਲਾਜ ਕਿਵੇਂ ਕਰਦਾ ਹੈ? ਯੁੱਗ ਪਲਟਾਉਣ ਦੀ ਹਾਮੀ ਭਰਨ ਵਾਲੀਆਂ ਜਥੇਬੰਦੀਆਂ ਅਤੇ ਲਹਿਰਾਂ ਦੀ ਇਹ ਟਕਸਾਲੀ ਦਲੀਲ ਹੈ ਕਿ ਮਨੁੱਖ ਨੂੰ ਜ਼ਲਾਲਤ ਦੀ ਜ਼ਿੰਦਗੀ ਜਿਉਣ ਦੀ ਥਾਂ ਬਗ਼ਾਵਤ ਦੇ ਰਾਹ ਤੁਰਨਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਇਹ ਦਲੀਲ ਲਗਾਤਾਰ ਦਿੱਤੀ ਗਈ ਹੈ ਕਿ ਬਦਹਾਲੀ ਕਾਰਨ ਖ਼ੁਦਕੁਸ਼ੀਆਂ ਕਰਨ ਦੀ ਥਾਂ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ, ਜਥੇਬੰਦ ਹੋਣਾ ਚਾਹੀਦਾ ਹੈ ਅਤੇ ਸੰਘਰਸ਼ ਕਰਨਾ ਚਾਹੀਦਾ ਹੈ।
ਲਾਮਬੰਦੀ ਬੰਦੇ ਨੂੰ ਸੰਵੇਦਨਾ ਤੋਂ ਸੁਹਜ ਦੇ ਰਾਹ ਤੋਰਦੀ ਹੈ। ਇਹ ਬੰਦੇ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਸ ਦੀਆਂ ਦੁਸ਼ਵਾਰੀਆਂ ਦਾ ਕਾਰਨ ਵਿਅਕਤੀਗਤ ਨਾਕਾਮਯਾਬੀਆਂ ਜਾਂ ਮੱਥੇ ਉੱਤੇ ਲਿਖੀਆਂ ਤਕਦੀਰਾਂ ਨਹੀਂ ਸਗੋਂ ਨਿਜ਼ਾਮ ਹੈ। ਇਹ ਸੋਚ ਮਨੁੱਖ ਦੀ ਮਨੁੱਖ ਨਾਲ ਸਾਂਝ ਪਾਉਂਦੀ ਹੈ। ਮਨੁੱਖ ਨੂੰ ਦਰਦਮੰਦ ਬਣਾਉਂਦੀ ਹੈ ਅਤੇ ਸਾਂਝੇ ਉਦਮ ਦੇ ਉਪਰਾਲਿਆਂ ਨੂੰ ਅਹਿਮੀਅਤ ਦਿੰਦੀ ਹੈ। ਇਹ ਮਨੁੱਖ ਨੂੰ ਨਿੱਜੀ ਦੁਸ਼ਵਾਰੀਆਂ ਨੂੰ ਸ਼ਰਮ, ਸਲੀਕੇ ਜਾਂ ਪਰਦੇ ਵਿੱਚ ਕੱਜ ਕੇ ਰੱਖਣ ਦੀ ਥਾਂ ਸਮਾਜਿਕ ਜੀਅ ਵਜੋਂ ਵਿਚਾਰਨ ਦੀ ਸੂਝ ਦਿੰਦੀ ਹੈ। ਇਹ ਸੁਆਲ ਆਪਣੀ ਥਾਂ ਅਹਿਮ ਹੈ ਕਿ ਇਨ੍ਹਾਂ ਵਾਅਦਿਆਂ/ਦਾਅਵਿਆਂ ਅਤੇ ਕਾਰਗੁਜ਼ਾਰੀ ਵਿੱਚ ਕਿੰਨਾ ਫ਼ਾਸਲਾ ਹੁੰਦਾ ਹੈ?
ਰੋਹਿਤ ਅਤੇ ਨਵਕਰਨ ਦੀਆਂ ਖ਼ੁਦਕੁਸ਼ੀਆਂ ਇਨ੍ਹਾਂ ਦਾਅਵਿਆਂ ਦੀ ਪੜਚੋਲ ਦੀ ਮੰਗ ਕਰਦੀਆਂ ਹਨ। ਜੇ ਰੋਹਿਤ ਧਰਨੇ ਤੋਂ ਜਾ ਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਇਹ ਸੁਆਲ ਤਾਂ ਉਸ ਦੇ ਸਾਥੀਆਂ ਦੇ ਦਿਲ-ਦਿਮਾਗ਼ ਵਿੱਚ ਆਉਣਾ ਚਾਹੀਦਾ ਹੈ ਕਿ ਨਿਜ਼ਾਮ ਦੇ ਸੱਖਣੇ ਕੀਤੇ ਮਨੁੱਖ ਵਿੱਚ ‘ਯੁੱਗ ਪਲਟਾਉਣ ਦਾ ਸੁਫ਼ਨਾ’ ਲੋੜੀਂਦਾ ਨਿੱਘ ਭਰਨ ਵਿੱਚ ਨਾਕਾਮਯਾਬ ਕਿਉਂ ਰਿਹਾ ਹੈ? ਯੁੱਗ ਪਲਟਾਉਣ ਵਿੱਚ ਮਸਰੂਫ਼ ਜਥੇਬੰਦੀਆਂ ‘ਸੱੱਖਣਾ ਹੋ ਕੇ ਤੁਰ ਗਏ ਸਾਥੀ’ ਦੇ ਸੋਗ਼ ਵਿੱਚ ਆਪਣੀ ਨਾਕਾਮਯਾਬੀ ਨੂੰ ਕਿਉਂ ਨਹੀਂ ਪਛਾਣਦੀਆਂ? ਜੇ ਨਿਜ਼ਾਮ ‘ਯੁੱਗ ਪਲਟਾਉਣ ਦੇ ਸੁਫ਼ਨੇ ਲੈਣ ਵਾਲੇ ਜੀਆਂ’ ਦਾ ਸਾਹ ਘੁੱਟਣ ਉੱਤੇ ਉਤਾਰੂ ਹੈ ਤਾਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਆਪਣੇ ਸਾਥੀਆਂ ਦੇ ਦਿਲਾਂ ਦੀ ਧੜਕਣ ਸੁਣਨ ਵੇਲੇ ਮਸ਼ੀਨਾਂ ਕਿਉਂ ਬਣ ਜਾਂਦੇ ਹਨ?
ਮੌਜੂਦਾ ਨਿਜ਼ਾਮ ਦੀ ਦਲੀਲ ਰਹਿੰਦੀ ਹੈ ਕਿ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨ ਨਿੱਜੀ ਹਨ। ਨਿਜ਼ਾਮ ਆਪਣੇ-ਆਪ ਨੂੰ ਕਾਤਲ ਦੇ ਘੇਰੇ ਵਿੱਚੋਂ ਕੱਢਣ ਦਾ ਉਪਰਾਲਾ ਇਸੇ ਦਲੀਲ ਦੇ ਸਹਾਰੇ ਨਾਲ ਕਰਦਾ ਹੈ। ਦੂਜੇ ਪਾਸੇ ‘ਯੁੱਗ ਪਲਟਾਉਣ ਦਾ ਦਾਅਵਾ/ਵਾਅਦਾ ਕਰਨ ਵਾਲੀਆਂ ਜਥੇਬੰਦੀਆਂ ਅਤੇ ਲੋਕ’ ਹਰ ਸੁਆਲ ਨੂੰ ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ ਕਰਾਰ ਦਿੰਦੇ ਹਨ। ਇਸੇ ਦੇ ਨਤੀਜੇ ਵਜੋਂ ਜਦੋਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਾਂ’ ਦਾ ਮੋਹ ਭੰਗ ਹੁੰਦਾ ਹੈ ਤਾਂ ਉਹ ‘ਯੁੱਗ ਪਲਟਾਉਣ ਦੇ ਹਰ ਉਪਰਾਲੇ’ ਤੋਂ ਮੂੰਹ ਫੇਰ ਲੈਂਦੇ ਹਨ। ਉਹ ਆਪਣੇ ਤਜਰਬਿਆਂ ਦੇ ਹਵਾਲਿਆਂ ਨਾਲ ਇਨ੍ਹਾਂ ਉਪਰਾਲਿਆਂ ਦੇ ਬੇਮਾਅਨੇ ਹੋਣ ਦੇ ਪ੍ਰਚਾਰਕ ਤੱਕ ਬਣ ਜਾਂਦੇ ਹਨ।
ਜੇ ਰੋਹਿਤ ਬਾਬਤ ਸੁਆਲਾਂ ਨੂੰ ਪੁੱਛਣ ਉੱਤੇ ਮੌਜੂਦਾ ਨਿਜ਼ਾਮ ਦੇਸ਼ ਧਰੋਹੀ ਜਾਂ ਨਕਸਲਵਾਦੀ ਜਾਂ ਹਿੰਦੂ ਵਿਰੋਧੀ ਕਰਾਰ ਦਿੰਦਾ ਹੈ ਤਾਂ ਸੁਆਲ ਢੁਕਵਾਂ ਹੈ। ਜੇ ਰੋਹਿਤ ਅਤੇ ਨਵਕਰਨ ਬਾਬਤ ਪੁੱਛੇ ਸੁਆਲਾਂ ਨੂੰ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਭੰਡੀ ਪ੍ਰਚਾਰ ਜਾਂ ਗ਼ੱਦਾਰੀ ਕਰਾਰ ਦਿੰਦੇ ਹਨ ਤਾਂ ਇਹ ਸੁਆਲ ਵਾਰ-ਵਾਰ ਪੁੱਛੇ ਜਾਣੇ ਬਣਦੇ ਹਨ। ਜੇ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਬੁਖ਼ਾਰ ਨਾਲ ਨਹੀਂ ਮਰਦੇ’ ਤਾਂ ਪੜਚੋਲ ਨਾਲ ਵੀ ਨਹੀਂ ਮਰਨ ਲੱਗੇ। ਸੰਘਰਸ਼ਯਾਫ਼ਤਾ ਰੋਹਿਤ ਵੇਮੁਲਾ ਨੂੰ ਆਪਣੇ ਸਾਥੀਆਂ ਦੇ ਸੰਗ ਵਿੱਚ ਜ਼ਿੰਦਗੀ ਸੱਖਣੀ ਕਿਉਂ ਲੱਗਦੀ ਸੀ/ਹੈ? ਨਵਕਰਨ ਨੂੰ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਅਟੱਲਤਾ ਵਰਗਾ ਪੱਕਾ ਅਤੇ ਦ੍ਰਿੜ੍ਹ ਭਰੋਸਾ ਕਿਉਂ ਸੀ/ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 12 ਫਰਵਰੀ 2016 ਦੇ ਅੰਕ ਵਿੱਚ ਛਪਿਆ।)

ਇਸ਼ਤਿਹਾਰ

ਸੁਆਲ-ਸੰਵਾਦ: ਅਣਹੋਏ ਲੇਖਕ ਦੀ ਪਲੇਠੀ ਅਤੇ ਆਖ਼ਰੀ ਚਿੱਠੀ

vemula-facebook-and-storysize_647_011816043151ਦਲਜੀਤ ਅਮੀ

ਖ਼ੁਦਕੁਸ਼ੀ ਤੋਂ ਪਹਿਲਾਂ ਲਿਖੀ ਰੋਹਿਤ ਵੇਮੁਲਾ ਦੀ ਚਿੱਠੀ ਮੌਜੂਦਾ ਦੌਰ ਦੇ ਸੋਗ਼ਵਾਰ ਖ਼ਾਸੇ ਦੀ ਤਸਦੀਕ ਕਰਦੀ ਹੈ। ਇਹ ਮਾਅਨੇ ਨਹੀਂ ਰੱਖਦਾ ਕਿ ਚਿੱਠੀ ਲਿਖਣ ਵਾਲੇ ਨਾਲ ਤੁਹਾਡਾ ਕੀ ਰਿਸ਼ਤਾ ਸੀ। ਤੁਰ ਜਾਣ ਵਾਲੇ ਨਾਲ ਰਿਸ਼ਤਾ ਤੈਅ ਕਰਨ ਦਾ ਕੰਮ ਇਹ ਚਿੱਠੀ ਕਰਦੀ ਹੈ। ਇਹ ਮਾਅਨੇ ਰੱਖਦਾ ਹੈ ਕਿ ਚਿੱਠੀ ਲਿਖਣ ਵਾਲੇ ਨਾਲ ਤੁਹਾਡਾ ਕੀ ਰਿਸ਼ਤਾ ਹੈ। ਇਸ ਚਿੱਠੀ ਵਿੱਚ ਦਿਲਗ਼ੀਰੀ, ਵੈਰਾਗ ਅਤੇ ਰੋਹ ਦਾ ਜਮ੍ਹਾਂਜੋੜ ਗੁੰਨਿਆ ਪਿਆ ਹੈ। ਇਹ ਚਿੱਠੀ ਇੱਕੋ ਵੇਲੇ ਅੰਦਰਮੁਖੀ ਅਤੇ ਬਾਹਰਮੁਖੀ ਹੈ। ਇਹ ਕਾਤਲਾਨਾ ਮਾਹੌਲ ਵਿੱਚ ਸੁਫ਼ਨਿਆਂ ਸਮੇਤ ਜਿਉਣ ਦੀ ਕੀਮਤ ਬਿਆਨ ਕਰਦੀ ਹੈ। ਰੋਹਿਤ ਨੇ ਇਹ ਚਿੱਠੀ ਕਿਸੇ ਨੂੰ ਮੁਖ਼ਾਤਬ ਨਹੀਂ ਕੀਤੀ ਅਤੇ ‘ਜੈ ਭੀਮ’ ਲਿਖਣ ਤੋਂ ਬਾਅਦ ਆਪਣਾ ਨਾਮ ਨਹੀਂ ਲਿਖਿਆ। ਮੌਜੂਦਾ ਦੌਰ ਵਿੱਚ ਖੁੱਲ੍ਹਦਿਲੀ, ਖੁੱਲ੍ਹਨਜ਼ਰੀ, ਬਰਾਬਰੀ, ਇਨਸਾਫ਼ ਅਤੇ ਸਮਾਜਿਕ ਇਨਸਾਫ਼ ਦੇ ਸੁਫ਼ਨੇ ਦੇਖਣ ਵਾਲਾ ਹਰ ਜੀਅ ਦੋ ਥਾਂਵਾਂ ਉੱਤੇ ਨਾਮ ਲਿਖ ਕੇ ਇਹ ਚਿੱਠੀ ਪੜ੍ਹ ਸਕਦਾ ਹੈ। ਆਪਣਾ ਨਾਮ ਸ਼ੁਰੂ ਵਿੱਚ ਲਿਖ ਲਵੋ ਤਾਂ ਇਹ ਚਿੱਠੀ ਤੁਹਾਡੇ ਸਮਕਾਲੀ ਨੇ ਤੁਹਾਨੂੰ ਲਿਖੀ ਹੈ। ਆਪਣਾ ਨਾਮ ਆਖ਼ਰ ਵਿੱਚ ਲਿਖ ਲਵੋ ਤਾਂ ਸਮਕਾਲੀਆਂ ਦੇ ਨਾਮ ਲਿਖੀ ਇਹ ਤੁਹਾਡੀ ਆਖ਼ਰੀ ਚਿੱਠੀ ਹੈ। ਇਹ ਮਸ਼ਕ ਕਰਨ ਵਾਲੀ ਹੈ।
…”ਤੁਹਾਡੇ ਇਹ ਖ਼ਤ ਪੜ੍ਹਣ ਤੱਕ ਮੈਂ ਵਿਦਾ ਹੋ ਚੁੱਕਿਆ ਹੋਵਾਂਗਾ। ਮੇਰੇ ਨਾਲ ਨਾਰਾਜ਼ ਨਹੀਂ ਹੋਣਾ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕਈਆਂ ਨੇ ਮੇਰਾ ਬਹੁਤ ਖਿਆਲ ਰੱਖਿਆ ਹੈ। ਮੈਂ ਉਨ੍ਹਾਂ ਦੇ ਪਿਆਰ ਅਤੇ ਵਿਹਾਰ ਨੂੰ ਭੁਲਾ ਨਹੀਂ ਸਕਦਾ। ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ। ਮੇਰੀਆਂ ਆਪਣੇ-ਆਪ ਨਾਲ ਸਦਾ ਸਮੱਸਿਆਵਾਂ ਰਹੀਆਂ ਹਨ। ਮੇਰੀ ਰੂਹ ਅਤੇ ਬੁੱਤ ਵਿਚਲਾ ਝੇੜਾ ਲਗਾਤਾਰ ਵਧਦਾ ਜਾਪਦਾ ਹੈ। ਮੈਂ ਬੇਸੁਰ ਹੋ ਗਿਆ ਹਾਂ। ਮੈਂ ਸਦਾ ਲੇਖਕ ਬਣਨਾ ਚਾਹੁੰਦਾ ਸੀ। ਕਾਰਲ ਸੀਗਨ ਵਾਂਗ ਵਿਗਿਆਨ ਦਾ ਲੇਖਕ। ਖ਼ੈਰ, ਮੇਰੇ ਹਿੱਸੇ ਇਹ ਚਿੱਠੀ ਲਿਖਣਾ ਆਇਆ ਹੈ।

ਮੈਂ ਵਿਗਿਆਨ, ਤਾਰਿਆਂ ਅਤੇ ਕੁਦਰਤ ਨੂੰ ਪਿਆਰ ਕੀਤਾ ਹੈ। ਮੈਂ ਕੁਦਰਤ ਨਾਲ ਨਿਖੇੜਾ ਕਰ ਚੁੱਕੇ ਆਵਾਮ ਨੂੰ ਪਿਆਰ ਕੀਤਾ ਹੈ। ਮੇਰਾ ਪਿਆਰ ਕੁਦਰਤ ਅਤੇ ਆਵਾਮ ਦੇ ਨਿਖੇੜੇ ਤੋਂ ਅਣਜਾਣ ਰਿਹਾ ਹੈ। ਸਾਡੇ ਅਹਿਸਾਸ ਕਿਸੇ ਹੋਰ ਦੇ ਹੰਢਾਏ ਹੋਏ ਹਨ। ਸਾਡਾ ਪਿਆਰ ਮਸਨੂਈ ਹੈ। ਸਾਡੀਆਂ ਮਨੌਤਾਂ ਕਿਸੇ ਦੇ ਰੰਗ ਵਿੱਚ ਰੰਗੀਆਂ ਹਨ। ਸਾਡੀ ਮੌਲਿਕਤਾ ਨੂੰ ਮਸਨੂਈ ਕਲਾ ਰਾਹੀਂ ਮਾਨਤਾ ਮਿਲਦੀ ਹੈ। ਠੇਸ ਦੇ ਅਹਿਸਾਸ ਤੋਂ ਬਚ ਕੇ ਪਿਆਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ।
ਮਨੁੱਖ ਦੀ ਕੀਮਤ ਉਸ ਦੀ ਫ਼ੌਰੀ ਪਛਾਣ ਅਤੇ ਫ਼ੌਰੀ ਸੰਭਾਵਨਾ ਤੱਕ ਮਹਿਦੂਦ ਕਰ ਦਿੱਤੀ ਗਈ ਹੈ। ਇੱਕ ਵੋਟ, ਇੱਕ ਹਿੰਦਸਾ ਜਾਂ ਕੋਈ ਬੇਜਾਨ ਸ਼ੈਅ। ਮਨੁੱਖ ਨੂੰ ਸੋਚਵਾਨ ਵਜੋਂ ਚਿਤਵਿਆ ਹੀ ਨਹੀਂ ਗਿਆ। ਤਾਰਿਆਂ ਦੀ ਧੂੜ ਨਾਲ ਸਿਰਜੀ ਜਲਾਲ ਵਾਲੀ ਸ਼ੈਅ। (ਇਹ ਰੁਝਾਨ) ਹਰ ਖੇਤਰ ਵਿੱਚ ਪਸਰਿਆ ਹੋਇਆ ਹੈ, ਅਧਿਐਨ ਤੋਂ ਗਲੀਆਂ-ਕੂਚਿਆਂ ਤੱਕ ਅਤੇ ਸਿਆਸਤ ਤੋਂ ਮਰਨ-ਜਿਉਣ ਦੇ ਹਰ ਪਲ ਤੱਕ।
ਮੈਂ ਇਸ ਤਰ੍ਹਾਂ ਦੀ ਚਿੱਠੀ ਪਹਿਲੀ ਵਾਰ ਲਿਖ ਰਿਹਾ ਹਾਂ। ਪਲੇਠੀ ਆਖ਼ਰੀ ਚਿੱਠੀ। ਜੇ ਕੋਈ ਗੱਲ ਸਾਫ਼ ਨਾ ਹੋਈ ਤਾਂ ਮੁਆਫ਼ ਕਰ ਦੇਣਾ।
ਸ਼ਾਇਦ ਮੈਂ ਦੁਨੀਆਂ ਨੂੰ ਸਮਝਣ ਵਿੱਚ ਸਦਾ ਗ਼ਲਤੀ ਕੀਤੀ ਹੈ। ਪਿਆਰ, ਪੀੜ, ਜ਼ਿੰਦਗੀ ਅਤੇ ਮੌਤ ਨੂੰ ਸਮਝਣ ਵਿੱਚ। ਕੋਈ ਕਾਹਲ ਨਹੀਂ। ਪਰ ਮੈਂ ਸਦਾ ਜਲਦੀ ਵਿੱਚ ਸਾਂ। ਜ਼ਿੰਦਗੀ ਸ਼ੁਰੂ ਕਰਨ ਦੀ ਬੇਕਰਾਰੀ। ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਸਰਾਪ ਲੱਗਦੀ ਹੈ। ਮੇਰਾ ਜਨਮ ਮਾਰੂ ਹਾਦਸਾ ਹੈ। ਮੈਂ ਆਪਣੇ ਬਚਪਨ ਦੇ ਇਕਲਾਪੇ ਤੋਂ ਕਦੇ ਖਹਿੜਾ ਨਹੀਂ ਛੁਡਾ ਸਕਿਆ। ਬੇਕਦਰੀ ਅਤੇ ਬੇਰੁਖ਼ੀ ਦਾ ਸ਼ਿਕਾਰ ਬੱਚਾ ਮੇਰੇ ਅੰਗ-ਸੰਗ ਰਹਿੰਦਾ ਹੈ।
ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖ਼ਾਲੀ, ਆਪਣੇ-ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਵਿਦਾ ਹੁੰਦਾ ਹਾਂ।
ਲੋਕ ਮੈਨੂੰ ਡਰਪੋਕ ਕਰਾਰ ਦੇ ਸਕਦੇ ਹਨ। ਮੇਰੇ ਜਾਣ ਤੋਂ ਬਾਅਦ ਮੈਨੂੰ ਖ਼ੁਦਗਰਜ਼ ਜਾਂ ਮੂਰਖ਼ ਕਰਾਰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੈਨੂੰ ਬਾਅਦ ਵਿੱਚ ਕੀ ਕਹਿੰਦਾ ਹੈ। ਮੈਂ ਮੌਤ ਤੋਂ ਬਾਅਦ ਦੀਆਂ ਕਹਾਣੀਆਂ, ਭੂਤਾਂ ਜਾਂ ਰੂਹਾਂ ਵਿੱਚ ਯਕੀਨ ਨਹੀਂ ਕਰਦਾ। ਮੈਂ ਇੱਕੋ ਯਕੀਨ ਹੈ। ਮੈਨੂੰ ਭਰੋਸਾ ਹੈ ਕਿ ਮੈਂ ਤਾਰਿਆਂ ਦਾ ਸਫ਼ਰ ਕਰ ਸਕਦਾ ਹਾਂ। ਅਤੇ ਦੁਨੀਆਂ ਦੇ ਭੇਤ ਫਰੋਲ ਸਕਦਾ ਹਾਂ।
ਜੇ ਇਸ ਚਿੱਠੀ ਦੇ ਪਾਠਕ ਵਜੋਂ ਤੁਸੀਂ ਕੁਝ ਕਰ ਸਕਦੇ ਹੋ ਤਾਂ ਮੇਰਾ ਸੱਤ ਮਹੀਨਿਆਂ ਦਾ ਵਜ਼ੀਫ਼ਾ ਬਕਾਇਆ ਹੈ। ਇਹ ਰਕਮ ਇੱਕ ਲੱਖ ਸੱਤਰ ਹਜ਼ਾਰ ਬਣਦੀ ਹੈ। ਕਿਰਪਾ ਕਰਕੇ ਇਹ ਰਕਮ ਮੇਰੇ ਪਰਿਵਾਰ ਨੂੰ ਦਿਵਾ ਦੇਣਾ। ਮੈਂ ਰਾਮ ਜੀ ਦਾ ਤਕਰੀਬਨ ਚਾਲੀ ਹਜ਼ਾਰ ਰੁਪਇਆ ਦੇਣਾ ਹੈ। ਉਨ੍ਹਾਂ ਨੇ ਇਹ ਰਕਮ ਕਦੇ ਵਾਪਸ ਨਹੀਂ ਮੰਗੀ। ਕਿਰਪਾ ਕਰਕੇ ਉਨ੍ਹਾਂ ਦਾ ਉਧਾਰ ਵਾਪਸ ਕਰ ਦੇਣਾ।
ਮੇਰਾ ਸਸਕਾਰ ਸਾਦਗੀ ਨਾਲ ਚੁੱਪਚਾਪ ਕਰ ਦੇਣਾ। ਇਹੋ ਸਮਝਣਾ ਕਿ ਮੈਂ ਹੁਣੇ ਆਇਆ ਅਤੇ ਗਿਆ। ਮੇਰੇ ਲਈ ਅੱਥਰੂ ਨਾ ਵਹਾਉਣਾ।  ਮੈਂ ਜ਼ਿੰਦਗੀ ਦੀ ਥਾਂ ਮੌਤ ਨਾਲ ਸਕੂਨ ਵਿੱਚ ਹਾਂ।
“ਪਰਛਾਵਿਆਂ ਤੋਂ ਤਾਰਿਆਂ ਤੱਕ।”
ਉਮਾ ਅੰਨਾ ਮੈਂ ਇਹ ਕੰਮ ਤੁਹਾਡੇ ਕਮਰੇ ਵਿੱਚ ਕੀਤਾ, ਇਸ ਲਈ ਮੁਆਫ਼ੀ ਮੰਗਦਾ ਹੈ।
ਮੈਂ ਆਪਣੇ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਦੇ ਪਰਿਵਾਰ ਨੂੰ ਨਿਰਾਸ਼ ਕਰਨ ਲਈ ਮੁਆਫ਼ੀ ਮੰਗਦਾ ਹੈ।
ਆਖ਼ਰੀ ਵਾਰ,
ਜੈ ਭੀਮ
ਮੈਂ ਕੁਝ ਰਸਮੀ ਸਤਰਾਂ ਲਿਖਣੀਆਂ ਭੁੱਲ ਗਿਆ। ਮੈਂ ਆਪਣਾ ਕਤਲ ਆਪ ਕੀਤਾ ਹੈ ਅਤੇ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ।
ਮੈਨੂੰ ਕਿਸੇ ਨੇ ਕੁਝ ਕਹਿ ਜਾਂ ਕਰ ਕੇ ਅਜਿਹਾ ਕਰਨ ਲਈ ਨਹੀਂ ਉਕਸਾਇਆ।
ਇਹ ਮੇਰਾ ਆਪਣਾ ਫ਼ੈਸਲਾ ਹੈ ਅਤੇ ਇਸ ਲਈ ਸਾਰੀ ਜ਼ਿੰਮੇਵਾਰੀ ਮੇਰੀ ਹੈ।
ਮੇਰੇ ਜਾਣ ਤੋਂ ਬਾਅਦ ਮੇਰੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਪਰੇਸ਼ਾਨ ਨਾ ਕਰਨਾ।”
ਇਸ ਚਿੱਠੀ ਨੂੰ ਵਾਰ-ਵਾਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਇੱਕ ਸਮਕਾਲੀ ਦੀ ਆਪਣੇ ਬੇਨਾਮ ਸਮਕਾਲੀਆਂ ਨੂੰ ਲਿਖੀ ਆਖ਼ਰੀ ਚਿੱਠੀ ਹੈ। ਇਹ ਮੌਜੂਦਾ ਦੌਰ ਦੀ ਅੰਤਿਮ ਚਿੱਠੀ ਨਹੀਂ ਹੈ। ਇਹ ਰੋਹਿਤ ਦੀ ਪਹਿਲੀ ਚਿੱਠੀ ਨਹੀਂ ਹੈ। ਉਸ ਨੇ ਅਠਾਰਾਂ ਦਸੰਬਰ ੨੦੧੫ ਨੂੰ ਆਪਣੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਇੱਕ ਚਿੱਠੀ ਲਿਖੀ ਸੀ। ਉਹ ਵੀ ਪੜ੍ਹਨੀ ਬਣਦੀ ਹੈ ਕਿਉਂਕਿ ਦੋਵਾਂ ਚਿੱਠੀਆਂ ਵਿੱਚ ਬਹੁਤ ਕੁਝ ਸਾਂਝਾ ਹੈ ਜੋ ਰੋਹਿਤ ਦੀ ਮੌਤ ਅਤੇ ਜ਼ਿੰਦਗੀ ਨੂੰ ਇੱਕ ਲੜੀ ਵਿੱਚ ਬੰਨ੍ਹਦਾ ਹੈ।
ਸਤਿਕਾਰਯੋਗ ਉਪਕੁਲਪਤੀ ਸਾਹਿਬ,
ਯੂਨੀਵਰਸਿਟੀ ਆਫ਼ ਹੈਦਰਾਵਾਦ।
ਵਿਸ਼ਾ: ਦਲਿਤ ਮੁਸ਼ਕਲਾਂ ਦਾ ਹੱਲ
ਸ਼੍ਰੀ ਮਾਨ ਜੀ,
ਮੈਂ ਤੁਹਾਡੀ ਇਸ ਪੱਖੋਂ ਦਿਲ ਖੋਲ੍ਹ ਕੇ ਸ਼ਲਾਘਾ ਕਰਦਾ ਹਾਂ ਕਿ ਤੁਸੀਂ ਬਹੁਤ ਦ੍ਰਿੜਤਾ ਨਾਲ ਦਲਿਤ ਵਿਦਿਆਰਥੀ ਦੀ ਸਵੈਮਾਣ ਵਾਲੀ ਮੁਹਿੰਮ ਨੂੰ ਧਿਆਨਗੋਚਰਾ ਸਮਝਿਆ ਹੈ। ਦਲਿਤਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੇ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੇ ਆਗੂ ਤੋਂ ਪੁੱਛਗਿੱਛ ਕਰਨਾ ਤੁਹਾਡਾ ਇਤਿਹਾਸਕ ਅਤੇ ਮਿਸਾਲੀ ਕੰਮ ਹੈ। ਨਤੀਜੇ ਵਜੋਂ ਪੰਜ ਵਿਦਿਆਰਥੀਆਂ ਨੂੰ ਹੈਦਰਾਵਾਦ ਯੂਨੀਵਰਸਿਟੀ ਦੇ ਸਮਾਜ ਵਿੱਚੋਂ ਛੇਕ ਦਿੱਤਾ ਗਿਆ ਹੈ। ਤੁਹਾਡੀ ਕਾਰਗੁਜ਼ਾਰੀ ਸਾਹਮਣੇ ਡੌਨਲਡ ਟਰੰਪ ਨੂੰ ਤੁੱਛ ਹੋਣ ਦਾ ਅਹਿਸਾਸ ਹੋਵੇਗਾ। ਤੁਹਾਡੀ ਸਿਦਕਦਿਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਆਪ ਜੀ ਨੂੰ ਦੋ ਨਿਗੁਣੇ ਜਿਹੇ ਸੁਝਾਅ ਦੇਣਾ ਚਾਹੁੰਦਾ ਹਾਂ।
1. ਦਾਖ਼ਲੇ ਵੇਲੇ ਹਰ ਦਲਿਤ ਵਿਦਿਆਰਥੀ ਨੂੰ ਦਸ ਗਰਾਮ ਸੋਡੀਅਮ ਔਕਸਾਇਡ ਦਿੱਤਾ ਜਾਵੇ। ਇਹ ਹਦਾਇਤ ਦਿੱਤੀ ਜਾਵੇ ਕਿ ਜੇ ਉਨ੍ਹਾਂ ਦਾ ਅੰਬੇਦਕਰ ਪੜ੍ਹਨ ਨੂੰ ਚਿੱਤ ਕਰੇ ਤਾਂ ਸੋਡੀਅਮ ਔਕਸਾਇਡ ਖਾ ਲੈਣ।
2. ਆਪਣੇ ਹੋਸਟਲਾਂ ਦੇ ਮਹਾਨ ਵਾਰਡਨਾਂ ਨੂੰ ਕਹਿ ਕੇ ਹਰ ਦਲਿਤ ਵਿਦਿਆਰਥੀ ਦੇ ਕਮਰੇ ਵਿੱਚ ਨਰੋਈਆਂ ਰੱਸੀਆਂ ਮੁਹੱਈਆ ਕਰਵਾਈਆਂ ਜਾਣ।
ਅਸੀਂ ਖੋਜਾਰਥੀ (ਪੀ.ਐੱਚ.ਡੀ. ਕਰ ਰਹੇ ਵਿਦਿਆਰਥੀ) ਇਸ ਪੜਾਅ ਤੋਂ ਲੰਘ ਚੁੱਕੇ ਹਾਂ ਅਤੇ ਦਲਿਤ ਵਿਦਿਆਰਥੀਆਂ ਦੀ ਸਵੈਮਾਣ ਮੁਹਿੰਮ ਦੇ ਸਰਗਰਮ ਕਾਰਕੁੰਨ ਹਾਂ। ਮੰਦੇ ਭਾਗੀਂ ਇਨ੍ਹਾਂ ਹਾਲਾਤ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਾਹ ਖੁੱਲ੍ਹਾ ਨਹੀਂ ਜਾਪਦਾ। ਮਹਾਰਾਜ ਜੀ, ਇਸ ਕਰ ਕੇ ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵਰਗੇ ਵਿਦਿਆਰਥੀਆਂ ਵਾਸਤੇ ਯੂਥੇਨੇਜੀਆ (ਰਹਿਮ ਦੀ ਮੌਤ) ਲਈ ਲੋੜੀਂਦੀਆਂ ਸਹੂਲਤਾਂ ਦਾ ਬੰਦੋਬਸਤ ਕੀਤਾ ਜਾਵੇ। ਮੈਂ ਇਸ ਯੂਨੀਵਰਸਿਟੀ ਅਤੇ ਆਪ ਜੀ ਨੂੰ ਸਦਾ ਘੁੱਗ ਵਸਣ ਦੀਆਂ ਸ਼ੂਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ ਸਮੇਤ
ਆਪ ਜੀ ਦਾ ਸ਼ੁੱਭਚਿੰਤਕ
ਰੋਹਿਤ ਵੇਮੁਲਾ
ਇਸ ਤੋਂ ਬਾਅਦ ਰੋਹਿਤ ਦੀ ਮੌਤ ਖ਼ੁਦਕੁਸ਼ੀ ਦੀ ਥਾਂ ਕਤਲ ਵਜੋਂ ਉਘੜ ਆਉਂਦੀ ਹੈ। ਇਹ ਚਿੱਠੀਆਂ ਅਦਾਲਤਾਂ ਵਿੱਚ ਕਾਤਲਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਨਾਕਾਮਯਾਬ ਹੋ ਸਕਦੀਆਂ ਹਨ। ਰੋਹਿਤ ਸਮਾਜਿਕ ਅਤੇ ਸਿਆਸੀ ਲੜਾਈ ਦਾ ਸਰਗਰਮ ਕਾਰਕੁੰਨ ਸੀ। ਉਹ ਇਸੇ ਲੜਾਈ ਦੇ ਸਾਥੀਆਂ ਨੂੰ ਪਰਿਵਾਰ ਵਜੋਂ ਮੁਖਾਤਬ ਹੁੰਦਾ ਹੈ ਅਤੇ ਉਨ੍ਹਾਂ ਨੂੰ ਨਿਰਾਸ਼ ਕਰਨ ਲਈ ਖਿਮਾ ਦਾ ਜਾਚਕ ਹੁੰਦਾ ਹੈ। ਇਹ ਉਸ ਦੀ ਸਿਆਸੀ ਚਿੱਠੀ ਹੈ ਜੋ ਸਿਆਸੀ ਪਿੜ ਵਿੱਚ ਹੀ ਪੜ੍ਹੀ ਅਤੇ ਸਮਝੀ ਜਾਣੀ ਹੈ। ਅਣਹੋਏ ਲੇਖਕ ਦੀ ਆਖ਼ਰੀ ਚਿੱਠੀ ਉਸ ਦੀ ਲਾਸ਼ ਨਾਲ ਫ਼ਨਾਹ ਨਹੀਂ ਹੋਣੀ। ਇਹ ਵਾਰ-ਵਾਰ ਪੜ੍ਹੀ ਜਾਣੀ ਹੈ। ਕਦੇ ਪਾਠਕ ਵਜੋਂ ਅਤੇ ਕਦੇ ਲੇਖਕ ਵਜੋਂ। ਇਸ ਨੂੰ ਲਿਖਣਾ ਸੁਖਾਲਾ ਨਹੀਂ ਹੈ ਅਤੇ ਇਸ ਨੂੰ ਪੜ੍ਹਨਾ ਵੀ ਸੁਖਾਲਾ ਨਹੀਂ ਹੈ। ਬੇਸ਼ੱਕ ‘ਠੇਸ ਦੇ ਅਹਿਸਾਸ ਤੋਂ ਬਚ ਕੇ ਪਿਆਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ’ ਪਰ ਇਸ ਨਾਲ ਜ਼ਿੰਦਗੀ ਅਤੇ ਪਿਆਰ ਦੀ ਅਹਿਮੀਅਤ ਵਧ ਗਈ ਹੈ। ਰੋਹਿਤ ਦੇ ਨਾਮ ਉੱਤੇ ਉੱਠਿਆ ਰੋਹ ਮੁਸ਼ਕਲ ਹਾਲਾਤ ਵਿੱਚ ਗਾਇਆ ਜ਼ਿੰਦਗੀ ਅਤੇ ਪਿਆਰ ਦਾ ਗੀਤ ਹੀ ਤਾਂ ਹੈ। ਗਚ ਭਰ ਆਉਣ ਨਾਲ ਇਹ ਗੀਤ ਗਾਉਣਾ ਲਾਜ਼ਮੀ ਹੋ ਜਾਂਦਾ ਹੈ।

 

(ਇਹ ਲੇਖ ਪੰਜਾਬ ਟਾਈਮਜ਼ ਦੇ 22 ਜਨਵਰੀ 2016 ਦੇ ਅੰਕ ਵਿੱਚ ਛਪਿਆ।)